10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਵਿੱਦਿਆ ਤੇ ਧਰਮ : ਇਕ ਆਦਰਸ਼ਕ ਸਮਾਜ ਦੀ ਸਿਰਜਣਾ

Ad Position 21
repet_subhas-goyals [Copy P29]
ਅਜੀਤ ਡੈਸਕ 11-05-2026

ਇਸ ਤਕਨੀਕੀ ਯੁੱਗ ਵਿਚ ਹਰ ਮਨੁੱਖ ਖ਼ੁਦ ਨੂੰ ਸਮਝਦਾਰ ਮੰਨਦਾ ਹੈ, ਪਰ ਜਿੰਨਾ ਚਿਰ ਉਹ ਆਪਣੇ ਨਿੱਜੀ ਫ਼ਰਜ਼ਾਂ ਤੋਂ ਅਵੇਸਲਾ ਹੈ, ਓਨਾ ਸਮਾਂ ਉਹ ਸਮਾਜ ਵਿਚ ਚੇਤੰਨ ਹੋ ਕੇ ਨਹੀਂ ਚੱਲ ਸਕਦਾ। ਮਨੁੱਖ ਅੰਦਰ ਨੈਤਿਕ ਗੁਣਾਂ ਦਾ ਸੰਚਾਰ ਹੋਣਾ ਜ਼ਰੂਰੀ ਹੈ, ਜੋ ਮਨੁੱਖ ਨੂੰ ਧਾਰਮਿਕ ਚੇਤਨਾ ਪ੍ਰਦਾਨ ਕਰਦੇ ਹਨ। ਧਾਰਮਿਕ ਚੇਤਨਾ ਤੋਂ ਭਾਵ ਹੈ ਕਿ ਧਰਮ ਰਾਹੀਂ ਨੈਤਿਕ ਗੁਣਾਂ ਦਾ ਪੈਦਾ ਹੋਣਾ। ਇਸ ਨਾਲ ਮਨੁੱਖ ਸਹੀ ਤੇ ਗਲਤ ਦੀ ਪਛਾਣ ਕਰਕੇ ਯੋਗ ਬਣਦਾ ਹੈ ਅਤੇ ਸੱਚ ਦਾ ਧਾਰਨੀ ਹੋ ਕੇ ਪਰਮਾਤਮਾ ਦੀ ਭਾਉ ਭਗਤੀ ਵੱਲ ਚੱਲ ਸਕਦਾ ਹੈ। ਅੱਜ ਦੇ ਸਮੇਂ ਵਿਚ ਨੌਜਵਾਨਾਂ ਨੂੰ ਇਸ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਨੌਜਵਾਨ ਹੀ ਸਮਾਜ ਦਾ ਭਵਿੱਖ ਹਨ। ਅੱਜ ਦਾ ਬਹੁਤਾ ਨੌਜਵਾਨ ਵਰਗ ਸਹੀ ਚੇਤਨਾ ਨਾ ਹੋਣ ਕਰਕੇ ਕੁਰਾਹੇ ਪੈ ਰਿਹਾ ਹੈ। ਇਸ ਆਧੁਨਿਕ ਦੌਰ ਵਿਚ ਨੌਜਵਾਨ ਪੱਛਮੀ ਸੱਭਿਆਚਾਰ ਨੂੰ ਕਬੂਲ ਕਰ ਕੇ ਪਦਾਰਥਾਂ ਦੀ ਦੌੜ ਵੱਲ ਭੱਜ ਰਿਹਾ ਹੈ। ਇਸ ਕਾਰਨ ਉਹ ਆਪਣੇ ਮੂਲ ਤੋਂ ਲਾਂਭੇ ਹੋ ਕੇ ਜੀਵਨ ਗੁਜ਼ਾਰ ਰਿਹਾ ਹੈ। ਇਸ ਦਾ ਪ੍ਰਭਾਵ ਇਹ ਵੀ ਹੈ ਕਿ ਚਿੰਤਾ ਤੇ ਤਣਾਅ ਵਿਚ ਘਿਰਿਆ ਹੋਇਆ ਨੌਜਵਾਨ ਸਹੀ ਤੇ ਗਲਤ ਦੀ ਪਛਾਣ ਕਰਨ ਤੋਂ ਵੀ ਅਸਮਰੱਥ ਰਹਿ ਜਾਂਦਾ ਹੈ।
ਅਜੋਕੇ ਨੌਜਵਾਨ ਵਿਚ ਚੇਤਨਤਾ ਤੇ ਨੈਤਿਕ ਗੁਣਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਉਨ੍ਹਾਂ ਨੂੰ ਤਾਂ ਹੀ ਪ੍ਰਾਪਤ ਹੋਣਗੇ, ਜੇ ਉਹ ਆਪਣੀਆਂ ਜੜ੍ਹਾਂ ਤੇ ਵਿਰਾਸਤ ਨਾਲ ਜੁੜਨ ਦਾ ਯਤਨ ਕਰਨਗੇ। ਜਿਹੜਾ ਨੌਜਵਾਨ ਗੁਰਬਾਣੀ ਨੂੰ ਆਪਣੇ ਜੀਵਨ ਦਾ ਅੰਗ ਬਣਾ ਲੈਂਦਾ ਹੈ, ਉਸ ਲਈ ਸੰਸਾਰ ਤੇ ਸਮਾਜ ਵਿਚ ਵਿਚਰਨਾ ਸੌਖਾ ਹੋ ਜਾਂਦਾ ਹੈ। ਸਿੱਖ ਇਤਿਹਾਸ ਤੇ ਸੂਰਮਿਆਂ ਦੀਆਂ ਗਾਥਾਵਾਂ ਵੀ ਸਾਨੂੰ ਜੀਵਨ ਜਾਚ ਸਿਖਾਉਂਦੀਆਂ ਹਨ। ਇਤਿਹਾਸ ਤੇ ਗੁਰਬਾਣੀ ਦੇ ਸੁਮੇਲ ਨਾਲ ਸਹਿਜੇ ਹੀ ਜੀਵਨ ਦੀ ਚੰਗੀ ਘਾੜਤ ਘੜੀ ਜਾਂਦੀ ਹੈ। ਆਮ ਮਨੁੱਖ ਲਈ ਸਹੀ ਤੇ ਗਲਤ ਦੀ ਪਛਾਣ ਕਰਨੀ ਸੰਭਵ ਹੋ ਜਾਂਦੀ ਹੈ। ਇਸ ਤੋਂ ਇਲਾਵਾ ਅਜਿਹੀ ਜਾਗ ਸਮਾਜ 'ਚੋਂ ਵੀ ਲਗਦੀ ਹੈ। ਇਹ ਤਾਂ ਹੀ ਸੰਭਵ ਹੁੰਦਾ ਹੈ, ਜੇ ਸਾਨੂੰ ਕਿਸੇ ਚੰਗੇ ਪੁਰਖ ਦੀ ਸੰਗਤ ਪ੍ਰਾਪਤ ਹੋਵੇ।
ਇਕ ਆਦਰਸ਼ਕ ਸਮਾਜ ਦੀ ਘਾੜਤ ਲਈ ਚੰਗੇ ਪ੍ਰਚਾਰਕ ਤੇ ਅਧਿਆਪਕ ਦਾ ਹੋਣਾ ਬਹੁਤ ਜ਼ਰੂਰੀ ਹੈ। ਅਜਿਹਾ ਗਿਆਨ ਸਾਨੂੰ ਵਿੱਦਿਆ ਤੋਂ ਪ੍ਰਾਪਤ ਹੁੰਦਾ ਹੈ। ਵਿੱਦਿਆ ਹੀ ਅਜਿਹਾ ਸਾਰਥਕ ਸਾਧਨ ਹੈ, ਜੋ ਮਨੁੱਖ ਦੇ ਜੀਵਨ ਦੀ ਘਾੜਤ ਘੜਦਾ ਹੈ। ਇਹ ਵਿੱਦਿਆ ਸਾਨੂੰ ਵਿਰਾਸਤ ਵਿਚ ਗੁਰੂ ਸਾਹਿਬਾਨ ਨੇ ਆਪਣੀ ਹਯਾਤੀ ਦੌਰਾਨ ਪ੍ਰਦਾਨ ਕੀਤੀ। ਸ੍ਰੀ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਦੀ ਧਰਤੀ 'ਤੇ ਆਪਣੇ ਹੱਥੀਂ ਬਾਲ ਬੋਧ ਤਿਆਰ ਕਰਕੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਂਦੇ ਸਨ। ਇਸੇ ਵਿੱਦਿਅਕ ਪਰੰਪਰਾ ਨੂੰ ਜਾਰੀ ਰੱਖਦਿਆਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਾਰ ਸੇਵਾ ਖਡੂਰ ਸਾਹਿਬ ਵਲੋਂ ਕਈ ਕਾਰਜ ਉਲੀਕੇ ਗਏ। ਧਾਰਮਿਕ ਵਿੱਦਿਆ ਦਾ ਕਾਰਜ ਵੀ ਉਨ੍ਹਾਂ 'ਚੋਂ ਇਕ ਸੀ, ਜਿਸ ਤਹਿਤ 2004 ਵਿਚ ਨਿਸ਼ਾਨੇ ਸਿੱਖੀ ਅੱਠ ਮੰਜ਼ਿਲਾ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ, ਜਿਸ ਵਿਚ ਵੱਖ-ਵੱਖ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ। ਇੱਥੇ ਹੀ ਸਿੱਖੀ ਦੇ ਪ੍ਰਚਾਰ ਲਈ ਸਮਾਜ ਨੂੰ ਧਾਰਮਿਕ ਸੇਧ ਦੇਣ ਲਈ ਚੰਗੇ ਵਿਦਵਾਨ, ਪ੍ਰਚਾਰਕ ਤੇ ਗ੍ਰੰਥੀ ਸਿੰਘ ਤਿਆਰ ਕਰਨ ਦਾ ਟੀਚਾ ਵੀ ਮਿਥਿਆ ਗਿਆ।
ਇਸ ਟੀਚੇ ਨੂੰ ਪੂਰਾ ਕਰਨ ਲਈ ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼, ਖਡੂਰ ਸਾਹਿਬ (ਤਰਨ ਤਾਰਨ) ਦੀ ਆਰੰਭਤਾ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਵਿਚ ਪੰਜ ਸਾਲਾ ਗੁਰਮਤਿ ਕੋਰਸ ਵਿਚ ਸਿੱਖ ਅੰਮ੍ਰਿਤਧਾਰੀ ਬੱਚਿਆਂ ਨੂੰ ਬੀ.ਏ. ਤੇ ਐਮ.ਏ. (ਧਰਮ ਅਧਿਐਨ) ਤੱਕ ਦੀ ਵਿੱਦਿਆ ਪ੍ਰਦਾਨ ਕਰਨ ਦੇ ਨਾਲ ਨਾਲ ਪੰਜ ਸਾਲਾ ਗੁਰਮਤਿ ਡਿਪਲੋਮੇ ਅਧੀਨ ਗੁਰਬਾਣੀ ਸੰਥਿਆ, ਕਥਾ, ਲੈਕਚਰ, ਗੁਰਮਤਿ ਸੰਗੀਤ ਤੇ ਇਤਿਹਾਸ ਦੇ ਗ੍ਰੰਥਾਂ ਦਾ ਗਹਿਰਾ ਅਧਿਐਨ ਕਰਵਾਉਣ ਲਈ ਸਿਲੇਬਸ ਤਿਆਰ ਕੀਤਾ ਗਿਆ। ਇਸ ਦੀ ਮਹੱਤਤਾ ਨੂੰ ਪਹਿਚਾਣਦਿਆਂ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਗਿਆ ਕਿ ਵਿਦਿਆਰਥੀਆਂ ਦੀ ਪੜ੍ਹਾਈ, ਰਿਹਾਇਸ਼, ਖਾਣਾ ਆਦਿ ਪ੍ਰਬੰਧ ਸੰਸਥਾ ਦੁਆਰਾ ਬਿਲਕੁਲ ਮੁਫ਼ਤ ਕੀਤਾ ਜਾਵੇ।
ਇਸ ਸੰਸਥਾ ਤੋਂ ਵਿਦਿਆਰਥੀ ਵਿੱਦਿਆ ਹਾਸਲ ਕਰਕੇ ਯੂ.ਜੀ.ਸੀ. ਨੈੱਟ ਤੇ ਜੇ.ਆਰ.ਐੱਫ. ਪਾਸ ਕਰਕੇ ਪੀਐੱਚ.ਡੀ. ਕਰ ਰਹੇ ਹਨ। ਇਸ ਤੋਂ ਇਲਾਵਾ ਭਾਰਤੀ ਫ਼ੌਜ ਵਿਚ ਬਤੌਰ ਆਰ.ਟੀ./ਜੇ.ਸੀ.ਓ. ਤੇ ਸ਼੍ਰੋਮਣੀ ਕਮੇਟੀ ਦੇ ਅਦਾਰਿਆਂ 'ਚ, ਚੀਫ਼ ਖ਼ਾਲਸਾ ਦੀਵਾਨ ਆਦਿ ਵਿਚ ਬਤੌਰ ਧਾਰਮਿਕ ਅਧਿਆਪਕ ਤੇ ਪ੍ਰਚਾਰਕ ਵਜੋਂ ਅਤੇ ਵੱਖ-ਵੱਖ ਦੇਸ਼ਾਂ 'ਚ ਪ੍ਰਚਾਰ ਰਾਹੀਂ ਸਿੱਖ ਕੌਮ ਦੀ ਸੇਵਾ ਕਰ ਰਹੇ ਹਨ। ਇਸ ਸੰਸਥਾ ਤੋਂ ਸੰਗੀਤ ਦੀ ਵਿੱਦਿਆ ਹਾਸਿਲ ਕਰਕੇ ਰਾਗੀ ਵਿਦੇਸ਼ਾਂ 'ਚ ਕੀਰਤਨ ਦੀ ਸੇਵਾ ਲਈ ਵੀ ਜਾਂਦੇ ਹਨ। ਜੋ ਵਿਦਿਆਰਥੀ ਬਾਰ੍ਹਵੀਂ ਕਰ ਚੁੱਕੇ ਹਨ, ਉਨ੍ਹਾਂ ਲਈ ਇਸ ਸੰਸਥਾ ਵਿਚ ਵਿੱਦਿਆ ਹਾਸਿਲ ਕਰਨ ਦਾ ਸੁਨਹਿਰੀ ਮੌਕਾ ਹੈ।

-ਨਿਸ਼ਾਨ ਏ ਸਿੱਖੀ, ਖਡੂਰ ਸਾਹਿਬ। ਮੋਬਾ: 98772-94483
ਈ-ਮੇਲ :dilpreetgill1301@gmail.com

Ad Position 22
No active advertisement
ਪਿਛਲੀ ਖ਼ਬਰ ਜੋੜ ਮੇਲੇ 'ਤੇ ਵਿਸ਼ੇਸ਼-ਬਾਬਾ ਜਵਾਹਰ ਦਾਸ ਦੀ ਸੇਵਾ ਤੇ ਸ਼ਰਧਾ ਦਾ ਪ੍ਰਤੀਕ 'ਮੇਲਾ ਸੂਸਾਂ ਦਾ' ਅਗਲੀ ਖ਼ਬਰ ਕੱਲ੍ਹ ਸਰਹਿੰਦ ਫ਼ਤਹਿ ਦਿਵਸ 'ਤੇ ਵਿਸ਼ੇਸ਼-ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹਿੰਦ ਫ਼ਤਹਿ ਦਾ ਇਤਿਹਾਸਕ ਪ੍ਰਭਾਵ
Ad Position 24