16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਇਮਾਰਤਸਾਜ਼ੀ ਦੀ ਸੂਖਮ ਕਲਾ-ਕੁਤਬ ਮੀਨਾਰ

Ad Position 21
repet_subhas-goyals [Copy P29]
ਅਜੀਤ ਡੈਸਕ 02-02-2026

ਭਾਰਤ ਵਿਚ ਦਿੱਲੀ ਦੇ ਸੁਲਤਾਨਾਂ ਦੁਆਰਾ ਬਣਵਾਈਆਂ ਗਈਆਂ ਪ੍ਰਸਿੱਧ ਇਮਾਰਤਾਂ ਵਿਚ ਕੁਤਬ ਮੀਨਾਰ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਮੱਧ-ਕਾਲ ਦੇ ਇਕ ਪ੍ਰਸਿੱਧ ਯਾਤਰੀ ਤੇ ਆਲੋਚਕ ਇਬਨ ਬਤੂਤਾ ਅਨੁਸਾਰ ਕੁਤਬ ਮੀਨਾਰ ਸੰਸਾਰ ਦੇ ਅਜੂਬਿਆਂ 'ਚੋਂ ਇਕ ਹੈ। ਕੁਤਬ ਮੀਨਾਰ ਭਾਰਤ ਵਿਚ ਦੱਖਣੀ ਦਿੱਲੀ ਦੇ ਮਹਿਰੌਲੀ ਵਿਖੇ ਸਥਿਤ ਇੱਟਾਂ ਨਾਲ ਬਣਾਈ ਗਈ ਸੰਸਾਰ ਦੀ ਸਭ ਤੋਂ ਉੱਚੀ ਮੀਨਾਰ ਹੈ। ਮੁਹਾਲੀ ਦੇ ਫ਼ਤਫਹ ਬੁਰਜ ਤੋਂ ਬਾਅਦ ਭਾਰਤ ਦੀ ਦੂਜੀ ਸਭ ਤੋਂ ਵੱਡੀ ਮੀਨਾਰ ਹੈ। ਕੁਤਬ ਦਾ ਮਤਲਬ ਹੈ- ਨਿਆਂ ਦਾ ਥੰਮ੍ਹ। ਪੰਜ ਮੰਜ਼ਿਲਾ ਇਸ ਇਮਾਰਤ ਦੀ ਉਚਾਈ 72.56 ਮੀਟਰ (238.1 ਫੁੱਟ), ਆਧਾਰ ਦਾ ਵਿਆਸ 14.40 (47.3 ਫੁੱਟ) ਮੀਟਰ ਅਤੇ ਟੀਸੀ ਦਾ ਵਿਆਸ 2.74 ਮੀਟਰ (9 ਫੁੱਟ) ਦੇ ਲਗਭਗ ਹੈ।

ਮੀਨਾਰ ਦੀ ਸਭ ਤੋਂ ਅਨੋਖੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੀ ਸਭ ਤੋਂ ਹੇਠਲੀ ਮੰਜ਼ਿਲ ਵਿਚ 24 ਕੱਟ ਹਨ, ਜਿਹੜੇ ਕਿ ਕ੍ਰਮਵਾਰ ਗੋਲਾਕਾਰ ਤੇ ਤਿਕੋਨੇ ਹਨ। ਦੂਜੀ ਮੰਜ਼ਿਲ ਵਿਚ ਕੇਵਲ ਗੋਲਾਕਾਰ ਤੇ ਤੀਜੀ ਵਿਚ ਤਿਕੋਣੇ ਕੱਟ ਹਨ। ਹਰ ਇਕ ਕੱਟ ਮੰਜ਼ਿਲ ਦੇ ਹੇਠਾਂ ਤੋਂ ਸ਼ੁਰੂ ਹੋ ਕੇ ਠੀਕ ਮੰਜ਼ਿਲ ਦੇ ਸਿਖ਼ਰ ਤੱਕ ਜਾਂਦਾ ਹੈ, ਜੋ ਮੀਨਾਰ ਦੀ ਸੁੰਦਰਤਾ ਨੂੰ ਹੋਰ ਵਧਾਉਂਦਾ ਹੈ। ਇਹ ਹੇਠਲੀਆਂ ਤਿੰਨੇ ਮੰਜ਼ਿਲਾਂ ਲਾਲ ਪੱਥਰਾਂ ਦੀਆਂ ਬਣੀਆਂ ਹੋਈਆਂ ਹਨ। ਉਪਰਲੀਆਂ ਮੰਜ਼ਿਲਾਂ ਬਿਲਕੁਲ ਪੱਧਰੀਆਂ ਹਨ ਤੇ ਸਫ਼ੈਦ ਸੰਗਮਰਮਰ ਵਿਚ ਲਾਲ ਪੱਥਰ ਦੀਆਂ ਧਾਰੀਆਂ ਪਾ ਕੇ ਚਿਣੀਆਂ ਹੋਈਆਂ ਹਨ। ਸਭ ਤੋਂ ਹੇਠਲੀ ਮੰਜ਼ਿਲ ਦੀ ਉਚਾਈ ਲਗਭਗ 28.93 ਮੀਟਰ ਹੈ। ਦੂਜੀ ਮੰਜ਼ਿਲ 15.45 ਮੀਟਰ, ਤੀਜੀ 12.42 ਮੀਟਰ, ਚੌਥੀ 7.72 ਮੀਟਰ ਅਤੇ ਪੰਜਵੀਂ ਮੰਜ਼ਿਲ 6.80 ਮੀਟਰ ਉੱਚੀ ਹੈ। ਇਸ ਮੀਨਾਰ ਦੀ ਇਕ ਹੋਰ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਚਾਰ ਸੁੰਦਰ ਬਾਲਕੋਨੀਆਂ ਬਣੀਆਂ ਹੋਈਆਂ ਹਨ। ਹਰ ਇਕ ਮੰਜ਼ਿਲ ਦਾ ਦਰਵਾਜ਼ਾ ਠੀਕ ਉਸ ਦੀ ਬਾਲਕੋਨੀ 'ਚ ਖੁੱਲ੍ਹਦਾ ਹੈ।
ਉੱਪਰ ਚੜ੍ਹਨ ਲਈ 379 ਗੋਲ ਪੋੜੀਆਂ ਹਨ। ਮੀਨਾਰ ਦੇ ਚਾਰੇ ਪਾਸੇ ਬਣੇ ਅਹਾਤੇ ਵਿਚ ਭਾਰਤੀ ਕਲਾ ਦੇ ਕਈ ਉੱਤਮ ਨਮੂਨੇ ਹਨ, ਜਿਨ੍ਹਾਂ 'ਚੋਂ ਅਨੇਕ ਇਸ ਦੇ ਉਸਾਰੀ ਕਾਲ ਸੰਨ 1193 ਜਾਂ ਪਹਿਲਾਂ ਦੇ ਹਨ। ਕੁਤਬ ਮੀਨਾਰ ਦੇ ਪਿਛੋਕੜ ਬਾਰੇ ਕਾਫ਼ੀ ਸਮੇਂ ਤੋਂ ਵਾਦ-ਵਿਵਾਦ ਚਲਦਾ ਆ ਰਿਹਾ ਹੈ ਕਿ ਇਹ ਪੂਰਨ ਰੂਪ ਵਿਚ ਮੁਸਲਮਾਨੀ ਇਮਾਰਤ ਹੈ ਜਾਂ ਕਿਸੇ ਹਿੰਦੂ ਇਮਾਰਤ ਦਾ ਬਦਲਿਆ ਹੋਇਆ ਰੂਪ ਹੈ। ਕੁਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਇਹ ਮੀਨਾਰ ਹਿੰਦੂਆਂ ਦੀ ਇਕ ਇਮਾਰਤ ਸੀ ਅਤੇ ਰਾਏ ਪਿਥੌਰਾ ਨੇ ਇਸ ਨੂੰ ਆਪਣੀ ਲੜਕੀ ਲਈ ਬਣਵਾਇਆ ਸੀ ਤਾਂ ਜੋ ਉਹ ਇਸ ਦੀ ਚੋਟੀ 'ਤੇ ਚੜ੍ਹ ਕੇ ਜਮਨਾ ਨਦੀ ਦਾ ਨਜ਼ਾਰਾ ਵੇਖ ਸਕੇ। ਭਾਰਤੀ ਪੁਰਾਤਤਵ ਸਰਵੇਖਣ ਵਿਭਾਗ ਦੇ ਅਨੁਸਾਰ ਕੁਤਬ ਮੀਨਾਰ ਪੁਰਾਤਨ ਦਿੱਲੀ ਸ਼ਹਿਰ, ਢਿੱਲਿਕਾ ਦੇ ਪ੍ਰਾਚੀਨ ਕਿਲ੍ਹੇ ਲਾਲਕੋਟ ਦੇ ਅਵਸ਼ੇਸ਼ਾਂ 'ਤੇ ਬਣਿਆ ਹੈ। ਢਿੱਲਿਕਾ ਆਖਰੀ ਹਿੰਦੂ ਰਾਜਿਆਂ ਤੋਮਰ ਤੇ ਚੌਹਾਨ ਦੀ ਰਾਜਧਾਨੀ ਸੀ। ਇਸ ਦੀ ਉਸਾਰੀ ਤੋਂ ਪਹਿਲਾਂ ਇੱਥੇ 20 ਸੁੰਦਰ ਜੈਨ ਮੰਦਰ ਬਣੇ ਸਨ। ਉਨ੍ਹਾਂ ਨੂੰ ਢਾਹ ਕੇ ਉਸੇ ਸਮੱਗਰੀ ਨਾਲ ਇਹ ਇਮਾਰਤ ਬਣਾਈ ਗਈ।
ਇਹ 'ਮੀਨਾਰ-ਏ-ਹਫ਼ਤ ਮੰਜ਼ਰੀ' ਦੇ ਨਾਂਅ ਨਾਲ ਵੀ ਪ੍ਰਸਿੱਧ ਹੈ। ਅਫ਼ਗਾਨਿਸਤਾਨ ਵਿਚ ਸਥਿਤ ਜਾਮ ਦੀ ਮੀਨਾਰ ਤੋਂ ਪ੍ਰੇਰਿਤ ਅਤੇ ਉਸ ਤੋਂ ਅੱਗੇ ਨਿਕਲਣ ਦੀ ਇੱਛਾ ਨਾਲ ਦਿੱਲੀ ਦੇ ਪਹਿਲੇ ਮੁਸਲਮਾਨ ਸ਼ਾਸਕ ਕੁਤਬੁਦੀਨ ਐਬਕ ਨੇ ਕੁਤਬ ਮੀਨਾਰ ਦੀ ਉਸਾਰੀ ਸੰਨ 1193 ਵਿਚ ਸ਼ੁਰੂ ਕਰਵਾਈ ਪਰ ਉਹ ਕੇਵਲ ਇਸ ਦਾ ਆਧਾਰ ਹੀ ਬਣਵਾ ਸਕਿਆ। ਬਾਅਦ 'ਚ ਉਸ ਦੇ ਜਵਾਈ ਤੇ ਵਾਰਿਸ ਸ਼ਮਸ਼ੁਦੀਨ ਇਲਤੁਤਮਿਸ਼ ਨੇ ਇਸ ਵਿਚ ਤਿੰਨ ਮੰਜ਼ਿਲਾਂ ਨੂੰ ਬਣਵਾਇਆ। ਮੀਨਾਰ ਵਿਚ ਦੇਵਨਾਗਰੀ ਭਾਸ਼ਾ ਦੇ ਸ਼ਿਲਾਲੇਖ ਅਨੁਸਾਰ ਇਹ ਮੀਨਾਰ 1326 ਵਿਚ ਨੁਕਸਾਨੀ ਗਈ ਸੀ ਤੇ ਇਸ ਦੀ ਮੁਰੰਮਤ ਮੁਹੰਮਦ ਬਿਨ ਤੁਗਲਕ ਨੇ ਕਰਵਾਈ ਸੀ। ਇਸ ਦੀ ਸੱਤਵੀਂ ਮੰਜ਼ਿਲ 1368 ਵਿਚ ਸੁਲਤਾਨ ਫ਼ਿਰੋਜ਼ਸ਼ਾਹ ਨੇ ਬਣਵਾਈ ਤੇ ਇਸ ਨੂੰ ਪਹਿਲਾਂ ਨਾਲੋਂ ਹੋਰ ਉੱਚਾ ਕਰਵਾ ਦਿੱਤਾ ਗਿਆ। ਇਸ ਦੀ ਮੁਰੰਮਤ ਦਾ ਹਾਲ ਪੰਜਵੀਂ ਮੰਜ਼ਿਲ ਦੇ ਦਰਵਾਜੇ 'ਤੇ ਲਿਖਵਾਇਆ ਸੀ। ਅੱਜ-ਕੱਲ੍ਹ ਇਸ ਮੀਨਾਰ ਦੀਆਂ ਪੰਜ ਮੰਜ਼ਿਲਾਂ ਹਨ, ਜਦਕਿ ਪਹਿਲਾਂ ਇਸ ਦੀਆਂ ਸੱਤ ਮੰਜ਼ਿਲਾਂ ਸਨ। 1508 ਵਿਚ ਲੋਧੀ ਵੰਸ਼ ਦੇ ਦੂਜੇ ਸੁਲਤਾਨ ਸਿਕੰਦਰ ਲੋਧੀ ਨੇ ਇਸ ਦੀ ਮੁਰੰਮਤ ਕਰਵਾਈ। ਉਸ ਤੋਂ ਬਾਅਦ ਹਨੇਰੀ ਤੇ ਭਿਅੰਕਰ ਭੁਚਾਲ ਕਾਰਨ ਉੱਪਰਲੀਆਂ ਮੰਜ਼ਿਲਾਂ ਡਿੱਗ ਗਈਆਂ ਤੇ ਪਹਿਲੀ ਮੰਜ਼ਿਲ ਨੂੰ ਵੀ ਕਾਫ਼ੀ ਨੁਕਸਾਨ ਪੁੱਜਾ। ਅੰਗਰੇਜ਼ ਸਰਕਾਰ ਨੇ 1829 ਵਿਚ ਇਸ ਦੀ ਮੁਰੰਮਤ ਕਰਵਾਈ ਅਤੇ ਜਿਸ ਥਾਂ 'ਤੇ ਕਿੰਗਰੇ ਬਣੇ ਹੋਏ ਸਨ, ਉੱਥੇ ਮਜ਼ਬੂਤ ਪੱਥਰ ਦੇ ਕਟਹਿਰੇ ਬਣਵਾ ਦਿੱਤੇ। ਪੰਜਵੀਂ ਮੰਜ਼ਿਲ 'ਤੇ ਪੱਥਰ ਦੀ ਅੱਠ ਦਰਵਾਜ਼ਿਆਂ ਵਾਲੀ ਸੁੰਦਰ ਬੁਰਜੀ ਅਤੇ ਸੱਤਵੀਂ ਮੰਜ਼ਿਲ 'ਤੇ ਲੱਕੜੀ ਦੀ ਬੁਰਜੀ ਬਣਵਾਈ ਗਈ ਪਰ ਇਹ ਦੋਵੇਂ ਬੁਰਜੀਆਂ ਖੜ੍ਹੀਆਂ ਨਾ ਰਹਿ ਸਕੀਆਂ। ਐਬਕ ਤੋਂ ਤੁਗਲਕ ਤੱਕ ਰਾਜਗਿਰੀ ਤੇ ਵਾਸਤੁ ਸ਼ੈਲੀ 'ਚ ਬਦਲਾਅ ਇੱਥੇ ਸਪੱਸ਼ਟ ਵੇਖਿਆ ਜਾ ਸਕਦਾ ਹੈ। ਮੀਨਾਰ ਨੂੰ ਲਾਲ ਰੇਤਲੇ ਪੱਥਰ ਨਾਲ ਬਣਾਇਆ ਗਿਆ ਹੈ, ਜਿਸ 'ਤੇ ਕੁਰਾਨ ਦੀਆਂ ਆਇਤਾਂ ਅਤੇ ਫੁੱਲ ਵੇਲਾਂ ਦੀ ਬਾਰੀਕ ਨਕਾਸ਼ੀ ਕੀਤੀ ਗਈ ਹੈ।
ਇਮਾਰਤ 'ਤੇ ਉੱਕਰੇ ਹੋਏ ਅਤੇ ਕਵੀ ਅਮੀਰ ਖੁਸਰੋ ਦੇ ਸ਼ਬਦਾਂ ਤੋਂ ਪਤਾ ਲਗਦਾ ਹੈ ਕਿ ਇਹ ਮੀਨਾਰ ਕੁਵੱਤ-ਉਲ-ਇਸਲਾਮ ਮਸਜਿਦ ਵਲੋਂ ਅਜ਼ਾਨ ਦੇਣ, ਜਾਂਚ ਅਤੇ ਸੁਰੱਖਿਆ ਕਰਨ ਜਾਂ ਇਸਲਾਮ ਦੀ ਦਿੱਲੀ 'ਤੇ ਫ਼ਤਹਿ ਦੇ ਪ੍ਰਤੀਕ ਦੇ ਰੂਪ ਵਿਚ ਬਣੀ। ਇਸ ਦੇ ਨਾਂਅ ਦੇ ਵਿਸ਼ੇ ਵਿਚ ਕੁਝ ਪੁਰਾਤੱਤਵ ਸ਼ਾਸਤਰੀਆਂ ਦਾ ਮਤ ਹੈ ਕਿ ਇਸ ਦਾ ਨਾਂਅ ਪਹਿਲਾਂ ਤੁਰਕੀ ਸੁਲਤਾਨ ਕੁਤਬੁਦੀਨ ਐਬਕ ਦੇ ਨਾਂਅ 'ਤੇ ਪਿਆ ਪਰ ਕੁਝ ਦਾ ਇਹ ਮੰਨਣਾ ਹੈ ਕਿ ਇਸ ਦਾ ਨਾਂਅ ਬਗ਼ਦਾਦ ਦੇ ਪ੍ਰਸਿੱਧ ਸੂਫ਼ੀ ਫ਼ਕੀਰ ਖ਼ਵਾਜ਼ਾ ਕੁਤਬੁਦੀਨ ਬਖ਼ਤਿਆਰ ਕਾਕੀ ਦੇ ਨਾਂਅ 'ਤੇ ਹੈ, ਜੋ ਭਾਰਤ ਵਿਚ ਰਿਹਾਇਸ਼ ਕਰਨ ਆਏ ਸਨ। ਇਲਤੁਤਮਿਸ਼ ਉਨ੍ਹਾਂ ਦੀ ਬਹੁਤ ਇੱਜ਼ਤ ਕਰਦਾ ਸੀ, ਇਸ ਲਈ ਕੁਤਬ ਮੀਨਾਰ ਨੂੰ ਇਹ ਨਾਂਅ ਦਿੱਤਾ ਗਿਆ। ਕੁਤਬ ਮੀਨਾਰ ਦੀ ਵਾਸਤੂ ਕਲਾ ਤੇ ਦਸਤਕਾਰੀ ਦੀ ਸੂਖਮ ਕਲਾ ਭਾਰਤੀ ਇਤਿਹਾਸ ਤੇ ਵਿਰਾਸਤ ਦਾ ਮਹੱਤਵਪੂਰਨ ਨਮੂਨਾ ਹੈ। ਸਫ਼ਾਈ, ਸੁੰਦਰਤਾ ਤੇ ਕਾਰੀਗਰੀ ਦੇ ਲਿਹਾਜ਼ ਨਾਲ ਦਿੱਲੀ 'ਚ ਹੋਰ ਕੋਈ ਵੀ ਇਮਾਰਤ ਇਸ ਦੇ ਮੁਕਾਬਲੇ ਦੀ ਨਹੀਂ ਹੈ। ਮੀਨਾਰ ਦੀ ਇਕ ਹੋਰ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਚੋਟੀ ਤੋਂ ਲੈ ਕੇ ਆਧਾਰ ਤੱਕ ਇਸ ਦੀ ਬਣਤਰ ਮੁਸਲਮਾਨੀ ਢੰਗ ਦੀ ਹੈ ਤੇ ਕੇਵਲ ਬਾਲਕੋਨੀਆਂ ਹੀ ਹਿੰਦੂ ਸ਼ੈਲੀ ਨਾਲ ਰਲਦੀਆਂ ਹਨ। ਅੱਖਰਾਂ ਨਾਲ ਉੱਕਰੀਆਂ ਹੋਈਆਂ ਚੌੜੀਆਂ-ਚੌੜੀਆਂ ਫੱਟੀਆਂ ਪੱਧਰੀ ਉਸਾਰੀ ਨੂੰ ਹੋਰ ਵੀ ਸੋਹਣਾ ਬਣਉਂਦੀਆਂ ਹਨ। ਬਾਹਰ ਵਧਵੀਆਂ ਬਾਲਕੋਨੀਆਂ ਨੂੰ ਮੋਰਨੀਆਂ ਵਾਲੇ ਢਾਂਚੇ 'ਤੇ ਟਿਕਾਉਣਾ ਮੁਸਲਮਾਨੀ ਇਮਾਰਤ ਕਲਾ ਦੀ ਸਰਬੋਤਮ ਤੇ ਦਿਲ ਖਿੱਚਵੀਂ ਵਿਸ਼ੇਸ਼ਤਾ ਹੈ।
ਪਰ ਸੱਤ ਅਜੂਬਿਆਂ 'ਚ ਸ਼ਾਮਿਲ ਕੁਤਬ ਮੀਨਾਰ ਦੀ ਲਾਲੀ ਪ੍ਰਦੂਸ਼ਣ ਕਾਰਨ ਫਿੱਕੀ ਪੈ ਰਹੀ ਹੈ। ਪ੍ਰਦੂਸ਼ਣ ਦਾ ਵਧਦਾ ਪ੍ਰਭਾਵ ਇਸ ਲਈ ਖ਼ਤਰਨਾਕ ਸਾਬਤ ਹੋ ਰਿਹਾ ਹੈ। ਇਸ ਇਮਾਰਤ ਨੂੰ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਦੇ ਰੂਪ ਵਿਚ ਅਪਣਾਇਆ ਹੋਇਆ ਹੈ। ਕੁਤਬ ਮੀਨਾਰ ਦੀ ਚੰਗੀ ਸੰਭਾਲ ਕਰਨ ਲਈ ਭਾਰਤੀ ਪੁਰਾਤੱਤਵ ਵਿਭਾਗ ਵਲੋਂ ਇਸ ਦੀ ਮੁਰੰਮਤ ਦਾ ਕੰਮ ਕਈ ਸਾਲਾਂ ਤੋਂ ਜਾਰੀ ਹੈ ਅਤੇ ਸੈਲਾਨੀਆਂ ਨੂੰ ਮੀਨਾਰ ਅੰਦਰ ਜਾਣ ਦੀ ਮਨਾਹੀ ਹੈ।

-ਮੋਬਾਈਲ : 9417831583

Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਮੰਤਰੀ ਵਲੋਂ ਸੈਕਟਰੀ ਰਾਜ ਬਹਾਦਰ ਸਿੰਘ ਮਾਣੂੰਕੇ ਸਨਮਾਨਿਤ ਅਗਲੀ ਖ਼ਬਰ ਅਧਿਆਤਮਕ ਗ੍ਰੰਥਾਂ 'ਚ ਵਰਣਿਤ ਵਿਭਿੰਨ ਅਦ੍ਰਿਸ਼ ਅੰਦਰੂਨੀ ਮੰਡਲਾਂ ਦਾ ਵਰਣਨ
Ad Position 24