ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਇਕ ਮਹਾਨ ਯੋਗ ਸਾਧਕ, ਲੇਖਕ, ਤਪੱਸਵੀ, ਪਥ-ਪ੍ਰਦਰਸ਼ਨ ਅਤੇ ਮਾਨਵ ਕਲਿਆਣ ਰੁਚੀਆਂ ਦੇ ਸਵਾਮੀ ਸਨ। ਛੋਟੀ ਉਮਰ ਹੀ ਉਹ ਯੋਗ ਸਿੱਖਿਆ ਦੇ ਲਈ ਆਪਣੇ ਗੁਰੂ ਸਵਾਮੀ ਅਗਰਦੇਵ ਕੋਲ ਚਲੇ ਗਏ ਸਨ। ਸਵਾਮੀ ਅਗਰਦੇਵ ਨੇ ਸ੍ਰੀ ਗੁਰੂ ਨਾਭਾ ਦਾਸ ਨੂੰ ਛੋਟੀ ਉਮਰ ਵਿਚ ਹੀ ਜੰਗਲਾਂ 'ਚੋਂ ਪ੍ਰਾਪਤ ਕੀਤਾ ਸੀ। ਸ੍ਰੀ ਗੁਰੂ ਨਾਭਾ ਦਾਸ ਜਾਤੀ ਦੇ ਡੂਮ ਜਾਂ ਡੋਮ ਸਨ। ਪੰਜਾਬ ਵਿਚ ਆਰਿਆ ਸਮਾਜ ਨੇ ਡੂਮ ਜਾਤੀ ਨੂੰ ਮਹਾਸ਼ਾ ਜਾਤੀ ਦਾ ਨਾਂਅ ਦਿੱਤਾ ਹੈ। ਇਨ੍ਹਾਂ ਦੀ ਪੀੜ੍ਹੀ ਨੂੰ ਹਨੂੰਮਾਨ ਵੰਸ਼ੀਏ ਜਾਂ ਲਾਗੂਲੀ ਬ੍ਰਾਹਮਣ ਵੀ ਕਹਿੰਦੇ ਹਨ। ਭਾਰਤ ਦੇ ਹਰ ਹਿੱਸੇ ਵਿਚ ਇਹ ਲੋਕ ਮੌਜੂਦ ਹਨ। ਸ੍ਰੀ ਗੁਰੂ ਨਾਭਾ ਦਾਸ ਦੀ ਪ੍ਰਮੁੱਖ ਗੱਦੀ ਸ੍ਰੀ ਗਾਲਿਬ ਮੁਨੀ ਦੀ ਹੈ, ਜੋ ਰਾਜਸਥਾਨ ਵਿਚ ਜੈਪੁਰ ਦੇ ਨਜ਼ਦੀਕ ਹੈ। ਇਤਿਹਾਸ ਦੱਸਦਾ ਹੈ ਕਿ ਸਵਾਮੀ ਅਗਰਦੇਵ ਦੀ ਰਹਿਨੁਮਾਈ (ਸ਼ਰਣ) ਵਿਚ ਰਹਿ ਕੇ ਨਾਭਾ ਦਾਸ ਨੇ ਜਿੱਥੇ ਉੱਚ ਸਿੱਖਿਆ ਪ੍ਰਾਪਤ ਕੀਤੀ, ਉੱਥੇ ਉਸ ਸਥਾਨ ਦੀ ਖੂਬ ਸੇਵਾ ਵੀ ਕੀਤੀ। ਇੱਥੇ ਰਹਿ ਕੇ ਉਨ੍ਹਾਂ ਨੇ ਸੇਵਾ ਭਾਵ, ਨਿਮਰਤਾ, ਲੇਖਣ, ਤਪੱਸਿਆ ਅਤੇ ਯੋਗ ਵਿੱਦਿਆ ਹਾਸਿਲ ਕੀਤੀ, ਜਿਸ ਦੇ ਸਹਿਯੋਗ ਨਾਲ ਉਨ੍ਹਾਂ ਦੀ ਸਾਧਨਾ ਅਤੇ ਲੇਖਣੀ ਵਿਚ ਕਾਫ਼ੀ ਪ੍ਰਪੱਕਤਾ ਆ ਗਈ, ਜਿਸ ਦੇ ਫਲਸਰੂਪ ਉਨ੍ਹਾਂ ਨੇ 513 ਭਗਤਾਂ ਦੇ ਚਰਿੱਤਰ ਲਿਖੇ। ਇਸ ਪੁਸਤਕ ਦੀ ਸ਼ੈਲੀ, ਸ਼ਬਦਾਵਲੀ, ਬਹੁਤ ਉੱਚ ਦਰਜੇ ਦੀ ਹੈ। ਉਸ ਸਮੇਂ ਇਹ ਪੁਸਤਕ ਬਹੁਤ ਪ੍ਰਸਿੱਧ ਹੋਈ, ਜੋ ਅੱਜ ਵੀ ਮੌਜੂਦ ਹੈ। ਗੁਰੂ ਨਾਭਾ ਦਾਸ ਦੇ ਗੁਰੂ ਅਗਰਦੇਵ ਉਹ ਪੁਸਤਕ ਲੈ ਕੇ ਬਨਾਰਸ ਗਏ, ਜਿਸ 'ਤੇ ਵਿਦਵਾਨਾਂ ਨੇ ਸਮੀਖਿਆ ਕੀਤੀ ਅਤੇ ਉੱਥੇ ਹੀ ਭਗਤਮਾਲਾ ਪੁਸਤਕ ਦਾ ਵਿਮੋਚਨ ਹੋਇਆ। ਗੋਸ਼ਠੀਆਂ ਹੋਈਆਂ ਅਤੇ ਗੁਰੂ ਨਾਭਾ ਦਾਸ ਨੂੰ ਉੱਥੇ ਗੋਸਵਾਮੀ ਦੀ ਪਦਵੀ ਨਾਲ ਸੁਸ਼ੋਭਿਤ ਕੀਤਾ ਗਿਆ। ਇਸ ਪੁਸਤਕ ਦੇ ਸੰਦਰਭ ਵਿਚ ਇਕ ਬਹੁਤ ਵੱਡਾ ਭੰਡਾਰਾ ਕੀਤਾ ਗਿਆ। ਚੰਦਨ ਦੀ ਲੱਕੜੀ ਨਾਲ ਭੋਜਨ ਪਕਾਇਆ ਗਿਆ। ਇਸ ਭੰਡਾਰੇ ਵਿਚ ਅਨੇਕਾਂ ਹੀ ਵੈਸ਼ਣਵੀ ਸਾਧੂ ਸ਼ਾਮਿਲ ਹੋਏ। ਉਨ੍ਹਾਂ ਵਿਚ ਗੋਸਵਾਮੀ ਤੁਲਸੀ ਦਾਸ ਵੀ ਹਾਜ਼ਰ ਸਨ। ਪੁਸਤਕ ਭਗਤਮਾਲਾ ਗੋਸਵਾਮੀ ਨਾਭਾ ਦਾਸ ਦੀ ਜ਼ਿੰਦਗੀ ਵਿਚ ਹੀ ਬਹੁਤ ਪ੍ਰਚੱਲਿਤ ਹੋ ਗਈ ਸੀ ਅਤੇ ਕਈ ਸਾਲ ਇਸ ਦਾ ਪ੍ਰਚਾਰ ਰਿਹਾ। ਮੰਦਰਾਂ ਵਿਚ ਇਸ ਦੀ ਕਥਾ ਹੁੰਦੀ ਸੀ। ਟੀਕਾ ਸ੍ਰੀ ਪ੍ਰੀਆ ਦਾਸ ਅਨੁਸਾਰ ਉਨ੍ਹਾਂ ਦਾ ਪਰਮ ਆਗਮਨ (ਜਨਮ) 1543 ਈ. ਮੰਨਿਆ ਜਾਂਦਾ ਹੈ। ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਦੇ ਅਨੁਯਾਈ ਉਨ੍ਹਾਂ ਦੀ ਯਾਦ ਵਿਚ ਸਾਰੇ ਭਾਰਤ ਵਿਚ ਜਨਮ ਉਤਸਵ ਸ਼ਰਧਾ ਤੇ ਧੂਮ-ਧਾਮ ਨਾਲ ਮਨਾਉਂਦੇ ਹਨ। ਅੱਠ ਅਪ੍ਰੈਲ ਨੂੰ ਉਨ੍ਹਾਂ ਦਾ ਜਨਮ ਉਤਸਵ ਪਿੰਡ ਹੱਲਾ ਚਾਹੀਆ ਗੁਰਦਾਸਪੁਰ (ਪੰਜਾਬ) ਵਿਖੇ ਸੂਬਾ ਪੱਧਰ 'ਤੇ ਮਨਾਇਆ ਜਾ ਰਿਹਾ ਹੈ।
-ਉਂਕਾਰ ਨਗਰ ਗੁਰਦਾਸਪੁਰ, ਪੰਜਾਬ।
ਮੋਬਾ : 98156-25409