ਮਹਿਲ ਕਲਾਂ, 24 ਜੂਨ (ਤਰਸੇਮ ਸਿੰਘ ਗਹਿਲ, ਅਵਤਾਰ ਸਿੰਘ ਅਣਖੀ)-ਪੁਲਿਸ ਥਾਣਾ ਮਹਿਲ ਕਲਾਂ ਵਲੋਂ ਬੀਤੇ ਫਰਵਰੀ ਮਹੀਨੇ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਮਹਿਲ ਕਲਾਂ ਵਿਚੋਂ ਕਣਕ ਅਤੇ ਸਿਲੰਡਰ ਚੋਰੀ ਹੋਣ ਦੇ ਮਾਮਲੇ ਵਿਚ ਮਹਿਲ ਕਲਾਂ ਨਾਲ ਸਬੰਧਿਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ। ਪੁਲਿਸ ਸਬ ਡਵੀਜ਼ਨ ਮਹਿਲ ਕਲਾਂ ਦੇ ਡੀ.ਐਸ.ਪੀ. ਸਤਵਿੰਦਰ ਸਿੰਘ ਵਿਰਕ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 15, 16 ਫਰਵਰੀ ਦੀ ਦਰਮਿਆਨੀ ਰਾਤ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਮਹਿਲ ਕਲਾਂ ਵਿਚ ਹੋਈ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਦੀ ਪਹਿਚਾਣ ਕਰ ਕੇ ਇਨ੍ਹਾਂ ਖ਼ਿਲਾਫ਼ ਮਿਤੀ 22 ਜੂਨ ਨੂੰ 331(4), 305 ਏ ਬੀ.ਐਨ.ਐਸ. ਥਾਣਾ ਮਹਿਲ ਕਲਾਂ ਦਰਜ ਕਰ ਕੇ ਦੌਰਾਨੇ ਤਫ਼ਤੀਸ਼ ਦੋਸ਼ੀਆਂ ਪ੍ਰਭਜੋਤ ਉਰਫ ਮੋਟਾ ਪੁੱਤਰ ਕਰਮਜੀਤ ਸਿੰਘ ਵਾਸੀ ਚੀਮਾ ਪੱਤੀ ਮਹਿਲ ਕਲਾਂ ਅਤੇ ਸੰਦੀਪ ਸਿੰਘ ਉਰਫ ਬਿੱਲਾ ਪੁੱਤਰ ਪੱਪੂ ਸਿੰਘ ਨੇੜੇ ਪ੍ਰਾਇਮਰੀ ਸਕੂਲ ਮਹਿਲ ਕਲਾਂ ਨੂੰ ਮੁਕੱਦਮਾ ਹਜਾ ਵਿਚ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਵਿਅਕਤੀਆਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਮਹਿਲ ਕਲਾਂ ਵਿਚੋਂ ਸੱਤ ਕੁਇੰਟਲ ਕਣਕ ਅਤੇ ਇੱਕ ਗੈਸ ਸਿਲੰਡਰ ਚੋਰੀ ਕਰਨਾ ਮੰਨਿਆ ਹੈ। ਉਕਤ ਮੁਕੱਦਮਾ ਨਾਲ ਸਬੰਧਿਤ ਦੋਸ਼ੀ ਅਰਸ਼ਦੀਪ ਸਿੰਘ ਉਰਫ ਆਸ਼ੂ ਪੁੱਤਰ ਬਾਬੂ ਸਿੰਘ ਵਾਸੀ ਲੀਲਾ ਜ਼ਿਲ੍ਹਾ ਲੁਧਿਆਣਾ ਦੀ ਗ੍ਰਿਫ਼ਤਾਰੀ ਬਾਕੀ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕਰ ਕੇ ਚੋਰੀ ਕੀਤੇ ਸਮਾਨ ਸਬੰਧੀ ਪੁੱਛਗਿੱਛ ਕਰ ਕੇ ਬਰਾਮਦਗੀ ਕਰਵਾਈ ਜਾਵੇਗੀ। ਇਸ ਮੌਕੇ ਪੁਲਿਸ ਥਾਣਾ ਮਹਿਲ ਕਲਾਂ ਦੇ ਮੁੱਖ ਅਫ਼ਸਰ ਕੁਲਵਿੰਦਰ ਸਿੰਘ ਧਾਲੀਵਾਲ ਤੇ ਪੁਲਿਸ ਥਾਣਾ ਠੁੱਲੀਵਾਲ ਦੇ ਮੁੱਖ ਅਫਸਰ ਇੰਸਪੈਕਟਰ ਗੁਰਪਾਲ ਸਿੰਘ ਹਾਜ਼ਰ ਸਨ।
ਪ੍ਰਾਇਮਰੀ ਸਕੂਲ ਮਹਿਲ ਕਲਾਂ ’ਚੋਂ ਹੋਈ ਚੋਰੀ ਦੇ ਮਾਮਲੇ ’ਚ ਦੋ ਕਾਬੂ
ਅਜੀਤ ਡੈਸਕ
25-06-2026