ਮਹਿਲ ਕਲਾਂ, 24 ਜੂਨ (ਤਰਸੇਮ ਸਿੰਘ ਗਹਿਲ, ਅਵਤਾਰ ਸਿੰਘ ਅਣਖੀ)-ਪੁਲਿਸ ਸਬ ਡਵੀਜ਼ਨ ਮਹਿਲ ਕਲਾਂ ਅਧੀਨ ਆਉਂਦੇ ਪੁਲਿਸ ਥਾਣਾ ਠੁੱਲੀਵਾਲ ਵਲੋਂ ਮੁੱਖ ਅਫ਼ਸਰ ਇੰਸਪੈਕਟਰ ਗੁਰਪਾਲ ਸਿੰਘ ਦੀ ਅਗਵਾਈ ਹੇਠ ਯੁੱਧ ਨਸ਼ਿਆਂ ਵਿਰੁੱਧ ਅਤੇ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਇਨ੍ਹਾਂ ਵਿਅਕਤੀਆਂ ਪਾਸੋਂ ਚੋਰੀ ਦੇ ਤਿੰਨ ਮੋਟਰਸਾਈਕਲ ਬਿਨਾਂ ਨੰਬਰ, ਚਾਰ ਚੋਰੀ ਦੇ ਮੋਬਾਈਲ ਟੱਚ ਸਕਰੀਨ ਅਤੇ ਮਾਰੂ ਹਥਿਆਰ ਬਰਾਮਦ ਕੀਤੇ ਹਨ। ਪੁਲਿਸ ਕਾਰਵਾਈ ਅਨੁਸਾਰ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੌਰਾਨ ਏ ਗਸ਼ਤ ਬੱਸ ਸਟੈਂਡ ਹਮੀਦੀ ਮੌਜੂਦ ਸੀ ਤਾਂ ਪੁਲਿਸ ਨੂੰ ਇਤਲਾਹ ਮਿਲੀ ਕਿ ਹਰਮਨਪਾਲ ਸਿੰਘ ਉਰਫ ਹਰਮਨ ਪੁੱਤਰ ਬਖ਼ਸ਼ੀਸ਼ ਸਿੰਘ, ਦਲੇਰ ਸਿੰਘ ਉਰਫ ਹੈਪੀ ਪੁੱਤਰ ਹਰਬੰਸ ਸਿੰਘ, ਸ਼ਮਸ਼ੇਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਕਸਬਾ ਭਰਾਲ, ਜਤਿੰਦਰ ਪਾਲ ਸਿੰਘ ਪੁੱਤਰ ਸੁਖਚੈਨ ਸਿੰਘ, ਜਸਪਾਲ ਸਿੰਘ ਸਪੁੱਤਰ ਸਰਨ ਦਾਸ ਵਾਸੀਆਨ ਸੰਘੇੜਾ ਵਲੋਂ ਇੱਕ ਗੈਂਗ ਬਣਾਇਆ ਹੋਇਆ ਹੈ ਜੋ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਕਰਦੇ ਰਹਿੰਦੇ ਹਨ ਜੋ ਅੱਜ ਹਮੀਦੀ ਤੋਂ ਗੁਰਮਾ ਨੂੰ ਜਾਂਦੇ ਲਿੰਕ ਰੋਡ ’ਤੇ ਪੈਂਦੀ ਡਰੇਨ ਪਾਸ ਇਕੱਠੇ ਸ਼ਰਾਬ ਠੇਕਾ ਪੈਟਰੋਲ ਪੰਪ, ਢਾਬਾ, ਪਰ ਲੁੱਟ ਖੋਹ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਹਨ ਜਿਨ੍ਹਾਂ ਪਰ ਰੇਡ ਕੀਤੀ ਗਈ। ਜਿਸ ਦੌਰਾਨ ਹਰਮਨਪਾਲ ਉਰਫ ਹਰਮਨ, ਦਲੇਰ ਸਿੰਘ ਉਰਫ ਹੈਪੀ, ਸ਼ਮਸ਼ੇਰ ਸਿੰਘ ਵਾਸੀਆਨ ਕਸਬਾ ਭਰਾਲ, ਜਤਿੰਦਰਪਾਲ ਵਾਸੀ ਸੰਘੇੜਾ ਨੂੰ ਕਾਬੂ ਕਰ ਕੇ ਇਨ੍ਹਾਂ ਦੇ ਕਬਜ਼ੇ ਵਿਚੋਂ ਤਿੰਨ ਚੋਰੀ ਦੇ ਮੋਟਰਸਾਈਕਲ ਬਿਨਾਂ ਨੰਬਰ, ਚਾਰ ਮੋਬਾਈਲ ਫ਼ੋਨ ਟੱਚ ਸਕਰੀਨ ਅਤੇ ਮਾਰੂ ਹਥਿਆਰ ਬਰਾਮਦ ਕਰਵਾਏ ਗਏ ਅਤੇ ਇਨ੍ਹਾਂ ਖ਼ਿਲਾਫ਼ ਠੁੱਲੀਵਾਲ ਪੁਲਿਸ ਵਲੋਂ ਬਣਦੀ ਕਾਰਵਾਈ ਕਰ ਕੇ ਹਰਮਨਪਾਲ ਸਿੰਘ, ਦਲੇਰ ਸਿੰਘ ਹੈਪੀ, ਸ਼ਮਸ਼ੇਰ ਸਿੰਘ ਕਸਵਾ ਭਰਾਲ, ਜਤਿੰਦਰਪਾਲ ਸਿੰਘ ਸੰਘੇੜਾ ਨੂੰ ਮੁਕੱਦਮਾ ਹਜਾ ਵਿਚ ਗ੍ਰਿਫ਼ਤਾਰ ਕਰ ਲਿਆ ਤੇ ਜਸਪਾਲ ਦਾਸ ਉਕਤ ਮੌਕਾ ਤੋਂ ਫ਼ਰਾਰ ਹੋ ਗਿਆ। ਜਿਸ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਮੁੱਖ ਅਫ਼ਸਰ ਇੰਸਪੈਕਟਰ ਗੁਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ਦੀ ਡੁੰਘਾਈ ਨਾਲ ਕੀਤੀ ਪੁੱਛਗਿੱਛ ਦੌਰਾਨ ਇਨ੍ਹਾਂ ਨੇ ਦੱਸਿਆ ਕਿ ਬੀਤੀ ਰਾਤ ਨੂੰ ਪਿੰਡ ਵਜੀਦਕੇ ਕਲਾਂ ਵਿਖੇ ਬਣੀ ਲੋਕ ਟਾਈਲ ਫ਼ੈਕਟਰੀ ਵਿਚੋਂ ਰਾਤ ਨੂੰ 3 ਮੋਬਾਈਲ ਖੋਹ ਕੀਤੇ ਸਨ, ਗ੍ਰਿਫ਼ਤਾਰ ਦੋਸ਼ੀਆਨ ਦਾ ਕ੍ਰਿਮੀਨਲ ਰਿਕਾਰਡ ਹੈ, ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਧਰਾਵਾਂ ਤਹਿਤ ਪੁਲਿਸ ਥਾਣਾ ਸੰਦੌੜ ਅਤੇ ਪੁਲਿਸ ਥਾਣਾ ਬਰਨਾਲਾ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮੇ ਦਰਜ ਹਨ। ਇਸ ਮੌਕੇ ਪੁਲਿਸ ਥਾਣਾ ਮਹਿਲ ਕਲਾਂ ਮੁੱਖ ਅਫ਼ਸਰ ਕੁਲਵਿੰਦਰ ਸਿੰਘ, ਪੁਲਿਸ ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਪਾਲ ਸਿੰਘ, ਥਾਣੇਦਾਰ ਜਸਵਿੰਦਰ ਸਿੰਘ ਤੋਂ ਇਲਾਵਾ ਪੁਲਿਸ ਕਰਮਚਾਰੀ ਹਾਜ਼ਰ ਸਨ।
ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ 4 ਮੈਂਬਰ ਕਾਬੂ
ਅਜੀਤ ਡੈਸਕ
25-06-2026