ਬਰਨਾਲਾ, 10 ਜੁਲਾਈ (ਨਰਿੰਦਰ ਅਰੋੜਾ)-ਲੀਗਲ ਏਡ ਡਿਫੈਂਸ ਕੌਂਸਲ (ਐਲ.ਏ.ਡੀ.ਸੀ.) ਨੀਤੀ ਦੇ ਵਿਰੋਧ ਵਿਚ ਸਮੂਹ ਬਾਰ ਐਸੋਸੀਏਸ਼ਨਾਂ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ’ਤੇ ਅੱਜ ਬਰਨਾਲਾ ਦੇ ਵਕੀਲਾਂ ਨੇ ਹੜਤਾਲ ਦੇ ਚੌਥੇ ਦਿਨ ਵੀ ਅਦਾਲਤੀ ਕੰਮ ਦਾ ਬਾਈਕਾਟ ਕੀਤਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਮੇਟੀ ਦੇ ਚੇਅਰਮੈਨ ਹਰਿੰਦਰਪਾਲ ਸਿੰਘ ਰਾਣੂੰ ਦੀ ਅਗਵਾਈ ਹੇਠ ਹੋਏ ਰੋਸ ਪ੍ਰਦਰਸ਼ਨ ’ਚ ਵੱਡੀ ਗਿਣਤੀ ’ਚ ਵਕੀਲ ਸ਼ਾਮਿਲ ਹੋਏ। ਇਸ ਮੌਕੇ ਹਰਿੰਦਰਪਾਲ ਸਿੰਘ ਰਾਣੂੰ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਤਲਵਿੰਦਰ ਸਿੰਘ ਮਸੌਣ, ਐਡਵੋਕੇਟ ਧੀਰਜ ਕੁਮਾਰ, ਐਡਵੋਕੇਟ ਧਰਮਿੰਦਰ ਸਿੰਘ ਧਾਲੀਵਾਲ, ਐਡਵੋਕੇਟ ਸਤਨਾਮ ਸਿੰਘ ਰਾਹੀ, ਐਡਵੋਕੇਟ ਜਗਦੀਪ ਸਿੰਘ ਸੰਧੂ, ਐਡਵੋਕੇਟ ਦਰਸ਼ਨ ਸਿੰਘ ਸਿੱਧੂ ਅਤੇ ਐਡਵੋਕੇਟ ਨਰੇਸ਼ ਬਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਚੋਰੀ, ਲੁੱਟ-ਖੋਹ ਅਤੇ ਹੋਰ ਅਪਰਾਧਾਂ ਦੇ ਮਾਮਲਿਆਂ ’ਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਸਜ਼ਾ ਦਿਵਾਉਣ ਲਈ ਕੰਮ ਕਰ ਰਹੀ ਹੈ ਤਾਂ ਜੋ ਸਮਾਜ ’ਚ ਅਮਨ-ਕਾਨੂੰਨ ਬਣਿਆ ਰਹੇ। ਪਰ ਦੂਜੇ ਪਾਸੇ ਐਲ.ਏ.ਡੀ.ਸੀ. ਨੀਤੀ ਤਹਿਤ ਅਜਿਹੇ ਮੁਲਜ਼ਮਾਂ ਨੂੰ ਬਿਨਾਂ ਕਿਸੇ ਫ਼ੀਸ ਤੋਂ ਮੁਫ਼ਤ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਕਾਰਨ ਮੁਲਜ਼ਮਾਂ ਨੂੰ ਬਿਨਾਂ ਖ਼ਰਚੇ ਦੇ ਆਸਾਨੀ ਨਾਲ ਜ਼ਮਾਨਤ ਮਿਲ ਜਾਂਦੀ ਹੈ। ਜ਼ਮਾਨਤ ਮੁਫ਼ਤ ਹੋਣ ਕਾਰਨ ਅਪਰਾਧੀਆਂ ਦੇ ਹੌਸਲੇ ਬੁਲੰਦ ਹੋ ਰਹੇ ਹਨ, ਕਿਉਂਕਿ ਨਾ ਤਾਂ ਉਨ੍ਹਾਂ ਨੂੰ ਵਕੀਲ ਦੀ ਫ਼ੀਸ ਦੇਣੀ ਪੈਂਦੀ ਹੈ ਅਤੇ ਨਾ ਹੀ ਜ਼ਮਾਨਤ ਦਾ ਖਰਚਾ। ਉਨ੍ਹਾਂ ਕਿਹਾ ਕਿ ਮੌਜੂਦਾ ਐਲ.ਏ.ਡੀ.ਸੀ. ਨੀਤੀ ’ਚ ਕਈ ਖ਼ਾਮੀਆਂ ਹਨ ਅਤੇ ਇਹ ਪ੍ਰਣਾਲੀ ਪਾਰਦਰਸ਼ੀ ਨਹੀਂ ਹੈ। ਇਸ ’ਚ ਤੁਰੰਤ ਸੁਧਾਰ ਕੀਤੇ ਜਾਣ ਦੀ ਲੋੜ ਹੈ। ਆਗੂਆਂ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਮੌਜੂਦਾ ਨੀਤੀ ਨੂੰ ਰੱਦ ਜਾਂ ਸੋਧਿਆ ਨਹੀਂ ਜਾਂਦਾ, ਵਕੀਲਾਂ ਦਾ ਅਣਮਿਥੇ ਸਮੇਂ ਲਈ ਅਦਾਲਤਾਂ ਦਾ ਬਾਈਕਾਟ ਜਾਰੀ ਰਹੇਗਾ। ਇਸ ਰੋਸ ਪ੍ਰਦਰਸ਼ਨ ’ਚ ਐਡਵੋਕੇਟ ਬਲਵੰਤ ਸਿੰਘ ਮਾਨ, ਐਡਵੋਕੇਟ ਰਘਵਿੰਦਰ ਸਿੰਘ ਸਿੱਧੂ, ਨਵੀਨ ਕੁਮਾਰ ਗਰਗ ਤਪਾ, ਐਡਵੋਕੇਟ ਲੋਕੇਸ਼ ਸੇਵਕ, ਐਡਵੋਕੇਟ ਹਾਕਮ ਸਿੰਘ ਭੁੱਲਰ, ਐਡਵੋਕੇਟ ਰਣਜੀਤ ਸਿੰਘ, ਐਡਵੋਕੇਟ ਸੁਮਿੰਦਰ ਸਿੰਘ ਧਾਲੀਵਾਲ, ਐਡਵੋਕੇਟ ਧੀਰਜ ਕੁਮਾਰ, ਐਡਵੋਕੇਟ ਧਰਮਪਾਲ ਸਿੰਘ, ਐਡਵੋਕੇਟ ਸਰਬਜੀਤ ਕੌਰ, ਐਡਵੋਕੇਟ ਦਿਵਿਆ ਗੁਲਾਟੀ, ਐਡਵੋਕੇਟ ਪ੍ਰਦੀਪ ਕੌਂਸਲ, ਐਡਵੋਕੇਟ ਸੰਦੀਪ ਸਿੰਘ, ਐਡਵੋਕੇਟ ਗਗਨਦੀਪ ਗਰਗ, ਐਡਵੋਕੇਟ ਕੇਸ ਬਾਂਸਲ, ਐਡਵੋਕੇਟ ਅਮਿਤ ਢੀਂਗਰਾ, ਐਡਵੋਕੇਟ ਚਰਨਜੀਤ ਸਿੰਘ ਚੰਨੀ, ਐਡਵੋਕੇਟ ਭੀਮ ਸੈਨ ਗੁਪਤਾ, ਐਡਵੋਕੇਟ ਅਸਮਨੀ ਕੁਮਾਰ ਢਿੱਲਵਾਂ, ਐਡਵੋਕੇਟ ਜਿੰਦਰਪਾਲ ਬਾਵਾ, ਐਡਵੋਕੇਟ ਅਸਮਨੀ ਕੁਮਾਰ ਮੁੰਦਰੀ, ਐਡਵੋਕੇਟ ਜਗਰੂਪ ਸਿੰਘ ਬੜੈਚ ਅਤੇ ਐਡਵੋਕੇਟ ਰਾਜਵਿੰਦਰ ਸਿੰਘ ਸਮੇਤ ਵੱਡੀ ਗਿਣਤੀ ’ਚ ਵਕੀਲ ਹਾਜ਼ਰ ਸਨ।
ਐੱਲ.ਏ.ਡੀ.ਸੀ. ਨੀਤੀ ਦੇ ਵਿਰੋਧ ’ਚ ਵਕੀਲਾਂ ਵਲੋਂ ਅਦਾਲਤਾਂ ਦਾ ਅਣਮਿੱਥੇ ਸਮੇਂ ਲਈ ਬਾਈਕਾਟ ਜਾਰੀ
ਅਜੀਤ ਡੈਸਕ
11-07-2026