ਟੱਲੇਵਾਲ, 18 ਜੂਨ (ਸੋਨੀ ਚੀਮਾ)-ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀਆਂ ਸ਼ਰੇ੍ਹਆਮ ਧੱਜੀਆਂ ਉਡਾ ਕੇ ਪਿੰਡ ਪੱਖੋਕੇ ਤੋਂ ਸ਼ਹਿਣਾ ਨੂੰ ਜਾਂਦੇ ਰਸਤੇ ਤੋਂ ਵੱਡੀ ਗਿਣਤੀ ਵਿਚ ਹਰੇ ਭਰੇ ਰੁੱਖ ਸਰਪੰਚ ਵਲੋਂ ਪੁੱਟ ਦਿੱਤੇ ਗਏ, ਪਰ ਇਸ ਨਾਜਾਇਜ਼ ਕਟਾਈ ਦੇ ਬਾਵਜੂਦ ਸਬੰਧਿਤ ਵਿਭਾਗ ਦੇ ਅਧਿਕਾਰੀ ਕਾਰਵਾਈ ਲਈ ਟਾਲ ਮਟੋਲ ਦੀ ਨੀਤੀ ਅਪਣਾ ਰਹੇ ਹਨ। ਇਹ ਦੋਸ਼ ਪਿੰਡ ਪੱਖੋਕੇ ਦੇ ਆਗੂ ਮੇਵਾ ਸਿੰਘ, ਦਵਿੰਦਰ ਸਿੰਘ, ਅਜੀਤ ਸਿੰਘ, ਜਸਵੀਰ ਸਿੰਘ ਸਾਬਕਾ ਪੰਚਾਇਤ ਮੈਂਬਰ, ਜਗਸੀਰ ਸਿੰਘ, ਗੁਰਵੀਰ ਸਿੰਘ ਆਦਿ ਨੇ ਲਗਾਉਂਦਿਆਂ ਦੱਸਿਆ ਕਿ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ, ਵਣ ਵਿਭਾਗ ਤੇ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦਰਖ਼ਾਸਤਾਂ ਦੇਣ ਦੇ ਬਾਵਜੂਦ ਹਰੇ ਭਰੇ ਰੁੱਖਾਂ ਦੀ ਨਾਜਾਇਜ਼ ਕਟਾਈ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਹੈ। ਉਕਤ ਆਗੂਆਂ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਪੱਖੋਕੇ ਦੇ ਸਰਪੰਚ ਵਲੋਂ ਪਿੰਡ ਪੱਖੋਕੇ ਤੋਂ ਸ਼ਹਿਣਾ ਨੂੰ ਜਾਂਦੇ ਰਸਤੇ ਦੀ ਨਿਸ਼ਾਨਦੇਹੀ ਕਰਵਾਈ ਗਈ ਸੀ। ਜੋ ਰਸਤੇ ਵਿਚ ਪੁਰਾਣੇ ਹਰੇ ਭਰੇ ਸਰਕਾਰੀ ਰੁੱਖ ਖੜੇ ਸਨ। ਜਿਨ੍ਹਾਂ ਵਿਚੋਂ ਕਰੀਬ 90 ਰੁੱਖ ਸਰਪੰਚ ਤੇ ਉਸ ਦੇ ਸਾਥੀਆਂ ਨੇ ਜੇ.ਸੀ.ਬੀ ਮਸ਼ੀਨ ਨਾਲ ਪੁੱਟ ਦਿੱਤੇ ਹਨ। ਜਿਸ ਸਬੰਧੀ ਕਿ 10 ਜੂਨ ਨੂੰ ਡਿਪਟੀ ਕਮਿਸ਼ਨਰ ਬਰਨਾਲਾ, ਡੀ.ਡੀ.ਪੀ.� ਬਰਨਾਲਾ, ਬੀ.ਡੀ.ਪੀ.� ਮਹਿਲ ਕਲਾਂ ਅਤੇ ਵਣ ਵਿਭਾਗ ਬਰਨਾਲਾ ਦੇ ਅਧਿਕਾਰੀਆਂ ਨੂੰ ਲਿਖਤੀ ਦਰਖਾਸਤਾਂ ਦੇ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਸੀ। ਪ੍ਰੰਤੂ ਜ਼ਿਲੇ੍ਹ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗੈਰ ਕਾਨੂੰਨੀ ਹਰੇ ਭਰੇ ਸਰਕਾਰੀ ਰੁੱਖ ਪੁੱਟਣ ਵਾਲੇ ਵਿਅਕਤੀਆਂ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਹੈ। ਉਲਟਾਂ ਸਰਪੰਚ ਤੇ ਪਿੰਡ ਵਾਸੀਆਂ ਵਲੋਂ ਪੁੱਟੇ ਗਏ ਰੁੱਖਾਂ ਦੇ ਟੋਏ ਤੇ ਬਾਕੀ ਬਚਦੀਆਂ ਤੇ ਤਣੇ ਪੁੱਟ ਕੇ ਸਬੂਤ ਖ਼ਤਮ ਕਰਨ ਨੂੰ ਸਮਾਂ ਦਿੱਤਾ ਗਿਆ ਹੈ। ਜਿਸ ਸਬੰਧੀ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵਲੋਂ ਗੈਰ ਕਾਨੂੰਨੀ ਰੁੱਖ ਪੁੱਟਣ ਵਾਲੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਦੋਸ਼ੀਆਂ ਨੂੰ ਬਚਾਉਣ ਲਈ ਲਿਖਤੀ ਕਾਰਵਾਈ ਉਨ੍ਹਾਂ ਦੇ ਹੱਕ ਵਿਚ ਕੀਤੀ ਜਾ ਰਹੀ ਹੈ। ਉਕਤ ਆਗੂਆਂ ਨੇ ਕਿਹਾ ਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਆਪਣੇ 24 ਦਸੰਬਰ 2025 ਦੇ ਹੁਕਮ ਰਾਹੀਂ ਪੰਜਾਬ ਭਰ ਵਿਚੋਂ ਹਰ ਇਕ ਉਮਰ ਤੇ ਹਰ ਇਕ ਕਿਸਮ ਦਾ ਰੁੱਖ ਪੁੱਟਣ ਤੇ ਪਾਬੰਦੀ ਲਗਾਈ ਗਈ ਹੈ। ਲੈਂਡ ਪਾਲਿਸੀ 2024 ਅਨੁਸਾਰ ਸਰਕਾਰੀ ਰੁੱਖਾਂ ਦੀ ਸੁਰੱਖਿਆ ਲਈ ਰਸਤੇ ‘ਤੇ ਖੜੇ ਸਾਰੇ ਰੁੱਖਾਂ ਤੇ ਨੰਬਰ ਲਗਾ ਕੇ ਪੰਚਾਇਤ ਵਿਭਾਗ ਵਲੋਂ ਰਿਕਾਰਡ ਤਿਆਰ ਕਰਨਾ ਬਣਦਾ ਸੀ। ਜੋ ਕਿ ਨਹੀਂ ਕੀਤਾ ਗਿਆ। ਉਨ੍ਹਾਂ ਦੋਸ਼ ਲਾਏ ਕਿ ਪਾਲਿਸੀ ਅਨੁਸਾਰ ਪੰਚਾਇਤ ਵਿਭਾਗ ਵਲੋਂ ਰੁੱਖ ਪੁੱਟਣ ਵਾਲੇ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨੀ ਬਣਦੀ ਸੀ ਪ੍ਰੰਤੂ ਕਾਰਵਾਈ ਦੀ ਬਜਾਏ ਜਾਂਚ ਕਰਤਾ ਸਕੱਤਰ ਵਲੋਂ ਮਾਮਲੇ ਨੂੰ ਠੰਢਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰੁੱਖਾਂ ਦੀ ਨਾਜਾਇਜ਼ ਕਟਾਈ ਕਰ ਕੇ ਵਿਅਕਤੀਆਂ ਨੇ ਵਾਤਾਵਰਨ ਸੁਰੱਖਿਆ ਐਕਟ 1986 ਦੀ ਉਲੰਘਣਾ ਕੀਤੀ ਹੈ। ਉਕਤ ਆਗੂਆਂ ਨੇ ਪੰਜਾਬ ਸਰਕਾਰ ਅਤੇ ਡੀ.ਸੀ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਹਾਈਕੋਰਟ ਦੇ ਹੁਕਮਾਂ ਅਤੇ ਕਾਨੂੰਨਾਂ ਦੀ ਉਲੰਘਣਾ ਕਰ ਕੇ ਹਰੇ ਭਰੇ ਰੁੱਖਾਂ ਦੀ ਨਾਜਾਇਜ਼ ਕਟਾਈ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਤੁਰੰਤ ਐਫ.ਆਈ.ਆਰ ਦਰਜ ਕੀਤੀ ਜਾਵੇ। ਜਦੋਂ ਇਸ ਸਬੰਧੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਮਹਿਲ ਕਲਾਂ ਰਾਜਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਪੜਤਾਲ ਕਰਨ ਲਈ ਪੰਚਾਇਤ ਸਕੱਤਰ ਦੀ ਡਿਊਟੀ ਲਗਾਈ ਹੈ। ਉਹ ਰਿਪੋਰਟ ਦੇਣਗੇ ਤਾਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਜਦੋਂ ਇਸ ਮਾਮਲੇ ਸਬੰਧੀ ਗ੍ਰਾਮ ਪੰਚਾਇਤ ਪੱਖੋਕੇ ਪੰਚਾਇਤ ਸਕੱਤਰ ਬੀਰਾ ਖ਼ਾਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ 11 ਜੂਨ ਨੂੰ ਮਾਮਲੇ ਦੀ ਜਾਂਚ ਕਰਨ ਉਪਰੰਤ ਇਸ ਦੀ ਰਿਪੋਰਟ ਬੀ.ਡੀ.ਪੀ.� ਦਫ਼ਤਰ ਮਹਿਲ ਕਲਾਂ ਵਿਖੇ ਪਹੁੰਚਦੀ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਦੋਸ਼ਾਂ ਮੁਤਾਬਿਕ ਗ੍ਰਾਮ ਪੰਚਾਇਤ ਤੋਂ ਇਲਾਵਾ ਸਬੰਧਿਤ ਵਿਅਕਤੀਆਂ ਦੇ ਬਿਆਨ ਕਲਮਬੰਦ ਕੀਤੇ ਹਨ। ਜਿਸ ਸਬੰਧੀ ਲਿਖਤੀ ਤੌਰ ‘ਤੇ ਰਿਪੋਰਟ ਸੌਂਪੀ ਜਾ ਚੁੱਕੀ ਹੈ। ਜਦੋਂ ਇਸ ਸਬੰਧੀ ਸਰਪੰਚ ਗੁਰਚਰਨ ਸਿੰਘ ਸਾਬਕਾ ਫ਼ੌਜੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜੋ ਰੁੱਖ ਪੁੱਟੇ ਹਨ ਉਹ ਪਿੰਡ ਵਾਸੀਆਂ ਨੇ ਪੁੱਟੇ ਹਨ। ਅਸੀਂ ਤਾਂ ਜੇ.ਸੀ.ਬੀ ਮਸ਼ੀਨ ਨਾਲ ਮਲੇ ਝਾੜੀਆਂ ਤੇ ਛੋਟੇ ਰੁੱਖ ਪੁੱਟੇ ਹਨ ਜੋ ਰਸਤੇ ਵਿਚ ਆਉਂਦੇ ਸਨ। ਉਨ੍ਹਾਂ ਦੂਜੀ ਧਿਰ ਦੇ ਦਵਿੰਦਰ ਸਿੰਘ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਕਤ ਵਿਅਕਤੀ ਨੇ ਪੰਚਾਇਤੀ ਜ਼ਮੀਨ ਵਿਚੋਂ ਟਾਹਲੀ ਪੁੱਟੀ ਹੈ, ਜਿਸ ਦੀ ਜਾਂਚ ਵੀ ਕੀਤੀ ਜਾਵੇ। ਜਿਸ ਦੇ ਸਬੂਤ ਉਨ੍ਹਾਂ ਕੋਲ ਹਨ।
ਹਾਈ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਦਰਜਨਾਂ ਰੁੱਖਾਂ ਦੀ ਕੀਤੀ ਨਾਜਾਇਜ਼ ਕਟਾਈ
ਅਜੀਤ ਡੈਸਕ
19-06-2026