ਬਰਨਾਲਾ, 21 ਮਈ (ਰਾਜ ਪਨੇਸਰ)-ਜ਼ਿਲ੍ਹਾ ਪੁਲਿਸ ਦੇ ਅਧੀਨ ਆਉਂਦੇ ਸੀ.ਆਈ.ਏ. ਸਟਾਫ਼ ਵਲੋਂ ਦੋ ਵਿਅਕਤੀਆਂ ਨੂੰ 15 ਕੁਇੰਟਲ ਭੱੁਕੀ ਚੂਰਾ ਪੋਸਤ ਅਤੇ ਟਰੱਕ ਸਮੇਤ ਕਾਬੂ ਕਰ ਕੇ ਥਾਣਾ ਸਿਟੀ-2 ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਪ੍ਰੈਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਤਦਿਆਂ ਡੀ.ਐਸ.ਪੀ. ਰਜਿੰਦਰਪਾਲ ਸਿੰਘ ਨੇ ਕਿਹਾ ਕਿ ਐਸ.ਐਸ.ਪੀ. ਮੁਹੰਮਦ ਸਰਫ਼ਰਾਜ਼ ਆਲਮ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਅੰਦਰ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਇਸੇ ਮੁਹਿੰਮ ਤਹਿਤ ਸੂਚਨਾ ਮਿਲੀ ਕਿ ਕੁੱਝ ਵਿਅਕਤੀ ਬਾਹਰਲੇ ਸੂਬੇ ਵਿਚ ਭਾਰੀ ਮਾਤਰਾ 'ਚ ਭੱੁਕੀ ਲਿਆਉਣ ਦੇ ਆਦੀ ਹਨ | ਜੋ ਕਿ ਆਪਣੇ ਟਰੱਕ ਰਾਹੀਂ ਬਰਨਾਲਾ ਹੁੰਦੇ ਹੋਏ ਮੋਗਾ ਵੱਲ ਜਾ ਰਹੇ ਹਨ ਤਾਂ ਉਪ ਕਪਤਾਨ (ਨਾਰਕੋਟੈਕ) ਬਰਨਾਲਾ ਕਮਲਜੀਤ ਸਿੰਘ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸ: ਬਲਜੀਤ ਸਿੰਘ ਦੀ ਪੂਰੀ ਟੀਮ ਵਲੋਂ ਨਾਕਾ ਲਗਾਇਆ ਹੋਇਆ ਸੀ ਤਾਂ ਸੰਗਰੂਰ ਵਾਲੇ ਪਾਸਿਉਂ ਇਕ ਟਰੱਕ ਨੰ: ਪੀ.ਬੀ. 46 ਐਮ. 9409 ਆ ਰਿਹਾ ਸੀ | ਜਿਸ ਵਿਚ ਬਲਜਿੰਦਰ ਸਿੰਘ ਜਿੰਦਾ ਪੱੁਤਰ ਹਰਵਿੰਦਰ ਸਿੰਘ ਵਾਸੀ ਧਰਮਕੋਟ (ਮੋਗਾ), ਸੁਖਦੇਵ ਸਿੰਘ ਉਰਫ਼ ਸੁਖਚੈਨ ਸਿੰਘ ਪੱੁਤਰ ਮਲਕੀਤ ਸਿੰਘ ਵਾਸੀ ਗੂੜੇ (ਲੁਧਿਆਣਾ) ਬੈਠੇ ਸਨ | ਪੁਲਿਸ ਵਲੋਂ ਟਰੱਕ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਟਰੱਕ ਵਿਚੋਂ 15 ਕੁਇੰਟਲ ਭੱੁਕੀ ਚੂਰਾ ਪੋਸਤ (60 ਬੋਰੀਆਂ) ਬਰਾਮਦ ਹੋਈਆਂ | ਪੁਲਿਸ ਵਲੋਂ ਦੋਵੇਂ ਵਿਅਕਤੀਆਂ ਨੂੰ ਭੱੁਕੀ ਚੂਰਾ ਪੋਸਤ, ਟਰੱਕ ਸਮੇਤ ਕਾਬੂ ਕਰ ਕੇ ਥਾਣਾ ਸਿਟੀ-2 ਬਰਨਾਲਾ ਵਿਚ ਮਾਮਲਾ ਦਰਜ ਕੀਤਾ ਗਿਆ ਹੈ | ਪੜਤਾਲ ਦੌਰਾਨ ਇਹ ਵੀ ਪਤਾ ਲੱਗਿਆ ਕਿ ਬਲਜਿੰਦਰ ਸਿੰਘ ਜਿੰਦਾ ਖ਼ਿਲਾਫ਼ ਮੋਗਾ ਦੇ ਵੱਖ-ਵੱਖ ਥਾਣਿਆਂ 'ਚ ਕਈ ਮੁਕੱਦਮੇ ਪਹਿਲਾਂ ਹੀ ਦਰਜ ਹਨ | ਉਨ੍ਹਾਂ ਦੱਸਿਆ ਕਿ ਭੁੱਕੀ ਚੂਰਾ ਪੋਸਤ ਦੀ ਬਾਜ਼ਾਰੀ ਕੀਮਤ 75 ਲੱਖ ਰੁਪਏ ਹੈ | ਗਿ੍ਫ਼ਤਾਰ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਇਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ | ਇਸ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਏ.ਐਸ.ਆਈ. ਨੈਬ ਸਿੰਘ ਹਨ |