ਮਹਿਲ ਕਲਾਂ, 18 ਜੂਨ (ਅਵਤਾਰ ਸਿੰਘ ਅਣਖੀ, ਤਰਸੇਮ ਸਿੰਘ ਗਹਿਲ)-ਮਿਡ-ਡੇ-ਮੀਲ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ ਰਾਏਸਰ ਦੀ ਅਗਵਾਈ ਹੇਠ ਵਰਕਰਾਂ ਵਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦੀ ਪ੍ਰਾਪਤੀ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਰਾਹੀਂ ਪੰਜਾਬ ਸਰਕਾਰ ਨੂੰ ਮੰਗ-ਪੱਤਰ ਭੇਜਿਆ ਗਿਆ। ਇਸ ਮੌਕੇ ਵਰਕਰਾਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਚਾਰ ਸਾਲਾਂ ਤੋਂ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ ਗਏ, ਜਿਸ ਕਾਰਨ ਮਿਡ-ਡੇ-ਮੀਲ ਵਰਕਰਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਸਕੂਲਾਂ ‘ਚ ਕੰਮ ਕਰ ਰਹੀਆਂ ਮਿਡ-ਡੇ-ਮੀਲ ਵਰਕਰਾਂ ਨਾਲ ਦੁਰਵਿਹਾਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਤੋਂ ਨਿਰਧਾਰਿਤ ਕੰਮ ਤੋਂ ਇਲਾਵਾ ਵਾਧੂ ਡਿਊਟੀਆਂ ਵੀ ਲਈਆਂ ਜਾਂਦੀਆਂ ਹਨ। ਕਈ ਸਕੂਲਾਂ ਵਿਚ ਵਰਕਰਾਂ ਦੇ ਆਉਣ-ਜਾਣ ਸਮੇਂ ਉਨ੍ਹਾਂ ਦੇ ਬੈਗਾਂ ਦੀ ਤਲਾਸ਼ੀ ਲਈ ਜਾਂਦੀ ਹੈ, ਜੋ ਉਨ੍ਹਾਂ ਦੀ ਇੱਜ਼ਤ ਅਤੇ ਸਵੈ-ਮਾਣ ਦੇ ਖ਼ਿਲਾਫ਼ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਤੁਰੰਤ ਬੰਦ ਕੀਤੀਆਂ ਜਾਣ ਅਤੇ ਵਰਕਰਾਂ ਨਾਲ ਸਨਮਾਨਜਨਕ ਵਿਵਹਾਰ ਯਕੀਨੀ ਬਣਾਇਆ ਜਾਵੇ। ਆਗੂਆਂ ਨੇ ਕਿਹਾ ਕਿ ਬਹੁਤ ਸਾਰੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਕਾਫ਼ੀ ਵੱਧ ਹੈ ਪਰ ਉੱਥੇ ਸਿਰਫ਼ ਇਕ ਹੀ ਵਰਕਰ ਨਾਲ ਕੰਮ ਚਲਾਇਆ ਜਾ ਰਿਹਾ ਹੈ, ਜਿਸ ਕਾਰਨ ਕੰਮ ਦਾ ਬੇਹੱਦ ਬੋਝ ਪੈਂਦਾ ਹੈ। ਇਸ ਲਈ ਵਿਦਿਆਰਥੀਆਂ ਦੀ ਗਿਣਤੀ ਦੇ ਅਨੁਸਾਰ ਵਾਧੂ ਵਰਕਰਾਂ ਦੀ ਭਰਤੀ ਕੀਤੀ ਜਾਵੇ। ਵਰਕਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮਿਡ-ਡੇ-ਮੀਲ ਵਰਕਰਾਂ ਨੂੰ ਗਰਮੀ ਅਤੇ ਸਰਦੀ ਦੇ ਮੌਸਮ ਲਈ ਵਰਦੀਆਂ ਮੁਹੱਈਆ ਕਰਵਾਈਆਂ ਜਾਣ, ਮੁਫ਼ਤ ਸਿਹਤ ਬੀਮਾ ਯੋਜਨਾ ਦੇ ਘੇਰੇ ਵਿਚ ਲਿਆਂਦਾ ਜਾਵੇ, ਜੀ.ਪੀ.ਐਫ. ਕਟੌਤੀ ਸ਼ੁਰੂ ਕਰ ਕੇ ਭਵਿੱਖ ਨੂੰ ਸੁਰੱਖਿਅਤ ਬਣਾਇਆ ਜਾਵੇ ਅਤੇ ਉਨ੍ਹਾਂ ਨੂੰ ਘੱਟੋ-ਘੱਟ ਉਜਰਤ ਕਾਨੂੰਨ ਦੇ ਦਾਇਰੇ ਵਿਚ ਲਿਆ ਕੇ ਬਣਦਾ ਮਾਣ-ਭੱਤਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਵਰਕਰ ਸਾਲਾਂ ਤੋਂ ਬਹੁਤ ਘੱਟ ਤਨਖ਼ਾਹ ‘ਤੇ ਕੰਮ ਕਰ ਰਹੀਆਂ ਹਨ, ਜਦ ਕਿ ਮਹਿੰਗਾਈ ਲਗਾਤਾਰ ਵੱਧ ਰਹੀ ਹੈ। ਯੂਨੀਅਨ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵਲੋਂ 30 ਜੂਨ ਤੱਕ ਮੰਗਾਂ ਦੇ ਹੱਲ ਲਈ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ 1 ਜੁਲਾਈ ਤੋਂ ਪੰਜਾਬ ਭਰ ਦੇ ਮਿਡ-ਡੇ-ਮੀਲ ਵਰਕਰ ਸਕੂਲਾਂ ‘ਚ ਖਾਣਾ ਬਣਾਉਣ ਦਾ ਕੰਮ ਬੰਦ ਕਰ ਕੇ ਹੜਤਾਲ ‘ਤੇ ਚਲੇ ਜਾਣਗੇ। ਇਸ ਦੇ ਨਾਲ ਹੀ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਦਾ ਘਿਰਾ� ਕਰ ਕੇ ਸਰਕਾਰ ਖ਼ਿਲਾਫ਼ ਤਿੱਖਾ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਇਸ ਮੌਕੇ ਗੁਰਮੀਤ ਕੌਰ, ਅਜਮੇਰ ਕੌਰ ਖਿਆਲੀ, ਜਸਵੀਰ ਕੌਰ ਮਹਿਲ ਖ਼ੁਰਦ, ਕਰਮਜੀਤ ਕੌਰ ਕਲਾਲਾ, ਰਾਜਵਿੰਦਰ ਕੌਰ ਕਲਾਲਾ, ਵੀਰਪਾਲ ਕੌਰ, ਸਰਬਜੀਤ ਕੌਰ, ਹਰਜਿੰਦਰ ਕੌਰ ਤੋਂ ਇਲਾਵਾ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਚੀਮਾ, ਰਛਪਾਲ ਸਿੰਘ �ਲਖ, ਬਲਜੀਤ ਸਿੰਘ, ਅਜਿੰਦਰਪਾਲ ਸਿੰਘ ਵੀ ਹਾਜ਼ਰ ਸਨ।
ਜੇਕਰ ਮਿਡ-ਡੇ ਮੀਲ ਵਰਕਰਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਤਾਂ 1 ਜੁਲਾਈ ਤੋਂ ਹੜਤਾਲ ਸ਼ੁਰੂ ਕੀਤੀ ਜਾਵੇਗੀ-ਕਰਮਜੀਤ ਕੌਰ ਰਾਏਸਰ
ਅਜੀਤ ਡੈਸਕ
19-06-2026