ਧਨੌਲਾ, 3 ਮਈ (ਜਤਿੰਦਰ ਸਿੰਘ ਧਨੌਲਾ)-ਧਨੌਲਾ ਭੀਖੀ ਟੀ. ਪੁਆਇੰਟ ਦੇ ਨਜ਼ਦੀਕ ਇਕ ਕੈਂਟਰ ਦਾ ਕੈਬਿਨ ਖੁੱਲ ਜਾਣ ਕਰ ਕੇ ਸਾਹਮਣੇ ਖੜੀ ਸਵਿਫ਼ਟ ਕਾਰ ਨਾਲ ਜਾ ਟਕਰਾਇਆ | ਜਿਸ ਨਾਲ ਫਰਵਾਹੀ ਪਿੰਡ ਦੇ ਰਹਿਣ ਵਾਲੇ ਸਾਬਕਾ ਫ਼ੌਜੀ ਦੇਵ ਸਿੰਘ ਪੁੱਤਰ ਮੰਗਲ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ ਤਿੰਨ ਮੈਂਬਰ ਜ਼ਖ਼ਮੀ ਹੋ ਗਏ | ਹਾਦਸੇ ਉਪਰੰਤ ਇਕੱਤਰ ਲੋਕਾਂ ਨੇ ਦੱਸਿਆ ਕਿ ਧਨੌਲੇ ਦੇ ਵਸਨੀਕ ਟਰੱਕ ਚਾਲਕ ਨੇ ਕੋਈ ਨਸ਼ੀਲੀ ਵਸਤੂ ਪੀ ਰੱਖੀ ਸੀ | ਜਿਸ ਕਰ ਕੇ ਹਾਦਸੇ ਉਪਰੰਤ ਵੀ ਉਹ ਜ਼ਖ਼ਮੀ ਹੋਏ ਕਾਰ ਚਾਲਕਾਂ ਨੂੰ ਚੰਗਾ ਮਾੜਾ ਬੋਲਦਾ ਰਿਹਾ | ਸੜਕ ਸੁਰੱਖਿਆ ਫੋਰਸ ਵਾਲਿਆਂ ਨੇ ਪੁੱਜ ਕੇ ਜ਼ਖ਼ਮੀਆਂ ਨੂੰ ਰਾਹਤ ਪ੍ਰਦਾਨ ਕੀਤੀ | ਐਸ.ਐੱਚ.ਓ. ਧਨੌਲਾ ਨੇ ਦੱਸਿਆ ਕਿ ਦੋਵੇਂ ਧਿਰਾਂ ਦਰਮਿਆਨ ਕਾਰ ਦੇ ਨੁਕਸਾਨ ਨੂੰ ਲੈ ਕੇ ਗੱਲਬਾਤ ਜਾਰੀ ਹੈ ਤੇ ਕਾਰ ਚਾਲਕਾਂ ਦੇ ਬਿਆਨਾਂ 'ਤੇ ਛੇਤੀ ਹੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |