ਬਰਨਾਲਾ, 28 ਜੂਨ (ਗੁਰਪ੍ਰੀਤ ਸਿੰਘ ਲਾਡੀ)-ਹਲਕਾ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਪ੍ਰਧਾਨ ਬਣਿਆਂ ਇੱਕ ਮਹੀਨਾ ਪੂਰਾ ਹੋ ਚੁੱਕਾ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਮੇਂ ਦੌਰਾਨ ਉਨ੍ਹਾਂ ਵਲੋਂ ਆਪਣੇ ਜੱਦੀ ਜ਼ਿਲ੍ਹੇ ਅਤੇ ਹਲਕਾ ਬਰਨਾਲਾ ਵਿਚ ਇੱਕ ਵਾਰ ਵੀ ਪੈਰ ਨਹੀਂ ਧਰਿਆ ਗਿਆ । ਇਸ ਗੱਲ ਨੂੰ ਲੈ ਕੇ ਹੁਣ ਜ਼ਿਲ੍ਹੇ ਦੇ ਸਿਆਸੀ ਹਲਕਿਆਂ ਅਤੇ ਆਮ ਲੋਕਾਂ ’ਚ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਹਨ । ਦੱਸਣਯੋਗ ਹੈ ਕਿ ਜ਼ਿਲ੍ਹਾ ਬਰਨਾਲਾ ਨੂੰ ਮੌਜੂਦਾ ਸਮੇਂ ਆਮ ਆਦਮੀ ਪਾਰਟੀ ਦੇ ਗੜ੍ਹ ਵਜੋਂ ਦੇਖਿਆ ਜਾਂਦਾ ਹੈ । ਇਸੇ ਗੜ੍ਹ ਨੂੰ ਸੰਨ੍ਹ ਲਾਉਣ ਅਤੇ ਮਾਲਵਾ ਖੇਤਰ ’ਚ ਭਾਜਪਾ ਦੀ ਪਕੜ ਮਜ਼ਬੂਤ ਕਰਨ ਲਈ ਹੀ ਹਾਈਕਮਾਂਡ ਵਲੋਂ ਇਸ ਇਲਾਕੇ ਨਾਲ ਸਬੰਧਿਤ ਇੱਕ ਜੱਟ ਸਿੱਖ ਚਿਹਰੇ ਨੂੰ ਸੂਬੇ ਦੀ ਕਮਾਨ ਸੌਂਪੀ ਗਈ ਹੈ। ਲੇਕਿਨ ਵੱਧ ਰੁਝੇਵਿਆਂ ਕਾਰਨ ਜਾਂ ਕਿਸੇ ਹੋਰ ਰਣਨੀਤੀ ਤਹਿਤ ਸ: ਢਿੱਲੋਂ ਦੀ ਆਪਣੇ ਹੀ ਹਲਕੇ ਤੋਂ ਇਹ ਦੂਰੀ ਸਥਾਨਕ ਭਾਜਪਾ ਵਰਕਰਾਂ ਲਈ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ । ਸਿਆਸੀ ਮਾਹਿਰਾਂ ਅਤੇ ਸਥਾਨਕ ਲੋਕਾਂ ਵਿਚ ਇਸ ਵੇਲੇ ਸਭ ਤੋਂ ਵੱਡੀ ਚਰਚਾ ਇਹ ਹੈ ਕਿ ਸ਼ਾਇਦ ਸ: ਢਿੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਬਰਨਾਲਾ ਹਲਕੇ ਤੋਂ ਚੋਣ ਲੜਨ ਦੇ ਮੂਡ ਵਿਚ ਨਹੀਂ ਹਨ ਅਤੇ ਉਹ ਕਿਸੇ ਹੋਰ ਸੁਰੱਖਿਅਤ ਜਾਂ ਨਵੇਂ ਹਲਕੇ ਦੀ ਤਲਾਸ਼ ਵਿਚ ਹਨ । ਭਾਵੇਂਕਿ ਇਸ ਬਾਰੇ ਕੋਈ ਸਪੱਸ਼ਟ ਸੰਕੇਤ ਨਹੀਂ ਹਨ, ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਬਰਨਾਲਾ ਭਾਜਪਾ ਲਈ ਇੱਕ ਵੱਡਾ ਸਿਆਸੀ ਉਲਟ ਫੇਰ ਸਾਬਤ ਹੋ ਸਕਦਾ ਹੈ । ਸ: ਢਿੱਲੋਂ ਦਾ ਆਪਣੇ ਹਲਕਾ ਵਿਚ ਨਾ ਆਉਣਾ ਦਾ ਦੂਸਰਾ ਅਹਿਮ ਪੱਖ ਜੋ ਸਾਹਮਣੇ ਆ ਰਿਹਾ ਹੈ । ਉਹ ਇਹ ਹੈ ਕਿ ਸ: ਢਿੱਲੋਂ ਨੇ ਆਪਣੀ ਤਾਜਪੋਸ਼ੀ ਦੌਰਾਨ ਹਲਕਾ ਬਰਨਾਲਾ ਦੇ ਸਾਬਕਾ ਅਕਾਲੀ ਵਿਧਾਇਕ ਸਵ. ਮਲਕੀਤ ਸਿੰਘ ਕੀਤੂ ਪ੍ਰਤੀ ਕੁੱਝ ਅਜਿਹੀ ਸ਼ਬਦਾਵਲੀ ਵਰਤੀ ਸੀ, ਜਿਸ ਦਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂਆਂ ਅਤੇ ਸਥਾਨਕ ਲੋਕਾਂ ਵਲੋਂ ਭਾਰੀ ਵਿਰੋਧ ਕੀਤਾ ਗਿਆ ਸੀ । ਇਸ ਵੱਡੇ ਪੱਧਰ ’ਤੇ ਹੋਏ ਵਿਰੋਧ ਅਤੇ ਸਥਾਨਕ ਲੋਕਾਂ ਦੇ ਗ਼ੁੱਸੇ ਦਾ ਸਾਹਮਣਾ ਕਰਨ ਤੋਂ ਬਚਣ ਲਈ ਹੀ ਸ਼ਾਇਦ ਸ: ਢਿੱਲੋਂ ਫ਼ਿਲਹਾਲ ਬਰਨਾਲਾ ਫੇਰੀ ਤੋਂ ਗੁਰੇਜ਼ ਕਰ ਰਹੇ ਹਨ ਤਾਂ ਜੋ ਮਾਮਲਾ ਹੋਰ ਤੂਲ ਨਾ ਫੜੇ । ਵਰਨਣਯੋਗ ਹੈ ਕਿ ਜੇਕਰ ਭਾਜਪਾ ਨੇ ਸੱਚਮੁੱਚ ਮਾਲਵਾ ਖੇਤਰ ਵਿਚ ਆਪਣਾ ਆਧਾਰ ਮਜ਼ਬੂਤ ਕਰਨਾ ਹੈ ਤਾਂ ਸੂਬਾ ਪ੍ਰਧਾਨ ਨੂੰ ਸਭ ਤੋਂ ਪਹਿਲਾਂ ਆਪਣੇ ਜੱਦੀ ਜ਼ਿਲ੍ਹੇ ਅਤੇ ਹਲਕੇ ਨੂੰ ਮਜ਼ਬੂਤ ਕਰਨਾ ਪਵੇਗਾ। ਘਰ ਨੂੰ ਮਜ਼ਬੂਤ ਕੀਤੇ ਬਿਨਾਂ ਪੂਰੇ ਸੂਬੇ ’ਚ ਜਿੱਤ ਦਾ ਪਰਚਮ ਲਹਿਰਾਉਣਾ ਮੁਸ਼ਕਿਲ ਹੋਵੇਗਾ । ਹੁਣ ਦੇਖਣਾ ਇਹ ਹੋਵੇਗਾ ਕਿ ਸ: ਕੇਵਲ ਸਿੰਘ ਢਿੱਲੋਂ ਕਦੋਂ ਬਰਨਾਲਾ ਫੇਰੀ ਪਾ ਕੇ ਇਨ੍ਹਾਂ ਚਰਚਾਵਾਂ ’ਤੇ ਵਿਰਾਮ ਲਗਾਉਂਦੇ ਹਨ ।