ਬਰਨਾਲਾ, 30 ਜੂਨ (ਰਾਜ ਪਨੇਸਰ)- ਸਥਾਨਕ ਗੋਬਿੰਦ ਕਾਲੋਨੀ ਵਿਖੇ ਇੱਕ ਨੌਜਵਾਨ ਪ੍ਰਵੀਨ ਗਰਗ ਵਲੋਂ ਆਪਣੀ ਭਰਜਾਈ ਅਤੇ ਉਸ ਦੇ ਪੇਕੇ ਪਰਿਵਾਰ ਤੋਂ ਦੁਖੀ ਹੋ ਕੇ ਘਰ ਵਿਚ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਅਤੇ ਇਸ ਮਾਮਲੇ ਵਿਚ ਪੁਲਿਸ ਵਲੋਂ ਮ੍ਰਿਤਕ ਦੀ ਭਰਜਾਈ ਸਮੇਤ ਉਸ ਦੇ ਪੇਕੇ ਪਰਿਵਾਰ ਦੇ 6 ਜਣਿਆਂ ਖ਼ਿਲਾਫ਼ ਥਾਣਾ ਸਿਟੀ-1 ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਐਸ.ਐਚ.ਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਮੁੱਦਈ ਦਰਸ਼ਨ ਕੁਮਾਰ ਪੁੱਤਰ ਦਿਲਰਾਮ ਵਾਸੀ ਗੋਬਿੰਦ ਕਾਲੋਨੀ ਬਰਨਾਲਾ ਨੇ ਪੁਲਿਸ ਕੋਲ ਬਿਆਨ ਲਿਖਵਾਏ ਕਿ ਮੇਰੇ ਵੱਡੇ ਲੜਕੇ ਮੋਹਿਤ ਗਰਗ ਦਾ ਵਿਆਹ ਕਿੰਮੀ ਸਿੰਗਲਾ ਨਾਲ ਹੋਇਆ ਸੀ। ਵਿਆਹ ਤੋਂ ਥੋੜੇ ਸਮੇਂ ਬਾਅਦ ਮੇਰੇ ਲੜਕੇ ਦੀ ਪਤਨੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਸਾਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਲੰਘੀ 7 ਅਪ੍ਰੈਲ ਨੂੰ ਕਿੰਮੀ ਨੇ ਮੋਹਿਤ ਗਰਗ ਉਪਰ ਥਾਣਾ ਵੂਮੈਨ ਸੈੱਲ ਸੰਗਰੂਰ ਵਿਖੇ ਮੁਕੱਦਮਾ ਦਰਜ ਕਰਵਾ ਦਿੱਤਾ । ਇਸ ਤੋਂ ਬਾਅਦ ਲਗਾਤਾਰ ਕਿੰਮੀ ਅਤੇ ਉਸ ਦੇ ਪਰਿਵਾਰ ਵਲੋਂ ਮ੍ਰਿਤਕ ਪ੍ਰਵੀਨ ਗਰਗ ਤੇ ਉਸ ਦੇ ਪਰਿਵਾਰ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਮਾਨਸਿਕ ਤੌਰ ’ਤੇ ਹੋ ਰਹੀ ਪ੍ਰੇਸ਼ਾਨੀ ਤੋਂ ਤੰਗ ਆ ਕੇ ਪ੍ਰਵੀਨ ਗਰਗ ਵਲੋਂ ਪਹਿਲਾਂ ਵੀਡੀਓ ਬਣਾ ਕੇ ਅਤੇ ਸੁਸਾਈਡ ਨੋਟ ਲਿਖ ਕੇ ਮਰਨ ਲਈ ਮਜਬੂਰ ਕਰਨ ਵਾਲਿਆਂ ਦਾ ਨਾਮ ਲਿਖ ਕੇ ਆਪਣੇ ਕਮਰੇ ਦੇ ਪੱਖੇ ਨਾਲ 29-30 ਜੂਨ ਦੀ ਦਰਮਿਆਨੀ ਰਾਤ ਨੂੰ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ। ਜਿਸ ਬਾਰੇ ਸਾਨੂੰ ਅਗਲੇ ਦਿਨ ਪਤਾ ਲੱਗਿਆ ਅਤੇ ਕਮਰੇ ਦਾ ਦਰਵਾਜ਼ਾ ਤੋੜ ਕੇ ਲੜਕੇ ਦੀ ਲਾਸ਼ ਨੂੰ ਪੱਖੇ ਨਾਲ ਲਮਕਦੇ ਨੂੰ ਲਾਹਿਆ। ਐਸ.ਐਚ.ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈਂਦਿਆਂ ਮੁੱਦਈ ਦਰਸ਼ਨ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਪ੍ਰਵੀਨ ਗਰਗ ਨੂੰ ਮਰਨ ਲਈ ਮਜਬੂਰ ਕਰਨ ਵਾਲੇ ਕਿੰਮੀ ਸਿੰਗਲਾ, ਸੰਜੀਵ ਕੁਮਾਰ ਸਿੰਗਲਾ, ਬਬੀਤਾ ਤੇ ਆਸਿਮਾ ਵਾਸੀਆਨ ਸੰਗਰੂਰ, ਅੰਕਿਤਾ ਵਾਸੀ ਨੋਇਡਾ (ਦਿੱਲੀ), ਆਖਿਲ ਸਿੰਗਲਾ ਵਾਸੀ ਸ਼ਿਕਾਗੋ (ਅਮਰੀਕਾ) ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।