10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਕੱਲ੍ਹ ਸਰਹਿੰਦ ਫ਼ਤਹਿ ਦਿਵਸ 'ਤੇ ਵਿਸ਼ੇਸ਼-ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹਿੰਦ ਫ਼ਤਹਿ ਦਾ ਇਤਿਹਾਸਕ ਪ੍ਰਭਾਵ

Ad Position 21
repet_subhas-goyals [Copy P29]
ਅਜੀਤ ਡੈਸਕ 11-05-2026

ਸਿੱਖਾਂ ਦੁਆਰਾ ਸਰਹਿੰਦ ਦੀ ਫ਼ਤਹਿ ਸਾਡੇ ਇਤਿਹਾਸ ਦਾ ਸੁਨਹਿਰੀ ਪੰਨਾ ਹੈ। ਬਾਬਾ ਬੰਦਾ ਸਿੰਘ ਬਹਾਦਰ ਮਾਨਵਤਾ ਤੇ ਹਿੱਤ 'ਚ ਜ਼ਾਲਮਾਂ ਲਈ ਆਸਮਾਨੀ ਬਿਜਲੀ ਵਾਂਗ ਕੜਕਦਾ ਗਜ਼ਬ ਸੀ। ਦਸਮੇਸ਼ ਪਿਤਾ ਨਾਲ ਮਿਲਾਪ ਤੇ ਗੁਰੂ ਜੀ ਤੋਂ ਮਿਲਿਆ ਥਾਪੜਾ ਉਨ੍ਹਾਂ ਦੇ ਜੀਵਨ ਅਤੇ ਸਾਡੇ ਇਤਿਹਾਸ ਦਾ ਵੱਡਾ ਮੋੜ ਸਾਬਤ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਚੱਪੜਚਿੜੀ ਨਾਮੀ ਸਥਾਨ 'ਤੇ 12 ਮਈ 1710 ਈ. ਨੂੰ ਸਿੱਖਾਂ ਵਲੋਂ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ ਦਾ ਕਾਰਨਾਮਾ ਸਿੱਖ ਮਾਨਸਿਕਤਾ ਅੰਦਰ ਗੌਰਵ ਬਣ ਕੇ ਛਾਇਆ ਹੋਇਆ ਹੈ। ਸਿੱਖਾਂ ਤੇ ਇਨਸਾਫ਼ ਪਸੰਦ ਇਨਸਾਨਾਂ ਲਈ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿਚ ਚਿਣਵਾ ਕੇ ਸ਼ਹੀਦ ਕਰਨ ਵਾਲੀ ਸਰਹਿੰਦ ਜ਼ੁਲਮ ਦਾ ਕਿਲ੍ਹਾ ਸੀ। ਇਸ ਦੀ ਇੱਟ-ਇੱਟ ਸਾਹਿਬਜ਼ਾਦਿਆਂ ਦੀ ਮਾਸੂਮੀਅਤ ਤੇ ਮਾਤਾ ਗੁਜਰੀ ਦੀ ਬਜ਼ੁਰਗੀ 'ਤੇ ਹੋਏ ਕਹਿਰ ਦੀ ਨਿਸ਼ਾਨੀ ਸੀ। ਦੁਖੀ ਸਿੱਖ ਹਿਰਦਿਆਂ ਦਾ ਰੋਹ ਜ਼ੁਲਮ ਦੀਆਂ ਨਿਸ਼ਾਨੀਆਂ ਨੂੰ ਮਿੱਟੀ 'ਚ ਮਿਲਾ ਦੇਣ ਲਈ ਤੜਫ ਰਿਹਾ ਸੀ। ਸਿੱਖ ਮਾਨਸਿਕਤਾ ਦੀ ਇਸ ਤੜਫ ਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕ ਕੇ ਤਿਆਰ ਹੋਏ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਮਿਲੀ। ਸਰਹਿੰਦ ਫ਼ਤਹਿ ਦੀ ਗਾਥਾ ਸਾਡੇ ਇਤਿਹਾਸ ਵਿਚ ਇਨਸਾਫ਼ ਦੀ ਤੇਗ ਨਾਲ ਲਿਖੀ ਗਈ। ਬਾਬਾ ਬੰਦਾ ਸਿੰਘ ਬਹਾਦਰ ਨੇ ਗਰੀਬਾਂ ਨੂੰ ਦਿਲ ਖੋਲ੍ਹ ਕੇ ਦਾਨ ਦਿੱਤਾ। ਉਨ੍ਹਾਂ ਨੇ ਸਦਾ ਨਿਮਰਤਾ ਨਾਲ ਆਪਣੇ-ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਦਾਸ ਦੱਸਿਆ।
ਮੁਗ਼ਲ ਹਕੂਮਤ ਵਲੋਂ ਸਾਹਿਬਜ਼ਾਦਿਆਂ, ਮਾਤਾ ਜੀ ਤੇ ਸਿੱਖਾਂ 'ਤੇ ਢਾਹੇ ਦਿਲ ਕੰਬਾਊ ਜ਼ੁਲਮਾਂ ਦੇ ਬਾਵਜੂਦ ਬਾਬਾ ਬੰਦਾ ਸਿੰਘ ਬਹਾਦਰ ਦਾ ਰੋਹ ਆਪੇ ਤੋਂ ਬਾਹਰ ਨਹੀਂ ਸੀ ਹੋਇਆ। ਗੁਰੂ ਸਾਹਿਬ ਨੇ ਉਸ ਨੂੰ ਬਦਲੇ ਦਾ ਨਹੀਂ, ਇਨਸਾਫ਼ ਦੀ ਸਥਾਪਨਾ ਦਾ ਮਿਸ਼ਨ ਦੇ ਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪੰਜਾਬ ਵੱਲ ਤੋਰਿਆ ਸੀ। ਬਾਬਾ ਜੀ ਨੇ ਅੱਤਿਆਚਾਰੀਆਂ ਦੇੇ ਖ਼ੌਫ਼ ਤੋਂ ਜਨਤਾ ਨੂੰ ਮੁਕਤ ਕਰਾਇਆ ਤੇ ਸਰਹਿੰਦ ਦੀ ਹਕੂਮਤ ਨੂੰ ਪਲਟ ਕੇ ਸੁਚੱਜਾ ਲੋਕ ਕਲਿਆਣਕਾਰੀ ਰਾਜ ਸਥਾਪਤ ਕਰ ਕੇ ਵੱਡੀ ਪ੍ਰਾਪਤੀ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁਸਲਮਾਨਾਂ ਨਾਲ ਨਫ਼ਰਤ ਨਹੀਂ ਸੀ, ਉਨ੍ਹਾਂ ਦੀ ਕਠੋਰਤਾ ਜ਼ੁਲਮ ਖ਼ਿਲਾਫ਼ ਸੀ। ਇਸੇ ਕਾਰਨ ਉਨ੍ਹਾਂ ਨੂੰ ਹਿੰਦੂਆਂ ਦਾ ਹੀ ਨਹੀਂ, ਅਮਨ ਪਸੰਦ ਮੁਸਲਮਾਨਾਂ ਦਾ ਸਮਰਥਨ ਵੀ ਮਿਲਿਆ। ਬਾਬਾ ਬੰਦਾ ਸਿੰਘ ਬਹਾਦਰ ਗੁਰੂ ਦਾ ਸਿੱਖ, ਮਜ਼ਲੂਮਾਂ ਦਾ ਰਾਖਾ ਤੇ ਜਾਬਰਾਂ ਲਈ ਤਬਾਹੀ ਸੀ। ਉਹ ਮਹਾਨ ਜਰਨੈਲ ਤੇ ਕਮਾਲ ਦੇ ਪ੍ਰਬੰਧਕ ਸਨ। ਸਰਹਿੰਦ ਯੁੱਧ 'ਚ ਉਨ੍ਹਾਂ ਕੋਲ ਸੂਬਾ ਸਰਹਿੰਦ ਦੇ ਮੁਕਾਬਲੇ ਬਹੁਤ ਘੱਟ ਸਾਧਨ ਸਨ। ਸੂਬੇ ਦੀਆਂ ਤੋਪਾਂ ਦੇ ਮੁਕਾਬਲੇ ਸਿੱਖਾਂ ਕੋਲ ਤੇਗਾਂ ਤੇ ਹਾਥੀਆਂ ਨਾਲ ਜੂਝਣ ਲਈ ਸਿੱਖਾਂ ਕੋਲ ਨੇਜੇ ਸਨ। ਖਫ਼ੀ ਖ਼ਾਨ ਅਨੁਸਾਰ ਸੂਬੇ ਕੋਲ 7 ਤੋਂ 8 ਹਜ਼ਾਰ ਬੰਦੂਕਚੀ ਸਨ, ਜਿਨ੍ਹਾਂ ਦੀਆਂ ਗੋਲੀਆਂ ਦਾ ਮੀਂਹ ਸਿੱਖਾਂ 'ਤੇ ਬਰਸ ਰਿਹਾ ਸੀ। ਸਿੱਖਾਂ ਲਈ ਸਰਹਿੰਦ ਫ਼ਤਹਿ ਕਰਨਾ ਜ਼ਿੰਦਗੀ ਤੇ ਮੌਤ ਦਾ ਸਵਾਲ ਸੀ। ਇਹ ਕਬਜ਼ੇ ਦੀ ਲੜਾਈ ਨਹੀਂ, ਧਰਮ ਯੁੱਧ ਦਾ ਸਿਦਕ ਸੀ ਤੇ ਵੈਰੀ ਦੇ ਡਰ ਦੀ ਥਾਂ ਨਿਸਚੈ ਕਰ ਅਪਨੀ ਜੀਤ ਕਰੋਂ॥ ਦਾ ਜੈ ਗਾਨ ਸੀ। ਸੂਬਾ ਸਰਹਿੰਦ ਦੀਆਂ ਗਰਜਦੀਆਂ ਤੋਪਾਂ, ਚਿੰਘਿਆੜਦੇ ਹਾਥੀਆਂ ਅਤੇ ਘਾਤਕ ਸਾਜ਼ਸ਼ਾਂ ਅੱਗੇ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜੰਗੀ ਚਾਲਾਂ ਅਨੁਸਾਰ ਸੀਨੇ ਤਾਣ ਕੇ ਸੂਰਮਤਾਈ ਦੀ ਕਹਾਣੀ ਲਿਖਣ ਲੱਗੇ। ਸਿੱਖਾਂ ਦੀਆਂ ਤੇਗ਼ਾਂ ਨੇ ਤੋਪਾਂ ਦੇ ਮੂੰਹ ਮੋੜ ਦਿੱਤੇ। ਸਾਹਿਬਜ਼ਾਦਿਆਂ ਸਮੇਤ ਅਨੇਕ ਨਿਰਦੋਸ਼ਾਂ 'ਤੇ ਕੀਤੇ ਅਣਮਨੁੱਖੀ ਤਸ਼ੱਦਦਾਂ ਦੇ ਪਹਾੜ ਜਿੱਡੇ ਪਾਪਾਂ ਦੇ ਬੋਝ ਥੱਲੇ ਦੱਬੀ ਸੂਬੇ ਦੀ ਹੰਕਾਰੀ ਸੈਨਾ ਸਿੱਖਾਂ ਦੇ ਸਿਦਕੀ ਤੂਫਾਨ 'ਚ ਤੂੜੀ ਵਾਂਗ ਉੱਡ ਗਈ। ਗੋਲੀਆਂ ਦੀ ਆਵਾਜ਼ ਤੇ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਵਿਚ ਸਿੱਖਾਂ ਨੇ ਸਰਹਿੰਦ 'ਤੇ ਖ਼ਾਲਸਾਈ ਨਿਸ਼ਾਨ ਝੂਲਾ ਦਿੱਤਾ।
ਬਾਬਾ ਬੰਦਾ ਸਿੰਘ ਬਹਾਦਰ ਨਾਲ ਸਿਦਕੀ ਸਿੱਖਾਂ ਤੋਂ ਬਿਨਾਂ ਅਜਿਹੇ ਲੋਕ ਵੀ ਘੁਸਪੈਠ ਕਰ ਜਾਂਦੇ ਸਨ, ਜੋ ਸਿਰਫ਼ ਲੁੱਟਮਾਰ ਲਈ ਆਉਂਦੇ ਸਨ। ਯੁੱਧ ਦੌਰਾਨ ਇਨ੍ਹਾਂ 'ਤੇ ਪੂਰਨ ਕਾਬੂ ਸੰਭਵ ਨਹੀਂ ਸੀ। ਇਨ੍ਹਾਂ ਲੁਟੇਰਿਆਂ ਨੇ ਬਾਬਾ ਜੀ ਦੀਆਂ ਕਈ ਮੁਹਿੰਮਾਂ 'ਤੇ ਮਾੜਾ ਪ੍ਰਭਾਵ ਵੀ ਪਾਇਆ, ਜਦਕਿ ਸਿੱਖ ਜ਼ਾਬਤੇ 'ਚ ਰਹਿੰਦੇ ਸਨ। ਸਰਹਿੰਦ ਫ਼ਤਹਿ ਪਿੱਛੋਂ ਸਿੱਖਾਂ ਨੇ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਜ਼ਿੰਮੇਵਾਰ ਨਕਸ਼ਬੰਦੀਆਂ ਦੇ ਸ਼ੇਖ ਅਹਿਮਦ ਮੁਜੱਜਦ ਅਲਫ਼ ਸਾਨੀ ਦੀ ਮਜ਼ਾਰ ਨੂੰ ਬਿਲਕੁਲ ਨੁਕਸਾਨ ਨਹੀਂ ਪਹੁੰਚਾਇਆ। ਇਸੇ ਤਰ੍ਹ੍ਹਾਂ ਛੋਟੇ ਸਾਹਿਬਜ਼ਾਦਿਆਂ ਨੂੰ ਬਚਾਉਣ ਲਈ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖ਼ਾਨ ਕਰਕੇ ਮਲੇਰਕੋਟਲੇ ਨੂੰ ਸਿੱਖਾਂ ਨੇ ਕੋਈ ਨੁਕਸਾਨ ਨਹੀਂ ਪਹੁੰਚਾਇਆ। ਬਾਬਾ ਬੰਦਾ ਸਿੰਘ ਬਹਾਦਰ ਨੇ ਮੁਖਲਿਸਗੜ੍ਹ ਜੋ ਸਰਹਿੰਦ ਦੇ ਮੁਕਾਬਲੇ ਪਹਾੜੀ ਇਲਾਕੇ 'ਚ ਹੋਣ ਕਰ ਕੇ ਵੱਧ ਸੁਰੱਖਿਅਤ ਸੀ, ਨੂੰ ਲੋਹਗੜ੍ਹ ਦਾ ਨਾਂਅ ਦੇ ਕੇ ਆਪਣੀ ਰਾਜਧਾਨੀ ਬਣਾਇਆ। ਸਰਹਿੰਦ ਦੀ ਜ਼ਿੰਮੇਵਾਰੀ ਬਾਬਾ ਬਾਜ ਸਿੰਘ ਦੇ ਸਪੁਰਦ ਕੀਤੀ ਗਈ। ਬਾਬਾ ਅਲੀ ਸਿੰਘ ਨੂੰ ਉਨ੍ਹਾਂ ਦੇ ਨਾਇਬ ਨਿਯੁਕਤ ਕੀਤਾ ਗਿਆ। ਬਾਬਾ ਫ਼ਤਹਿ ਸਿੰਘ ਨੂੰ ਸਮਾਣਾ ਤੇ ਭਾਈ ਰਾਮ ਸਿੰਘ ਨੂੰ ਥਨੇਸਰ ਦੀ ਸੇਵਾ ਸੌਂਪੀ ਗਈ। ਬਾਬਾ ਵਿਨੋਦ ਸਿੰਘ ਨੂੰ ਉਨ੍ਹਾਂ ਦਾ ਸਹਾਇਕ ਲਾਇਆ ਗਿਆ। ਇਸ ਨਵੇਂ ਰਾਜ ਪ੍ਰਬੰਧ ਦਾ ਏਨਾ ਚੰਗਾ ਪ੍ਰਭਾਵ ਪਿਆ ਕਿ ਮੁਸਲਮਾਨ ਵੀ ਸਿੱਖ ਸਜਣ ਲੱਗ ਪਏ। ਨਵਾਬ ਅਮੀਨੁਦੌਲਾ ਦੇ ਰੁਕਾਤ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਮਨ ਨੂੰ ਮੋਹ ਲੈਣ ਵਾਲੀ ਸ਼ਖ਼ਸੀਅਤ ਸੀ। ਉਹ ਹਿੰਦੂ ਤੇ ਮੁਸਲਮਾਨ ਸਭ ਨੂੰ ਸਿੰਘ ਕਰਕੇ ਬੁਲਾਉਂਦੇ ਸਨ। ਵੱਡੀ ਗਿਣਤੀ ਮੁਸਲਮਾਨ ਬਾਬਾ ਬੰਦਾ ਸਿੰਘ ਬਹਾਦਰ ਦੇ ਮਿੱਤਰ ਬਣਨ ਲਈ ਇਕਰਾਰ ਕਰਨ ਲੱਗ ਪਏ ਸਨ। ਕਲਾਨੌਰ ਦੇ ਸਥਾਨ 'ਤੇ 5000 ਪਠਾਣ ਉਨ੍ਹਾਂ ਦੀ ਸੈਨਾ 'ਚ ਸ਼ਾਮਿਲ ਹੋਏ, ਜਿਨ੍ਹਾਂ ਨੂੰ ਇਸਲਾਮ ਮੰਨਣ ਦੀ ਪੂਰੀ ਖੁੱਲ੍ਹ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸੇ ਨੂੰ ਵੀ ਡਰਾ-ਧਮਕਾ ਕੇ ਜਾਂ ਲਾਲਚ ਦੇ ਕੇ ਧਰਮ ਤਬਦੀਲ ਨਹੀਂ ਕਰਵਾਇਆ। ਇਤਿਹਾਸਕਾਰ ਹਰੀ ਰਾਮ ਗੁਪਤਾ ਅਨੁਸਾਰ ਸਿੱਖਾਂ ਦੀ ਬਹਾਦਰੀ ਤੇ ਦਿਆਲਤਾ ਤੋਂ ਪ੍ਰਭਾਵਿਤ ਹੋ ਕੇ ਇਕ ਸਾਲ ਵਿਚ ਹੀ ਇਕ ਲੱਖ ਤੋਂ ਵੱਧ ਲੋਕ ਸਿੰਘ ਸਜ ਗਏ ਸਨ। ਖਫ਼ੀ ਖ਼ਾਨ ਅਨੁਸਾਰ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਦਾ ਹੁਕਮ ਮੰਨ ਕੇ ਪ੍ਰੇਮ ਤੇ ਸ਼ਰਧਾ ਨਾਲ ਕਿਲ੍ਹੇ ਤੋਂ ਬਾਹਰ ਨਿਕਲਦੇ ਅਤੇ ਜੈਕਾਰੇ ਗਜਾਉਂਦੇ ਹੋਏ ਭਾਣਾ ਮੰਨ ਕੇ ਦਲੇਰੀ ਨਾਲ ਬਾਦਸ਼ਾਹੀ ਤੋਪਖਾਨੇ, ਤੀਰਾਂ, ਤਲਵਾਰਾਂ ਤੇ ਭਾਲਿਆਂ ਉੱਤੇ ਇਸ ਤਰ੍ਹਾਂ ਟੁੱਟ ਪੈਂਦੇ ਜਿਵੇਂ ਪਤੰਗੇ ਲਾਟ 'ਤੇ ਨੱਚਦੇ ਹਨ।
ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਿੰਮੀਦਾਰਾ ਪ੍ਰਬੰਧ ਪਲਟ ਕੇ ਵੱਡਾ ਕਾਰਜ ਕੀਤਾ। ਉਨ੍ਹਾਂ ਨੇ ਜਾਤੀ ਭੇਦਭਾਵ ਦਾ ਸ਼ਿਕਾਰ ਬਣੇ ਛੋਟੀਆਂ ਜਾਤਾਂ ਦੇ ਸਿੱਖਾਂ ਨੂੰ ਸੈਨਾ 'ਚ ਉੱਚ ਅਹੁਦੇ ਦੇ ਕੇ ਉਨ੍ਹਾਂ ਦਾ ਮਾਣ ਵਧਾਇਆ। ਉਨ੍ਹਾਂ ਨੇ ਗੁਰੂ ਨਾਨਕ ਦੇ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ਦੇ ਸਿੱਕੇ ਜਾਰੀ ਕੀਤੇ। ਸਰਹਿੰਦ ਦੀ ਜਿੱਤ ਤੋਂ ਉਸ ਨੂੰ 50 ਲੱਖ ਰੁਪਏ ਦਾ ਸਾਲਾਨਾ ਮਾਲੀਆ ਪ੍ਰਾਪਤ ਹੋਣ ਲੱਗਾ। ਬਾਬਾ ਬੰਦਾ ਸਿੰਘ ਬਹਾਦਰ ਨੇ ਜਮਨਾ-ਗੰਗਾ ਦੁਆਬ 'ਚ ਸਹਾਰਨਪੁਰ ਤੇ ਜਲਾਲਾਬਾਦ, ਜਲੰਧਰ ਦੁਆਬ, ਅੰਮ੍ਰਿਤਸਰ, ਬਟਾਲਾ ਕਲਾਨੌਰ, ਪਠਾਨਕੋਟ ਸਮੇਤ ਅਨੇਕਾਂ ਇਲਾਕਿਆਂ 'ਚ ਖ਼ਾਲਸੇ ਦੇ ਨਿਸ਼ਾਨ ਝੁਲਾ ਦਿੱਤੇ। ਉਨ੍ਹਾਂ ਨੂੰ ਸੁਧਾਰਾਂ ਲਈ ਬਹੁਤਾ ਸਮਾਂ ਨਹੀਂ ਮਿਲ ਸਕਿਆ, ਕਿਉਂਕਿ ਮੁਗ਼ਲ ਹਕੂਮਤ ਉਨ੍ਹਾਂ ਦੇ ਪਿੱਛੇ ਹੱਥ ਧੋ ਕੇ ਪਈ ਹੋਈ ਸੀ। ਆਖਰ ਮੁਗ਼ਲ ਹਕੂਮਤ ਨੇ ਦਿੱਲੀ ਵਿਖੇ ਪਹਿਲਾਂ ਉਨ੍ਹਾਂ ਦੇ ਪੁੱਤਰ ਨੂੰ ਤੇ ਫਿਰ ਕਈ ਸਿੰਘਾਂ ਨੂੰ ਸ਼ਹੀਦ ਕੀਤਾ ਪਰ ਬਾਬਾ ਬੰਦਾ ਸਿੰਘ ਬਹਾਦਰ ਅਡੋਲ ਰਹੇ। ਆਖਰ 9 ਜੂਨ 1716 'ਚ ਉਨ੍ਹਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ।

-284, ਮਾਸਟਰ ਕਾਲੋਨੀ, ਵਾਰਡ ਨੰਬਰ-7, ਕੁਰਾਲੀ,
ਜ਼ਿਲ੍ਹਾ-ਸਾਹਿਬਜ਼ਾਦਾ ਅਜੀਤ ਸਿੰਘ ਨਗਰ।
ਮੋਬਾਈਲ : 70093-56607

Ad Position 22
No active advertisement
ਪਿਛਲੀ ਖ਼ਬਰ ਵਿੱਦਿਆ ਤੇ ਧਰਮ : ਇਕ ਆਦਰਸ਼ਕ ਸਮਾਜ ਦੀ ਸਿਰਜਣਾ ਅਗਲੀ ਖ਼ਬਰ ਨਿੱਜੀ ਹਸਪਤਾਲ ਵਿਖੇ ਸ਼ੱਕੀ ਹਾਲਤ 'ਚ ਨੌਜਵਾਨ ਦੀ ਮੌ/ਤ, ਪਰਿਵਾਰ ਨੇ ਲਾਏ ਲਾਪਰਵਾਹੀ ਦੇ ਦੋਸ਼-ਕੀਤਾ ਹੰਗਾਮਾ
Ad Position 24