ਭਾਰਤੀ ਹਾਕੀ ਦੇ ਇਤਿਹਾਸ 'ਚ 1975 ਦਾ ਸਾਲ ਇਕ ਅਜਿਹਾ ਸ਼ਾਨਦਾਰ ਅਧਿਆਇ ਲਿਖਦਾ ਹੈ, ਜਿਸ ਨੂੰ ਖੇਡ ਪ੍ਰੇਮੀਆਂ ਵਲੋਂ ਅੱਜ ਵੀ ਮਾਣ ਨਾਲ ਯਾਦ ਕੀਤਾ ਜਾਂਦਾ ਹੈ। ਇਨ੍ਹਾਂ ਸਾਲਾਂ 'ਚ ਭਾਰਤੀ ਹਾਕੀ ਟੀਮ ਧਰੂ ਤਾਰੇ ਵਾਂਗ ਚਮਕ ਰਹੀ ਸੀ। ਇਸ ਤੋਂ ਪਹਿਲਾਂ ਦੁਨੀਆ ਭਰ 'ਚ ਇਹ ਮੰਨਿਆ ਜਾਣ ਲੱਗਾ ਸੀ ਕਿ ਭਾਰਤ ਭਾਰਤੀ ਹਾਕੀ ਟੀਮ ਦੀ ਸਰਦਾਰੀ ਹੁਣ ਖ਼ਤਮ ਹੋਣ ਜਾ ਰਹੀ ਹੈ। ਪਰ ਜਦੋਂ 1975 ਦਾ ਹਾਕੀ ਵਿਸ਼ਵ ਕੱਪ ਸ਼ੁਰੂ ਹੋਇਆ ਤਾਂ ਭਾਰਤੀ ਟੀਮ ਨੇ ਸਾਰੀਆਂ ਧਾਰਨਾਵਾਂ ਨੂੰ ਗਲਤ ਸਾਬਤ ਕਰ ਦਿੱਤਾ ਤੇ ਵਿਸ਼ਵ ਚੈਂਪੀਅਨ ਬਣ ਕੇ ਸਰਦਾਰੀ ਨੂੰ ਕਾਇਮ ਰੱਖ ਕੇ ਯਾਦਗਾਰੀ ਇਤਿਹਾਸ ਰਚ ਦਿੱਤਾ।
ਇਹ ਵਿਸ਼ਵ ਕੱਪ ਕੁਆਲਾਲੰਪੁਰ (ਮਲੇਸ਼ੀਆ) ਵਿਖੇ ਖੇਡਿਆ ਗਿਆ ਸੀ। ਭਾਰਤੀ ਟੀਮ ਦੇ ਕਪਤਾਨ ਸ. ਅਜੀਤ ਪਾਲ ਸਿੰਘ ਸਨ। ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਕੋਚ, ਕਪਤਾਨ ਤੇ ਸਮੁੱਚੇ ਪ੍ਰਬੰਧਕਾਂ ਨੇ ਟੀਮ 'ਚ ਵੱਡੇ ਨਾਵਾਂ ਨਾਲੋਂ ਵੱਧ ਅਹਿਮੀਅਤ ਅਨੁਸ਼ਾਸਨ, ਡਿਫੈਂਸ ਤੇ ਟੀਮ ਵਰਕ ਨੂੰ ਦਿੱਤੀ। ਗਰੁੱਪ ਮੈਚਾਂ 'ਚ ਭਾਰਤ ਦਾ ਪਹਿਲਾ ਮੁਕਾਬਲਾ ਇੰਗਲੈਂਡ ਨਾਲ ਹੋਇਆ, ਜਿਸ ਨੂੰ ਭਾਰਤ ਨੇ 2 1 ਨਾਲ ਹਰਾ ਜਿੱਤਿਆ। ਇਹ ਜਿੱਤ ਟੀਮ ਲਈ ਆਤਮਵਿਸ਼ਵਾਸ ਵਧਾਉਣ ਵਾਲੀ ਸਾਬਿਤ ਹੋਈ। ਦੂਜੇ ਮੈਚ 'ਚ ਭਾਰਤ ਨੇ ਘਾਨਾ ਨੂੰ 7 0 ਦੇ ਵੱਡੇ ਅੰਤਰ ਨਾਲ ਹਰਾਇਆ। ਫਿਰ ਪੱਛਮੀ ਜਰਮਨੀ ਨੂੰ 3 1 ਨਾਲ ਹਰਾ ਕੇ ਟੂਰਨਾਮੈਂਟ 'ਚ ਜਿੱਤ ਦੀ ਹੈਟ੍ਰਿਕ ਲਗਾਈ। ਗਰੁੱਪ ਦਾ ਅਗਲਾ ਮੈਚ ਤਾਕਤਵਰ ਟੀਮ ਆਸਟ੍ਰੇਲੀਆ ਨਾਲ ਸੀ। ਭਾਰਤੀ ਖਿਡਾਰੀ ਜੋਸ਼ ਨਾਲ ਖੇਡੇ ਪਰ ਇਹ ਮੈਚ 1 1 ਬਰਾਬਰ ਰਿਹਾ। ਆਪਣੇ ਹੀ ਪ੍ਰਯੋਗਾਂ ਤੇ ਬੁਨਿਆਦੀ ਗਲਤੀਆਂ ਕਾਰਨ ਭਾਰਤ ਗਰੁੱਪ ਦਾ ਅੰਤਿਮ ਮੈਚ ਅਰਜਨਟੀਨਾ ਤੋਂ 1 2 ਦੇ ਫ਼ਰਕ ਨਾਲ ਹਾਰ ਗਿਆ। ਇਸ ਹਾਰ ਤੋਂ ਸਬਕ ਲੈਂਦਿਆਂ ਭਾਰਤੀ ਟੀਮ ਨੇ ਅਗਲੇ ਮੈਚਾਂ ਲਈ ਹੋਰ ਮਿਹਨਤ ਕੀਤੀ। ਗਰੁੱਪ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਸੈਮੀਫਾਈਨਲ ਲਈ ਕੁਆਲੀਫਾਈ ਕਰ ਗਿਆ।
ਸੈਮੀਫਾਈਨਲ 'ਚ ਭਾਰਤ ਦਾ ਸਾਹਮਣਾ ਮੇਜ਼ਬਾਨ ਦੇਸ਼ ਮਲੇਸ਼ੀਆ ਨਾਲ ਹੋਇਆ। ਘਰੇਲੂ ਦਰਸ਼ਕਾਂ ਦਰਮਿਆਨ ਖੇਡ ਰਹੀ ਮਲੇਸ਼ੀਆਈ ਟੀਮ ਨੇ ਭਾਰਤ ਨੂੰ ਵੱਡੀ ਟੱਕਰ ਦਿੱਤੀ, ਪਰ ਅੰਤ ਭਾਰਤ ਨੇ 3 2 ਨਾਲ ਜਿੱਤ ਦਰਜ ਕੀਤੀ। ਇਹ ਮੈਚ ਭਾਰਤੀ ਟੀਮ ਦੀ ਮਨੋਵਿਗਿਆਨਕ ਮਜ਼ਬੂਤੀ ਤੇ ਕਠੋਰ ਮਿਹਨਤ ਦਾ ਸਭ ਤੋਂ ਵੱਡਾ ਸਬੂਤ ਸੀ। ਫਾਈਨਲ 'ਚ ਭਾਰਤ ਦਾ ਮੁਕਾਬਲਾ ਆਪਣੇ ਸਭ ਤੋਂ ਵੱਡੇ ਵਿਰੋਧੀ ਪਾਕਿਸਤਾਨ ਨਾਲ ਹੋਣਾ ਸੀ। ਪਾਕਿਸਤਾਨ ਉਸ ਸਮੇਂ ਦੁਨੀਆ ਦੀਆਂ ਸਭ ਤੋਂ ਮਜ਼ਬੂਤ ਟੀਮਾਂ 'ਚੋਂ ਇਕ ਸੀ। ਫਾਈਨਲ ਮੈਚ ਬਹੁਤ ਹੀ ਤਣਾਅਪੂਰਨ ਰਿਹਾ। ਭਾਰਤ ਨੂੰ ਮਿਲੇ ਦੋ ਮਹੱਤਵਪੂਰਨ ਪੈਨਲਟੀ ਕਾਰਨਰਾਂ 'ਤੇ ਸੁਰਜੀਤ ਸਿੰਘ ਨੇ ਆਪਣੀ ਪ੍ਰਤਿਭਾਸ਼ਾਲੀ ਮੁਹਾਰਤ ਨਾਲ ਦੋਵਾਂ ਨੂੰ ਗੋਲਾਂ ਵਿਚ ਬਦਲ ਦਿੱਤਾ। ਜਵਾਬੀ ਹਮਲਾ ਕਰਦਿਆਂ ਪਾਕਿਸਤਾਨ ਨੇ ਵੀ ਇਕ ਗੋਲ ਕੀਤਾ। ਇਸ ਤੋਂ ਬਾਅਦ ਭਾਰਤੀ ਡਿਫੈਂਸ ਇਕ ਮਜ਼ਬੂਤ ਕੰਧ ਦੀ ਤਰ੍ਹਾਂ ਪਾਕਿਸਤਾਨੀ ਹਮਲਾਵਰ ਪੰਕਤੀ ਸਾਹਮਣੇ ਖੜ੍ਹੀ ਰਹੀ। ਅੰਤਿਮ ਵਿਸਲ ਵੱਜਦਿਆਂ ਹੀ ਹਰ ਭਾਰਤੀ ਝੂਮ ਉੱਠਿਆ ਤੇ ਭਾਰਤੀ ਟੀਮ ਸ਼ਾਨਦਾਰ ਇਤਿਹਾਸ ਸਿਰਜਦਿਆਂ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਵਿਸ਼ਵ ਚੈਂਪੀਅਨ ਬਣ ਗਈ। 1975 ਦੀ ਇਹ ਜਿੱਤ ਸਿਖਾਉਂਦੀ ਹੈ ਕਿ ਟੀਮ ਵਰਕ, ਅਨੁਸ਼ਾਸਨ ਤੇ ਹੌਸਲੇ ਨਾਲ ਦੁਨੀਆ ਦੀ ਕਿਸੇ ਵੀ ਬਿਹਤਰੀਨ ਟੀਮ ਨੂੰ ਹਰਾਇਆ ਜਾ ਸਕਦਾ ਹੈ।
-ਸੋਸ਼ਲ ਸਾਇੰਸ ਅਧਿਆਪਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਹਮੀਦੀ (ਬਰਨਾਲਾ)। ਮੋਬਾਈਲ : 94633-17199