04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਪੰਜਾਬ ਦੀ ਖੇਤੀ ਨੂੰ ਨਵੀਂ ਦਿਸ਼ਾ ਦਿੰਦੇ ਕਿਸਾਨ ਮੇਲੇ

Ad Position 21
No active advertisement
ਅਜੀਤ ਡੈਸਕ 10-03-2026

ਪੀ.ਏ.ਯੂ. ਦੇ ਕਿਸਾਨ ਮੇਲੇ ਸੰਸਾਰ ਭਰ 'ਚ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਪਸਾਰ ਸੇਵਾਵਾਂ ਦੇ ਆਧਾਰ 'ਤੇ ਆਪਣੀ ਵਿਲੱਖਣ ਪਛਾਣ ਬਣਾ ਚੁੱਕੇ ਹਨ। ਪੰਜਾਬ ਦੇ ਖੇਤੀ ਵਿਕਾਸ ਅਤੇ ਹਰੀ ਕ੍ਰਾਂਤੀ ਦੀ ਆਮਦ 'ਚ ਪੀ.ਏ.ਯੂ. ਵਲੋਂ ਲਾਏ ਜਾਣ ਵਾਲੇ ਕਿਸਾਨ ਮੇਲਿਆਂ ਦਾ ਭਰਪੂਰ ਅਤੇ ਅਹਿਮ ਯੋਗਦਾਨ ਰਿਹਾ ਹੈ। ਕਿਸਾਨੀ ਨੂੰ ਵਿਗਿਆਨਕ ਖੇਤੀ ਨਾਲ ਜੋੜਨ ਅਤੇ ਨਵੇਂ ਖੇਤੀ ਤਰੀਕਿਆਂ ਨੂੰ ਪ੍ਰਫੁੱਲਿਤ ਕਰਨ ਲਈ ਪੀ.ਏ.ਯੂ. ਨੇ ਕਿਸਾਨ ਮੇਲਿਆਂ ਰਾਹੀਂ ਨਵੀਂ ਵਿਗਿਆਨਕ ਚੇਤਨਾ ਨੂੰ ਪੰਜਾਬ ਦੇ ਕੋਨੇ-ਕੋਨੇ ਦੇ ਜਨਮਾਨਸ ਤੱਕ ਪਹੁੰਚਾਇਆ। ਇਸੇ ਦਾ ਨਤੀਜਾ ਹੈ ਕਿ ਅਨਾਜ ਉਤਪਾਦਨ ਦੇ ਪੱਖ ਤੋਂ ਪੰਜਾਬ ਦੇਸ਼ ਦਾ ਹੀ ਨਹੀਂ, ਦੁਨੀਆ ਦਾ ਮੋਢੀ ਖਿੱਤਾ ਬਣ ਕੇ ਸਾਹਮਣੇ ਆਇਆ। ਪੀ.ਏ.ਯੂ. ਦੇ ਕਿਸਾਨ ਮੇਲੇ ਪੀ.ਏ.ਯੂ. ਦੇ ਮੁੱਖ ਕੈਂਪਸ ਤੋਂ ਇਲਾਵਾ ਅੰਮ੍ਰਿਤਸਰ, ਬੱਲੋਵਾਲ ਸੌਂਖੜੀ, ਫਰੀਦਕੋਟ, ਗੁਰਦਾਸਪੁਰ, ਪਟਿਆਲਾ, ਬਠਿੰਡਾ ਆਦਿ ਕੇ.ਵੀ.ਕੇ ਤੇ ਖੇਤਰੀ ਖੋਜ ਕੇਂਦਰਾਂ 'ਚ ਲਾਏ ਜਾਂਦੇ ਹਨ। ਇਨ੍ਹਾਂ ਮੇਲਿਆਂ ਨੇ ਇੱਥੋਂ ਦੇ ਇਲਾਕਿਆਂ ਦੀਆਂ ਖੇਤੀ ਲੋੜਾਂ ਅਨੁਸਾਰ ਨਵੀਆਂ ਖੇਤੀ ਖੋਜਾਂ ਅਤੇ ਤਕਨਾਲੋਜੀਆਂ ਦੀਆਂ ਕਾਢਾਂ ਕਿਸਾਨਾਂ ਤੱਕ ਪਹੁੰਚਾਈਆਂ। ਪੀ.ਏ.ਯੂ. ਦੇ ਕੈਂਪਸ 'ਚ ਲੱਗਣ ਵਾਲੇ ਮੁੱਖ ਕਿਸਾਨ ਮੇਲੇ ਦੌਰਾਨ ਕਿਸਾਨਾਂ ਦਾ ਠਾਠਾਂ ਮਾਰਦਾ ਇਕੱਠ ਸਿਰਫ਼ ਮੇਲਾ ਦੇਖਣ ਲਈ ਨਹੀਂ ਜੁੜਦਾ, ਬਲਕਿ ਮਾਹਿਰਾਂ ਦੀਆਂ ਕੀਮਤੀ ਸਲਾਹਾਂ ਲੈਣ ਅਤੇ ਪਿਛਲੇ ਛੇ ਮਹੀਨਿਆਂ ਦੌਰਾਨ ਆਉਂਦੀ ਫ਼ਸਲ ਲਈ ਕੀਤੀਆਂ ਖੋਜਾਂ ਤੇ ਤਕਨੀਕਾਂ ਦੀਆਂ ਪ੍ਰਦਰਸ਼ਨੀਆਂ ਦੇਖਣ ਲਈ ਜੁੜਦਾ ਹੈ। ਇਸ ਤੋਂ ਇਲਾਵਾ ਵਿਕਸਤ ਫ਼ਸਲਾਂ ਦੀਆਂ ਕਿਸਮਾਂ ਦੀਆਂ ਪ੍ਰਦਰਸ਼ਨੀਆਂ, ਫਲਦਾਰ ਪੌਦਿਆਂ ਅਤੇ ਨਵੀਂ ਮਸ਼ੀਨਰੀ ਦੀਆਂ ਸਟਾਲਾਂ ਦੇਖਣ ਲਈ ਕਿਸਾਨ ਹੁੰਮ-ਹੁਮਾ ਕੇ ਇੱਥੇ ਪਹੁੰਚਦੇ ਹਨ। ਖੇਤੀ ਸਾਹਿਤ ਨਾਲ ਜੁੜਨ ਦਾ ਵਸੀਲਾ ਪੀ.ਏ.ਯੂ. ਦੇ ਕਿਸਾਨ ਮੇਲੇ ਬਹੁਤ ਸਾਲਾਂ ਤੋਂ ਬਣੇ ਹੋਏ ਹਨ।
ਪੰਜਾਬ ਦੇ ਖੇਤੀ ਵਿਕਾਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੀ.ਏ.ਯੂ. ਦੇ ਕਿਸਾਨ ਮੇਲਿਆਂ ਨੇ ਕਿਸੇ ਵੀ ਹੋਰ ਤਿਉਹਾਰ ਵਾਂਗ ਇੱਥੋਂ ਦੇ ਕਿਸਾਨ ਦੇ ਮਨ 'ਚ ਨਵੀਂ ਵਿਗਿਆਨਕ ਖੇਤੀ ਦੀ ਜਾਗ ਲਾਉਣ 'ਚ ਭਰਪੂਰ ਯੋਗਦਾਨ ਪਾਇਆ ਹੈ। ਪੰਜਾਬ ਦਾ ਖੇਤੀ ਵਿਕਾਸ ਪੀ.ਏ.ਯੂ. ਦੇ ਕਿਸਾਨ ਮੇਲਿਆਂ 'ਚ ਦਿੱਤੀਆਂ ਜਾਂਦੀਆਂ ਪਸਾਰ ਗਤੀਵਿਧੀਆਂ ਨਾਲੋਂ ਵੱਖਰਾ ਕਰਕੇ ਦੇਖਿਆ ਹੀ ਨਹੀਂ ਜਾ ਸਕਦਾ। ਇਸ ਲਈ ਇਹ ਕਿਸਾਨ ਮੇਲੇ ਇਸ ਖਿੱਤੇ 'ਚ ਖੇਤੀ ਨੂੰ ਹੋਰ ਅਗੇਰੇ ਵਧਾਉਣ ਲਈ ਮਹੱਤਵਪੂਰਨ ਉਤਸਵ ਵਾਂਗ ਮਨਾਏ ਜਾਂਦੇ ਹਨ। ਇਸ ਵਾਰ ਦੇ ਕਿਸਾਨ ਮੇਲੇ ਸ਼ੁਰੂ ਹੋ ਚੁੱਕੇ ਹਨ। 10 ਮਾਰਚ ਨੂੰ ਨਾਗ ਕਲਾਂ ਅੰਮ੍ਰਿਤਸਰ ਦਾ, 12 ਨੂੰ ਪਟਿਆਲਾ, 14 ਮਾਰਚ ਨੂੰ ਬੱਲੋਵਾਲ ਸੌਂਖੜੀ, 17 ਨੂੰ ਫਰੀਦਕੋਟ, 20 ਤੇ 21 ਨੂੰ ਪੀ.ਏ.ਯੂ. ਦੇ ਮੁੱਖ ਕੈਂਪਸ 'ਚ, 24 ਨੂੰ ਬਠਿੰਡਾ ਅਤੇ 27 ਮਾਰਚ ਨੂੰ ਗੁਰਦਾਸਪੁਰ ਵਿਖੇ ਕਿਸਾਨ ਮੇਲਾ ਲਾਇਆ ਜਾ ਰਿਹਾ ਹੈ।
ਇਨ੍ਹਾਂ ਕਿਸਾਨ ਮੇਲਿਆਂ ਦੌਰਾਨ ਕਿਸਾਨ ਤੇ ਵਿਗਿਆਨੀਆਂ ਨੂੰ ਇਕੋ ਸਥਾਨ ਤੋਂ ਖੇਤੀ ਨਾਲ ਸੰਬੰਧਿਤ ਬਹੁਤ ਸਾਰੀਆਂ ਮੁਸ਼ਕਿਲਾਂ, ਸਮੱਸਿਆਵਾਂ ਦੇ ਨਾਲ-ਨਾਲ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਉਨ੍ਹਾਂ ਬਾਰੇ ਵਿਚਾਰਨ ਦਾ ਇਕ ਮੰਚ ਮੁਹੱਈਆ ਕੀਤਾ ਜਾਂਦਾ ਹੈ। ਇੱਥੇ ਨਾ ਸਿਰਫ਼ ਸੱਭਿਆਚਾਰਕ ਪ੍ਰੋਗਰਾਮ ਪੇਸ਼ ਹੁੰਦੇ ਹਨ, ਸਗੋਂ ਮਾਹਰਾਂ ਵਲੋਂ ਕਿਸਾਨਾਂ ਨੂੰ ਨਵੀਆਂ ਕਾਢਾਂ ਅਤੇ ਖੇਤੀ ਸੰਬੰਧੀ ਉਨ੍ਹਾਂ ਦੇ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਦੇ ਕੇ ਇਸ ਯੋਗ ਬਣਾਇਆ ਜਾਂਦਾ ਹੈ ਕਿ ਉਹ ਆਉਂਦੀ ਫ਼ਸਲ ਲਈ ਆਪਣੀਆਂ ਸਾਰੀਆਂ ਯੋਗਤਾਵਾਂ ਲਾ ਕੇ ਵੱਧ ਤੋਂ ਵੱਧ ਝਾੜ ਪੈਦਾ ਕਰਨ ਅਤੇ ਆਪਣੀ ਆਮਦਨ 'ਚ ਵਾਧਾ ਕਰ ਸਕਣ। ਇਸ ਦੇ ਨਾਲ ਹੀ ਖੇਤੀ ਅਤੇ ਹੋਰ ਕਿੱਤਿਆਂ ਬਾਰੇ ਨਵੀਂ ਜਾਣਕਾਰੀ ਕਿਸਾਨਾਂ ਨੂੰ ਪਹੁੰਚਾਉਣ ਦਾ ਕਾਰਜ ਵੀ ਇਹ ਕਿਸਾਨ ਮੇਲੇ ਕਰਦੇ ਹਨ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਕਿਸਾਨ ਮੇਲਿਆਂ ਨੇ ਖੇਤੀ ਪ੍ਰਤੀ ਕਿਸਾਨਾਂ ਦੇ ਵਿਹਾਰ ਨੂੰ ਤਬਦੀਲ ਕਰਨ 'ਚ ਜਿੰਨਾ ਵੱਡਾ ਯੋਗਦਾਨ ਪਾਇਆ ਹੈ, ਉਸ ਦੀ ਮਿਸਾਲ ਦੁਨੀਆ ਦੇ ਕਿਸੇ ਵੀ ਹੋਰ ਇਲਾਕੇ 'ਚ ਮਿਲਣੀ ਅਸੰਭਵ ਦੇ ਬਰਾਬਰ ਹੋਵੇਗੀ। ਇਸ ਮੇਲੇ ਦਾ ਇਕ ਹੋਰ ਉੱਭਰਵਾਂ ਪੱਖ ਇੱਥੇ ਲਗਾਈ ਜਾਂਦੀ ਖੇਤੀ ਉਦਯੋਗ ਦੀ ਵੱਡੀ ਪ੍ਰਦਰਸ਼ਨੀ ਹੁੰਦੀ ਹੈ, ਜਿਸ 'ਚ ਪ੍ਰਾਈਵੇਟ ਸੈਕਟਰ ਵਲੋਂ ਨਵੀਂ ਮਸ਼ੀਨਰੀ, ਸੰਦ ਅਤੇ ਹੋਰ ਵਸਤਾਂ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਹਨ। ਕਿਸਾਨ ਵੀਰ ਵੱਖ-ਵੱਖ ਪ੍ਰਦਰਸ਼ਨੀਆਂ ਵੇਖਣ ਤੇ ਮਿੱਟੀ-ਪਾਣੀ ਪਰਖ ਕਰਵਾਉਣ ਤੋਂ ਇਲਾਵਾ ਖੇਤੀ ਸਾਹਿਤ ਅਤੇ ਨਵੇਂ ਬੀਜ ਵੀ ਪ੍ਰਾਪਤ ਕਰ ਸਕਦੇ ਹਨ। ਵੱਖ-ਵੱਖ ਖੇਤਰਾਂ 'ਚ ਮੱਲਾਂ ਮਾਰਨ ਵਾਲੇ ਕਿਸਾਨ ਅਤੇ ਕਿਸਾਨ ਬੀਬੀਆਂ ਨੂੰ ਇਨ੍ਹਾਂ ਮੇਲਿਆਂ ਦੌਰਾਨ ਸਨਮਾਨਿਤ ਵੀ ਕੀਤਾ ਜਾਂਦਾ ਹੈ। ਇਹ ਕਿਸਾਨ ਮੇਲੇ ਪੰਜਾਬ 'ਚ ਵਿਗਿਆਨਕ ਖੇਤੀ ਦਾ ਮੁੱਢ ਸਾਬਿਤ ਹੋਏ ਹਨ। ਇਨ੍ਹਾਂ ਮੇਲਿਆਂ ਰਾਹੀਂ ਬਹੁਤ ਸਾਰੇ ਅਗਾਂਹਵਧੂ ਕਿਸਾਨ ਖੇਤੀ ਨੂੰ ਹੋਰ ਲਾਹੇਵੰਦ ਕਿੱਤਾ ਬਣਾਉਣ ਤੇ ਆਪਣਾ ਜੀਵਨ ਪੱਧਰ ਉੱਚਾ ਚੁੱਕਣ 'ਚ ਸਫ਼ਲ ਰਹੇ। ਵਰਤਮਾਨ 'ਚ ਵੀ ਇਨ੍ਹਾਂ ਮੇਲਿਆਂ ਦਾ ਕੋਈ ਬਦਲ ਹੋ ਨਹੀਂ ਸਕਦਾ। ਇਹ ਮੇਲੇ ਪੰਜਾਬ ਦੀ ਕਿਸਾਨੀ ਦੀ ਜੀਵਨ ਰੇਖਾ ਸਾਬਿਤ ਹੋ ਰਹੇ ਹਨ। ਮੇਲਿਆਂ ਦੀ ਸਫ਼ਲਤਾ ਇਸ ਗੱਲੋਂ ਵੀ ਸਾਬਿਤ ਹੁੰਦੀ ਹੈ ਕਿ ਮੇਲਿਆਂ 'ਚੋਂ ਗਿਆਨ ਹਾਸਿਲ ਕਰਕੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਲੇ ਕਿਸਾਨਾਂ ਦੀ ਗਿਣਤੀ ਆਏ ਸਾਲ ਵਧ ਰਹੀ ਹੈ। ਬੀਬੀਆਂ ਵਲੋਂ ਬਣਾਏ ਸਵੈ-ਸੇਵੀ ਸਮੂਹਾਂ ਦੇ ਸਟਾਲ ਆਪਣੇ-ਆਪ ਹੀ ਕਿਸਾਨ ਬੀਬੀਆਂ ਵਲੋਂ ਪਰਿਵਾਰਾਂ ਦੀ ਆਰਥਿਕਤਾ 'ਚ ਪਾਏ ਯੋਗਦਾਨ ਨੂੰ ਬਿੰਬਿਤ ਕਰਦੇ ਹਨ। ਸੋ ਕਿਸਾਨ ਵੀਰੋ, ਇਨ੍ਹਾਂ ਮੇਲਿਆਂ 'ਚ ਵਧ-ਚੜ੍ਹ ਕੇ ਹਾਜ਼ਰੀ ਭਰੋ ਅਤੇ ਨਵੀਂਆਂ ਖੇਤੀ ਤਕਨੀਕਾਂ ਦੇ ਹਾਣੀ ਬਣੋ।

-ਸੰਚਾਰ ਕੇਂਦਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ। ਮੋਬਾਈਲ : 94654-64502

Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਏਕਤਾ ਕੈਂਪ ਦੇ ਚੌਥੇ ਦਿਨ ਵੱਖ-ਵੱਖ ਵਿੱਦਿਅਕ ਅਤੇ ਸੱਭਿਆਚਾਰਕ ਗਤੀਵਿਧੀਆਂ ਦਾ ਆਯੋਜਨ <br/> ਅਗਲੀ ਖ਼ਬਰ ਕਿਸਾਨਾਂ ਲਈ ਮੁਨਾਫ਼ੇ ਦਾ ਸਾਧਨ ਰੇਸ਼ਮੀ ਕੀੜੇ ਪਾਲਣ ਦਾ ਕਿੱਤਾ
Ad Position 24