ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਵਾਕ ਮਨਿ ਜੀਤੈ ਜਗੁ ਜੀਤੁ॥ ਸਿਰਫ਼ ਇਕ ਵਾਕ ਨਹੀਂ, ਇਸ ਵਿਚ ਮਨੁੱਖ ਦੇ ਸੰਪੂਰਨ ਜੀਵਨ ਦੀ ਵਿਆਖਿਆ ਹੈ। ਇਸ ਵਾਕ ਦੁਆਰਾ ਗੁਰੂ ਨਾਨਕ ਦੇਵ ਜੀ ਸਾਨੂੰ ਜੀਵਨ ਦੀ ਸਭ ਤੋਂ ਵੱਡੀ ਸੱਚਾਈ ਤੋਂ ਜਾਣੂ ਕਰਵਾਉਂਦੇ ਹਨ ਕਿ ਜੇ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਤਾਂ ਸੰਸਾਰ ਆਪਣੇ-ਆਪ ਹੀ ਉਸ ਦੇ ਵੱਸ ਵਿਚ ਹੋ ਜਾਂਦਾ ਹੈ। ਇਹ ਕੇਵਲ ਇਕ ਧਾਰਮਿਕ ਕਥਨ ਨਹੀਂ, ਸਗੋਂ ਜੀਵਨ ਜਿਉਣ ਦੀ ਅਜਿਹੀ ਕਲਾ ਹੈ, ਜੋ ਸਾਨੂੰ ਅੰਦਰੋਂ ਮਜ਼ਬੂਤ ਬਣਾਉਂਦੀ ਹੈ। ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਮਨੁੱਖ ਦੁਨੀਆ ਨੂੰ ਜਿੱਤਣ ਲਈ ਦੌੜਿਆ ਫਿਰਦਾ ਹੈ। ਕੋਈ ਦੌਲਤ ਇਕੱਠੀ ਕਰਨ ਵਿਚ ਲੱਗਾ ਹੈ, ਕੋਈ ਸ਼ੋਹਰਤ ਦੇ ਪਿੱਛੇ ਭੱਜ ਰਿਹਾ ਹੈ, ਕੋਈ ਦੂਜਿਆਂ ਨੂੰ ਹਰਾਉਣ ਦੀਆਂ ਵਿਉਂਤਾਂ ਬਣਾ ਰਿਹਾ ਹੈ। ਕੋਈ ਕਿਸੇ ਦੀ ਸਫ਼ਲਤਾ ਦੇਖ ਦੁਖੀ ਹੋ ਰਿਹਾ ਹੈ। ਪਰ ਇਸ ਸਭ ਦੇ ਪਿੱਛੇ ਦਾ ਕਾਰਨ ਮਨੁੱਖ ਦੇ ਅੰਦਰ ਹੀ ਹੈ। ਸਾਡੇ ਮਨ ਵਿਚ ਪੰਜ ਅਜਿਹੇ ਚੋਰ ਵਸਦੇ ਹਨ, ਜੋ ਸਾਨੂੰ ਕਦੇ ਵੀ ਸ਼ਾਂਤੀ ਨਾਲ ਨਹੀਂ ਬੈਠਣ ਦਿੰਦੇ-ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਜਦੋਂ ਤੱਕ ਇਹ ਚੋਰ ਸਾਡੇ ਮਨ 'ਤੇ ਰਾਜ ਕਰਦੇ ਰਹਿਣਗੇ, ਅਸੀਂ ਦੁਨੀਆ ਜਿੱਤ ਕੇ ਵੀ ਸੰਤੁਸ਼ਟੀ ਪ੍ਰਾਪਤ ਨਹੀਂ ਕਰ ਸਕਦੇ। ਭਾਵ ਇਹ ਅਜਿਹੇ ਵਿਕਾਰ ਹਨ, ਜਿਨ੍ਹਾਂ ਕਾਰਨ ਮਨੁੱਖ ਆਪਣੇ ਜੀਵਨ ਦੇ ਆਖ਼ਰੀ ਸਾਹ ਤੱਕ ਭਟਕਦਾ ਰਹਿੰਦਾ ਹੈ। ਮਨ ਨੂੰ ਜਿੱਤਣ ਦਾ ਅਰਥ ਉਸ ਨੂੰ ਮਾਰਨਾ ਨਹੀਂ, ਮਨ ਨੂੰ ਸਮਝਾਉਣਾ ਤੇ ਕਾਬੂ ਕਰਨਾ ਹੈ। ਜਿਵੇਂ ਇਕ ਕੁਸ਼ਲ ਘੋੜ ਸਵਾਰ ਘੋੜੇ ਨੂੰ ਕਾਬੂ ਕਰਕੇ ਉਸ ਨੂੰ ਮਨਚਾਹੀ ਦਿਸ਼ਾ ਵੱਲ ਦੁੜਾਉਂਦਾ ਹੈ, ਉਵੇਂ ਹੀ ਸਾਨੂੰ ਆਪਣੇ ਮਨ ਨੂੰ ਕਾਬੂ ਕਰਕੇ ਉਸ ਨੂੰ ਸਹੀ ਦਿਸ਼ਾ ਵੱਲ ਲਿਆਉਣਾ ਹੈ। ਇਸ ਸਭ ਲਈ ਉਕਤ ਪੰਜ ਚੋਰਾਂ ਨੂੰ ਖ਼ਤਮ ਕਰਨਾ ਜ਼ਰੂਰੀ ਹੈ।
ਕਾਮ 'ਤੇ ਕਾਬੂ ਦਾ ਮਤਲਬ ਹੈ ਆਪਣੀਆਂ ਭੌਤਿਕ ਖ਼ਾਸ ਕਰਕੇ ਜਿਨਸੀ ਇੱਛਾਵਾਂ 'ਤੇ ਕੰਟਰੋਲ ਰੱਖਣਾ। ਇਸ ਦਾ ਮਤਲਬ ਇਹ ਨਹੀਂ ਕਿ ਇਨ੍ਹਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਜਾਵੇ, ਪਰ ਇਨ੍ਹਾਂ ਨੂੰ ਏਨਾ ਨਾ ਵਧਣ ਦਿੱਤਾ ਜਾਵੇ ਕਿ ਇਹ ਸਾਡੀ ਸੋਚਣ-ਸਮਝਣ ਦੀ ਸ਼ਕਤੀ 'ਤੇ ਭਾਰੂ ਪੈ ਜਾਣ। ਜਦੋਂ ਕੋਈ ਸਾਨੂੰ ਬੁਰਾ-ਭਲਾ ਕਹਿੰਦਾ ਹੈ ਤਾਂ ਮਨ ਅੱਗ ਵਾਂਗ ਭੜਕਦਾ ਹੈ। ਗੁੱਸੇ ਵਿਚ ਅਸੀਂ ਅਜਿਹੇ ਕੰਮ ਕਰ ਬੈਠਦੇ ਹਾਂ, ਜਿਨ੍ਹਾਂ ਦਾ ਸਾਰੀ ਉਮਰ ਪਛਤਾਵਾ ਸਾਡੇ ਅੰਦਰ ਰਹਿ ਜਾਂਦਾ ਹੈ। ਇਸ ਲਈ ਸਾਨੂੰ ਆਪਣੇ ਗੁੱਸੇ 'ਤੇ ਕਾਬੂ ਪਾਉਣਾ ਸਿੱਖਣਾ ਚਾਹੀਦਾ ਹੈ। ਗੁੱਸਾ ਆਉਣ 'ਤੇ ਚੁੱਪ ਰਹੋ। ਲੜਨ-ਝਗੜਨ ਦੀ ਥਾਂ ਸਾਹਮਣੇ ਵਾਲੇ ਦੀ ਸਥਿਤੀ ਸਮਝਣ ਨਾਲ ਗੁੱਸਾ ਆਪਣੇ-ਆਪ ਖ਼ਤਮ ਹੋ ਜਾਵੇਗਾ। ਦੁਨੀਆ ਵਿਚ ਅਣਗਿਣਤ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਪਾਉਣ ਦਾ ਲੋਭ (ਲਾਲਚ) ਸਾਡੇ ਮਨਾਂ ਅੰਦਰ ਹਰ ਪਲ ਰਹਿੰਦਾ ਹੈ। ਮਨੁੱਖ ਦੀਆਂ ਇੱਛਾਵਾਂ ਜਨਮ ਤੋਂ ਲੈ ਕੇ ਮਰਨ ਤੱਕ ਲਗਾਤਾਰ ਵਧਦੀਆ ਜਾਂਦੀਆ ਹਨ, ਜਿਸ ਕਾਰਨ ਮਨ ਹਮੇਸ਼ਾ ਬੇਚੈਨ ਰਹਿੰਦਾ ਹੈ। ਪਰ ਮਨ ਨੂੰ ਜਿੱਤਣ ਨਾਲ ਮਨੁੱਖ ਦਾ ਲੋਭ ਖ਼ਤਮ ਹੋ ਜਾਂਦਾ ਹੈ, ਜੋ ਉਸ ਨੂੰ ਉਸ ਦੀ ਮਿਹਨਤ ਅਤੇ ਕਰਮਾਂ ਨਾਲ ਮਿਲਿਆ ਹੈ, ਉਸ ਵਿਚ ਹੀ ਸੰਤੁਸ਼ਟ ਰਹਿਣ ਲੱਗ ਜਾਂਦਾ ਹੈ। ਇਸ ਸੰਸਾਰ ਵਿਚ ਮਨੁੱਖ ਤੋਂ ਲੈ ਕੇ ਹਰ ਜੀਵ-ਜੰਤੂ ਮੋਹ ਦੇ ਜਾਲ ਵਿਚ ਘਿਰਿਆ ਹੋਇਆ ਹੈ। ਉਹ ਚਾਹੇ ਪਰਿਵਾਰ ਨਾਲ ਹੋਵੇ, ਕਿਸੇ ਸਾਥੀ ਨਾਲ ਜਾਂ ਕਿਸੇ ਦੁਨਿਆਵੇ ਪਦਾਰਥ ਨਾਲ। ਕਿਸੇ ਨਾਲ ਮੋਹ (ਪਿਆਰ) ਕਰਨਾ ਕੋਈ ਮਾੜੀ ਗੱਲ ਨਹੀਂ ਪਰ ਕਈ ਵਾਰ ਇਹ ਮੋਹ ਬੰਧਨ ਬਣ ਜਾਂਦਾ ਹੈ। ਮੋਹ ਕਾਰਨ ਮਨੁੱਖ ਹਰ ਉਸ ਰਿਸ਼ਤੇ ਨੂੰ ਆਪਣੇ ਨਾਲ ਬੰਨ੍ਹ ਕੇ ਰੱਖਣਾ ਚਾਹੁੰਦਾ ਹੈ। ਬਜਾਏ ਇਹ ਜਾਣੇ ਕਿ ਉਹ ਕੀ ਚਾਹੁੰਦਾ ਹੈ, ਉਸ ਦੀ ਖੁਸ਼ੀ ਕਿਸ ਵਿਚ ਹੈ। ਮੋਹ ਵਿਚ ਫਸ ਕੇ ਸਹੀ ਗਲਤ ਦਾ ਫ਼ਰਕ ਪਤਾ ਲੱਗਣੋਂ ਵੀ ਹਟ ਜਾਂਦਾ ਹੈ। ਇਸ ਲਈ ਮੋਹ ਕਰੋ ਪਰ ਏਨਾ ਨਹੀਂ ਕਿ ਸਹੀ-ਗਲਤ ਦਾ ਪਤਾ ਹੀ ਨਾ ਲੱਗੇ। ਅਜਿਹਾ ਸਿਰਫ਼ ਆਪਣੇ ਮਨ 'ਤੇ ਕਾਬੂ ਪਾਉਣ ਨਾਲ ਹੀ ਹੋ ਸਕਦਾ ਹੈ। ਜਦੋਂ ਮਨੁੱਖ ਨੂੰ ਪੈਸਾ, ਉੱਚੇ ਅਹੁਦੇ, ਤਾਕਤ, ਸ਼ੋਹਰਤ ਮਿਲਦੀ ਹੈ ਤਾਂ ਮਨ ਵਿਚ ਹੰਕਾਰ ਪੈਦਾ ਹੋਣ ਲਗਦਾ ਹੈ। ਮਨੁੱਖ ਸੋਚਦਾ ਹੈ ਕਿ ਉਸ ਤੋਂ ਉੱਪਰ ਕੁਝ ਵੀ ਨਹੀਂ ਹੈ, ਸਾਰਾ ਸੰਸਾਰ ਉਸ ਦੀ ਮੁੱਠੀ ਵਿਚ ਹੈ ਤੇ ਤਾਕਤ ਦਾ ਨਸ਼ਾ ਉਸ ਦੇ ਸਿਰ ਚੜ੍ਹ ਬੋਲਦਾ ਹੈ। ਪਰ ਮਨ ਨੂੰ ਜਿੱਤਣ ਦਾ ਮਤਲਬ ਹੈ ਕਿ ਇਸ ਹੰਕਾਰ ਨੂੰ ਆਪਣੇ 'ਤੇ ਭਾਰੂ ਨਾ ਹੋਣ ਦੇਣਾ, ਨਿਮਰ ਬਣਨਾ, ਸਭ ਨੂੰ ਬਰਾਬਰ ਸਮਝਣਾ।
ਜਦੋਂ ਮਨ ਸਾਡਾ ਦੋਸਤ ਬਣ ਜਾਂਦਾ ਹੈ ਤੇ ਅਸੀਂ ਉਸ 'ਤੇ ਕਾਬੂ ਪਾ ਲੈਦੇ ਹਾਂ ਤਾਂ ਫਿਰ ਦੁਨੀਆ ਦੀ ਕੋਈ ਤਾਕਤ ਸਾਨੂੰ ਤੋੜ ਨਹੀਂ ਸਕਦੀ। ਕੋਈ ਗੱਲ ਸਾਨੂੰ ਦੁਖੀ ਜਾ ਨਿਰਾਸ਼ ਨਹੀਂ ਕਰ ਸਕਦੀ। ਦੁਨੀਆ ਦੀ ਕੋਈ ਵੀ ਵਸਤੂ, ਪਦਾਰਥ ਜਾਂ ਵਿਅਕਤੀ ਸਾਡੇ 'ਤੇ ਆਪਣਾ ਅਸਰ ਨਹੀਂ ਕਰ ਸਕਦਾ। ਅਸੀਂ ਹਰ ਹਾਲਾਤ ਵਿਚ ਖੁਸ਼ ਰਹਿੰਦੇ ਹਾਂ, ਹਰ ਮੌਸਮ ਵਿਚ ਫੁੱਲਾਂ ਵਾਂਗ ਮਹਿਕਣਾ ਸਿੱਖ ਜਾਂਦੇ ਹਾਂ। ਜਦੋਂ ਅੰਦਰੋਂ ਸ਼ਾਂਤੀ ਮਿਲ ਜਾਵੇ, ਜਦੋਂ ਮਨ ਦੀ ਲੜਾਈ ਖ਼ਤਮ ਹੋ ਜਾਵੇ ਤਾਂ ਬਾਹਰ ਦੀ ਦੁਨੀਆ ਆਪਣੇ-ਆਪ ਹੀ ਤੁਹਾਡੇ ਅਧੀਨ ਹੋਈ ਜਾਪਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਦਰਜ ਹੈ:-
ਕਾਮ ਕ੍ਰੋਧ ਅਰੁ ਲੋਭ
ਮੋਹ ਬਿਨਸਿ ਜਾਇ ਅਹੰਮੇਵ॥
ਨਾਨਕ ਪ੍ਰਭ ਸਰਣਾਗਤੀ ਕਰਿ
ਪ੍ਰਸਾਦੁ ਗੁਰਦੇਵ॥
(ਗਉੜੀ ਸੁਖਮਨੀ, ਮ:5, ਅੰਗ-269)
ਭਾਵ ਕਿ ਪ੍ਰਭੂ ਦੀ ਸ਼ਰਨ ਵਿਚ ਆ ਕੇ ਅਤੇ ਗੁਰੂ ਦੀ ਮਿਹਰ ਨਾਲ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਵਰਗੇ ਵਿਕਾਰ ਅੰਦਰੋਂ ਖ਼ਤਮ ਹੋ ਜਾਂਦੇ ਹਨ।
ਇਸ ਲਈ ਜੇ ਅਸੀਂ ਅਸਲ ਜਿੱਤ ਦੀ ਇੱਛਾ ਰੱਖਦੇ ਹਾਂ ਤਾਂ ਬਾਹਰਲੀ ਦੁਨੀਆ ਨੂੰ ਬਦਲਣ ਦੇ ਚੱਕਰ ਵਿਚ ਨਾ ਪਈਏ, ਸਗੋਂ ਆਪਣੇ ਅੰਦਰ ਝਾਤੀ ਮਾਰੀਏ ਅਤੇ ਦੂਜਿਆਂ ਨੂੰ ਸੁਧਾਰਨ ਤੋਂ ਪਹਿਲਾਂ ਆਪਣੇ ਮਨ ਨੂੰ ਸੁਧਾਰੀਏ। ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰੀਏ ਕਿ ਸਾਨੂੰ ਆਪਣੇ ਮਨ 'ਤੇ ਕਾਬੂ ਪਾਉਣ ਲਈ ਸਮਰੱਥ ਬਣਾਓ ਤੇ ਇਨ੍ਹਾਂ ਵਿਕਾਰਾਂ ਤੋਂ ਦੂਰ ਕਰੋ।
-ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ,
ਸ੍ਰੀ ਅਨੰਦਪੁਰ ਸਾਹਿਬ।
ਮੋਬਾਈਲ : 70094-41045