(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਲੋੜਵੰਦਾਂ ਦੀ ਸਹਾਇਤਾ-ਗੁਰੂ ਦਾ ਸਿੱਖ ਕਦੇ ਗ਼ਰੀਬ ਨਹੀਂ ਹੁੰਦਾ ਤੇ ਨਾ ਹੀ ਉਹ ਕਿਸੇ ਤੋਂ ਮੰਗਣ ਦੀ ਉਮੀਦ ਰੱਖਦਾ ਹੈ। ਸਾਨੂੰ ਜੀਵਨ ਵਿਚ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦਾ ਮਾਰਗ ਦੱਸਿਆ ਗਿਆ ਜਿਹੜਾ ਕਿ ਪਰਉਪਕਾਰ ਤੇ ਸਵੈਮਾਣ ਦੀ ਦਿਸ਼ਾ ਵੱਲ ਲਿਜਾਂਦਾ ਹੈ, ਪਰ ਸਾਡੇ ਸਮਾਜਿਕ ਪ੍ਰਬੰਧ ਨੇ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਕਿ ਜਿਹੜੇ ਗ਼ਰੀਬ ਹੋਣ ਦਾ ਵਧੇਰੇ ਰੌਲਾ ਪਾਉਂਦੇ ਹਨ, ਉਹ ਹੀ ਬਹੁਤੇ ਫ਼ਾਇਦੇ ਲੈਣ 'ਚ ਸਫ਼ਲ ਹੋ ਜਾਂਦੇ ਹਨ। ਕਿਰਤੀ, ਇਮਾਨਦਾਰ, ਸਵੈਮਾਨ ਭਰਪੂਰ ਜੀਵਨ ਬਸਰ ਕਰਨ ਵਾਲੇ ਆਰਥਿਕ ਤੰਗੀ ਵਿਚ ਗੁਜ਼ਾਰਾ ਕਰ ਲੈਂਦੇ ਹਨ ਪਰ ਆਪਣੀ ਆਰਥਿਕ ਤੰਗੀ ਦੀ ਨੁਮਾਇਸ਼ ਨਹੀਂ ਕਰ ਸਕਦੇ। ਪੰਜਾਬ ਤੋਂ ਅਜਿਹੇ ਪਰਿਵਾਰ ਹਾਲੇ ਤੱਕ ਮੌਜੂਦ ਹਨ ਜਿਹੜੇ ਸਿੱਖੀ ਨਾਲ ਜੁੜੇ ਹੋਏ ਹਨ, ਸਕੂਲਾਂ 'ਚ ਉਨ੍ਹਾਂ ਦੇ ਬੱਚੇ ਸਥਾਨਕ ਭਾਸ਼ਾ ਦੇ ਨਾਲ-ਨਾਲ ਅੰਗਰੇਜ਼ੀ ਤੇ ਹਿੰਦੀ ਪੜ੍ਹਦੇ ਹਨ। ਗੁਰੂ ਨਾਲ ਜੁੜਨ ਲਈ ਉਹ ਗੁਰਮੁਖੀ ਦਾ ਗਿਆਨ ਵੀ ਪ੍ਰਾਪਤ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਗੁਰਦੁਆਰਿਆਂ 'ਚ ਗ੍ਰੰਥੀ ਸਿੰਘ ਬੱਚਿਆਂ ਨੂੰ ਇੰਨੀ ਕੁ ਗੁਰਮੁਖੀ ਪੜ੍ਹਾਉਣ ਵਿਚ ਸਫ਼ਲ ਹੋ ਸਕਦੇ ਹਨ ਕਿ ਉਹ ਨਿਤਨੇਮ ਆਦਿ ਕਰ ਸਕਣ। ਪੰਜਾਬ ਤੇ ਉੱਤਰੀ ਭਾਰਤ ਵਿਚ ਸਿੱਖ ਬੱਚੇ ਦੁਨਿਆਵੀ ਚਮਕ-ਦਮਕ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦੇ ਤੇ ਛੇਤੀ ਹੀ ਉਨ੍ਹਾਂ ਵੱਲ ਖਿੱਚੇ ਜਾਂਦੇ ਹਨ। ਪੰਜਾਬ 'ਚ ਵੀ ਬਹੁਤ ਸਾਰੇ ਸਿੱਖ ਪਰਿਵਾਰ ਅਜਿਹੇ ਹਨ, ਜਿਹੜੇ ਆਰਥਿਕ ਤੰਗੀ ਦਾ ਸ਼ਿਕਾਰ ਹਨ, ਉਨ੍ਹਾਂ ਦੇ ਤਿਲਕਣ ਦਾ ਖ਼ਤਰਾ ਵਧੇਰੇ ਹੈ। ਪੰਜਾਬ ਤੇ ਭਾਰਤ ਦੇ ਹੋਰਨਾਂ ਹਿੱਸਿਆਂ 'ਚ ਰਹਿਣ ਵਾਲੇ ਆਰਥਿਕ ਤੌਰ 'ਤੇ ਕਮਜ਼ੋਰ ਸਿੱਖ ਪਰਿਵਾਰਾਂ ਦੇ ਬੱਚਿਆਂ ਦੀ ਯੋਗ ਸਹਾਇਤਾ ਲਈ ਕੀਤਾ ਗਿਆ ਚਿੰਤਨ ਸਿੱਖੀ ਦੀਆਂ ਜੜ੍ਹਾਂ ਮਜ਼ਬੂਤ ਕਰਨ ਦਾ ਕਾਰਜ ਕਰ ਸਕਦਾ ਹੈ। ਭਾਰਤ ਦੇ ਹਰ ਇਕ ਰਾਜ ਵਿਚ ਆਰਥਿਕ ਤੌਰ 'ਤੇ ਮਜ਼ਬੂਤ ਸਿੱਖ ਸੰਗਠਿਤ ਰੂਪ ਵਿਚ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਦੀ ਸਹਾਇਤਾ ਕਰਨ ਤਾਂ ਸਾਰਥਕ ਸਿੱਟੇ ਸਾਹਮਣੇ ਆ ਸਕਦੇ ਹਨ।
ਵਿੱਦਿਅਕ ਵਿਕਾਸ ਲਈ ਯਤਨ-ਸੇਵਾ ਤੇ ਪਰਉਪਕਾਰ ਦੇ ਖੇਤਰ 'ਚ ਸਿੱਖ ਭਾਈਚਾਰੇ ਨੇ ਵਿਸ਼ਵ ਪੱਧਰ 'ਤੇ ਜਿਹੜੀ ਪਛਾਣ ਕਾਇਮ ਕੀਤੀ ਹੈ, ਨਿਸਚਿਤ ਤੌਰ 'ਤੇ ਉਹ ਸ਼ਲਾਘਾਯੋਗ ਹੈ। ਸੰਕਟ-ਗ੍ਰਸਤ ਲੋਕਾਂ ਦੀ ਸੇਵਾ ਕਰਨਾ ਪੁੰਨ ਕਰਮ ਸਮਝਿਆ ਗਿਆ ਹੈ ਪਰ ਇਸ ਦੇ ਨਾਲ-ਨਾਲ ਪੰਜਾਬ ਤੇ ਭਾਰਤ ਦੇ ਹੋਰਨਾਂ ਹਿੱਸਿਆਂ 'ਚ ਵਸਦੇ ਆਰਥਿਕ ਤੌਰ 'ਤੇ ਕਮਜ਼ੋਰ ਸਿੱਖ ਪਰਿਵਾਰਾਂ ਦੇ ਬੱਚਿਆਂ ਵੱਲ ਵੀ ਧਿਆਨ ਦੇਣ ਦੀ ਲੋੜ ਹੈੈ। ਜਿਹੜੀਆਂ ਕੌਮਾਂ ਭਾਵੁਕ ਜਾਂ ਅਗਾਂਹਵਧੂ ਹੁੰਦੀਆਂ ਹਨ, ਉਨ੍ਹਾਂ ਦੇ ਬੱਚੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਕਿਸੇ ਵੀ ਦਿਸ਼ਾ ਜਾਂ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਉਚੇਰੀ ਵਿੱਦਿਆ ਰਾਹੀਂ ਰੁਜ਼ਗਾਰ ਪ੍ਰਾਪਤ ਕਰਨ ਲਈ ਯਤਨਸ਼ੀਲ ਹੋਏ ਪੰਜਾਬ ਦੇ ਨੌਜਵਾਨਾਂ ਨੇ ਜਿਸ ਢੰਗ ਨਾਲ ਬਾਹਰਲੇ ਮੁਲਕਾਂ ਦਾ ਰੁਖ਼ ਕੀਤਾ ਹੈ, ਉਸ ਨੇ ਸਭ ਨੂੰ ਇਹ ਸੋਚਣ ਲਈ ਮਜ਼ਬੂਰ ਕਰ ਦਿੱਤਾ ਕਿ ਅਜਿਹੇ ਕਿਹੜੇ ਕਾਰਨ ਹਨ ਜਿਨ੍ਹਾਂ ਕਰਕੇ ਪੰਜਾਬ ਦੇ ਨੌਜਵਾਨ ਬਾਹਰ ਜਾ ਰਹੇ ਹਨ। ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਉਹ ਕੋਈ ਵੀ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ ਤੇ ਆਪਣੇ ਧਾਰਮਿਕ ਚਿਨ੍ਹਾਂ ਤੇ ਅਕੀਦੇ ਨੂੰ ਤਿਲਾਂਜਲੀ ਦੇ ਰਹੇ ਹਨ। ਸਿੱਖਾਂ ਵਿਚ ਕੌਮੀ ਪੱਧਰ 'ਤੇ ਇਹ ਘਾਟ ਦੇਖਣ ਨੂੰ ਮਿਲ ਰਹੀ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਅਜਿਹੀ ਸਿੱਖਿਆ ਪ੍ਰਾਪਤ ਨਹੀਂ ਹੋ ਰਹੀ, ਜਿਹੜੀ ਰੁਜ਼ਗਾਰ ਪ੍ਰਾਪਤੀ ਦੇ ਨਾਲ-ਨਾਲ ਉਨ੍ਹਾਂ ਨੂੰ ਧਾਰਮਿਕ ਅਕੀਦੇ ਨਾਲ ਜੋੜੀ ਰੱਖੇ। ਇਸ ਦਾ ਵੱਡਾ ਕਾਰਨ ਸਿੱਖਿਆ ਦੀ ਦਿਸ਼ਾ ਕੇਵਲ ਧਨ ਕਮਾਉਣ ਤੱਕ ਸੀਮਤ ਹੋ ਗਈ ਹੈ, ਜਿਹੜੀ ਕਿ ਇਕਪਾਸੜ ਤੇ ਮਾਰੂ ਸਾਬਤ ਹੋ ਰਹੀ ਹੈ। ਵਿਸ਼ੇਸ਼ ਗੁਰਪੁਰਬਾਂ ਮੌਕੇ ਅੱਜ ਬੱਚਿਆਂ ਨੂੰ ਛੁੱਟੀ ਹੋ ਜਾਂਦੀ ਹੈ। ਅੱਸੀਵਿਆਂ ਤੱਕ ਸਿੱਖਾਂ ਦੇ ਬਹੁਤ ਸਾਰੇ ਸਕੂਲਾਂ 'ਚ ਇਹ ਵਿਧਾਨ ਦੇਖਣ ਨੂੰ ਮਿਲਦਾ ਰਿਹਾ ਕਿ ਗੁਰਪੁਰਬਾਂ ਮੌਕੇ ਬੱਚਿਆਂ ਨੂੰ ਸਮੇਂ ਤੋਂ ਪਹਿਲਾਂ ਬੁਲਾਇਆ ਜਾਂਦਾ ਤੇ ਉਨ੍ਹਾਂ ਤੋਂ ਛਬੀਲ ਤਿਆਰ ਕਰਨ, ਪ੍ਰਸ਼ਾਦੇ ਪਕਾਉਣ ਤੇ ਵਰਤਾਉਣ, ਦਰੀਆਂ ਝਾੜਨ, ਬਰਤਨ ਸਮੇਟਣ ਆਦਿ ਕੰਮ ਲਿਆ ਜਾਂਦਾ ਸੀ। ਬੱਚਿਆਂ ਦੇ ਮਾਪੇ ਵੀ ਸਕੂਲਾਂ 'ਚ ਹਾਜ਼ਰੀ ਭਰਦੇ ਸਨ। ਇਸ ਤਰ੍ਹਾਂ ਉਹ ਆਪਣੇ ਧਾਰਮਿਕ ਅਕੀਦੇ ਨਾਲ ਜੁੜੇ ਰਹਿੰਦੇ ਸਨ। ਬੱਚਿਆਂ ਨੂੰ ਗੁਰੂ-ਘਰ ਨਾਲ ਜੋੜਨ ਲਈ ਵਿਸ਼ੇਸ਼ ਗੁਰਮਤਿ ਕੈਂਪ ਲਾਉਣ ਤੇ ਗੁਰਪੁਰਬ ਮਨਾਉਣ ਦੇ ਜਿਹੜੇ ਢੰਗ-ਤਰੀਕੇ ਪਹਿਲਾਂ ਮੌਜੂਦ ਸਨ, ਉਨ੍ਹਾਂ ਨੂੰ ਦੁਬਾਰਾ ਸ਼ੁਰੂ ਕਰਨ ਦੀ ਲੋੜ ਹੈ।
ਧਰਮ ਨੂੰ ਸਿਆਸਤ ਤੋਂ ਮੁਕਤੀ ਦੀ ਲੋੜ-ਸਿੱਖ ਧਰਮ ਤੇ ਧਾਰਮਿਕ ਸੰਸਥਾਵਾਂ 'ਚ ਦਿਨੋ-ਦਿਨ ਵਧ ਰਿਹਾ ਸਿਆਸੀ ਦਖ਼ਲ ਸਿੱਖਾਂ ਨੂੰ ਸਿੱਖੀ ਤੋਂ ਦੂਰ ਕਰਨ ਦਾ ਕਾਰਜ ਕਰ ਰਿਹਾ ਹੈ। ਸਿੱਖਾਂ ਦੇ ਮਨ ਵਿਚ ਇਹ ਗੱਲ ਬੈਠ ਗਈ ਹੈ ਕਿ ਧਾਰਮਿਕ ਤੌਰ 'ਤੇ ਕੀਤੇ ਜਾ ਰਹੇ ਫ਼ੈਸਲੇ ਸਿਆਸਤ ਤੋਂ ਪ੍ਰਭਾਵਿਤ ਹੁੰਦੇ ਹਨ। ਪੰਜਾਬ ਦੀ ਰਾਜਨੀਤੀ ਨਾਲ ਜੁੜਿਆ ਹਰ ਰਾਜਸੀ ਆਗੂ ਖ਼ੁਦ ਨੂੰ ਪੰਥਕ ਜਾਂ ਪੰਥ ਦਾ ਹਮਦਰਦ ਦੱਸ ਰਿਹਾ ਹੈ ਪਰ ਜਦੋਂ ਉਸ ਦੇ ਅਜਿਹੇ ਕਾਰਜ ਆਮ ਲੋਕਾਂ ਦੇ ਸਾਹਮਣੇ ਆਉਂਦੇ ਹਨ ਜਿਹੜੇ ਕਿ ਸਿੱਖ ਸਿਧਾਂਤ ਨਾਲ ਮੇਲ ਨਹੀਂ ਖਾਂਦੇ ਤਾਂ ਲੋਕਾਂ ਦੇ ਮਨਾਂ 'ਚ ਆਗੂਆਂ ਪ੍ਰਤੀ ਰੋਸ ਪੈਦਾ ਹੋ ਜਾਂਦਾ ਹੈ ਤੇ ਕਈਆਂ ਦੇ ਮਨਾਂ 'ਚ ਧਰਮ ਪ੍ਰਤੀ ਨਕਾਰਾਤਮਿਕ ਵਿਚਾਰ ਪੈਦਾ ਹੋਣ ਲੱਗ ਪੈਂਦੇ ਹਨ। ਆਗੂਆਂ 'ਚ ਕਿਸੇ ਸਮੇਂ ਸਿੱਖੀ ਸੇਵਾ ਦੀ ਕੋਈ ਕਣੀ ਨਜ਼ਰ ਆਉਂਦੀ ਸੀ, ਪਰ ਹੁਣ ਬਹੁਤ ਮੱਧਮ ਪੈ ਗਈ ਹੈ। ਆਗੂਆਂ ਦੇ ਕਮਜ਼ੋਰ ਪੈਣ ਨਾਲ ਆਮ ਲੋਕ ਖੁੱਲ੍ਹ ਮਹਿਸੂਸ ਕਰਨ ਲੱਗ ਪਏ ਹਨ ਕਿ ਉਹ ਜੋ ਕੁਝ ਮਰਜ਼ੀ ਕਰ ਸਕਦੇ ਹਨ।
ਆਪਣੇ ਮਨ ਨੂੰ ਸਮਝਾਉਣ ਲਈ ਤਾਂ ਅਜਿਹੀਆਂ ਗੱਲਾਂ ਧਰਵਾਸ ਦੇ ਸਕਦੀਆਂ ਹਨ, ਪਰ ਗੁਰੂ ਅੱਗੇ ਬੇਈਮਾਨੀ ਨਹੀਂ ਚੱਲ ਸਕਦੀ। ਗੁਰੂ ਸਾਹਿਬਾਨ ਨੇ ਸ਼ਬਦ ਗੁਰੂ ਦੇ ਮਾਰਗ 'ਤੇ ਚੱਲਣ ਦਾ ਜਿਹੜਾ ਢੰਗ-ਤਰੀਕਾ ਦੱਸਿਆ ਹੈ, ਉਹ ਹੀ ਹੁਣ ਤੱਕ ਢੁਕਵਾਂ ਤੇ ਪ੍ਰਸੰਗਿਕ ਹੈ। ਇਹੀ ਢੰਗ-ਤਰੀਕਾ ਧਰਮ ਪਰਿਵਰਤਨ ਤੋਂ ਬਚਾਅ ਦੇ ਨਾਲ-ਨਾਲ ਇਕ ਸੁਚੱਜੀ ਜੀਵਨ-ਜਾਚ ਧਾਰਨ ਕਰਨ ਲਈ ਮਾਰਗ ਦਰਸ਼ਨ ਕਰ ਸਕਦਾ ਹੈ। (ਸਮਾਪਤ)
-ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।