ਬਰਨਾਲਾ, 15 ਜੂਨ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਸ਼ਹਿਰ ਬਰਨਾਲਾ ਦੇ ਸਾਬਕਾ ਨਗਰ ਕੌਂਸਲਰ ਨਛੱਤਰ ਸਿੰਘ ਉਰਫ਼ ਜੱਗਾ ਸਿੰਘ ਵਲੋਂ ਅੱਜ ਸਵੇਰ ਸਮੇਂ ਆਪਣੇ ਘਰ ਵਿਖੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ | ਜੱਗਾ ਸਿੰਘ ਦੇ ਛੋਟੇ ਭਰਾ ਉੱਘੇ ਸਮਾਜ ਠੇਕੇਦਾਰ ਮਲਕੀਤ ਸਿੰਘ ਮੀਤਾ ਨੇ ਦੱਸਿਆ ਕਿ ਉਸ ਦਾ ਭਰਾ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ ਅਤੇ ਉਸ ਨੇ ਅਸ਼ਵਨੀ ਕੁਮਾਰ ਉਰਫ਼ ਬੌਬੀ ਅਤੇ ਵਿਨੋਦ ਕੁਮਾਰ ਟੀਟੂ ਵਾਸੀਆਨ ਧੂਰੀ ਨੂੰ ਸੇਖਾ ਕੈਂਚੀਆਂ ਨਜ਼ਦੀਕ ਅਨਿਲ ਇਨਕਲੇਵ ਕਾਲੋਨੀ ਵਾਲੀ ਜ਼ਮੀਨ ਦਾ ਸੌਦਾ ਕਰਵਾਇਆ ਸੀ ਤੇ ਜ਼ਮੀਨ ਦੀਆਂ ਰਜਿਸਟਰੀਆਂ ਵੀ ਸਿਰੇ ਚੜ੍ਹ ਗਈਆਂ ਸਨ | ਪਰ ਉਕਤ ਵਿਅਕਤੀਆਂ ਵਲੋਂ ਮੇਰੇ ਭਰਾ ਜੱਗਾ ਸਿੰਘ ਨੂੰ ਬਣਦੀ ਕਮਿਸ਼ਨ ਦੀ ਰਕਮ ਨਹੀਂ ਦਿੱਤੀ ਗਈ | ਜਿਸ ਕਰ ਕੇ ਜੱਗਾ ਸਿੰਘ ਨੇ ਦਿਮਾਗ਼ੀ ਤੌਰ 'ਤੇ ਪ੍ਰੇਸ਼ਾਨ ਹੋ ਕੇ ਆਪਣੇ ਕਮਰੇ ਵਿਚ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਪਰਿਵਾਰਕ ਮੈਂਬਰਾਂ ਨੇ ਜੱਗਾ ਸਿੰਘ ਨੂੰ ਥੱਲੇ ਉਤਾਰਿਆ ਤਾਂ ਉਸ ਦੀ ਕਮੀਜ਼ ਦੀ ਜੇਬ ਵਿਚੋਂ ਇਕ ਸੁਸਾਇਡ ਨੋਟ ਵੀ ਮਿਲਿਆ | ਜਿਸ ਵਿਚ ਉਸ ਨੇ ਅਸ਼ਵਨੀ ਕੁਮਾਰ ਅਤੇ ਵਿਨੋਦ ਕੁਮਾਰ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰਨ ਦੀ ਗੱਲ ਲਿਖੀ ਹੋਈ ਹੈ | ਇਸ ਮਾਮਲੇ ਸਬੰਧੀ ਜਦੋਂ ਥਾਣਾ ਸਿਟੀ-1 ਦੇ ਐਸ.ਐਚ.ਓ. ਇੰਸ: ਲਖਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਿ੍ਤਕ ਨਛੱਤਰ ਸਿੰਘ ਉਰਫ਼ ਜੱਗਾ ਸਿੰਘ ਦੇ ਭਰਾ ਮਲਕੀਤ ਸਿੰਘ ਮੀਤਾ ਦੇ ਬਿਆਨਾਂ ਦੇ ਆਧਾਰ 'ਤੇ ਅਸ਼ਵਨੀ ਕੁਮਾਰ ਉਰਫ਼ ਬੌਬੀ ਅਤੇ ਵਿਨੋਦ ਕੁਮਾਰ ਟੀਟੂ ਵਾਸੀਆਨ ਧੂਰੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਅਤੇ ਜਲਦ ਹੀ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ | ਦੂਸਰੇ ਪਾਸੇ ਮਲਕੀਤ ਸਿੰਘ ਮੀਤਾ ਅਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਜਿੰਨਾ ਚਿਰ ਤੱਕ ਉਕਤ ਦੋਵੇਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਜਾਂਦਾ ਓਨਾਂ ਚਿਰ ਨਾ ਤਾਂ ਮਿ੍ਤਕ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਨਾ ਹੀ ਅੰਤਿਮ ਸਸਕਾਰ ਕੀਤਾ ਜਾਵੇਗਾ | ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਸੀਨੀਅਰ ਆਗੂ ਗੁਰਪ੍ਰੀਤ ਸਿੰਘ ਗੰਡਾ ਸਿੰਘ ਵਾਲਾ, ਸਰਕਲ ਪ੍ਰਧਾਨ ਬੇਅੰਤ ਸਿੰਘ ਬਾਠ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ, ਗੁਰਜੀਤ ਸਿੰਘ ਰਾਮਣਵਾਸੀਆ, ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਰੰਮੀ ਢਿੱਲੋਂ, ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ, ਬਲਾਕ ਕਾਂਗਰਸ ਦੇ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਕੌਂਸਲਰ ਲਵਪ੍ਰੀਤ ਦੀਵਾਨਾ, ਰਾਜੀਵ ਗੁਪਤਾ ਲੂਬੀ, ਗੁਰਪ੍ਰੀਤ ਸੋਨੀ ਸੰਘੇੜਾ, ਸਮਾਜ ਸੇਵੀ ਕੇਵਲ ਸਿੰਘ ਵੀਨਸ, ਰਮਨਦੀਪ ਸਿੰਘ ਢਿੱਲੋਂ, ਬਲਤੇਜ ਸਿੰਘ ਨੀਟੂ ਵੀਨਸ, ਓਮ ਪ੍ਰਕਾਸ਼ ਘੰਡਾ ਬੰਨਾ, ਰਾਜਿੰਦਰ ਸਿੰਘ ਦਰਾਕਾ, ਸੁਖਪਾਲ ਸਿੰਘ ਰੁਪਾਣਾ, ਇੰਦਰਪਾਲ ਸਿੰਘ ਦਿਉਲ, ਭਾਜਪਾ ਆਗੂ ਲਲਿਤ ਗਰਗ, ਸੋਹਣ ਮਿੱਤਲ, ਸੁਭਾਸ਼ ਮੱਕੜਾ, ਬੂਟਾ ਸਿੰਘ ਰਿਟਾ. ਐਮ.ਈ., ਪਿ੍ੰਸ ਮਹਿਤਾ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ |