16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਵਿਲੱਖਣ ਕੀਰਤਨੀਏ ਸਨ 'ਪਦਮਸ੍ਰੀ' ਭਾਈ ਨਿਰਮਲ ਸਿੰਘ ਖ਼ਾਲਸਾ

Ad Position 21
repet_subhas-goyals [Copy P29]
ਅਜੀਤ ਡੈਸਕ 06-04-2026

ਦੁਨੀਆ 'ਚ ਵਸਦੇ ਪੰਜਾਬੀ ਤੇ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ, ਗੁਰੂਘਰ ਦੇ ਸ਼ਰਧਾਲੂਆਂ ਵਿਚ ਜਦੋਂ ਵੀ ਸੁਰਤਾਲ, ਗੁਰਬਾਣੀ ਰਾਗਾਂ ਤੇ ਗੁਰਬਾਣੀ ਕੀਰਤਨ ਦੀ ਗੱਲ ਚੱਲੇਗੀ ਤਾਂ ਭਾਈ ਸਾਹਿਬ ਭਾਈ ਨਿਰਮਲ ਸਿੰਘ ਖ਼ਾਲਸਾ ਦਾ ਨਾਂਅ ਲਏ ਬਿਨਾਂ ਇਹ ਇਤਿਹਾਸਕ ਪੰਨੇ ਅਧੂਰੇ ਹੀ ਸਮਝੇ ਜਾਣਗੇ। ਬਹੁਤ ਹੀ ਰਸੀਲੀ, ਸੁਰੀਲੀ ਤੇ ਊਰਜਾਵਾਨ ਆਵਾਜ਼ ਦੇ ਮਾਲਕ ਭਾਈ ਖ਼ਾਲਸਾ ਖ਼ੁਦ-ਬ-ਖ਼ੁਦ ਗੁਣਾਂ ਨਾਲ ਭਰਪੂਰ ਸਨ। ਉਹ ਸਿਰਫ਼ ਇਕ ਕੀਰਤਨੀਏ ਹੀ ਨਹੀਂ, ਇਕ ਬਹੁਤ ਵਧੀਆ ਸਮਾਜਿਕ ਚਿੰਤਕ, ਵਿਦਵਾਨ ਇਤਿਹਾਸਕਾਰ, ਲੇਖਕ ਤੇ ਬੁਲਾਰੇ ਵੀ ਸਨ। 12 ਅਪ੍ਰੈਲ 1956 ਨੂੰ ਨਾਨਕੇ ਪਿੰਡ ਜੰਡਵਾਲਾ, ਭੀਮੇਸ਼ਾਹ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਇਕ ਖੇਤ ਮਜ਼ਦੂਰ ਪਰਿਵਾਰ 'ਚ ਜਨਮੇ ਭਾਈ ਨਿਰਮਲ ਸਿੰਘ ਖ਼ਾਲਸਾ ਦਾ ਆਪਣਾ ਪਿੰਡ ਲੋਹੀਆ ਜ਼ਿਲ੍ਹਾ ਫਿਰੋਜ਼ਪੁਰ ਸੀ। ਉਨ੍ਹਾਂ ਦੇ ਪਿਤਾ ਦਾ ਨਾਂਅ ਗਿਆਨੀ ਚੰਨਣ ਸਿੰਘ ਤੇ ਮਾਤਾ ਦਾ ਨਾਂਅ ਗੁਰਦੇਵ ਕੌਰ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਸੇਵਾ ਨਿਭਾਉਂਦਿਆਂ ਬਤੌਰ ਹਜ਼ੂਰੀ ਰਾਗੀ ਉਨ੍ਹਾਂ ਆਪਣੇ ਜਥੇ ਦੀ ਅਗਵਾਈ ਕਰਦਿਆਂ ਕਰੀਬ 71 ਮੁਲਕਾਂ ਦੀਆਂ ਯਾਤਰਾਵਾਂ ਕਰਕੇ ਦੁਨੀਆ 'ਚ ਵਸਦੀਆਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ। ਉਹ ਆਰਥਕ ਤੌਰ 'ਤੇ ਕਮਜ਼ੋਰ ਲੋਕਾਂ ਨੂੰ ਜ਼ਿੰਦਗੀ 'ਚ ਰੋਜ਼ਗਾਰ ਦੇ ਕੇ ਉਨ੍ਹਾਂ ਦੀ ਆਰਥਕ ਹਾਲਤ ਸੁਧਾਰਨ ਦੇ ਯਤਨ ਕਰਦੇ ਸਨ। ਉਨ੍ਹਾਂ ਨੇ 15 ਪਰਿਵਾਰਾਂ ਦੇ ਬੱਚਿਆਂ ਨੂੰ ਅਮਰੀਕਾ ਭੇਜ ਕੇ ਅਪਣੱਤ ਦੀ ਭਾਵਨਾ ਨਾਲ ਇਹ ਮਾਣ ਵੀ ਹਾਸਲ ਕੀਤਾ। ਉਨ੍ਹਾਂ ਨੇ ਪੰਜਵੀਂ ਪਾਸ ਕਰਨ ਉਪਰੰਤ ਖੇਤੀ ਕਾਰਜਾਂ 'ਚ ਆਪਣੇ ਮਾਤਾ-ਪਿਤਾ ਦਾ ਹੱਥ ਵਟਾਇਆ। ਉਹ ਬਚਪਨ 'ਚ ਪੜ੍ਹਦਿਆਂ ਤੇ ਖੇਤੀ ਕਰਦਿਆਂ ਗਾਉਣ ਦਾ ਵੀ ਸ਼ੌਕ ਰੱਖਣ ਲੱਗੇ। ਉਹ ਲੋਕ ਗਾਥਾਵਾਂ ਤੋਂ ਇਲਾਵਾ ਸ਼ਹੀਦ ਸਿੰਘਾਂ ਦੀਆਂ ਇਤਿਹਾਸਕ ਵਾਰਾਂ ਸੁਰੀਲੀ ਆਵਾਜ਼ 'ਚ ਗਾਉਂਦੇ ਸਨ। ਗੁਰਸਿੱਖ ਮਾਪਿਆਂ ਨੇ ਉਨ੍ਹਾਂ ਦੀ ਸਿੱਖ ਇਤਿਹਾਸ ਗਾਉਣ ਦੀ ਰੁਚੀ ਤੇ ਗੁਰੂ ਘਰ ਨਾਲ ਲੱਗੀ ਲਿਵ ਨੂੰ ਵੇਖਦਿਆਂ ਉਨ੍ਹਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ 'ਚ ਗੁਰਮਤਿ ਸੰਗੀਤ ਦੀ ਉੱਘੀ ਸ਼ਖ਼ਸੀਅਤ ਪ੍ਰੋਫੈਸਰ ਅਵਤਾਰ ਸਿੰਘ ਨਾਜ਼ ਕੋਲ ਗੁਰਮਤਿ ਸੰਗੀਤ ਦੀਆਂ ਬਾਰੀਕੀਆਂ ਸਿੱਖਣ ਲਈ ਛੱਡ ਦਿੱਤਾ। ਰਾਗਾਂ ਤੇ ਕੀਰਤਨ ਦੀ ਤਾਲੀਮ ਹਾਸਲ ਕਰਨ ਤੋਂ ਬਾਅਦ ਭਾਈ ਸਾਹਿਬ ਨੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਰਾਗੀ ਭਾਈ ਗੁਰਮੇਜ ਸਿੰਘ ਨਾਲ ਸਹਾਇਕ ਰਾਗੀ ਵਜੋਂ ਸੇਵਾ ਨਿਭਾਉਣੀ ਆਰੰਭ ਕੀਤੀ। 1979 'ਚ ਉਹ ਸਚਖੰਡ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਜ਼ੂਰੀ ਰਾਗੀ ਵਜੋਂ ਨਿਯੁਕਤ ਹੋਏ। ਉਨ੍ਹਾਂ ਨੂੰ 500 ਤੋਂ ਵੱਧ ਸ਼ਬਦ, ਆਸਾ ਦੀ ਵਾਰ, ਅਨੇਕਾਂ ਪੁਰਾਤਨ ਸੰਗੀਤਕ ਬੰਦਸ਼ਾਂ ਤੇ ਰੀਤਾਂ ਜ਼ੁਬਾਨੀ ਯਾਦ ਸਨ। ਉਨ੍ਹਾਂ ਤੰਤੀ ਸਾਜ਼ਾਂ ਦੀ ਵਰਤੋਂ ਕਰਕੇੇ ਪੁਰਾਤਨ ਰਾਗੀ ਪ੍ਰੰਪਰਾ ਦੀ ਵਿਰਾਸਤ ਨੂੰ ਅੱਗੇ ਤੋਰਨ 'ਚ ਅਹਿਮ ਭੁਮਿਕਾ ਨਿਭਾਈ। ਉਹ ਆਲ ਇੰਡੀਆ ਰੇਡੀਓ ਜਲੰਧਰ ਦੀ ਸੰਗੀਤ ਚੋਣ ਕਮੇਟੀ ਦੇ ਵੀ ਮੈਂਬਰ ਸਨ। ਭਾਸ਼ਾ ਵਿਭਾਗ ਪੰਜਾਬ ਵਲੋਂ ਉਨ੍ਹਾਂ ਨੂੰ 'ਸ਼੍ਰੋਮਣੀ ਰਾਗੀ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ, ਭਾਰਤ ਸਰਕਾਰ ਵਲੋਂ 2009 'ਚ ਪਦਮਸ੍ਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਕੀਰਤਨੀਏ ਰਾਗੀ ਸਨ।
ਉਨ੍ਹਾਂ 'ਗੁਰਮਤਿ ਸੰਗੀਤ ਦੇ ਅਨਮੋਲ ਹੀਰੇ' ਲੜੀਵਾਰ ਜੀਵਨੀ ਲੇਖਾਂ ਦੇ ਰੂਪ 'ਚ ਪੁਰਾਤਨ ਰਬਾਬੀਆਂ ਤੋਂ ਲੈ ਕੇ ਵਰਤਮਾਨ ਸਮੇਂ ਦੇ ਮਹਾਨ ਰਾਗੀਆਂ ਦੀਆਂ ਜੀਵਨੀਆਂ ਤੇ ਉਨ੍ਹਾਂ ਦੇ ਗੁਰਮਤਿ ਸੰਗੀਤ 'ਚ ਪਾਏ ਯੋਗਦਾਨ ਨੂੰ 52 ਲੜੀਆਂ ਵਿਚ ਪ੍ਰਕਾਸ਼ਿਤ ਕਰਨ ਉਪਰੰਤ ਇਨ੍ਹਾਂ ਲੇਖਾਂ ਨੂੰ ਇਕ ਕਿਤਾਬ ਦਾ ਰੂਪ ਵੀ ਦਿੱਤਾ। ਉਨ੍ਹਾਂ ਇਕ ਹੋਰ ਲੇਖ ਲੜੀਵਾਰ ਜੀਵਨੀਆਂ 'ਪ੍ਰਸਿੱਧ ਕੀਰਤਨਕਾਰ ਬੀਬੀਆਂ' ਨੂੰ ਵੀ ਕਿਤਾਬ ਦਾ ਰੂਪ ਦਿੱਤਾ। ਉਨ੍ਹਾਂ ਦੇ ਦੱਸਣ ਮੁਤਾਬਿਕ ਹੀ ਇਨ੍ਹਾਂ ਪੁਸਤਕਾਂ 'ਤੇ ਹੁਣ ਤੱਕ 26 ਬੱਚੇ ਪੀਐੱਚਡੀ ਕਰ ਚੁੱਕੇ ਹਨ। ਉਨ੍ਹਾਂ ਨੇ ਜੂਨ 1984 'ਚ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇੇ ਵਰ੍ਹਦੀਆਂ ਗੋਲੀਆਂ 'ਚ ਲਗਾਤਾਰ 9 ਘੰਟੇ ਕੀਰਤਨ ਕੀਤਾ। ਭਾਈ ਨਿਰਮਲ ਸਿੰਘ ਖ਼ਾਲਸਾ 2 ਅਪ੍ਰੈਲ 2020 ਨੂੰ ਕੋਰੋਨਾ ਕਾਲ ਦੌਰਾਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।

-ਗੁਰੂ ਤੇਗ ਬਹਾਦਰ ਨਗਰ, ਮਾਨਸਾ।
ਮੋਬਾ: 6239982884, 9872374523

Ad Position 22
No active advertisement
ਪਿਛਲੀ ਖ਼ਬਰ ਚੰਗਾ ਕੰਮ ਕਰਨ ਲਈ ਤਨ ਨਾਲੋਂ ਹਿਰਦੇ ਅਤੇ ਸੰਕਲਪ ਦੀ ਲੋੜ ਹੈ। -ਮੂਰ ਅਗਲੀ ਖ਼ਬਰ ਇਨਕਲਾਬੀ ਮਹੰਤ ਬੋਘ ਸਿੰਘ ਝਾੜ ਸਾਹਿਬ
Ad Position 24