(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਪੱਥਰ ਮਾਰ ਰਹੇ ਲੋਕਾਂ ਦੀ ਭੀੜ ਵਿਚ ਹਜ਼ਰਤ ਮਨਸੂਰ ਦਾ ਗੁਰੂ-ਭਾਈ ਹਜ਼ਰਤ ਅਬੂ ਬਕਰ ਸ਼ਿਬਲੀ ਵੀ ਸੀ। ਜਦੋਂ ਮਨਸੂਰ ਨੇ ਮਸਤੀ ਵਿਚ ਅਨ-ਅਲ-ਹੱਕ ਆਖਦਿਆਂ ਸੂਲੀ ਚੜ੍ਹਨ ਵਾਲਾ ਰਾਹ ਚੁਣ ਲਿਆ ਤਾਂ ਸ਼ਿਬਲੀ ਆਪਣੇ ਆਪ ਨੂੰ ਕੱਟੜਪੰਥੀਆਂ ਦੀ ਨਜ਼ਰ ਤੋਂ ਬਚਾਈ ਰੱਖਣ ਲਈ ਪਾਗਲਾਂ ਵਾਲੀਆਂ ਹਰਕਤਾਂ ਕਰਨ 'ਤੇ ਉੱਤਰ ਆਇਆ ਸੀ। ਲੋਕਾਂ ਵੱਲੋਂ ਹਜ਼ਰਤ ਮਨਸੂਰ ਦੇ ਪੱਥਰ ਮਾਰਨ ਦੇ ਸ਼ਾਹੀ ਹੁਕਮ ਦੀ ਪਾਲਣਾ ਕਰਦੇ ਹੋਇਆਂ ਸ਼ਿਬਲੀ ਨੇ ਵੀ ਹੋਰਨਾਂ ਵਾਂਗ ਪੱਥਰ ਉਠਾਇਆ ਪਰ ਜਿਵੇਂ ਹੀ ਉਹ ਪੱਥਰ ਮਨਸੂਰ ਵੱਲ ਉਛਾਲਣ ਲੱਗਿਆ ਤਾਂ ਦੋਵਾਂ ਵਿਚਕਾਰ ਦੋਸਤੀ ਅੜਿੱਕਾ ਆ ਬਣੀ। ਮਜ਼ਬੂਰ ਸ਼ਿਬਲੀ ਨੇ ਹਾਕਮ ਦੀ ਨਜ਼ਰ 'ਚ ਸੱਚਾ ਹੋਣ ਲਈ ਫੁੱਲ ਚੁੱਕਿਆ ਤੇ ਪੂਰੇ ਜ਼ੋਰ ਨਾਲ ਹਜ਼ਰਤ ਮਨਸੂਰ ਦੇ ਵਗਾਹ ਮਾਰਿਆ। ਲੋਕਾਂ ਦੁਆਰਾ ਮਾਰੇ ਜਾ ਰਹੇ ਹਰ ਪੱਥਰ 'ਤੇ ਮੁਸਰਕਾਉਣ ਵਾਲਾ ਹਜ਼ਰਤ ਮਨਸੂਰ ਸ਼ਿਬਲੀ ਦੁਆਰਾ ਫੁੱਲ ਮਾਰੇ ਜਾਣ 'ਤੇ ਜ਼ਾਰ-ਜ਼ਾਰ ਕੁਰਲਾਅ ਉੱਠਿਆ। ਇਹ ਨਜ਼ਾਰਾ ਵੇਖਣ ਵਾਲਿਆਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਕਿਸੇ ਨੇ ਮਨਸੂਰ ਅੱਗੇ 'ਅਜਿਹਾ ਕਿਉਂ' ਦਾ ਸਵਾਲ ਰੱਖ ਦਿੱਤਾ।
ਮਨਸੂਰ ਨੇ ਜੁਵਾਬ 'ਚ ਆਖਿਆ, ਇਹ ਪੱਥਰ ਮਾਰਨ ਵਾਲੇ ਲੋਕ ਤਾਂ ਅਣਜਾਣ ਨੇ, ਇਨ੍ਹਾਂ ਨੂੰ ਇਹ ਪਤਾ ਹੀ ਨਹੀਂ ਕਿ ਜਿਸ ਮਨਸੂਰ ਦੇ ਇਹ ਪੱਥਰ ਮਾਰ ਰਹੇ ਨੇ, ਉਸ ਦਾ ਵਜ਼ੂਦ ਤਾਂ ਮੇਰੇ ਅੰਦਰੋਂ 'ਮੈਂ' ਖਤਮ ਹੋਣ ਨਾਲ ਹੀ ਮਿਟ ਗਿਆ ਸੀ, ਜੋ ਹੁਣ ਮੌਜੂਦ ਹੈ, ਉਹ ਮੈਂ ਹੈ ਹੀ ਨਹੀਂ। ਦੂਜੇ ਪਾਸੇ ਮੇਰੇ ਫੁੱਲ ਮਾਰਨ ਵਾਲਾ ਸ਼ਿਬਲੀ ਤਾਂ ਮੇਰਾ ਗੁਰੂ ਭਾਈ ਹੈ, ਸ਼ਿਬਲੀ ਸਭ ਸੱਚ ਜਾਣਦੇ ਹੋਏ ਫਿਰ ਵੀ ਜੇ ਹਾਕਮ ਵਾਲੇ ਪਾਸੇ ਖੜ੍ਹਾ ਹੈ ਤਾਂ ਇਸ ਦੁਆਰਾ ਮਾਰੇ ਗਏ ਬੇਵਫ਼ਾਈ ਦੇ ਫੁੱਲ ਨਾਲ ਤਕਲੀਫ਼ ਲੋਕਾਂ ਦੁਆਰਾ ਮਾਰੇ ਪੱਥਰਾਂ ਨਾਲੋ ਮੈਨੂੰ ਕਿਤੇ ਜ਼ਿਆਦਾ ਹੋ ਰਹੀ ਹੈ।
ਜ਼ੁਲਮ ਦੀ ਇਸ ਇੰਤਹਾ ਉਪਰੰਤ ਬਹੁਤ ਹੀ ਜ਼ਾਲਮਾਨਾ ਢੰਗ ਨਾਲ ਵੱਢੇ ਟੁੱਕੇ ਗਏ ਹਜ਼ਰਤ ਮਨਸੂਰ ਨੂੰ ਰਾਤ ਭਰ ਸੂਲੀ 'ਤੇ ਟੰਗੀ ਰੱਖਿਆ ਗਿਆ। ਅਗਲੀ ਸਵੇਰ ਸੂਲੀ 'ਤੇ ਨੱਚਦੇ ਸੱਚ ਦਾ ਸਾਹ ਚੱਲਦਿਆਂ ਵੇਖ ਹਾਕਮ ਹੋਰ ਘਬਰਾਅ ਗਿਆ ਅਤੇ ਹਜ਼ਰਤ ਸਾਹਿਬ ਦਾ ਸਿਰ ਕਲਮ ਕਰ ਦੇਣ ਤੀਕ ਉੱਤਰ ਆਇਆ। ਸੱਚ (ਹੱਕ) ਲਈ ਕਰਬਾਨ ਹੁੰਦਿਆਂ ਹਜ਼ਰਤ ਮਨਸੂਰ ਦੇ ਆਖਰੀ ਬੋਲ ਉਨ੍ਹਾਂ ਦੇ ਪੂਰੇ ਜੀਵਨ, ਫਲਸਫ਼ੇ ਅਤੇ ਸ਼ਹਾਦਤ ਦਾ ਨਿਚੋੜ ਸਨ।ਇਕ ਪ੍ਰੇਮੀ ਲਈ ਇਹ ਹੀ ਕਾਫ਼ੀ ਹੈ ਕਿ ਉਹ ਆਪਣੇ ਮਹਿਬੂਬ (ਰੱਬ) ਦੀ ਏਕਤਾ ਨੂੰ ਸਾਬਤ ਕਰੇ। ਰੱਬ ਨਾਲ ਏਕਤਾ ਸਾਬਤ ਕਰਨ ਤੋਂ ਹਜ਼ਰਤ ਮਨਸੂਰ ਦਾ ਭਾਵ ਸੀ ਕਿ ਇਸਲਾਮ 'ਤੌਹੀਦ' (ਰੱਬ ਨਾਲ ਇਕਮਿਕਤਾ) ਮੂੰਹ-ਜ਼ੁਬਾਨੀਂ ਤਾਂ ਜ਼ਰੂਰ ਆਖਦਾ ਹੈ ਪਰ ਰੱਬ ਨਾਲ ਇਕ-ਮਿੱਕ ਹੋਣ ਸਮੇਂ ਆਪਣੀ 'ਮੈ' ਨਾਲ ਲਬਰੇਜ ਬੰਦਾ ਅਤੇ ਰੱਬ ਦੋ ਵੱਖ-ਵੱਖ ਰਹਿ ਜਾਂਦੇ ਹਨ। ਤੌਹੀਦ ਤਾਂ ਹੀ ਸੰਭਵ ਹੋ ਸਕਦੀ ਹੈ ਜੇਕਰ ਬੰਦਾ ਰੱਬ ਅੱਗੇ ਆਪਣੀ ਹੋਂਦ ਮਿਟਾ ਦੇਵੇ। ਆਪਣੀ ਕਹਿਣੀ ਨੂੰ ਕਰਨੀ 'ਚ ਬਦਲਦਿਆਂ ਹਜ਼ਰਤ ਮਨਸੂਰ ਨੇ ਆਪਣੇ ਪਿਆਰੇ ਦੇ ਦੁਆਰ 'ਤੇ ਪੇਸ਼ ਹੋਣ ਤੋਂ ਪਹਿਲਾਂ ਆਪਣੀ ਹੋਂਦ ਪੂਰੀ ਤਰ੍ਹਾਂ ਮਿਟਾ ਦਿੱਤੀ ਅਤੇ ਤੌਹੀਦ ਨੂੰ ਸੱਚ ਦਾ ਜਾਮਾ ਪਹਿਨਾਉਂਦੇ ਹੋਇਆਂ ਰੱਬ ਨਾਲ ਇਕ-ਮਿੱਕ ਹੋ ਗਿਆ।
ਇਸ ਮੌਕੇ ਵੀ ਹਜ਼ਰਤ ਮਨਸੂਰ ਆਪਣੇ ਪਿਆਰੇ (ਅੱਲ੍ਹਾ) ਨੂੰ ਸੰਬੋਧਨ ਕਰਦਿਆਂ ਆਖ ਰਹੇ ਸਨ, ਹੇ ਮੇਰੇ ਮੌਲਾ! ਤੂੰ ਮੇਰੇ ਅਤੇ ਆਪਣੇ ਵਿਚਕਾਰੋਂ ਸਭ ਪਰਦੇ ਹਟਾ ਦਿੱਤੇ ਹਨ, ਮੈਂ ਤੈਨੂੰ ਸ਼ਾਖਸ਼ਾਤ ਦੇਖ ਪਾ ਰਿਹਾ ਹਾਂ, ਮੈਂ ਤੈਨੂੰ ਮਿਲਣ ਦੇ ਜਸ਼ਨ ਮਨਾ ਰਿਹਾ ਹਾਂ, ਇਹ ਮੈਨੂੰ ਖਤਮ ਕਰ ਦੇਣ ਦੇ ਭੁਲੇਖੇ ਵਿਚ ਹਨ। ਇਹ ਜ਼ੁਲਮ ਢਾਹੁਣ ਵਾਲੇ ਲੋਕਾਂ ਦੀਆਂ ਅੱਖਾਂ ਅੱਗੇ ਇਹ ਪਰਦਾ ਜਿਉਂ ਦਾ ਤਿਉਂ ਕਾਇਮ ਹੈ, ਇਹ ਪਰਦਾ ਨਾ ਹੁੰਦਾ ਤਾਂ ਇਹ ਵੀ ਅਜਿਹਾ ਨਾ ਕਰ ਰਹੇ ਹੁੰਦੇ। ਇਨ੍ਹਾਂ ਦੇ ਗੁਨਾਹ ਮੁਆਫ਼ ਕਰ ਦੇਵੀਂ।
ਹਜ਼ਰਤ ਮਨਸੂਰ ਦੀ ਸ਼ਹਾਦਤ ਉਪਰੰਤ ਵੀ ਹਾਕਮ ਧਿਰ ਨੂੰ ਸਕੂਨ ਨਹੀਂ ਸੀ ਆ ਰਿਹਾ। ਉਨ੍ਹਾਂ ਨੂੰ ਡਰ ਸੀ ਕਿ ਹਜ਼ਰਤ ਮਨਸੂਰ ਨੂੰ ਚਾਹੁਣ ਵਾਲੇ ਲੋਕ ਉਨ੍ਹਾਂ ਦੇ ਘਟਨਾ ਸਥਾਨ 'ਤੇ ਉਸ ਦੀ ਯਾਦ ਵਿਚ ਤੀਰਥ ਅਸਥਾਨ ਨਾ ਬਣਾ ਦੇਣ। ਇਸ ਹਫੜਾ-ਦਫੜੀ ਵਿਚ ਮਨਸੂਰ ਦੀ ਦੇਹ ਨੂੰ ਸਾੜਨ ਉਪਰੰਤ ਸਾਰੀ ਸੁਆਹ ਦਜਲਾ ਦਰਿਆ ਵਿਚ ਵਹਾ ਦਿੱਤੀ ਗਈ।
ਅੱਜ ਹਜ਼ਰਤ ਸਾਹਿਬ ਦੀ ਸ਼ਹਾਦਤ ਦੇ 1105 ਸਾਲ ਬਾਅਦ ਇਸਲਾਮੀ ਇਤਿਹਾਸ ਵਿਚ ਇਹ ਬਹਿਸ ਚੱਲ ਰਹੀ ਹੈ ਕਿ ਹਜ਼ਰਤ ਮਨਸੂਰ ਨੂੰ 'ਖੁਦਾ ਦੇ ਇਸ਼ਕ' ਨੇ ਮਾਰਿਆ ਹੈ ਜਾਂ 'ਕਾਨੂੰਨ' ਨੇ। ਇਸ਼ਕ-ਏ-ਇਲਾਹੀ ਤਹਿਤ ਹਜ਼ਰਤ ਮਨਸੂਰ ਮੰਨਦੇ ਸਨ ਕਿ ਰੱਬ ਨੂੰ ਸਿਰਫ਼ ਚਾਰ ਕਿਤਾਬਾਂ ਪੜ੍ਹ ਕੇ ਨਹੀਂ ਪਾਇਆ ਜਾ ਸਕਦਾ ਸਗੋਂ ਰੱਬ ਨਾਲ ਸੱਚੀ ਮੁਹੱਬਤ ਕਰਦੇ ਹੋਏ ਖ਼ੁਦ ਨੂੰ ਮਿਟਾ ਕੇ ਹਾਸਿਲ ਕੀਤਾ ਜਾ ਸਕਦਾ ਹੈ।
ਬਗਦਾਦ ਦਾ ਖ਼ਲੀਫ਼ਾ, ਹਜ਼ਰਤ ਮਨਸੂਰ ਦੀ ਸ਼ਹਾਦਤ ਤੋਂ ਬਾਅਦ ਇਸ ਕਦਰ ਡੋਲ ਗਿਆ ਕਿ ਉਸ ਦੇ ਹੱਥੋਂ ਅੱਲ੍ਹਾ ਦੇ ਵਲੀ ਦਾ ਕਤਲ ਹੋ ਗਿਆ ਹੈ। ਖ਼ਲੀਫ਼ਾ ਅਲਮੂਕਤਾਦਰ ਦਾ ਮਾਨਸਿਕ ਸੰਤੁਲਨ ਅਤੇ ਤਖ਼ਤ ਇਸ ਕਦਰ ਡੋਲ ਗਿਆ ਕਿ ਮੁੜ ਸੰਭਲ ਹੀ ਨਾ ਸਕਿਆ। ਦੂਸਰੇ ਪਾਸੇ ਸੱਚ ਦੇ ਸਾਨੀ ਹਜ਼ਰਤ ਮਨਸੂਰ ਦੀ ਇਸ ਲਾਸਾਨੀ ਕੁਰਬਾਨੀ ਨੇ ਉਸ ਨੂੰ ਸੂਫ਼ੀਵਾਦ ਦਾ 'ਸੁਲਤਾਨ' ਬਣਾ ਦਿੱਤਾ।
ਸਭ ਚਾਹੁੰਦੇ ਨੇ ਸਾਡੇ ਬੱਚੇ,
ਸੱਚ ਦੇ ਸਾਨੀ ਹੋ ਜਾਵਣ।
ਸੱਚ ਦੱਸਿਓ ਕਿ ਬੱਚਿਆਂ ਨੂੰ,
ਮਨਸੂਰ ਦੀ ਕਥਾ ਸੁਣਾਈ ਹੈ ?
(ਸਮਾਪਤ)
-ਕੈਲੀਬਰ ਆਰਟ ਸਟੂਡੀਓ,
ਸ਼ਹੀਦ ਭਗਤ ਸਿੰਘ ਨਗਰ।
ਮੋਬਾਈਲ : 98154-61875