10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

14 ਮਈ ਨੂੰ ਜਨਮ ਦਿਨ 'ਤੇ ਵਿਸ਼ੇਸ਼-ਸਮੁੱਚੇ ਧਰਮਾਂ ਦੀ ਸਤਿਕਾਰਤ ਸ਼ਖ਼ਸੀਅਤ ਸੰਤ ਤੇਜਾ ਸਿੰਘ ਮਸਤੂਆਣਾ

Ad Position 21
repet_subhas-goyals [Copy P29]
ਅਜੀਤ ਡੈਸਕ 11-05-2026

ਸੰਸਾਰ ਭਰ ਦੇ ਸਭ ਧਰਮਾਂ ਦੀ ਸਤਿਕਾਰਤ ਤੇ ਉੱਘੀ ਸ਼ਖ਼ਸੀਅਤ ਸਨ ਸੰਤ ਤੇਜਾ ਸਿੰਘ ਮਸਤੂਆਣਾ। ਸੰਤ ਤੇਜਾ ਸਿੰਘ ਦਾ ਸਮੁੱਚਾ ਜੀਵਨ ਇਕ ਵਿਦਵਾਨ ਪ੍ਰਚਾਰਕ ਤੋਂ ਇਲਾਵਾ ਬੰਦਗੀ, ਨਿਮਰਤਾ, ਸਾਦਗੀ, ਵਿੱਦਿਆਦਾਨੀ ਤੇ ਸਿੱਖਿਆ ਸ਼ਾਸਤਰੀ ਆਦਿ ਗੁਣਾਂ ਦਾ ਬਹੁ-ਰੰਗਾ ਗੁਲਦਸਤਾ ਸੀ। ਸੰਸਾਰ ਦੇ ਧਰਮੀ ਲੋਕਾਂ ਵਿਚ ਉਹ ਰੌਸ਼ਨ ਮੀਨਾਰ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਦਾ ਜਨਮ 14 ਮਈ 1877 ਵਿਚ ਗੁਜਰਾਂਵਾਲਾ ਦੇ ਪਿੰਡ ਬੱਲੋਵਾਲੀ (ਅੱਜ ਪੱਛਮੀ ਪੰਜਾਬ, ਪਾਕਿਸਤਾਨ 'ਚ) ਵਿਖੇ ਸ. ਰੁਲੀਆ ਸਿੰਘ ਤੇ ਮਾਤਾ ਸਦਾ ਕੌਰ ਦੇ ਘਰ ਹੋਇਆ। ਉਨ੍ਹਾਂ ਦਾ ਬਚਪਨ ਦਾ ਨਾਂਅ ਨਿਰੰਜਨ ਸਿੰਘ ਸੀ। 20 ਵਰ੍ਹੇ ਦੀ ਉਮਰ 'ਚ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਤੋਂ ਖੰਡੇ ਬਾਟੇ ਦੀ ਦਾਤ ਪ੍ਰਾਪਤ ਕਰਕੇ ਉਨ੍ਹਾਂ ਨੂੰ ਤੇਜਾ ਸਿੰਘ ਨਾਂਅ ਮਿਲਿਆ। ਆਪਣੇ ਪਿੰਡ ਦੇ ਨੇੜਲੇ ਪਿੰਡ ਫ਼ਾਜ਼ਲਾ ਤੋਂ ਸਕੂਲੀ ਵਿੱਦਿਆ ਹਾਸਿਲ ਕੀਤੀ। ਪਿੱਛੋਂ ਲਾਹੌਰ ਗੌਰਮਿੰਟ ਕਾਲਜ ਤੋਂ ਗ੍ਰੈਜੂਏਸ਼ਨ ਤੇ ਐਮ.ਏ. (ਅੰਗਰੇਜ਼ੀ) ਕੀਤੀ। ਇੱਥੋਂ ਹੀ ਕਾਨੂੰਨ ਦੀ ਪੜ੍ਹਾਈ ਕੀਤੀ। ਹੁਣ ਜਦੋਂ ਕਾਲਜ ਦੀ ਸਿੱਖਿਆ ਪੂਰੀ ਹੋ ਚੁੱਕੀ ਸੀ ਤਾਂ ਉਹ ਪਿੰਡ ਤੇਰਾਂ ਦੇ ਐਂਗਲੋ ਸੰਸਕ੍ਰਿਤ ਹਾਈ ਸਕੂਲ ਦੇ ਪ੍ਰਿੰਸੀਪਲ ਨਿਯੁਕਤ ਹੋਏ। ਇਸ ਸਕੂਲ 'ਚ ਥੋੜ੍ਹਾ ਸਮਾਂ ਸੇਵਾ ਨਿਭਾਉਣ ਪਿੱਛੋਂ ਉਹ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਵਾਈਸ ਪਿੰਸੀਪਲ ਬਣੇ। ਸੰਤ ਬਾਬਾ ਅਤਰ ਸਿੰਘ ਮਸਤੂਆਣਾ ਵਲੋਂ ਇਨ੍ਹਾਂ ਸਮੇਤ ਚਾਰ ਹੋਰ ਨੌਜਵਾਨਾਂ ਨੂੰ ਉਚੇਰੀ ਵਿੱਦਿਆ ਲਈ ਵਿਦੇਸ਼ ਭੇਜਿਆ ਗਿਆ। ਇਨ੍ਹਾਂ ਨੇ ਯੂਨੀਵਰਸਿਟੀ ਕਾਲਜ ਲੰਡਨ (ਇੰਗਲੈਂਡ) ਵਿਖੇ ਦਾਖਲਾ ਲਿਆ। ਛੇਤੀ ਹੀ ਪੜ੍ਹਾਈ ਵਿਚਕਾਰ ਛੱਡ ਕੇ ਟੀਚਰਜ਼ ਕਾਲਜ ਕੋਲੰਬੀਆ ਯੂਨੀਵਰਸਿਟੀ ਅਮਰੀਕਾ ਵਿਖੇ ਜਾ ਦਾਖਲ ਹੋਏ। ਇੱਥੇ ਪੜ੍ਹਦਿਆਂ ਉਨ੍ਹਾਂ ਨੇ ਹਾਵਰਡ ਯੂਨੀਵਰਸਿਟੀ ਵਿਖੇ ਮਾਈਗ੍ਰੇਸ਼ਨ ਕਰਾ ਲਈ।
1911 'ਚ ਪੜ੍ਹਾਈ ਉਪਰੰਤ ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ 'ਚ ਸਿੱਖ ਧਰਮ ਬਾਰੇ ਦੁਨੀਆ ਦੇ ਦੂਜੇ ਧਰਮਾਂ ਦੇ ਮੁਖੀਆਂ ਦੇ ਸਨਮੁਖ ਵਿਸ਼ੇਸ਼ ਵਿਖਿਆਨ ਦਿੱਤੇ। ਦੂਜੀਆਂ ਕੌਮਾਂ ਨੂੰ ਸਿੱਖ ਧਰਮ ਦੀ ਵਿਲੱਖਣਤਾ, ਸਿਧਾਂਤਾਂ, ਸਿੱਖ ਇਤਿਹਾਸ ਤੇ ਗੁਰਬਾਣੀ ਸੰਬੰਧੀ ਵਿਦਵਤਾ ਭਰਪੂਰ ਸਿਧਾਂਤਕ ਵਿਚਾਰ ਦੇ ਕੇ ਪ੍ਰਭਾਵਿਤ ਕੀਤਾ। ਲੰਡਨ ਵਿਖੇ ਪਹਿਲਾਂ ਗੁਰੂ ਘਰ ਸ਼ੈਫਰਡ ਤੇ ਕੈਨੇਡਾ ਵਿਖੇ ਖ਼ਾਲਸਾ ਦੀਵਾਨ ਸੁਸਾਇਟੀ ਬਣਾ ਕੇ ਸਿੱਖ ਧਰਮ ਦੇ ਪ੍ਰਚਾਰ ਦਾ ਆਗਾਜ਼ ਕੀਤਾ। ਹੁਣ ਅੰਗਰੇਜ਼ ਹਕੂਮਤ, ਜੋ ਸਿੱਖਾਂ ਨੂੰ ਸਿਰਫ਼ ਜੁਝਾਰੂ ਹੀ ਸਮਝਦੀ ਸੀ, ਉਨ੍ਹਾਂ ਜਾਣ ਲਿਆ ਸਿੱਖ ਦੁਨੀਆ ਦੇ ਇਤਿਹਾਸ 'ਚ ਇਕ ਵੱਖਰੀ ਪਛਾਣ ਬਣਾ ਕੇ ਆਪਣੀ ਵਿਲੱਖਣਤਾ ਦੇ ਝੰਡੇ ਵੀ ਗੱਡਣ ਦੇ ਸਮਰੱਥ ਹਨ। ਇਸ ਪਿੱਛੋਂ ਮਸਤੂਆਣਾ ਆ ਕੇ ਮੁੜ ਧਾਰਮਿਕ ਸੇਵਾਵਾਂ 'ਚ ਜੁਟ ਗਏ। ਥੋੜ੍ਹਾ ਸਮਾਂ ਭਦੌੜ ਦੇ ਲੜਕੀਆਂ ਦੇ ਕਾਲਜ ਵਿਚ ਵੀ ਸੇਵਾ ਨਿਭਾਈ। 1920 'ਚ ਉਨ੍ਹਾਂ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਟੀਚਰਜ਼ ਕਾਲਜ ਦੇ ਪ੍ਰਿੰਸੀਪਲ ਵਜੋਂ ਸੇਵਾ ਨਿਭਾਈ। ਇਸ ਤੋਂ ਇਕ ਸਾਲ ਬਾਅਦ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਦੇ ਹੁਕਮ ਮੁਤਾਬਿਕ ਮਸਤੂਆਣਾ ਵਿਖੇ ਅਕਾਲ ਡਿਗਰੀ ਕਾਲਜ ਦੀ ਸਥਾਪਨਾ ਕੀਤੀ। ਵਿਦਵਾਨ ਹਸਤੀ ਸੰਤ ਤੇਜਾ ਸਿੰਘ ਮਸਤੂਆਣਾ ਦਾ ਜੀਵਨ ਸੇਵਾ, ਸਿਮਰਨ, ਤਪ-ਤਿਆਗ ਤੇ ਸਿੱਖ ਮਿਸ਼ਨਰੀ ਦਾ ਇਕ ਉੱਤਮ ਨਮੂਨਾ ਸੀ। ਉਨ੍ਹਾਂ ਨੇ ਜੀਵਨ 'ਚ ਵਿਸ਼ਵ ਪੱਧਰ ਦੀਆਂ ਕਾਨਫਰੰਸਾਂ, ਸੈਮੀਨਾਰਾਂ ਤੇ ਗੋਸ਼ਟੀਆਂ ਵਿਚ ਜਾ ਕੇ ਸਿੱਖਾਂ ਦੀ ਵਿਦਵਤਾ ਤੇ ਸਵੈ-ਪਹਿਚਾਣ ਦਾ ਪ੍ਰਗਟਾਵਾ ਕੀਤਾ। ਸੰਤ ਬਾਬਾ ਤੇਜਾ ਸਿੰਘ ਮਸਤੂਆਣਾ 3 ਜੁਲਾਈ 1965 ਵਿਚ ਪਿੰਡ ਚੀਮਾ ਵਿਖੇ ਗੁਰਪੁਰੀ ਪਿਆਨਾ ਕਰ ਗਏ। ਸੰਤ ਬਾਬਾ ਤੇਜਾ ਸਿੰਘ ਮਸਤੂਆਣਾ ਦੇ ਕਦਮਾਂ 'ਤੇ ਚਲਦਿਆਂ ਸਿੱਖਿਆ ਖੇਤਰ ਵਿਚ ਮੋਹਰੀ ਦਰਜਾ ਪ੍ਰਾਪਤ ਕਰਨ ਲਈ ਸੱਚਖੰਡ ਵਾਸੀ ਸੰਤ ਇਕਬਾਲ ਸਿੰਘ ਬੜੂ ਸਾਹਿਬ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਸੱਚਖੰਡ ਵਾਸੀ ਗੁਰਮੁਖ ਪਿਆਰੇ ਡਾ. ਖੇਮ ਸਿੰਘ ਗਿੱਲ ਵੀ ਆਪਣਾ ਜੀਵਨ ਲੇਖੇ ਲਾ ਚੁੱਕੇ ਹਨ। ਅੱਜ ਤੋਂ ਇਸੇ ਮੰਜ਼ਿਲ ਨੂੰ ਸਰ ਕਰਨ ਲਈ ਦੇਸ਼ ਭਰ 'ਚ ਚੱਲ ਰਹੀਆਂ ਅਕਾਲ ਅਕੈਡਮੀਆਂ ਅਤੇ ਉਚੇਰੀ ਸਿੱਖਿਆ ਲਈ ਦੋ ਯੂਨੀਵਰਸਿਟੀਆਂ ਟਰੱਸਟ ਦੀ ਅਗਵਾਈ 'ਚ ਆਪਣਾ ਯੋਗਦਾਨ ਪਾ ਰਹੀਆਂ ਹਨ।

ਈ-ਮੇਲ : bhagwansinghjohal@gmail.com

Ad Position 22
No active advertisement
ਪਿਛਲੀ ਖ਼ਬਰ ਸਰਕਾਰਾਂ ਦੁਆਰਾ ਕਾਨੂੰਨ ਨੂੰ ਲਾਗੂ ਨਾ ਕਰ ਸਕਣ ਦੀ ਅਸਫਲਤਾ ਤੋਂ ਵੱਡਾ ਦੋਸ਼ ਹੋਰ ਕੁਝ ਵੀ ਨਹੀਂ ਹੈ। -ਅਲਬਰਟ ਆਈਨਸਟਾ... ਅਗਲੀ ਖ਼ਬਰ ਸੂਲੀ 'ਤੇ ਨੱਚਦਾ ਸੱਚ : ਹਜ਼ਰਤ ਹੁਸੈਨ ਮਨਸੂਰ
Ad Position 24