ਸਰਕਾਰ ਵਲੋਂ ਰੇਸ਼ਮ ਉਤਪਾਦਨ ਦੇ ਧੰਦੇ ਵੱਲ ਬਹੁਤ ਹੀ ਘੱਟ ਧਿਆਨ ਦਿੱਤਾ ਜਾਂਦਾ ਹੈ। ਖੇਤੀ ਨਾਲ ਚੱਲ ਰਹੇ ਹੋਰ ਸਹਾਇਕ ਧੰਦਿਆਂ ਦੀ ਤਰ੍ਹਾਂ ਸਰਕਾਰ ਨੂੰ ਰੇਸ਼ਮੀ ਕੀੜੇ ਪਾਲਣ ਦੇ ਧੰਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਪੰਜਾਬ 'ਚ ਸਿਰਫ਼ 500 ਕਿਸਾਨ ਰੇਸ਼ਮੀ ਕੀੜੇ ਪਾਲਣ ਦੇ ਧੰਦੇ ਨਾਲ ਜੁੜੇ ਹੋਏ ਹਨ। ਸਭ ਤੋਂ ਵੱਧ ਰੇਸ਼ਮੀ ਕੀਟ ਪਾਲਣ ਦਾ ਧੰਦਾ ਪਠਾਨਕੋਟ ਨੇੜੇ ਧਾਰ ਬਲਾਕ 'ਚ ਹੁੰਦਾ ਹੈ। ਇਸ ਤੋਂ ਬਿਨਾਂ ਰੋਪੜ ਦੇ ਨੁੂਰਪੁਰ ਬੇਦੀ, ਹਰਿਆਣਾ ਦੇ ਪੰਚਕੂਲਾ, ਅੰਬਾਲਾ ਤੇ ਯਮੁਨਾਨਗਰ ਨੇੜੇ ਵੀ ਰੇਸ਼ਮੀ ਕੀਟ ਪਾਲਣ ਦਾ ਧੰਦਾ ਕੀਤਾ ਜਾ ਰਿਹਾ ਹੈ। ਹਿਮਾਚਲ ਪ੍ਰਦੇਸ਼ 'ਚ ਚਾਰ ਹਜ਼ਾਰ ਦੇ ਕਰੀਬ ਕਿਸਾਨ ਕੀੜੇ ਪਾਲਣ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਬਿਹਾਰ, ਯੂ.ਪੀ., ਅਸਾਮ, ਮਨੀਪੁਰ, ਕਰਨਾਟਕ ਤੇ ਬੈਂਗਲੁਰੂ ਆਦਿ ਰਾਜਾਂ 'ਚ ਵੀ ਰੇਸ਼ਮੀ ਕੀੜਾ ਪਾਲਿਆ ਜਾਂਦਾ ਹੈ। ਦੇਸ਼ 'ਚ 21,000 ਟਨ ਤੋਂ ਵੱਧ ਰੇਸ਼ਮ ਦਾ ਉਤਪਾਦਨ ਹਰ ਸਾਲ ਹੋ ਰਿਹਾ ਹੈ। ਰੇਸ਼ਮ ਦੀ ਪੈਦਾਵਾਰ 'ਚ ਪਹਿਲੇ ਨੰਬਰ 'ਤੇ ਚੀਨ, ਦੂਜੇ 'ਤੇ ਭਾਰਤ ਅਤੇ ਤੀਸਰੇ ਨੰਬਰ 'ਤੇ ਜਪਾਨ ਆਉਦਾ ਹੈ। ਰੇਸ਼ਮ ਉਤਪਾਦਨ 'ਚ ਵਾਧਾ ਕਰਨ ਲਈ ਕੇਂਦਰੀ ਰੇਸ਼ਮ ਬੋਰਡ ਨੂੰ ਹਰ ਰਾਜ 'ਚ ਸਿਖਲਾਈ ਸਕੂਲ ਖੋਲ੍ਹਣੇ ਚਾਹੀਦੇ ਹਨ। ਖਾਲੀ ਪਈਆਂ ਸਰਕਾਰੀ ਜ਼ਮੀਨਾਂ, ਨਹਿਰਾਂ ਤੇ ਸੜਕਾਂ ਕਿਨਾਰੇ ਸ਼ਹਿਤੂਤ ਦੇ ਬੂਟੇ ਲਾ ਕੇ ਕਿਸਾਨਾਂ ਨੂੰ ਇਸ ਧੰਦੇ ਵੱਲ ਲਿਆਉਣਾ ਚਾਹੀਦਾ ਹੈ। ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਇਲਾਕੇ 'ਚ ਸੈਰੀਕਲਚਰ ਟ੍ਰੇਨਿੰਗ ਸਕੂਲ ਵਲੋਂ ਇਸ ਕਿੱਤੇ ਪ੍ਰਤੀ 45 ਦਿਨਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਹ ਸਕੂਲ ਨਾਲਾਗੜ੍ਹ ਦੇ ਪਿੰਡ ਰਾਮਪੁਰ ਪਸਵਾਲ ਡਾਕਖਾਨਾ ਪਲਾਸੀ ਕਲਾਂ ਜ਼ਿਲ੍ਹਾ ਸੋਲਨ 'ਚ ਪੈਂਦਾ ਹੈ। ਇਹ ਸਕੂਲ ਕੇਂਦਰ ਸਰਕਾਰ ਦੀ ਦੇਖ-ਰੇਖ ਹੇਠ ਚਲਦਾ ਸੀ, ਜਿਹੜਾ ਹੁਣ ਹਿਮਾਚਲ ਸਰਕਾਰ ਨੂੰ ਦੇ ਦਿੱਤਾ ਹੈ। ਰੇਸ਼ਮ ਦੇ ਕੀੜੇ ਸਾਲ 'ਚ ਦੋ ਵਾਰ ਪਾਲੇ ਜਾਦੇ ਹਨ। ਪਹਿਲਾ ਸੀਜ਼ਨ ਅਗਸਤ-ਸਤੰਬਰ ਹੁੰਦਾ ਹੈ, ਪਰ ਮੁੱਖ ਫ਼ਸਲ ਮਾਰਚ-ਅਪ੍ਰੈਲ ਵਾਲੀ ਹੀ ਮੰਨੀ ਜਾਂਦੀ ਹੈ। ਰੇਸ਼ਮੀ ਕੀੜੇ ਦੇ ਆਂਡੇ ਤੋਂ ਲੈ ਕੇ ਰੇਸ਼ਮ ਤਿਆਰ ਹੋਣ ਤੱਕ 40 ਦਿਨ ਦਾ ਸਮਾਂ ਲਗਦਾ ਹੈ। ਇਕ ਔਂਸ ਕੀੜਿਆਂ ਦੇ ਪਾਲਣ ਲਈ 7-8 ਕੁਇੰਟਲ ਸ਼ਹਿਤੂਤ ਦੇ ਪੱਤਿਆਂ ਦੀ ਲੋੜ ਪੈਂਦੀ ਹੈ। ਇਕ ਔਂਸ 'ਚ 40 ਤੋਂ 45 ਹਜ਼ਾਰ ਕੀੜੇ ਹੁੰਦੇ ਹਨ। ਕੀੜਿਆਂ ਨੂੰ ਪਾਲਣ ਲਈ ਤਾਪਮਾਨ 26 ਡਿਗਰੀ ਸੈਂਟੀਗ੍ਰੇਡ ਤੇ ਨਮੀ 22 ਡਿਗਰੀ ਤੱਕ ਚਾਹੀਦੀ ਹੈ। ਤਾਪਮਾਨ ਘਟਣ-ਵਧਣ ਨਾਲ ਬਿਮਾਰੀ ਫੈਲਣ ਦਾ ਖ਼ਤਰਾ ਰਹਿੰਦਾ ਹੈ। ਕੀੜਿਆਂ ਨੂੰ ਨਮੀ ਵਾਲਾ ਪੱਤਾ ਬਿਲਕੁਲ ਨਹੀਂ ਪਾਇਆ ਜਾਂਦਾ। ਸ਼ਹਿਤੂਤ ਦੇ ਬੂਟੇ ਲਾਉਣ ਦਾ ਸਮਾਂ ਦਸੰਬਰ-ਜਨਵਰੀ ਹੁੰਦਾ ਹੈ। ਇਕ ਏਕੜ 'ਚ ਚਾਰ ਹਜ਼ਾਰ ਬੂਟੇ ਲਾਏ ਜਾਂਦੇ ਹਨ। ਪ੍ਰਤੀ ਏਕੜ 15-20 ਟਨ ਗਲੀ-ਸੜੀ ਰੂੜੀ ਖਾਦ ਪਾ ਕੇ ਜ਼ਮੀਨ ਦੀ ਤਿਆਰੀ ਕੀਤੀ ਜਾਂਦੀ ਹੈ। ਸਿਉਂਕ ਤੋਂ ਬਚਾਉਣ ਲਈ ਬੂਟਿਆਂ ਦੀਆਂ ਜੜ੍ਹਾਂ 'ਚ ਬੀ.ਐਚ.ਸੀ. ਪਾਈ ਜਾਂਦੀ ਹੈ। ਕਿਸਾਨਾਂ ਨੂੰ ਸ਼ਹਿਤੂਤ ਦੇ ਬੂਟੇ ਸਰਕਾਰੀ ਫਾਰਮਾਂ ਤੋਂ ਮਿਲ ਜਾਂਦੇ ਹਨ। ਆਂਡਿਆਂ 'ਚੋਂ 10 ਦਿਨਾਂ ਬਾਅਦ ਸੁੰਡੀਆਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਉਸ ਤੋਂ ਬਾਅਦ ਹੀ ਬਰੀਕ ਪੱਤਾ ਪਾਇਆ ਜਾਂਦਾ ਹੈ। ਪੱਤਾ ਪਾਉਣ ਤੋਂ ਚਾਰ ਦਿਨਾਂ ਬਾਅਦ 16 ਖ਼ੁਰਾਕਾਂ ਖਾ ਕੇ ਕੀੜਾ ਪਹਿਲੀ ਵਾਰ ਨੀਂਦ ਵਿਚ ਆਉਂਦਾ ਹੈ। ਪਹਿਲੀ ਨੀਂਦ 16 ਤੋਂ 24 ਘੰਟੇ ਦੀ ਹੁੰਦੀ ਹੈ। ਨੀਂਦ ਸਮੇਂ ਕੀੜੇ ਨੂੰ ਪੱਤਾ ਨਹੀਂ ਪਾਇਆ ਜਾਂਦਾ। ਇਸ ਤਰ੍ਹਾਂ ਰੇਸ਼ਮ ਦਾ ਕੀੜਾ 45 ਦਿਨਾਂ 'ਚ ਚਾਰ ਵਾਰ ਨੀਂਦ ਲੈਂਦਾ ਹੈ। ਕਿਸਾਨਾਂ ਨੂੰ ਆਮ ਤੌਰ 'ਤੇ ਦੂਜੀ ਨੀਂਦ ਤੋਂ ਬਾਅਦ 15 ਦਿਨਾਂ ਦੇ ਕੀੜੇ ਦਿੱਤੇ ਜਾਂਦੇ ਹਨ। ਕਿਸਾਨਾਂ ਨੂੰ 30 ਦਿਨ ਹੀ ਕੀੜੇ ਪਾਲਣੇ ਪੈਂਦੇ ਹਨ। ਸਮੁੱਚੇ ਦੇਸ਼ ਅੰਦਰ ਚਾਰ ਕਿਸਮ ਦੇ ਕੀੜੇ ਸ਼ਹਿਤੂਤ, ਰਿੰਡ, ਟਸਰ ਤੇ ਸਾਲ੍ਹ ਦੇ ਦਰੱਖਤ 'ਤੇ ਪਾਲੇ ਜਾਂਦੇ ਹਨ। ਇਹ ਚਾਰੇ ਕਿਸਮਾਂ ਮੌਸਮ ਦੇ ਹਿਸਾਬ ਨਾਲ ਸਾਰੇ ਰਾਜਾਂ 'ਚ ਪਾਲੀਆਂ ਜਾਂਦੀਆਂ ਹਨ। ਸਭ ਤੋਂ ਵੱਧ ਕੀੜਾ ਸ਼ਹਿਤੂਤ 'ਤੇ ਪਾਲਿਆ ਜਾਂਦਾ ਹੈ। ਕੀੜੇ ਪਾਲਣ ਲਈ ਸੈਲਫਾਂ ਤੇ ਟ੍ਰੇਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਕਮਰੇ 'ਚ ਰੱਖਿਆ ਜਾਂਦਾ ਹੈ। ਇਨ੍ਹਾਂ ਟ੍ਰੇਆਂ 'ਚ ਹੀ ਕੀੜਿਆਂ ਨੂੰ ਪੱਤੇ ਪਾਏ ਜਾਂਦੇ ਹਨ। ਸਮੇਂ ਦੇ ਹਿਸਾਬ ਨਾਲ ਸਫ਼ਾਈ ਕੀਤੀ ਜਾਂਦੀ ਹੈ। ਵਧੀਆ ਕਿਸਮ ਦਾ ਰੇਸ਼ਮ ਸ਼ਹਿਤੂਤ ਦੇ ਪੱਤਿਆਂ 'ਤੇ ਪਲਣ ਵਾਲੇ ਕੀੜੇ ਦਾ ਹੁੰਦਾ ਹੈ। ਰੇਸ਼ਮ ਦਾ ਕੀੜਾ ਆਪਣੀਆਂ ਚਾਰ ਨੀਂਦਾਂ ਪੂਰੀਆਂ ਕਰਕੇ 82 ਤੋਂ 85 ਖ਼ੁਰਾਕਾਂ ਖਾ ਕੇ ਜਵਾਨ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਵੇਲੇ ਕੀੜੇ ਦਾ ਰੰਗ ਪੀਲਾ ਪੈ ਜਾਂਦਾ ਹੈ ਤੇ ਉਹ ਟੂਟੀ ਬਣਾਉਣੀ ਸ਼ੁਰੂ ਕਰ ਦਿੰਦਾ ਹੈ। ਟੂਟੀ ਬਣਾਉਣ ਸਮੇਂ ਕਿਸੇ ਤਰ੍ਹਾਂ ਦੀ ਖ਼ੁਰਾਕ ਨਹੀਂ ਪਾਈ ਜਾਂਦੀ। ਕੋਕੂਨ ਤਿਆਰ ਹੋਣ ਤੋਂ ਬਾਅਦ ਧੁੱਪ 'ਚ ਰੱਖ ਦਿੱਤਾ ਜਾਂਦਾ ਹੈ। ਜੇ ਰੇਸ਼ਮ ਦੇ ਕੋਕੂਨ ਨੂੰ ਧੁੱਪ 'ਚ ਨਾ ਰੱਖਿਆ ਜਾਵੇ ਤਾਂ ਕੀੜਾ ਧਾਗੇ ਕੱਟ ਕੇ ਤਿੱਤਲੀ ਬਣ ਕੇ ਬਾਹਰ ਨਿਕਲ ਜਾਂਦਾ ਹੈ। ਇਕ ਔਂਸ ਕੀੜੇ ਪਾਲ ਕੇ 50 ਤੋਂ 70 ਕਿੱਲੋ ਰੇਸ਼ਮ ਲਈ ਜਾ ਸਕਦੀ ਹੈ। ਕੀੜੇ ਨੂੰ 24 ਘੰਟਿਆਂ ਦੌਰਾਨ ਚਾਰ ਖ਼ੁਰਾਕਾਂ ਦਿੱਤੀਆਂ ਜਾਂਦੀਆਂ ਹਨ। ਰੇਸ਼ਮ ਦੀ ਮੰਡੀ 'ਚ ਕੀਮਤ ਗਿੱਲਾ ਰੇਸ਼ਮ 80 ਤੋਂ 100 ਰੁੁਪਏ ਕਿੱਲੋ ਤੇ ਸੁੱਕਾ 300 ਰੁੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਜਾਂਦਾ ਹੈ।
ਭਾਰਤੀ ਰੇਸ਼ਮ ਮਾਰਕ ਸੰਗਠਨ ਵਲੋਂ ਕੀਤੇ ਇਕ ਅਧਿਐਨ 'ਚ ਦੇਖਿਆ ਗਿਆ ਕਿ ਦੇਸ਼ ਵਿਚ ਹਰ 10 ਵਿਅਕਤੀਆਂ 'ਚੋਂ 6 ਵਿਅਕਤੀ ਨਕਲੀ ਰੇਸ਼ਮ ਜਾਂ ਨਕਲੀ ਰੇਸ਼ਮ ਤੋਂ ਬਣੀਆਂ ਚੀਜ਼ਾਂ ਖਰੀਦ ਰਹੇ ਹਨ, ਕਿਉਂਕਿ ਨਕਲੀ ਰੇਸ਼ਮ ਅਸਲੀ ਦੇ ਮੁਕਾਬਲੇ ਕਾਫ਼ੀ ਸਸਤਾ ਹੁੰਦਾ ਹੈ। ਸੰਗਠਨ ਮੁਤਾਬਿਕ ਦੇਸ਼ 'ਚ ਸਾਲਾਨਾ 20 ਹਜ਼ਾਰ ਟਨ ਰੇਸ਼ਮ ਦਾ ਉਤਪਾਦਨ ਹੁੰਦਾ ਹੈ, ਜਦਕਿ ਹਰ ਸਾਲ ਅੱਠ ਹਜ਼ਾਰ ਟਨ ਰੇਸ਼ਮ ਚੀਨ ਕੋਲੋਂ ਲੈਣਾ ਪੈਂਦਾ ਹੈ।
ਬਾਜ਼ਾਰ 'ਚ ਵਧੀਆ ਰੇਸ਼ਮ ਦੀ ਕੀਮਤ ਤਿੰਨ ਹਜ਼ਾਰ ਰੁਪਏ ਪ੍ਰਤੀ ਕਿੱਲੋ ਤੱਕ ਹੈ। ਨਕਲੀ ਰੇਸ਼ਮ ਸਿਰਫ਼ ਤਿੰਨ ਸੌ ਰੁਪਏ ਪ੍ਰਤੀ ਕਿੱਲੋ ਮਿਲ ਜਾਂਦੀ ਹੈ, ਜਿਸ ਕਰਕੇ ਜ਼ਿਆਦਾਤਰ ਗਾਹਕ ਨਕਲੀ ਰੇਸ਼ਮ ਜਾਂ ਇਸ ਤੋਂ ਬਣੀਆਂ ਵਸਤੂਆਂ ਖਰੀਦ ਰਹੇ ਹਨ। ਕੇਂਦਰੀ ਰੇਸ਼ਮ ਬੋਰਡ ਵਲੋਂ ਬਣਾਏ ਭਾਰਤੀ ਰੇਸ਼ਮ ਮਾਰਕ ਸੰਗਠਨ ਦੇ ਮੁਖੀ ਕੇ.ਐਸ. ਸੂਕਮਾਰ ਮੈਨਨ ਅਨੁਸਾਰ ਦੇਸ਼ 'ਚ ਰੇਸ਼ਮ ਦੀ ਪੈਦਾਵਾਰ ਦਾ 60 ਫ਼ੀਸਦੀ ਹਿੱਸਾ ਕਰਨਾਟਕ ਪੈਦਾ ਕਰ ਰਿਹਾ ਹੈ, ਜਦਕਿ ਬਾਕੀ ਪੈਦਾਵਾਰ ਤਾਮਿਲਨਾਡੂ, ਅਸਾਮ, ਜੰਮੂ-ਕਸ਼ਮੀਰ ਤੇ ਹੋਰ ਰਾਜ ਕਰ ਰਹੇ ਹਨ। ਰੇਸ਼ਮ ਤੋਂ ਤਿਆਰ ਵਸਤੂਆਂ ਨੂੰ ਯੂਰਪ 'ਚ ਭੇਜਿਆ ਜਾਂਦਾ ਹੈ। ਪੰਜਾਬ 'ਚ ਵੀ ਤਕਰੀਬਨ 30 ਹਜ਼ਾਰ ਕਿੱਲੋ ਕੋਕੂਨ ਦਾ ਉਤਪਾਦਨ ਹੋ ਰਿਹਾ ਹੈ।
-ਕਾਹਨਗੜ੍ਹ ਰੋਡ, ਪਾਤੜਾਂ, ਜ਼ਿਲ੍ਹਾ ਪਟਿਆਲਾ।
ਮੋਬਾਈਲ : 98761-01698