ਬਰਨਾਲਾ, 30 ਜੂਨ (ਗੁਰਪ੍ਰੀਤ ਸਿੰਘ ਲਾਡੀ)-ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਬਰਨਾਲਾ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿਚ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਿਆ ਅਤੇ ਕਥਾਵਾਚਕਾਂ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮਹਾਨ ਜੀਵਨ, ਮੀਰੀ-ਪੀਰੀ ਦੇ ਸਿਧਾਂਤ ਅਤੇ ਧਰਮ ਦੀ ਰੱਖਿਆ ਲਈ ਕੀਤੇ ਮਹਾਨ ਕਾਰਜਾਂ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਪ੍ਰਸਿੱਧ ਢਾਡੀ ਭਾਈ ਬਲਦੇਵ ਸਿੰਘ ਲੌਂਗੋਵਾਲ ਦੇ ਢਾਡੀ ਜਥੇ ਨੇ ਆਪਣੀਆਂ ਢਾਡੀ ਵਾਰਾਂ ਨਾਲ ਸੰਗਤ ਨੂੰ ਸਿੱਖ ਇਤਿਹਾਸ ਨਾਲ ਜੋੜਿਆ। ਸੰਗਤਾਂ ਵਲੋਂ ਆਪਣੇ ਘਰੋਂ ਮਿੱਸੇ ਪ੍ਰਸ਼ਾਦੇ, ਦੁੱਧ, ਦਹੀਂ, ਮੱਖਣ ਘਰੋਂ ਤਿਆਰ ਕਰ ਕੇ ਲਿਆਂਦੇ ਗਏ ਜੋ ਲੰਗਰ ਵਿਚ ਅਤੁੱਟ ਵਰਤਾਏ ਗਏ। ਸਮਾਗਮ ਦੌਰਾਨ ਸੇਵਾ ਦੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸ਼੍ਰੋਮਣੀ ਕਮੇਟੀ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਅਤੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ ਵਲੋਂ ਸਿਰੋਪਾਉ ਦੇ ਕੇ ਸਨਮਾਨ ਵੀ ਕੀਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤਾਂ, ਸੇਵਾਦਾਰਾਂ ਅਤੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ’ਤੇ ਚੱਲ ਕੇ ਹੀ ਸਮਾਜ ਵਿਚ ਏਕਤਾ, ਸੇਵਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।