ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਵਾਤਾਵਰਨ ਸੰਭਾਲ ਦਾ ਹਰਿਆ ਭਰਿਆ ਅਧਿਆਇ ਲਿਖ ਰਹੀ ਨਿਆਮਤਪੁਰ ਪੰਚਾਇਤ

Ad Position 21
No active advertisement
ਫਲਦਾਰ ਬੂਟੇ ਲਗਾਉਂਦੇ ਹੋਏ ਸਰਪੰਚ ਗੁਰਮੀਤ ਸਿੰਘ ਸਮੇਤ ਮੈਂਬਰ ਖਾਦੀ ਬੋਰਡ ਗੁਰਦੀਪ ਸਿੰਘ ਨਿਆਮਤਪੁਰ ਅਤੇ ਮੈਂਬਰ ਜ਼ਿਲ੍ਹਾ ਯੋਜਨਾਂ ਬੋਰਡ ਹਰਪ੍ਰੀਤ ਸਿੰਘ ਰੂਪਰਾਏ ਤੇ ਹੋਰ ਆਗੂ | ਤਸਵੀਰ: ਜਤਿੰਦਰ ਮੰਨਵੀ <br/> 26-04-2026
ਅਮਰਗੜ੍ਹ, 25 ਅਪ੍ਰੈਲ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਕੁਦਰਤ ਦੀ ਗੋਦ ਨੂੰ ਮੁੜ ਹਰਿਆਵਲ ਭਰਪੂਰ ਬਣਾਉਣ ਅਤੇ ਵਾਤਾਵਰਣ ਦੀ ਸ਼ੁੱਧਤਾ ਦਾ ਹੋਕਾ ਦਿੰਦਿਆਂ ਪਿੰਡ ਨਿਆਮਤਪੁਰ ਦੀ ਪੰਚਾਇਤ ਨੇ ਇੱਕ ਮਿਸਾਲੀ ਪਹਿਲਕਦਮੀ ਕੀਤੀ ਹੈ | ਪਿੰਡ ਦੀ ਫ਼ਿਜ਼ਾ ਨੂੰ ਖ਼ੁਸ਼ਗਵਾਰ ਬਣਾਉਣ ਅਤੇ ਆਉਣ ਵਾਲੀਆਂ ਨਸਲਾਂ ਨੂੰ ਪ੍ਰਦੂਸ਼ਣ ਮੁਕਤ ਆਬੋ-ਹਵਾ ਪ੍ਰਦਾਨ ਕਰਨ ਦੇ ਮਨੋਰਥ ਨਾਲ ਪੰਚਾਇਤ ਵੱਲੋਂ ਪਿੰਡ ਦੀ ਸ਼ਾਮਲਾਟ ਜ਼ਮੀਨ 'ਚ ਫਲਦਾਰ ਬੂਟਿਆਂ ਦਾ ਬਾਗ ਲਗਾਉਣ ਦੀ ਮੁਹਿੰਮ ਦਾ ਆਗਾਜ਼ ਬੜੇ ਉਤਸ਼ਾਹ ਨਾਲ ਕੀਤਾ ਗਿਆ | ਜਿਸ ਦੀ ਸ਼ੁਰੂਆਤ ਪੰਜਾਬ ਉਦਯੋਗ ਅਤੇ ਖਾਦੀ ਬੋਰਡ ਦੇ ਮੈਂਬਰ ਗੁਰਦੀਪ ਸਿੰਘ ਨਿਆਮਤਪੁਰ ਅਤੇ ਜ਼ਿਲ੍ਹਾ ਯੋਜਨਾ ਬੋਰਡ ਮੈਂਬਰ ਹਰਪ੍ਰੀਤ ਸਿੰਘ ਰੂਪਰਾਏ ਵੱਲੋਂ ਸਾਂਝੇ ਤੌਰ ਤੇ ਬੂਟਾ ਲਗਾ ਕੇ ਕੀਤੀ ਗਈ | ਮੌਜੂਦਾ ਸਰਪੰਚ ਗੁਰਮੀਤ ਸਿੰਘ ਨੇ ਦੱਸਿਆ ਕਿ ਪਿੰਡ ਦੀ ਜੋ ਸ਼ਾਮਲਾਟ ਜ਼ਮੀਨ ਕਾਫੀ ਸਮੇਂ ਤੋਂ ਬੰਜਰ ਅਤੇ ਅਣਗੌਲੀ ਪਈ ਸੀ, ਉਸ ਦੀ ਕਾਇਆ-ਕਲਪ ਕਰਨ ਦਾ ਫ਼ੈਸਲਾ ਲਿਆ ਗਿਆ ਹੈ | ਇਸ ਸਥਾਨ ਦੀ ਮੁਕੰਮਲ ਸਾਫ-ਸਫਾਈ ਕਰ ਕੇ ਇੱਥੇ 1000 ਫਲਦਾਰ ਬੂਟੇ ਲਗਾਏ ਜਾਣਗੇ ਤੇ ਇਸ ਬਾਗ ਦਾ ਮਕਸਦ ਜਿੱਥੇ ਵਾਤਾਵਰਣ ਨੂੰ ਸ਼ੁੱਧ ਰੱਖਣਾ ਹੈ, ਉੱਥੇ ਹੀ ਭਵਿੱਖ 'ਚ ਪੰਚਾਇਤ ਦੀ ਆਮਦਨ ਵਿਚ ਵਾਧਾ ਕਰਨਾ ਵੀ ਹੈ | ਖਾਦੀ ਬੋਰਡ ਮੈਂਬਰ ਗੁਰਦੀਪ ਸਿੰਘ ਨਿਆਮਤਪੁਰ ਨੇ ਕਿਹਾ ਕਿ ਜਿਵੇਂ ਪੁਰਾਣੇ ਸਮਿਆਂ 'ਚ ਖੂਹਾਂ ਦੀਆਂ ਤੌੜਾ ਤੇ ਸੰਘਣੀ ਛਾਂ ਵਾਲੇ ਦਰੱਖਤ ਹੁੰਦੇ ਸਨ, ਉਸੇ ਤਰਜ਼ ਤੇ ਪਿੰਡ ਦੀ ਹਰ ਪੰਚਾਇਤੀ ਮੋਟਰ ਤੇ 10 ਤੋਂ 15 ਦਰੱਖਤ ਲਗਾਏ ਜਾਣਗੇ ਤਾਂ ਜੋ ਕਿਸਾਨਾਂ ਅਤੇ ਰਾਹਗੀਰਾਂ ਨੂੰ ਸਕੂਨ ਮਿਲ ਸਕੇ |ਬਲਾਕ ਅਮਰਗੜ੍ਹ ਆਰ.ਐੱਸ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਬਾਗ਼ਬਾਨੀ ਪ੍ਰੋਜੈਕਟ ਮਨਰੇਗਾ ਸਕੀਮ ਅਧੀਨ ਨੇਪਰੇ ਚਾੜਿਆ ਜਾ ਰਿਹਾ ਹੈ, ਜਿਸ ਦੀ ਨਿਰੰਤਰ ਦੇਖਭਾਲ ਦੀ ਜ਼ਿੰਮੇਵਾਰੀ ਪੰਚਾਇਤ ਵੱਲੋਂ ਨਿਭਾਈ ਜਾਵੇਗੀ | ਜ਼ਿਲ੍ਹਾ ਯੋਜਨਾ ਬੋਰਡ ਦੇ ਮੈਂਬਰ ਹਰਪ੍ਰੀਤ ਸਿੰਘ ਰੂਪਰਾਏ ਨੇ ਨਿਆਮਤਪੁਰ ਪੰਚਾਇਤ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪਿੰਡ ਇਲਾਕੇ ਲਈ ਇੱਕ ਚਾਨਣ ਮੁਨਾਰਾ ਬਣ ਕੇ ਉੱਭਰਿਆ ਹੈ | ਉਨ੍ਹਾਂ ਹੋਰਨਾਂ ਪਿੰਡਾਂ ਦੇ ਪੰਚਾਂ-ਸਰਪੰਚਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਤੋਂ ਸੇਧ ਲੈਣ ਅਤੇ ਖਾਲੀ ਪਈਆਂ ਸਰਕਾਰੀ ਥਾਵਾਂ ਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਧਰਤੀ ਨੂੰ ਹਰਾ-ਭਰਾ ਬਣਾਉਣ ਵਿਚ ਅਹਿਮ ਯੋਗਦਾਨ ਪਾਉਣ | ਇਸ ਮੌਕੇ ਹਰਜੀਤ ਸਿੰਘ ਧਾਲੀਵਾਲ, ਮਨਰੇਗਾ ਸਕੱਤਰ ਗੁਰਪ੍ਰੀਤ ਸਿੰਘ, ਜਰਨੈਲ ਸਿੰਘ, ਹਰਿੰਦਰ ਸਿੰਘ, ਰਾਮਧਨ ਸਿੰਘ, ਨੰਬਰਦਾਰ ਹਾਕਮ ਸਿੰਘ ਸਮੇਤ ਪਿੰਡ ਦੇ ਕਈ ਹੋਰ ਪਤਵੰਤੇ ਸੱਜਣ ਅਤੇ ਗ੍ਰਾਮ ਪੰਚਾਇਤ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਹਿਤ ਵੇਚੇ-ਢੀਂਡਸਾ ਅਗਲੀ ਖ਼ਬਰ ਮਲੇਰਕੋਟਲਾ ਦੇ ਪ੍ਰਸ਼ਾਸਨ ਨੇ ਬਿਨਾਂ ਰਜਿਸਟਰੇਸ਼ਨ ਵਾਲੇ ਈ-ਰਿਕਸ਼ਿਆਂ 'ਤੇ ਕੱਸਿਆ ਸ਼ਿਕੰਜਾ
Ad Position 24
No active advertisement