16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਗੁਰੂੂ ਨਾਨਕ ਦੇਵ ਜੀ ਨੂੰ ਰੱਬੀ ਰੂਪ 'ਚ ਪਛਾਣਨ ਵਾਲੀ ਬੇਬੇ ਨਾਨਕੀ

Ad Position 21
repet_subhas-goyals [Copy P29]
ਅਜੀਤ ਡੈਸਕ 06-04-2026

ਇਹ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਜੇ ਬੇਬੇ ਨਾਨਕੀ ਨੂੰ ਸ੍ਰੀ ਗੁਰੂੂੂ ਨਾਨਕ ਦੇਵ ਜੀ ਦੀ ਪਹਿਲੀ ਸਿੱਖ ਬੀਬੀ ਕਹਿ ਲਿਆ ਜਾਵੇ। ਇਸੇ ਤਰ੍ਹਾਂ ਹੀ ਚੌਧਰੀ ਰਾਇ ਬੁਲਾਰ ਭੱਟੀ ਵੀ ਉਹ ਸ਼ਖ਼ਸ ਹਨ, ਜਿਨ੍ਹਾਂ ਨੇ ਦੇਖਦਿਆਂ ਹੀ ਗੁਰੂ ਨਾਨਕ ਦੇਵ ਜੀ ਨੂੰ ਰੱਬੀ ਰੂਪ ਸਮਝਿਆ। ਗੁਰੂੂ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਦਾ ਨਾਂਅ ਬੜੇ ਅਦਬ ਨਾਲ ਲਿਆ ਜਾਂਦਾ ਹੈ। ਉਮਰ 'ਚ ਪੰਜ ਸਾਲ ਵੱਡੀ ਹੋਣ ਦੇ ਬਾਵਜੂਦ ਬੇਬੇ ਨਾਨਕੀ ਨੇ ਆਪਣੇ ਵੀਰ ਨਾਨਕ ਨੂੰ ਵੀਰ ਨਾਲੋਂ ਕਿਤੇ ਵੱਧ ਪੀਰ ਕਰਕੇ ਸਤਿਕਾਰਿਆ ਹੈ। ਪਰਿਵਾਰ 'ਚੋਂ ਗੁਰੂੁ ਸਾਹਿਬ ਦੀਆਂ ਇਲਾਹੀ ਰਮਜ਼ਾਂ ਨੂੰ ਸਮਝਣ ਵਿਚ ਪਹਿਲ ਕਰਨ ਵਾਲੀ ਬੇਬੇ ਨਾਨਕੀ ਨੂੰ ਹੀ ਮੰਨਿਆ ਜਾਂਦਾ ਹੈ। ਇਕ ਇਤਿਹਾਸਕ ਹਵਾਲੇ ਅਨੁਸਾਰ ਜਦੋਂ ਗੁਰੂੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਵਿਖੇ ਬੇਬੇ ਨਾਨਕੀ ਦੇ ਗ੍ਰਹਿ ਆਏ ਤਾਂ ਉਹ (ਬੇਬੇ ਨਾਨਕੀ) ਗੁਰੂੂ ਜੀ ਦੇ ਚਰਨੀਂ ਪੈ ਗਈ। ਗੁਰੂੂੂ ਜੀ ਨੇ ਉਨ੍ਹਾਂ ਨੂੰ ਅਦਬ ਨਾਲ ਉਠਾਇਆ ਤੇ ਫ਼ਰਮਾਇਆ, 'ਬੇਬੇ! ਤੂੰ ਵੱਡੀ ਏਂ, ਪੈਰੀਂ ਤਾਂ ਮੈਨੂੰ ਪੈਣਾ ਚਾਹੀਦਾ ਹੈ।' ਸ਼ਰਧਾ ਤੇ ਸਤਿਕਾਰਮਈ ਭਾਵਨਾ ਨਾਲ ਭੈਣ ਨਾਨਕੀ ਬੋਲੀ, 'ਸੱਚ ਆਖਦਾਂ ਭਾਈ ਪਰ ਤੂੰ ਆਦਮੀ ਹੋਵੇ ਤੇ ਤਾਂ, ਮੈਨੂੰ ਤਾਂ ਤੇਰੇ 'ਚੋਂ ਰੱਬ ਨਜ਼ਰ ਆਉਂਦਾ ਹੈ।' ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, 'ਬੇਬੇ ਨਾਨਕੀ ਸ੍ਰੀ ਗੁਰੂੂ ਨਾਨਕ ਦੇਵ ਜੀ ਦੀ ਭੈਣ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਧਰਮ (ਸਿੱਖੀ) ਨੂੰ ਧਾਰਨ ਕਰਨ ਵਾਲੀ ਪਹਿਲੀ ਇਸਤਰੀ ਸਿੱਖ ਸੀ।'
ਬੇਬੇ ਨਾਨਕੀ ਦਾ ਜਨਮ ਅਪ੍ਰੈਲ 1464 ਈ. ਨੂੰ ਨਾਨਕੇ ਪਿੰਡ ਚਾਹਲ, ਜ਼ਿਲ੍ਹਾ ਲਾਹੌਰ (ਹੁਣ ਪਾਕਿਸਤਾਨ 'ਚ) ਵਿਖੇ ਹੋਇਆ। ਭਾਈ ਰਾਮਾ ਜੀ, ਕ੍ਰਿਸ਼ਨਾ ਜੀ ਤੇ ਮਾਤਾ ਭਿਰਾਈ ਜੀ (ਨਾਨਕਾ ਪਰਿਵਾਰ) ਵਲੋਂ ਆਪਣੀ ਲਾਡਲੀ ਦੋਹਤੀ ਨੂੰ ਰੱਜਵੇਂ ਲਾਡ ਲਡਾਏ ਗਏ, ਜਿਨ੍ਹਾਂ ਨੂੰ 'ਨਾਨਕਿਆਂ ਦੀ' ਕਿਹਾ ਜਾਣ ਲੱਗਾ। ਬਾਅਦ 'ਚ ਇਹੀ ਨਾਂਅ ਰੱਖ ਦਿੱਤਾ ਗਿਆ ਨਾਨਕੀ। ਜਦੋਂ 15 ਅਪ੍ਰੈਲ 1469 ਈ. ਨੂੰ ਰਾਇ-ਭੋਇੰ ਦੀ ਤਲਵੰਡੀ ਜਿਸ ਨੂੰ ਅੱਜ ਸ੍ਰੀ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ, ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਤਾਂ ਉਨ੍ਹਾਂ ਨੂੰ ਵੀ ਨਾਨਕੀ ਦਾ ਨਾਨਕ ਕਿਹਾ ਜਾਣ ਲੱਗਾ ਤੇ ਫਿਰ ਇਹੀ ਨਾਮਕਰਨ ਹੋ ਗਿਆ। 11 ਸਾਲ ਦੀ ਉਮਰ ਵਿਚ ਬੇਬੇ ਨਾਨਕੀ ਦਾ ਵਿਆਹ ਸੁਲਤਾਨਪੁਰ ਲੋਧੀ ਦੇ ਵਸਨੀਕ ਭਾਈ ਜੈ ਰਾਮ ਨਾਲ ਹੋਇਆ, ਜੋ ਨਵਾਬ ਦੌਲਤ ਖ਼ਾਂ ਦੇ ਆਮਿਲ ਸਨ। ਇਸ ਵਿਆਹ ਲਈ ਵਿਚੋਲੇ ਦੀ ਭੂਮਿਕਾ ਰਾਇ ਬੁਲਾਰ ਭੱਟੀ ਨੇ ਨਿਭਾਈ ਸੀ। ਵਿਆਹ ਤੋਂ ਬਾਅਦ ਬੇਬੇ ਨਾਨਕੀ ਦਾ ਪੱਕਾ ਟਿਕਾਣਾ ਭਾਵੇਂ ਸੁਲਤਾਨਪੁਰ ਬਣ ਗਿਆ, ਪਰ ਆਪਣੇ ਮਾਪਿਆਂ (ਵਿਸ਼ੇਸ਼ ਕਰਕੇ ਰੱਬੀ ਰੂਪ ਵੀਰ) ਨੂੰ ਮਿਲਣ ਲਈ ਉਹ ਅਕਸਰ ਤਲਵੰਡੀ ਆਉਂਦੇ ਰਹਿੰਦੇ ਸਨ। ਭੈਣ ਨਾਨਕੀ ਦੇ ਯਾਦ ਕਰਨ 'ਤੇ ਵੀ ਗੁਰੂੂ ਜੀ ਸਾਥੀ ਭਾਈ ਮਰਦਾਨੇ ਸਮੇਤ ਉਨ੍ਹਾਂ ਕੋਲ ਸੁਲਤਾਨਪੁਰ ਲੋਧੀ ਵਿਖੇ ਪਹੁੰਚ ਜਾਂਦੇ ਸਨ। ਬੇਬੇ ਨਾਨਕੀ ਤੇ ਗੁਰੂ ਜੀ ਦੇ ਪਿਤਾ ਮਹਿਤਾ ਕਾਲੂ ਸਮਝਦੇ ਸਨ ਕਿ ਗੁਰੂੂ ਨਾਨਕ ਦੇਵ ਨੂੰ ਵਿਆਹ ਲਈ ਸਿਰਫ਼ ਨਾਨਕੀ ਤੇ ਜੈ ਰਾਮ ਮਨਾ ਸਕਦੇ ਹਨ। ਇਕ ਦਿਨ ਮਹਿਤਾ ਕਾਲੂ ਜੀ ਨੇ ਭਾਈ ਜੈ ਰਾਮ ਨੂੰ ਕਿਹਾ, 'ਪੁੱਤਰ ਜੈ ਰਾਮ ਨਾਨਕੀ ਦਾ ਸੁੱਖ ਦੇਖਦਾ ਹਾਂ ਤਾਂ ਹਿਰਦੇ ਠੰਢ ਪੈਂਦੀ ਹੈ, ਹੁਣ ਮੈਂ ਆਪਣੇ ਜਿਊਂਦੇ ਜੀਅ ਨਾਨਕ ਦਾ ਸੁੱਖ (ਵਿਆਹ ਕਰਕੇ) ਵੀ ਦੇਖ ਜਾਵਾਂ ਤਾਂ ਮਨ ਤ੍ਰਿਪਤ ਹੋ ਜਾਵੇਗਾ।' ਬੇਬੇ ਨਾਨਕੀ ਤੇ ਭਾਈ ਜੈ ਰਾਮ ਦੇ ਵਿਸ਼ੇਸ਼ ਉਪਰਾਲੇ ਸਦਕਾ ਗੁਰੂੂੂ ਨਾਨਕ ਦੇਵ ਜੀ ਦਾ ਵਿਆਹ ਬਟਾਲਾ (ਗੁਰਦਾਸਪੁਰ) ਸ਼ਹਿਰ ਦੇ ਬਾਸ਼ਿੰਦੇ ਭਾਈ ਮੂਲ ਚੰਦ ਦੀ ਲੜਕੀ ਬੀਬੀ ਸੁਲੱਖਣੀ ਨਾਲ ਤੈਅ ਹੋ ਗਿਆ। ਬੇਬੇ ਨਾਨਕੀ ਦੀ ਵਡਿਆਈ ਇਸ ਗੱਲ ਵਿਚ ਵੀ ਹੈ ਕਿ ਉਨ੍ਹਾਂ ਦੀ ਸਲਾਹ ਤੋਂ ਬਿਨਾਂ ਭਾਈ ਜੈ ਰਾਮ ਕੋਈ ਕੰਮ ਨਹੀਂ ਸਨ ਕਰਦੇ। ਉਹ ਜਾਣਦੇ ਸਨ ਕਿ ਉਨ੍ਹਾਂ ਦੀ ਪਤਨੀ ਦੀ ਸਲਾਹ ਹਮੇਸ਼ਾ ਨੇਕ ਤੇ ਮਾਰਗਦਰਸ਼ਕ ਸਿੱਧ ਹੁੰਦੀ ਹੈ।
ਆਪਣੇ ਸਹੁਰੇ ਘਰ (ਸੁਲਤਾਨਪੁਰ ਲੋਧੀ) ਵਿਖੇ ਬੇਬੇ ਨਾਨਕੀ ਜੀ ਦਾ ਲਗਭਗ ਅੱਧੀ ਸਦੀ ਤੱਕ ਵਸੇਬਾ ਰਿਹਾ ਹੈ। 1518 ਈ. ਦੇ ਅਖੀਰ ਵਿਚ ਉਹ ਇਸ ਫ਼ਾਨੀ ਸੰਸਾਰ ਤੋਂ ਕੂਚ ਕਰ ਗਏ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਤੀਜੇ ਦਿਨ ਭਾਈ ਜੈ ਰਾਮ ਵੀ ਸਦਾ ਲਈ ਅਲਵਿਦਾ ਕਹਿ ਗਏ। ਦੋਹਾਂ ਜੀਆਂ ਦਾ ਅੰਤਿਮ ਸੰਸਕਾਰ ਗੁਰੂੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਕੀਤਾ ਸੀ।


#1348/17/1, ਗਲੀ ਨੰ:8, ਰਿਸ਼ੀ ਨਗਰ ਐਕਸਟੈਨਸ਼ਨ, (ਲੁਧਿਆਣਾ)।
ਮੋਬਾਈਲ : 94631-32719

Ad Position 22
No active advertisement
ਪਿਛਲੀ ਖ਼ਬਰ ਅਧਿਆਤਮਿਕ ਸ਼ਖ਼ਸੀਅਤ ਗੋਸਵਾਮੀ ਸ੍ਰੀ ਗੁਰੂ ਨਾਭਾ ਦਾਸ ਅਗਲੀ ਖ਼ਬਰ ਸਭ ਧਰਮਾਂ ਦਾ ਸਾਂਝਾ ਉਪਦੇਸ਼ ਹੈ ਮਾਨਵਤਾ ਦੀ ਸੇਵਾ
Ad Position 24