ਮਨੁੱਖੀ ਇਤਿਹਾਸ ਗਵਾਹ ਹੈ ਕਿ ਸਮੇਂ-ਸਮੇਂ 'ਤੇ ਸੰਸਾਰ ਵਿਚ ਵੱਖ-ਵੱਖ ਧਰਮ ਹੋਂਦ 'ਚ ਆਏ। ਭਾਵੇਂ ਇਨ੍ਹਾਂ ਸਭ ਧਰਮਾਂ ਦੀਆਂ ਪੂਜਾ ਪੱਧਤੀਆਂ, ਭਾਸ਼ਾਵਾਂ, ਪਰੰਪਰਾਵਾਂ ਤੇ ਰੀਤੀ-ਰਿਵਾਜ ਵੱਖੋ-ਵੱਖ ਹਨ, ਪਰ ਸਾਰੇ ਧਰਮਾਂ ਦਾ ਅੰਤਿਮ ਨਿਸ਼ਾਨਾ ਇਕੋ ਹੈ- ਮਾਨਵਤਾ ਦੀ ਸੇਵਾ। ਦਰਅਸਲ ਮਾਨਵਤਾ ਦੀ ਸੇਵਾ ਹੀ ਰੱਬ ਦੀ ਸੱਚੀ ਸੇਵਾ ਹੈ, ਕਿਉਂਕਿ ਰੱਬ ਵਿਸ਼ਵ ਦੇ ਹਰ ਜੀਵ-ਜੰਤੂ ਵਿਚ ਪ੍ਰਕਾਸ਼ਮਾਨ ਹੈ। ਇਹ ਇਕ ਅਜਿਹਾ ਸਰਬਵਿਆਪਕ ਸੱਚ ਹੈ, ਜਿਸ ਨੂੰ ਦੁਨੀਆ ਦੇ ਹਰ ਮਹਾਨ ਰਹਿਬਰ ਨੇ ਦ੍ਰਿੜ੍ਹਤਾ ਨਾਲ ਪ੍ਰਚਾਰਿਆ ਤੇ ਦੁਹਰਾਇਆ ਹੈ।
ਧਰਮ ਸ਼ਬਦ ਸੰਸਕ੍ਰਿਤ ਦੇ 'ਧ੍ਰ' ਧਾਤੂ ਤੋਂ ਨਿਕਲਿਆ ਹੈ, ਜਿਸ ਦਾ ਅਰਥ ਹੈ ਧਾਰਨ ਕਰਨਾ, ਸਹਾਰਾ ਦੇਣਾ ਆਦਿ। ਅੰਗਰੇਜ਼ੀ 'ਚ ਧਰਮ ਨੂੰ 'ਰਿਲਿਜਨ' ਕਿਹਾ ਜਾਂਦਾ ਹੈ, ਜੋ ਲਾਤੀਨੀ ਸ਼ਬਦ 'ਰਿਲਾਈਜ਼ੇਸ਼ਨ ਜਾਂ ਰਿਲਾਈਜ਼' ਤੋਂ ਨਿਕਲਿਆ, ਜਿਸ ਦਾ ਅਰਥ ਸਮਝਣਾ, ਅਹਿਸਾਸ ਹੋਣਾ ਆਦਿ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ, ਕੀ ਧਾਰਨ ਕਰਨਾ ਹੈ? ਧਰਮ ਦਾ ਮਤਲਬ ਨੇਕੀ, ਸੱਚ, ਦਇਆ, ਹੱਕ ਤੇ ਹਕੀਕਤ ਜਿਹੇ ਇਨਸਾਨੀ ਗੁਣਾਂ ਨੂੰ ਧਾਰਨ ਕਰ ਕੇ ਇਨ੍ਹਾਂ 'ਤੇ ਪਹਿਰਾ ਦੇਣਾ ਹੈ। ਕੋਈ ਵੀ ਧਰਮ ਮਨੁੱਖ ਨੂੰ ਕੱਟੜਤਾ ਜਾਂ ਨਫ਼ਰਤ ਨਹੀਂ ਸਿਖਾਉਂਦਾ। ਧਰਮ ਤਾਂ ਉਹ ਰੌਸ਼ਨੀ ਹੈ, ਜੋ ਮਨੁੱਖ ਨੂੰ ਪਸ਼ੂ ਬਿਰਤੀ ਤੋਂ ਉੱਪਰ ਚੁੱਕ ਕੇ ਪਰਉਪਕਾਰ ਦੇ ਮਾਰਗ 'ਤੇ ਤੋਰਦੀ ਹੈ। ਜੇਕਰ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਕੋਈ ਵਿਅਕਤੀ ਦੂਜੇ ਇਨਸਾਨ ਨਾਲ ਨਫ਼ਰਤ ਜਾਂ ਈਰਖਾ ਕਰਦਾ ਹੈ ਤਾਂ ਸਮਝ ਲੈਣਾ ਕਿ ਉਸ ਨੇ ਧਰਮ ਦੇ ਸਾਰ ਤੱਤ ਨੂੰ ਅਜੇ ਤੱਕ ਸਮਝਿਆ ਹੀ ਨਹੀਂ ਹੈ।
ਸਿੱਖ ਧਰਮ ਵਿਚ ਸੇਵਾ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ
ਵਿਚਿ ਦੁਨੀਆ ਸੇਵ ਕਮਾਈਐ॥
ਤਾ ਦਰਗਹ ਬੈਸਣੁ ਪਾਈਐ॥
(ਸਿਰੀਰਾਗੁ, ਮ:1, ਅੰਗ : 25)
ਦਾ ਮਹਾਨ ਉਪਦੇਸ਼ ਦਿੱਤਾ। ਉਨ੍ਹਾਂ ਵਲੋਂ ਸਾਧੂਆਂ ਨੂੰ ਭੋਜਨ ਖਵਾਉਣਾ ਮਾਨਵੀ ਸੇਵਾ ਦੀ ਅਦੁੱਤੀ ਮਿਸਾਲ ਹੈ। ਉਨ੍ਹਾਂ ਦਾ ਕ੍ਰਾਂਤੀਕਾਰੀ ਸਿਧਾਂਤ 'ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ' ਸਮਾਜਿਕ ਬਰਾਬਰੀ ਅਤੇ ਸਾਂਝੀਵਾਲਤਾ ਦੀ ਬੁਨਿਆਦ ਹੈ। ਗੁਰੂ ਸਾਹਿਬਾਨ ਨੇ ਲੰਗਰ ਦੀ ਪ੍ਰਥਾ ਚਲਾ ਕੇ ਜਾਤ-ਪਾਤ ਤੇ ਅਮੀਰ-ਗਰੀਬ ਦੇ ਭੇਦ ਨੂੰ ਜੜ੍ਹੋਂ ਖ਼ਤਮ ਕੀਤਾ ਸੀ। ਇਕੋ ਪੰਗਤ ਵਿਚ ਬੈਠ ਕੇ ਸਭ ਵਰਗਾਂ ਦੇ ਲੋਕਾਂ ਵਲੋਂ ਲੰਗਰ ਖਾਣਾ ਮਾਨਵੀ ਏਕਤਾ ਦਾ ਸਭ ਤੋਂ ਵੱਡਾ ਪ੍ਰਮਾਣ ਹੈ। ਭਾਈ ਘਨੱਈਆ ਜੀ ਨੇ ਜੰਗ ਦੇ ਮੈਦਾਨ ਵਿਚ ਦੁਸ਼ਮਣ ਫ਼ੌਜ ਦੇ ਸਿਪਾਹੀਆਂ ਨੂੰ ਵੀ ਪਾਣੀ ਪਿਆ ਕੇ ਸਿੱਧ ਕੀਤਾ ਕਿ ਸਿੱਖ ਲਈ ਕੋਈ ਵੈਰੀ ਨਹੀਂ, ਕੋਈ ਬੇਗਾਨਾ ਨਹੀਂ। ਭਗਤ ਪੂਰਨ ਸਿੰਘ ਪਿੰਗਲਵਾੜਾ ਵਲੋਂ ਸਾਰੀ ਉਮਰ ਅਪਾਹਜਾਂ ਤੇ ਲੋੜਵੰਦਾਂ ਦੀ ਹੱਥੀਂ ਸੇਵਾ ਕਰਦਿਆਂ ਗੁਰੂ ਦੀ ਸਿੱਖਿਆ 'ਤੇ ਅਮਲ ਕੀਤਾ ਗਿਆ। ਸਿੱਖ ਧਰਮ ਤਾਂ ਹੈ ਹੀ ਸੇਵਾ ਨੂੰ ਸਮਰਪਿਤ।
ਹਿੰਦੂ ਧਰਮ ਦੇ ਪ੍ਰਾਚੀਨ ਗ੍ਰੰਥਾਂ ਤੇ ਵੇਦਾਂ ਵਿਚ ਮਾਨਵਤਾ ਦੀ ਸੇਵਾ ਨੂੰ ਪਰਮ ਧਰਮ ਮੰਨਿਆ ਗਿਆ ਹੈ। ਮਹਾਉਪਨਿਸ਼ਦ ਦੇ ਅਹਿਮ ਵਾਕ 'ਵਸੁਧੈਵ ਕੁਟੁੰਬਕਮ' ਦਾ ਤਾਂ ਅਰਥ ਹੀ ਹੈ ਕਿ ਧਰਤੀ ਇਕ ਪਰਿਵਾਰ ਹੈ। ਇਹ ਮਹਾਨ ਭਾਰਤੀ ਫ਼ਲਸਫ਼ਾ ਪੂਰੀ ਦੁਨੀਆ ਨੂੰ ਇਕ ਪਰਿਵਾਰ ਦਾ ਰੂਪ ਮੰਨਦਾ ਹੈ, ਜੋ ਏਕਤਾ, ਸ਼ਾਂਤੀ ਤੇ ਸਦਭਾਵਨਾ ਦਾ ਸੰਦੇਸ਼ ਦਿੰਦਾ ਹੈ। ਸੁਆਮੀ ਵਿਵੇਕਾਨੰਦ ਨੇ ਜ਼ਰੂਰਤਮੰਦਾਂ ਦੀ ਸੇਵਾ ਤੇ ਮਦਦ ਕਰਨ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਅਨੁਸਾਰ ਜਿਉਂਦੇ-ਜਾਗਦੇ ਇਨਸਾਨਾਂ ਦੀ ਸੇਵਾ ਪਹਿਲਾਂ ਕਰਨੀ ਚਾਹੀਦੀ ਹੈ।
ਇਸਲਾਮ ਵਿਚ ਮਨੁੱਖਤਾ ਦੀ ਸੇਵਾ ਨੂੰ ਇਬਾਦਤ (ਪੂਜਾ) ਦਾ ਅਟੁੱਟ ਅੰਗ ਮੰਨਿਆ ਗਿਆ ਹੈ। ਜ਼ਕਾਤ ਅਨੁਸਾਰ ਹਰ ਮੁਸਲਮਾਨ ਲਈ ਆਪਣੀ ਨੇਕ ਕਮਾਈ ਦਾ ਇਕ ਹਿੱਸਾ ਗ਼ਰੀਬਾਂ ਤੇ ਲੋੜਵੰਦਾਂ ਲਈ ਦਾਨ ਕਰਨਾ ਲਾਜ਼ਮੀ ਹੈ, ਜੋ ਸਮਾਜ 'ਚੋਂ ਆਰਥਿਕ ਅਸਮਾਨਤਾ ਨੂੰ ਦੂਰ ਕਰਨ ਦਾ ਇਕ ਵਧੀਆ ਤਰੀਕਾ ਹੈ। ਇਸਲਾਮ ਅਨੁਸਾਰ ਹਦੀਸ ਦਾ ਉਪਦੇਸ਼ ਹੈ ਕਿ ਤੁਹਾਡੇ 'ਚੋਂ ਸਭ ਤੋਂ ਚੰਗਾ ਉਹ ਹੈ, ਜੋ ਦੂਜਿਆਂ ਦੀ ਭਲਾਈ ਕਰਦਾ ਹੈ। ਇਸਲਾਮ ਅਨੁਸਾਰ ਖ਼ਿਦਮਤ-ਏ-ਖ਼ਲਕ (ਰੱਬ ਦੀ ਸਾਜੀ ਹੋਈ ਲੋਕਾਈ ਦੀ ਸੇਵਾ) ਹੀ ਰੱਬ ਦੀ ਖੁਸ਼ੀ ਪ੍ਰਾਪਤ ਕਰਨ ਦਾ ਰਸਤਾ ਹੈ।
ਹਜ਼ਰਤ ਈਸਾ (ਯਿਸੂ ਮਸੀਹ) ਦਾ ਤਾਂ ਜੀਵਨ ਹੀ ਸੇਵਾ ਦੀ ਮਿਸਾਲ ਪੇਸ਼ ਕਰਦਾ ਹੈ। ਉਨ੍ਹਾਂ ਅਨੁਸਾਰ ਆਪਣੇ ਗੁਆਂਢੀ ਨੂੰ ਵੀ ਆਪਣੇ ਵਾਂਗ ਹੀ ਪਿਆਰ ਕਰੋ। ਇੱਥੇ 'ਗੁਆਂਢੀ' ਦਾ ਮਤਲਬ ਸਿਰਫ਼ ਨਾਲ ਵਾਲੇ ਘਰ 'ਚ ਰਹਿਣ ਵਾਲੇ ਲੋਕ ਨਹੀਂ, ਸਗੋਂ ਉਹ ਹਰ ਇਨਸਾਨ ਹੈ, ਜਿਸ ਨੂੰ ਤੁਹਾਡੀ ਮਦਦ ਦੀ ਲੋੜ ਹੈ। ਮਦਰ ਟੈਰੇਸਾ ਨੇ ਆਪਣਾ ਪੂਰਾ ਜੀਵਨ ਕੋਹੜੀਆਂ ਤੇ ਅਨਾਥ ਲੋਕਾਂ ਦੀ ਸੇਵਾ ਵਿਚ ਲਾ ਦਿੱਤਾ। ਉਨ੍ਹਾਂ ਦੇ ਕਾਰਜਾਂ ਨੇ ਸਾਬਤ ਕੀਤਾ ਕਿ ਮਾਨਵਤਾ ਦੀ ਸੇਵਾ ਲਈ ਕਿਸੇ ਵੱਡੇ ਭਾਸ਼ਨ ਦੀ ਨਹੀਂ, ਸਗੋਂ ਵੱਡੇ ਦਿਲ ਦੀ ਲੋੜ ਹੁੰਦੀ ਹੈ।
ਇਸ ਤੋਂ ਇਲਾਵਾ ਬਾਕੀ ਧਰਮ ਵੀ ਸਮਾਜ ਨੂੰ ਸੇਧ ਦੇਣ ਵਾਲੇ ਸਿਧਾਂਤਾਂ ਦੀ ਗੱਲ ਕਰਦਿਆਂ ਮਾਨਵਤਾ ਦੀ ਸੇਵਾ ਨੂੰ ਹੀ ਮੁੱਖ ਰੱਖਦੇ ਹਨ। ਉਹ ਸਮਾਜਿਕ ਬਰਾਬਰਤਾ, ਸ਼ਾਂਤੀ, ਕਿਰਤ-ਕਮਾਈ ਕਰਦਿਆਂ ਮਾਨਵਤਾ ਨੂੰ ਹੀ ਉੱਪਰ ਰੱਖਦੇ ਹਨ।
ਮਾਨਵਤਾ ਦੀ ਸੇਵਾ ਕਰਨ ਲਈ ਅਮੀਰ ਹੋਣਾ ਜ਼ਰੂਰੀ ਨਹੀਂ ਹੈ। ਇਸ ਦੇ ਤਿੰਨ ਮੁੱਖ ਰੂਪ ਹਨ। ਪਹਿਲੀ ਤਨ ਦੀ ਸੇਵਾ, ਮਤਲਬ ਕਿਸੇ ਬਜ਼ੁਰਗ ਜਾਂ ਲੋੜਵੰਦ ਦੀ ਰਾਹ ਚੱਲਦਿਆਂ ਮਦਦ ਕਰਨੀ, ਹਸਪਤਾਲਾਂ ਵਿਚ ਮਰੀਜ਼ਾਂ ਦੀ ਮਦਦ ਕਰਨੀ ਜਾਂ ਕੁਦਰਤੀ ਆਫ਼ਤਾਂ ਮੌਕੇ ਲੋੜਵੰਦਾਂ ਦੀ ਮਦਦ ਕਰਨੀ। ਦੂਜੀ ਮਨ ਦੀ ਸੇਵਾ, ਭਾਵ ਦੂਜਿਆਂ ਪ੍ਰਤੀ ਮਨ ਤੋਂ ਸ਼ੁੱਭ ਇੱਛਾਵਾਂ ਰੱਖਣਾ ਅਤੇ ਕਿਸੇ ਨਿਰਾਸ਼ ਉਲਝੇ ਹੋਏ ਵਿਅਕਤੀ ਨੂੰ ਹੌਸਲਾ ਦਿੰਦਿਆਂ ਸਹੀ ਤੇ ਸੁਚੱਜੀ ਸੇਧ ਦੇ ਕੇ ਸਹੀ ਰਸਤੇ ਵੱਲ ਤੋਰਨਾ। ਤੀਜੀ ਧਨ ਦੀ ਸੇਵਾ, ਅਰਥਾਤ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਆਰਥਿਕ ਸਹਾਇਤਾ ਕਰਨੀ, ਸਕੂਲ ਜਾਂ ਹਸਪਤਾਲ ਬਣਾਉਣ ਤੇ ਸਮਾਜ ਭਲਾਈ ਦੇ ਕੰਮਾਂ ਵਿਚ ਵਿੱਤੀ ਯੋਗਦਾਨ ਪਾਉਣਾ।
ਅੱਜ ਦੇ ਭੱਜ-ਦੌੜ ਭਰੇ ਅਤੇ ਪਦਾਰਥਵਾਦੀ ਯੁੱਗ ਵਿਚ ਜਿੱਥੇ ਮਨੁੱਖ ਸਿਰਫ਼ 'ਮੈਂ' ਤੇ 'ਮੇਰਾ' ਤੱਕ ਸੀਮਤ ਹੋ ਕੇ ਰਹਿ ਗਿਆ ਹੈ, ਇੱਥੇ ਸੇਵਾ ਭਾਵਨਾ ਦਾ ਹੋਣਾ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ। ਕੋਰੋਨਾ ਮਹਾਮਾਰੀ ਦੌਰਾਨ ਅਸੀਂ ਦੇਖਿਆ ਕਿ ਕਈ ਸੁਹਿਰਦ ਲੋਕਾਂ ਨੇ ਧਰਮਾਂ ਤੇ ਜਾਤ-ਪਾਤ ਦੇ ਬੰਧਨਾਂ ਨੂੰ ਪਾਸੇ ਰੱਖ ਕੇ ਆਕਸੀਜਨ ਦੇ ਸਿਲੰਡਰ ਵੰਡੇ, ਖ਼ੁਰਾਕ ਸਮੱਗਰੀ ਵੰਡੀ ਅਤੇ ਲੰਗਰ ਵਰਤਾਏ, ਜਿਸ ਨਾਲ ਔਖੇ ਸਮੇਂ 'ਚ ਮਾਨਵਤਾ ਨੂੰ ਸਹਾਰਾ ਮਿਲਿਆ। ਕੁਦਰਤੀ ਆਫ਼ਤਾਂ ਸਮੇਂ ਜਦੋਂ ਮਨੁੱਖੀ ਸੇਵਾ ਦੀ ਗੱਲ ਕਰੀਏ ਤਾਂ ਸਾਰਿਆਂ ਦੇ ਖ਼ੂਨ ਦਾ ਰੰਗ ਇਕੋ ਜਿਹਾ ਹੀ ਨਜ਼ਰ ਆਉਂਦਾ ਹੈ।
ਬਿਨਾਂ ਸ਼ੱਕ ਸਾਰੇ ਧਰਮਾਂ ਦਾ ਨਿਚੋੜ ਮਾਨਵਤਾ ਦੀ ਸੇਵਾ ਤੇ ਭਲਾਈ ਹੀ ਹੈ। ਮੰਦਰ, ਮਸਜਿਦ, ਗੁਰਦੁਆਰੇ, ਚਰਚ ਜਾਂ ਹੋਰ ਧਾਰਮਿਕ ਸਥਾਨਾਂ 'ਤੇ ਜਾਣਾ ਤਾਂ ਹੀ ਸਾਰਥਕ ਹੋ ਸਕਦਾ ਹੈ, ਜੇ ਸਾਡੇ ਮਨਾਂ ਅੰਦਰ ਇਨਸਾਨੀਅਤ ਲਈ ਦਰਦ ਹੋਵੇ, ਕਿਉਂਕਿ ਧਰਮ ਸਾਨੂੰ ਜੋੜਨ ਲਈ ਬਣੇ ਹਨ, ਤੋੜਨ ਲਈ ਨਹੀਂ। ਜਦੋਂ ਅਸੀਂ ਕਿਸੇ ਦੁਖੀ ਦੇ ਹੰਝੂ ਪੂੰਝਦੇ ਹਾਂ ਜਾਂ ਕਿਸੇ ਭੁੱਖੇ ਨੂੰ ਰੋਟੀ ਦਿੰਦੇ ਹਾਂ ਤਾਂ ਅਸਲ ਵਿਚ ਉਸ ਪਰਮਾਤਮਾ ਦੀ ਹੀ ਬੰਦਗੀ ਕਰ ਰਹੇ ਹੁੰਦੇ ਹਾਂ, ਕਿਉਂਕਿ ਉਹ ਹਰ ਜੀਵ ਦੇ ਅੰਦਰ ਵਸਦਾ ਹੈ। ਜੇਕਰ ਅਸੀਂ ਸੱਚਮੁੱਚ ਆਪਣੇ ਧਰਮ ਦਾ ਸਤਿਕਾਰ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਮਾਨਵਤਾ ਦੇ ਧਰਮ ਨੂੰ ਸਭ ਤੋਂ ਉੱਪਰ ਰੱਖਣਾ ਹੋਵੇਗਾ। ਸੇਵਾ ਦਾ ਕੋਈ ਧਰਮ ਨਹੀਂ ਹੁੰਦਾ, ਕਿਉਂਕਿ ਸੇਵਾ ਆਪਣੇ-ਆਪ 'ਚ ਸਭ ਤੋਂ ਵੱਡਾ ਧਰਮ ਹੈ।
-ਰਾਹੋਂ ਰੋਡ, ਲੁਧਿਆਣਾ।