10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਜੋੜ ਮੇਲੇ 'ਤੇ ਵਿਸ਼ੇਸ਼-ਬਾਬਾ ਜਵਾਹਰ ਦਾਸ ਦੀ ਸੇਵਾ ਤੇ ਸ਼ਰਧਾ ਦਾ ਪ੍ਰਤੀਕ 'ਮੇਲਾ ਸੂਸਾਂ ਦਾ'

Ad Position 21
repet_subhas-goyals [Copy P29]
ਅਜੀਤ ਡੈਸਕ 11-05-2026

ਸੰਤ ਬਾਬਾ ਜਵਾਹਰ ਦਾਸ ਜੀ ਸੂਸਾਂ ਵਾਲੇ ਮਹਾਨ ਸ਼ਖ਼ਸੀਅਤਾਂ 'ਚੋਂ ਇਕ ਸਨ, ਜਿਨ੍ਹਾਂ ਦਾ ਜੀਵਨ ਤਿਆਗ, ਤਪੱਸਿਆ ਤੇ ਨਿਰਸਵਾਰਥ ਸੇਵਾ ਦੀ ਇਕ ਅਦੁੱਤੀ ਮਿਸਾਲ ਹੈ। ਉਨ੍ਹਾਂ ਨੇ ਨਾ ਸਿਰਫ਼ ਆਪਣਾ ਜੀਵਨ ਪ੍ਰਭੂ ਭਗਤੀ 'ਚ ਲਾਇਆ, ਸਗੋਂ ਸਮਾਜ 'ਚ ਫੈਲੀਆਂ ਬੁਰਾਈਆਂ ਨੂੰ ਦੂਰ ਕਰ ਕੇ ਲੋਕਾਂ ਨੂੰ ਸੱਚੇ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਵੀ ਦਿੱਤੀ। ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸੂਸ (ਸੂਸਾਂ) ਵਿਖੇ ਡੇਰਾ ਬਾਬਾ ਜਵਾਹਰ ਦਾਸ ਜੀ ਬ੍ਰਾਂਚ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਚੈਰੀਟੇਬਲ ਟਰੱਸਟ ਵਲੋਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਦੇ ਪ੍ਰਬੰਧਾਂ ਹੇਠ ਸੰਤ ਬਾਬਾ ਜਵਾਹਰ ਦਾਸ ਦੀ ਯਾਦ ਵਿਚ ਲੱਗਣ ਵਾਲਾ ਜੋੜ ਮੇਲਾ ਜਿਹੜਾ ਕਿ 'ਸੂਸਾਂ ਦਾ ਮੇਲਾ' ਨਾਂਅ ਨਾਲ ਮਸ਼ਹੂਰ ਹੈ, ਸਿਰਫ਼ ਇਕ ਸਮਾਗਮ ਨਹੀਂ, ਸਗੋਂ ਇਹ ਰੁਹਾਨੀ ਉਤਸ਼ਾਹ, ਸੇਵਾ ਤੇ ਸੱਚੀ ਸ਼ਰਧਾ ਦਾ ਪ੍ਰਤੀਕ ਬਣ ਚੁੱਕਾ ਹੈ। ਬਾਬਾ ਜਵਾਹਰ ਦਾਸ ਦਾ ਜਨਮ ਪਿੰਡ ਸੂਸ (ਜ਼ਿਲ੍ਹਾ ਹੁਸ਼ਿਆਰਪੁਰ) 'ਚ ਪਿਤਾ ਉੱਤਮ ਦਾਸ ਤੇ ਮਾਤਾ ਦਇਆ ਕੌਰ ਦੇ ਘਰ ਹੋਇਆ। ਬਾਬਾ ਜੀ ਦੇ ਪਿਤਾ ਸਾਹਿਬ ਦਿੱਤਾ ਦੇ ਨਾਮ ਨਾਲ ਵੀ ਜਾਣੇ ਜਾਂਦੇ ਸਨ। ਬਾਬਾ ਜੀ ਦੀ ਉਮਰੀ ਕਾਫ਼ੀ ਘੱਟ ਸੀ, ਜਦੋਂ ਉਨ੍ਹਾਂ ਦੇ ਮਾਤਾ-ਪਿਤਾ ਤੇ ਭਰਾ ਚੱਲ ਵਸੇ। ਆਪਣੀ ਭੈਣ ਦੇ ਵਿਆਹ ਤੋਂ ਬਾਅਦ ਉਹ ਇਕੱਲੇ ਰਹਿ ਗਏ। ਛੋਟੀ ਉਮਰ ਤੋਂ ਹੀ ਉਨ੍ਹਾਂ ਦੀ ਬਿਰਤੀ ਦੁਨੀਆਵੀ ਕੰਮਾਂ ਤੋਂ ਉਦਾਸ ਰਹਿਣ ਲੱਗੀ। ਉਨ੍ਹਾਂ ਨੇ ਵਿਆਹ ਨਾ ਕਰਵਾਉਣ ਦਾ ਫ਼ੈਸਲਾ ਕੀਤਾ ਤੇ ਦਿਨ-ਰਾਤ ਪ੍ਰਭੂ ਦੇ ਨਾਮ-ਸਿਮਰਨ 'ਚ ਰਹਿਣ ਲੱਗੇ। ਲੋਕ ਉਨ੍ਹਾਂ ਨੂੰ ਪਿਆਰ ਨਾਲ 'ਭਾਈ' ਕਹਿ ਕੇ ਬੁਲਾਉਂਦੇ ਸਨ ਕਿਉਂਕਿ ਉਹ ਸਭ ਨਾਲ ਮਿੱਠਾ ਬੋਲਦੇ ਸਨ। ਇਕ ਦਿਨ ਉਨ੍ਹਾਂ ਨੇ ਘਰ ਨੂੰ ਜਿੰਦਰੇ ਲਾ ਕੇ ਖੇਤਾਂ 'ਚ ਆਸਣ ਲਾ ਲਿਆ। ਇਕ ਵਾਰ ਗੰਗਾ ਇਸ਼ਨਾਨ ਮੌਕੇ ਉਨ੍ਹਾਂ ਦੀ ਮੁਲਾਕਾਤ ਸੰਤ ਸਧਾਨਾ ਨਾਲ ਹੋਈ, ਜੋ ਉਨ੍ਹਾਂ ਦੇ ਗੁਰੂ ਬਣੇ।
ਬਾਬਾ ਜਵਾਹਰ ਦਾਸ ਦੇ ਜੀਵਨ ਦਾ ਕੇਂਦਰ ਬਿੰਦੂ 'ਨਾਮ ਸਿਮਰਨ' ਸੀ। ਉਨ੍ਹਾਂ ਅਨੁਸਾਰ ਪ੍ਰਭੂ ਦਾ ਨਾਮ ਹੀ ਇਕ ਅਜਿਹਾ ਜ਼ਰੀਆ ਹੈ, ਜੋ ਮਨੁੱਖ ਨੂੰ ਜਨਮ-ਮਰਨ ਦੇ ਗੇੜ 'ਚੋਂ ਕੱਢ ਸਕਦਾ ਹੈ। ਉਨ੍ਹਾਂ ਦੇ ਜੀਵਨ ਨਾਲ ਜੁੜੀ 'ਫੋਗੂ' ਨਾਮੀ ਵਿਅਕਤੀ ਦੀ ਘਟਨਾ ਉਨ੍ਹਾਂ ਦੀ ਦਇਆ ਤੇ ਅਧਿਆਤਮਕ ਸ਼ਕਤੀ ਦੀ ਸਭ ਤੋਂ ਵੱਡੀ ਉਦਾਹਰਨ ਹੈ। ਫੋਗੂ ਇਕ ਅਜਿਹਾ ਵਿਅਕਤੀ ਸੀ, ਜੋ ਭੈੜੀ ਸੰਗਤ ਕਾਰਨ ਲੁੱਟ-ਖੋਹ ਦੇ ਰਾਹ ਪੈ ਗਿਆ ਸੀ। ਇਕ ਵਾਰ ਉਸ ਨੇ ਬਾਬਾ ਜੀ ਨੂੰ ਇਕਾਂਤ 'ਚ ਦੇਖ ਕੇ ਲੁੱਟਣ ਦੀ ਕੋਸ਼ਿਸ਼ ਕੀਤੀ। ਪਰ ਜਿਵੇਂ ਹੀ ਉਸ ਦੀ ਨਜ਼ਰ ਬਾਬਾ ਜੀ ਦੇ ਤੇਜਸਵੀ ਚਿਹਰੇ 'ਤੇ ਪਈ ਤੇ ਬਾਬਾ ਜੀ ਦੀ ਅਡੋਲਤਾ ਦੇਖੀ ਤਾਂ ਉਹ ਕੰਬ ਗਿਆ। ਬਾਬਾ ਜੀ ਨੇ ਉਸ ਨੂੰ ਬੜੀ ਨਿਮਰਤਾ ਤੇ ਦਇਆ ਨਾਲ ਦੇਖਿਆ। ਉਨ੍ਹਾਂ ਦੇ ਵਿਚਾਰਾਂ ਨੇ ਫੋਗੂ ਦਾ ਹਿਰਦਾ ਬਦਲ ਦਿੱਤਾ ਤੇ ਸ਼ਰਧਾਲੂ ਬਣ ਗਿਆ।
ਬਾਬਾ ਜਵਾਹਰ ਦਾਸ ਦੇ ਸਦੀਵੀ ਤੌਰ 'ਤੇ ਇਸ ਦੁਨੀਆ ਤੋਂ ਗਿਆਂ ਨੂੰ 100 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਉਨ੍ਹਾਂ ਤੋਂ ਬਾਅਦ ਵੀ 'ਸੂਸਾਂ' (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ਉਨ੍ਹਾਂ ਦੀ ਯਾਦ 'ਚ ਬਣਿਆ ਅਸਥਾਨ ਅੱਜ ਵੀ ਲੱਖਾਂ ਸ਼ਰਧਾਲੂਆਂ ਲਈ ਆਸਥਾ ਤੇ ਸ਼ਾਂਤੀ ਦਾ ਕੇਂਦਰ ਹੈ। ਇਸ ਸਾਲ ਉਨ੍ਹਾਂ ਦੀ ਯਾਦ 'ਚ ਇਹ ਮੇਲਾ 13, 14 ਤੇ 15 ਮਈ ਨੂੰ ਡੇਰਾ ਬਾਬਾ ਜਵਾਹਰ ਦਾਸ ਬ੍ਰਾਂਚ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਚੈਰੀਟੇਬਲ ਟਰੱਸਟ (ਰਜਿ.) ਪਿੰਡ ਸੂਸ (ਸੂਸਾਂ) ਵਲੋਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਵਾਲੇ ਮੁਖੀ ਦਮਦਮੀ ਟਕਸਾਲ ਦੇ ਪ੍ਰਬੰਧਾਂ ਹੇਠ ਪਿੰਡਾਂ ਸੂਸਾਂ (ਹੁਸ਼ਿਆਰਪੁਰ) ਵਿਖੇ ਉਨ੍ਹਾਂ ਦੇ ਤਪ ਅਸਥਾਨ 'ਤੇ ਕਰਵਾਇਆ ਜਾ ਰਿਹਾ ਹੈ। ਇਹ ਮੇਲਾ ਲੋਕਾਂ ਵਿਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਾ ਹੈ।

-ਪਿੰਡ ਤੇ ਡਾਕ-ਖ਼ਾਨਪੁਰ (ਸਹੋਤਾ),
ਜ਼ਿਲ੍ਹਾ ਹੁਸ਼ਿਆਰਪੁਰ। ਮੋਬਾਈਲ : 94649-31584

Ad Position 22
No active advertisement
ਪਿਛਲੀ ਖ਼ਬਰ ਸੂਲੀ 'ਤੇ ਨੱਚਦਾ ਸੱਚ : ਹਜ਼ਰਤ ਹੁਸੈਨ ਮਨਸੂਰ ਅਗਲੀ ਖ਼ਬਰ ਵਿੱਦਿਆ ਤੇ ਧਰਮ : ਇਕ ਆਦਰਸ਼ਕ ਸਮਾਜ ਦੀ ਸਿਰਜਣਾ
Ad Position 24