ਮਹਿਲ ਕਲਾਂ, 23 ਮਈ (ਅਵਤਾਰ ਸਿੰਘ ਅਣਖੀ)-ਪਿੰਡ ਛਾਪਾ ਵਿਖੇ ਡਾ: ਸੁਖਪਾਲ ਸਿੰਘ ਗਿੱਲ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮਹਿਲ ਕਲਾਂ ਵਲੋਂ ਝੋਨੇ ਦੀ ਸਿੱਧੀ ਬਿਜਾਈ, ਨਦੀਨਾਂ ਦੀ ਰੋਕਥਾਮ, ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਤੋਂ ਬਚਾਅ ਸਬੰਧੀ ਕਿਸਾਨ ਜਾਗਰੂਕਤਾ ਅਤੇ ਸਿਖਲਾਈ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਸ਼ਮੂਲੀਅਤ ਕਰ ਕੇ ਖੇਤੀ ਮਾਹਿਰਾਂ ਤੋਂ ਤਕਨੀਕੀ ਜਾਣਕਾਰੀ ਹਾਸਲ ਕੀਤੀ | ਇਸ ਮੌਕੇ ਡਾ: ਸੁਰਿੰਦਰਾ ਸਿੰਘ ਸਹਾਇਕ ਪ੍ਰੋਫੈਸਰ ਕੇ.ਵੀ.ਕੇ. ਬਰਨਾਲਾ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੇ ਫ਼ਾਇਦਿਆਂ ਅਤੇ ਵਿਗਿਆਨਕ ਢੰਗ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਲਈ ਤਰ-ਵੱਤਰ ਖੇਤ, ਦਰਮਿਆਨੀ ਤੋਂ ਭਾਰੀ ਜ਼ਮੀਨ ਅਤੇ ਸ਼ਾਮ ਦੇ ਸਮੇਂ ਬਿਜਾਈ ਕਰਨਾ ਸਭ ਤੋਂ ਉਚਿੱਤ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ ਇਸ ਤਰੀਕੇ ਨਾਲ 15 ਤੋਂ 20 ਫ਼ੀਸਦੀ ਤੱਕ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ | ਉਨ੍ਹਾਂ ਕਿਸਾਨਾਂ ਨੂੰ ਨਦੀਨਾਂ ਦੀ ਪਛਾਣ ਕਰ ਕੇ ਹੀ ਸਿਫ਼ਾਰਸ਼ੀ ਨਦੀਨਾਸ਼ਕਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ | ਸਨਵਿੰਦਰਪਾਲ ਸਿੰਘ ਬਰਾੜ, ਬਲਾਕ ਤਕਨੀਕੀ ਮੈਨੇਜਰ ਮਹਿਲ ਕਲਾਂ ਨੇ ਖੇਤੀਬਾੜੀ ਵਿਭਾਗ ਵਲੋਂ ਸਬਸਿਡੀ 'ਤੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਜਿਪਸਮ ਖਾਦ, ਯੰਤਰਾਂ ਦਾ ਬੀਜ, ਖੇਤੀ ਮਸ਼ੀਨਰੀ ਅਤੇ ਆਤਮਾ ਪ੍ਰੋਜੈਕਟ ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ | ਇਸ ਮੌਕੇ ਡਾ: ਹਰਜੋਤ ਸਿੰਘ ਸੋਹੀ ਸਹਾਇਕ ਪ੍ਰੋਫੈਸਰ ਕੇ.ਵੀ.ਕੇ. ਬਰਨਾਲਾ ਨੇ ਫਲਦਾਰ ਬੂਟਿਆਂ ਅਤੇ ਸਬਜ਼ੀਆਂ ਦੀ ਕਾਸ਼ਤ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ, ਜਦਕਿ ਸ੍ਰੀ ਕਿਰਪਾਲ ਸਿੰਘ ਏ.ਐੱਸ.ਆਈ. ਨੇ ਮਿੱਟੀ ਅਤੇ ਪਾਣੀ ਦੇ ਸੈਂਪਲ ਲੈਣ ਦੀ ਵਿਗਿਆਨਕ ਵਿਧੀ ਬਾਰੇ ਜਾਣੂ ਕਰਵਾਇਆ | ਇਸ ਦੌਰਾਨ ਖੇਤੀਬਾੜੀ ਮਾਹਿਰਾਂ ਦੀ ਟੀਮ ਵਿਚ ਸ੍ਰੀ ਕੁਲਵੀਰ ਸਿੰਘ ਏ.ਟੀ.ਐੱਮ., ਸ੍ਰੀ ਕੁਲਦੀਪ ਸਿੰਘ ਬੇਲਦਾਰ ਸਮੇਤ ਕਿਸਾਨ ਅਮਰੀਕ ਸਿੰਘ, ਲਖਵੀਰ ਸਿੰਘ, ਹਰਪ੍ਰੀਤ ਸਿੰਘ, ਬਲਵੰਤ ਸਿੰਘ ਆਦਿ ਕਿਸਾਨ ਹਾਜ਼ਰ ਸਨ |