ਗ਼ਦਰੀ ਦੇਸ਼ ਭਗਤਾਂ ਨੇ ਅੰਗਰੇਜ਼ੀ ਹਕੂਮਤ ਵਿਰੁੱਧ ਗ਼ਦਰ ਭਾਵ ਕ੍ਰਾਂਤੀ ਨੂੰ ਅੰਜਾਮ ਦੇਣ ਵਾਸਤੇ ਗੁਰਦੁਆਰਾ ਝਾੜ ਸਾਹਿਬ ਦੇ ਇਨਕਲਾਬੀ ਮਹੰਤ ਬੋਘ ਸਿੰਘ ਨੂੰ ਗ਼ਦਰ ਪਾਰਟੀ ਨਾਲ ਜੋੜ ਕੇ ਗੁਰਦੁਆਰੇ 'ਚ ਗੁਪਤ ਅੱਡਾ ਬਣਾਇਆ ਹੋਇਆ ਸੀ। ਇਹ ਇਤਿਹਾਸਕ ਧਰੋਹਰ ਨੇੜੇ ਪਿੰਡ ਸਾਬਾਜਪੁਰ, ਜ਼ਿਲ੍ਹਾ ਤਰਨ ਤਾਰਨ 'ਚ ਹੈ। ਮਹੰਤ ਬੋਘ ਸਿੰਘ ਨੂੰ ਗਿਆਨ ਮਹੰਤ ਗੁੱਜਰ ਸਿੰਘ ਤੇ ਆਪਣੇ ਪਿਤਾ ਨੱਥਾ ਸਿੰਘ ਕੋਲੋਂ ਮਿਲਿਆ ਸੀ। ਬੋਘ ਸਿੰਘ ਛੋਟੀ ਉਮਰ 'ਚ ਹੀ ਗੁਰਦੁਆਰਾ ਝਾੜ ਸਾਹਿਬ ਦੇ ਮਹੰਤ ਬਣ ਗਏ ਸਨ। ਮਹੰਤ ਬੋਘ ਸਿੰਘ ਨੂੰ ਜਦੋਂ ਬਜਬਜ ਘਾਟ ਦੇ ਖੂਨੀ ਸਾਕੇ ਅਤੇ ਗ਼ਦਰੀਆਂ ਦੇ ਇਨਕਲਾਬੀ ਪ੍ਰੋਗਰਾਮ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਦਾ ਖੂਨ ਖੌਲ ਉੱਠਿਆ। ਗੁਰਦੁਆਰਾ ਸਾਹਿਬ 'ਚ ਜੁੜੀ ਸੰਗਤ ਨੂੰ ਉਨ੍ਹਾਂ ਨੇ ਬਜਬਜ ਘਾਟ ਦੀ ਸਾਰੀ ਵਿੱਥਿਆ ਦੱਸੀ ਤੇ ਦੇਸ਼ ਦੇ ਆਜ਼ਾਦੀ ਸੰਗਰਾਮ 'ਚ ਕੁੱਦਣ ਨੂੰ ਕਿਹਾ। ਇਸ ਐਲਾਨ ਤੋਂ ਬਾਅਦ ਮਹੰਤ ਬੋਘ ਸਿੰਘ ਗ਼ਦਰੀਆਂ ਨਾਲ ਜੁੜ ਗਏ ਤੇ ਮੀਟਿੰਗਾਂ 'ਚ ਹਿੱਸਾ ਲੈਣ ਲੱਗੇ।
ਪਿੰਡ ਖਾਸਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਗ਼ਦਰੀਆਂ ਦੀ ਮੀਟਿੰਗ 'ਚ ਫ਼ੈਸਲਾ ਲਿਆ ਕਿ 15 ਨਵੰਬਰ, 1914 ਨੂੰ ਗ਼ਦਰ ਦੀ ਸ਼ੁਰੂਆਤ ਕੀਤੀ ਜਾਵੇਗੀ। 29 ਨਵੰਬਰ 1914 ਨੂੰ ਮਹੰਤ ਬੋਘ ਸਿੰਘ, ਗ਼ਦਰੀ ਲਾਲ ਸਿੰਘ ਭੂਰੇ, ਸਤਨਾਮ ਸਿੰਘ ਸਮੇਤ ਕਈ ਗ਼ਦਰੀਆਂ ਨੇ ਮੀਟਿੰਗ ਕਰਕੇ ਹਰਨਾਮ ਸਿੰਘ ਤੇ ਇੰਦਰ ਸਿੰਘ ਨੂੰ ਮਾਲਵੇ ਦੇ ਗ਼ਦਰੀਆਂ ਨਾਲ ਸੰਪਰਕ ਕਰਨ ਲਈ ਭੇਜਿਆ। ਮਗਰੋਂ ਝਾੜ ਸਾਹਿਬ ਵਿਖੇ ਗ਼ਦਰੀਆਂ ਦੀਆਂ ਮੀਟਿੰਗਾਂ ਚਲਦੀਆਂ ਰਹੀਆਂ, ਜਿਨ੍ਹਾਂ 'ਚ ਮਹੰਤ ਬੋਘ ਸਿੰਘ ਤੇ ਉਨ੍ਹਾਂ ਦਾ ਛੋਟਾ ਭਰਾ ਸੰਤ ਜੱਸਾ ਸਿੰਘ ਹਿੱਸਾ ਲੈਂਦੇ ਰਹੇ। ਗੁਰਦੁਆਰੇ 'ਚ ਮਹੰਤ ਬੋਘ ਸਿੰਘ, ਜਗਤ ਸਿੰਘ, ਨਿਧਾਨ ਸਿੰਘ, ਹਰਨਾਮ ਸਿੰਘ, ਇੰਦਰ ਸਿੰਘ ਤੇ ਹੋਰ ਵੱਡੀ ਗਿਣਤੀ 'ਚ ਗ਼ਦਰੀ ਇਕੱਠੇ ਹੋਏ। ਇੱਥੋਂ ਗ਼ਦਰੀਆਂ ਤੇ ਸਿਪਾਹੀਆਂ ਨੇ ਪਿੰਡਾਂ 'ਚੋਂ ਲੋਕਾਂ ਨੂੰ ਨਾਲ ਲੈ ਕੇ ਇਕ ਵੱਡੇ ਹਜ਼ੂਮ ਦੀ ਸ਼ਕਲ 'ਚ 27 ਨਵੰਬਰ ਨੂੰ ਲਹੌਰ ਤੋਂ ਗ਼ਦਰ ਦੀ ਸ਼ੁਰੂਆਤ ਕਰਨੀ ਸੀ। ਝਾੜ ਸਾਹਿਬ ਵਿਖੇ ਗ਼ਦਰੀ ਸਿਪਾਹੀਆਂ ਨੂੰ ਉਡੀਕਦੇ ਰਹੇ ਪਰ ਛਾਉਣੀ ਦੇ ਗੁਰਦੁਆਰੇ ਦੇ ਗ੍ਰੰਥੀ ਮੂਲਾ ਸਿੰਘ ਵਲੋਂ ਸਿਪਾਹੀਆਂ ਨੂੰ ਪਾਏ ਭੁਲੇਖੇ ਕਰਕੇ ਉਹ ਨਾ ਆ ਸਕੇ। ਰੋਕਣ ਦੇ ਬਾਵਜੂਦ ਵੀ ਸਿਪਾਹੀ ਸੁੱਚਾ ਸਿੰਘ ਚੋਹਲਾ ਸਾਹਿਬ ਤੇ ਤਿੰਨ ਹੋਰ ਝਾੜ ਸਾਹਿਬ ਪਹੁੰਚ ਗਏ। ਪਰ ਗ਼ਦਰੀ ਉਡੀਕ ਕੇ ਉੱਥੋਂ ਜਾ ਚੁੱਕੇ ਸਨ। ਸਿਪਾਹੀ ਗ਼ਦਰੀਆਂ ਨੂੰ ਲੱਭਣ ਤੁਰ ਪਏ। ਗ਼ਦਾਰ ਕਪੂਰ ਸਿੰਘ ਪੱਧਰੀ ਨੇ ਸਿਪਾਹੀਆਂ ਨੂੰ ਫੜਵਾ ਦਿੱਤਾ।
ਅੰਗਰੇਜ਼ਾਂ ਨੂੰ ਗ਼ਦਰੀਆਂ ਦੇ ਗੁਪਤ ਅੱਡੇ ਝਾੜ ਸਾਹਿਬ ਬਾਰੇ ਪਤਾ ਲੱਗ ਗਿਆ। ਪੁਲਿਸ ਮਹੰਤ ਬੋਘ ਸਿੰਘ ਨੂੰ ਫੜਨ ਲਈ ਗੁਰਦੁਆਰੇ ਪਹੁੰਚ ਗਈ। ਪੁਲਿਸ ਨੂੰ ਵੇਖ ਕੇ ਇਕ ਸੇਵਕ ਨੇ ਮਹੰਤ ਬੋਘ ਸਿੰਘ ਨੂੰ ਜਾ ਦੱਸਿਆ। ਮਹੰਤ ਬੋਘ ਸਿੰਘ ਨੂੰ ਖਿਆਲ ਆਇਆ ਕਿ ਮੇਰੇ ਚੋਲੇ ਦੀ ਜੇਬ ਵਿਚ ਡਾਇਰੀ ਹੈ, ਜਿਸ 'ਤੇ ਗ਼ਦਰੀ ਦੇਸ਼ ਭਗਤਾਂ ਦੇ ਨਾਂਅ, ਪਤੇ ਅਤੇ ਗ਼ਦਰ ਕਰਨ ਦੀਆਂ ਯੋਜਨਾਵਾਂ ਲਿਖੀਆਂ ਹਨ। ਉਨ੍ਹਾਂ ਨੇ ਜਲਦੀ ਨਾਲ ਡਾਇਰੀ ਕੱਢੀ ਤੇ ਤਪਦੇ ਹੋਏ ਤੰਦੂਰ 'ਚ ਸੁੱਟ ਦਿੱਤੀ। ਥਾਣੇਦਾਰ ਤੇ ਸਿਪਾਹੀ ਘੋੜਿਆਂ ਤੋਂ ਉੱਤਰੇ। ਥਾਣੇਦਾਰ ਨੇ ਸੇਵਕ ਨੂੰ ਦਬਕਾ ਮਾਰ ਕੇ ਪੁੱਛਿਆ ਕਿ ਮਹੰਤ ਕਿੱਥੇ ਹੈ, ਜਿਹੜਾ ਅੰਗਰੇਜ਼ਾਂ ਨਾਲ ਟੱਕਰ ਲੈ ਰਿਹਾ। ਸੰਗਤ ਸਹਿਮ ਗਈ ਪਰ ਮਹੰਤ ਬੋਘ ਸਿੰਘ ਅਡੋਲ ਰਹੇ। ਮਹੰਤ ਨੇ ਆਪਣੇ ਮਿੱਠੇ ਸ਼ਬਦਾਂ 'ਚ ਪੁਲਿਸ ਨੂੰ ਕਿਹਾ ਕਿ ਗੁਰਦੁਆਰਾ ਸਾਹਿਬ ਮੱਥਾ ਟੇਕੋ ਤੇ ਸੇਵਕ ਤਹਾਨੂੰ ਲੰਗਰ ਛਕਾਉਂਦੇ ਹਨ, ਉਸ ਤੋਂ ਬਾਅਦ ਜੋ ਤੁਹਾਡਾ ਹੁਕਮ ਹੋਵੇਗਾ ਦਾਸ ਉਸ ਦੀ ਪਾਲਣਾ ਕਰੇਗਾ। ਲੰਗਰ-ਪਾਣੀ ਛਕਣ ਮਗਰੋਂ ਪੁਲਿਸ ਮਹੰਤ ਬੋਘ ਸਿੰਘ ਨੂੰ ਤਰਨ ਤਾਰਨ ਲੈ ਗਈ। ਜਾਣ ਲੱਗੇ ਬੋਘ ਸਿੰਘ ਸੰਗਤ ਨੂੰ ਆਖ ਗਏ ਕਿ ਗੁਰਦੁਆਰੇ ਬਾਰੇ ਜੋ ਵੀ ਸਲਾਹ ਲੈਣੀ ਹੋਵੇ, ਭਾਈ ਜੱਸਾ ਸਿੰਘ ਤੋਂ ਲੈ ਲੈਣੀ। ਥਾਣੇਦਾਰ ਨੇ ਮਹੰਤ ਬੋਘ ਸਿੰਘ ਤੋਂ ਗ਼ਦਰ ਪਾਰਟੀ ਦੀ ਸਕੀਮ ਦੀ ਸੂਹ ਲੈਣ ਦੀ ਕੋਸ਼ਿਸ਼ ਕੀਤੀ ਪਰ ਮਹੰਤ ਬੋਘ ਸਿੰਘ ਨੇ ਕਿਹਾ ਕਿ ਜਿੰਨੇ ਮਰਜ਼ੀ ਲਾਲਚ ਦਿਓ, ਭਾਵੇਂ ਮੇਰਾ ਮਾਸ ਜੰਮੂਰਾਂ ਨਾਲ ਪੁੱਟ ਸੁੱਟੋ, ਕਾਲੇ ਪਾਣੀ ਭੇਜ ਦਿਓ ਪਰ ਮੇਰੇ ਕੋਲੋਂ ਤੁਸੀਂ ਜਾਣਕਾਰੀ ਨਹੀਂ ਲੈ ਸਕਦੇ। ਥਾਣੇਦਾਰ ਨੇ ਉਨ੍ਹਾਂ ਨੂੰ ਲੰਮਾ ਪਾ ਕੇ ਬਲਦਾਂ ਨਾਲ ਆਟਾ ਪੀਸਣ ਵਾਲੇ ਖ਼ਰਾਸ (ਚੱਕੀ) ਦਾ ਪੁੜ ਇਨਕਲਾਬੀ ਮਹੰਤ ਬੋਘ ਸਿੰਘ ਦੀ ਛਾਤੀ 'ਤੇ ਰੱਖਿਆ ਤੇ ਉੱਤੇ ਸਿਪਾਹੀ ਬਿਠਾ ਦਿੱਤਾ। ਦਸੰਬਰ 'ਚ ਕੜਾਕੇ ਦੀ ਠੰਢ ਵਿਚ ਬਰਫ਼ 'ਤੇ ਰੱਖਿਆ ਗਿਆ। ਪਰ ਉਨ੍ਹਾਂ ਨੇ ਗ਼ਦਰੀਆਂ ਬਾਰੇ ਕੋਈ ਜਾਣਕਾਰੀ ਨਾ ਦਿੱਤੀ। ਅਖ਼ੀਰ ਪੁਲਿਸ ਨੇ ਛੱਡ ਦਿੱਤਾ ਤੇ ਉਹ ਝਾੜ ਸਾਹਿਬ ਆ ਗਏ।
ਲਹੌਰ ਅਨਾਰਕਲੀ ਘਟਨਾ ਵਾਪਰਨ ਕਰਕੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਭਾਈ ਸੰਤ ਜੱਸਾ ਸਿੰਘ ਨੂੰ ਪੁਲਿਸ ਫੜ ਕੇ ਲੈ ਗਈ। ਫਿਰ ਤਸੀਹੇ ਦਿੱਤੇ ਗਏ ਪਰ ਉਨ੍ਹਾਂ ਨੇ ਹੌਸਲਾ ਨਾ ਹਾਰਿਆ। ਲਾਹੌਰ ਵਿਖੇ ਮੁਕੱਦਮਾ ਚਲਾਇਆ ਗਿਆ। ਇਸ ਕੇਸ 'ਚ 30 ਮਾਰਚ, 1916 ਨੂੰ ਮਹੰਤ ਬੋਘ ਸਿੰਘ ਨੂੰ ਉਮਰ ਕੈਦ, ਜਾਇਦਾਦ ਜ਼ਬਤ ਅਤੇ ਕਾਲੇਪਾਣੀ ਦੀ ਸਜ਼ਾ ਅਤੇ ਉਨਾਂ ਦੇ ਛੋਟੇ ਭਾਈ ਸੰਤ ਜੱਸਾ ਸਿੰਘ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ।
-ਗਲੀ ਨੰ: 11, ਨਿਊ ਗੁਰਨਾਮ ਨਗਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ।
ਮੋਬਾਈਲ : 98760-78731