ਬਰਨਾਲਾ, 2 ਮਈ (ਅਸ਼ੋਕ ਭਾਰਤੀ)-ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਟਰੈਫ਼ਿਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦੌਰਾਨ ਟਰੈਫ਼ਿਕ ਇੰਚਾਰਜ ਸ਼ੇਰਵਿੰਦਰ ਸਿੰਘ ਔਲਖ, ਏ.ਐਸ.ਆਈ. ਗੁਰਚਰਨ ਸਿੰਘ, ਏ.ਐਸ.ਆਈ. ਦੀਵਾਨ ਸਿੰਘ ਨੇ ਸਕੂਲ ਦੇ ਵੈਨ ਡਰਾਈਵਰਾਂ ਨੂੰ ਟਰੈਫ਼ਿਕ ਨਿਯਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਸੜਕ ਸੁਰੱਖਿਆ ਦੀ ਮਹੱਤਤਾ ਬਾਰੇ ਸਮਝਾਇਆ | ਉਨ੍ਹਾਂ ਨੇ ਡਰਾਈਵਰਾਂ ਨੂੰ ਸਪੀਡ ਕੰਟਰੋਲ, ਸੀਟ ਬੈਲਟ ਦੀ ਵਰਤੋਂ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਪਹਿਲ ਦੇਣ ਲਈ ਪ੍ਰੇਰਿਤ ਕੀਤਾ ਗਿਆ | ਉਨ੍ਹਾਂ ਨੇ ਕਿਹਾ ਕਿ ਸੜਕ 'ਤੇ ਸਾਵਧਾਨੀ ਹੀ ਸਭ ਤੋਂ ਵੱਡੀ ਸੁਰੱਖਿਆ ਹੈ ਅਤੇ ਹਰ ਡਰਾਈਵਰ ਨੂੰ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ | ਸੰਸਥਾ ਦੇ ਐਮ.ਡੀ. ਸ਼ਿਵ ਸਿੰਗਲਾ, ਪਿ੍ੰਸੀਪਲ ਸ਼ਾਲਿਨੀ ਨੇ ਕਿਹਾ ਕਿ ਸੁਰੱਖਿਆ ਸਾਡੀ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ ਅਤੇ ਸੜਕ ਸੁਰੱਖਿਆ ਸਿਰਫ਼ ਨਿਯਮਾਂ ਦੀ ਪਾਲਣਾ ਨਾਲ ਹੀ ਸੰਭਵ ਹੈ ਅਤੇ ਹਰ ਵਿਅਕਤੀ ਨੂੰ ਇਸ ਦੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ | ਇਸ ਤਰ੍ਹਾਂ ਦੇ ਸੈਮੀਨਾਰਾਂ ਰਾਹੀਂ ਡਰਾਈਵਰਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ | ਇਸ ਮੌਕੇ ਸਕੂਲੀ ਵੈਨਾਂ ਦੇ ਡਰਾਈਵਰ ਹਾਜ਼ਰ ਸਨ |