ਤਪਾ ਮੰਡੀ, 22 ਮਈ (ਪ੍ਰਵੀਨ ਗਰਗ)-ਸਬ-ਡਵੀਜ਼ਨ ਤਪਾ 'ਚ ਹੋ ਰਹੀਆਂ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ 5 ਤੋਂ 'ਆਪ' ਉਮੀਦਵਾਰ ਡਾ. ਸੋਨਿਕਾ ਬਾਂਸਲ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਆਪਣੀ ਪੁਰੀ ਟੀਮ ਸਮੇਤ ਵਿਸ਼ੇਸ਼ ਤੌਰ 'ਤੇ ਪਹੁੰਚੇ | ਗੱਲਬਾਤ ਕਰਦੇ ਹੋਏ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਤਪਾ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਹਰ ਇਕ ਵਾਰਡ 'ਚੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗੀ | ਉਨ੍ਹਾਂ ਕਿਹਾ ਕਿ ਵਾਰਡ ਨੰਬਰ 5 ਤੋਂ ਪਾਰਟੀ ਉਮੀਦਵਾਰ ਡਾ. ਸੋਨਿਕਾ ਬਾਂਸਲ ਇਕ ਪੜ੍ਹੇ ਲਿਖੇ ਉਮੀਦਵਾਰ ਹਨ, ਜੋ ਪਹਿਲਾਂ ਵੀ ਨਗਰ ਕੌਂਸਲ ਦੇ ਪ੍ਰਧਾਨ ਰਹਿ ਚੁੱਕੇ ਹਨ, ਨੇ ਸ਼ਹਿਰ ਅੰਦਰ ਵਿਕਾਸ ਕਰਵਾਉਣ 'ਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਤੇ ਹੁਣ ਵੀ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ | ਇਸ ਮੌਕੇ ਡਾ. ਸੋਨਿਕਾ ਬਾਂਸਲ ਨੇ ਵੀ ਮੁਹੱਲੇ ਦੇ ਵੋਟਰਾਂ ਨੂੰ ਆਪਣੇ ਹੱਕ ਵਿਚ ਵੋਟ ਦੇਣ ਦੀ ਅਪੀਲ ਕੀਤੀ | ਉਨ੍ਹਾਂ ਨੇ ਵਿਸ਼ਵਾਸ ਦਿੱਤਾ ਕਿ ਉਹ ਵਾਰਡ ਦੇ ਲੋਕਾਂ ਲਈ ਦਿਨ-ਰਾਤ ਇਕ ਕਰ ਦੇਣਗੇ ਅਤੇ ਸਿਰਫ਼ ਉਨ੍ਹਾਂ ਨੂੰ ਵੋਟਰਾਂ ਦੇ ਅਸ਼ੀਰਵਾਦ ਦੀ ਲੋੜ ਹੈ |