17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਪੋਲ ਵਾਲਟਰ ਬਰਾਨਿਕਾ ਨੇ ਬਣਾਇਆ ਰਾਸ਼ਟਰੀ ਰਿਕਾਰਡ ਨਜ਼ਰਾਂ ਹੁਣ ਏਸ਼ੀਅਨ ਖੇਡਾਂ 'ਤੇ

Ad Position 21
No active advertisement
ਅਜੀਤ ਡੈਸਕ 21-04-2026

ਬਰਾਨਿਕਾ ਏਲਨਗੋਵਨ ਕਾਲਜ ਦੇ ਆਪਣੇ ਦੂਜੇ ਸਾਲ 'ਚ ਸੀ, ਜਦੋਂ ਉਸ ਨੇ ਪਹਿਲੀ ਵਾਰ ਪੋਲ ਵਾਲਟ ਦੀ ਕੋਸ਼ਿਸ਼ ਕੀਤੀ। ਜ਼ੋਰ ਤੇ ਨਿਡਰਤਾ ਦੇ ਆਧਾਰ 'ਤੇ ਇਹ ਖੇਡ ਉਸ ਲਈ ਨਹੀਂ ਸੀ, ਕਿਉਂਕਿ ਇਕ ਤਾਂ ਉਸ 'ਚ ਆਤਮਵਿਸ਼ਵਾਸ ਦੀ ਘਾਟ ਸੀ ਤੇ ਦੂਜਾ ਉਸ ਦਾ ਭਾਰ ਘੱਟ ਸੀ। ਉਹ ਦੱਸਦੀ ਹੈ ਕਿ ਸ਼ੁਰੂਆਤ ਉਸ ਨੇ ਟ੍ਰਿਪਲ ਜੰਪ ਤੋਂ ਕੀਤੀ ਸੀ। ਫਿਰ ਹੌਲ਼ੀ-ਹੌਲ਼ੀ ਉਹ ਪੋਲ ਵਾਲਟ ਵਿਚ ਤੇਜ਼ ਹੋ ਗਈ ਤੇ ਉਸ ਨੇ ਕੋਸ਼ਿਸ਼ ਜਾਰੀ ਰੱਖੀ। ਉਸ ਨੇ ਹਾਲ ਹੀ ਵਿਚ ਭੁਵਨੇਸ਼ਵਰ ਵਿਖੇ ਹੋਈ ਰਾਸ਼ਟਰੀ ਇਨਡੋਰ ਅਥਲੈਟਿਕਸ ਚੈਂਪੀਅਨਸ਼ਿਪ ਵਿਚ 4.22 ਮੀਟਰ ਦਾ ਰਾਸ਼ਟਰੀ ਰਿਕਾਰਡ ਤੋੜ ਦਿੱਤਾ ਹੈ। ਬਰਾਨਿਕਾ ਮਯੀਲਾਦੁਥੁਰਾਈ ਤੋਂ ਚਿੰਨੈ ਸਪੋਰਟਸ ਵਿਚ ਕਰੀਅਰ ਬਣਾਉਣ ਲਈ ਆਈ ਸੀ। ਉਹ ਬਾਸਕਟਬਾਲ 'ਚ ਆਪਣੇ ਕਾਲਜ ਦੀ ਨੁਮਾਇੰਦਗੀ ਕਰਨ ਲੱਗੀ। ਉਸੇ ਸਮੇਂ ਕੋਚ ਮਿਲਬਰ ਰਸਲ ਪੋਲ ਵਾਲਟਿੰਗ 'ਚ ਦਿਲਚਸਪੀ ਰੱਖਣ ਵਾਲੇ ਐਥਲੀਟਾਂ ਦੀ ਭਾਲ ਵਿਚ ਸੀ। ਐਥੁਰਾਜ ਕਾਲਜ ਵਿਚ ਬਰਾਨਿਕਾ ਦੀ ਸਰੀਰਕ ਸਿੱਖਿਆ ਅਧਿਆਪਕਾ ਉਮਾ ਦੇਵੀ ਨੇ ਉਸ ਨੂੰ ਪੋਲ ਵਾਲਟਿੰਗ ਅਜ਼ਮਾਉਣ ਲਈ ਉਤਸ਼ਾਹਿਤ ਕੀਤਾ। ਵਾਲਟਿੰਗ ਦੌਰਾਨ ਆਪਣੇ ਸੀਨੀਅਰ ਖਿਡਾਰੀਆਂ ਨੂੰ ਹਵਾ 'ਚ ਉੱਡਦੇ ਦੇਖ ਉਸ ਦੀ ਦਿਲਚਸਪੀ ਵਧ ਗਈ। ਹਾਲਾਂਕਿ ਕੋਚ ਰਸਲ ਨੂੰ ਲਗਦਾ ਸੀ ਕਿ ਬਰਾਨਿਕਾ ਇਕ ਹਫ਼ਤੇ 'ਚ ਖੇਡ ਛੱਡ ਦੇਵੇਗੀ ਪਰ ਉਸ ਨੇ ਜ਼ੀਰੋ ਤੋਂ ਸ਼ੁਰੂ ਕਰਕੇ ਮਿਹਨਤ ਨਾਲ ਸਿਖਲਾਈ ਲਈ ਤੇ ਸਮਰਪਿਤ ਰਹੀ। ਉਸ ਨੇ ਰਾਸ਼ਟਰੀ ਰਿਕਾਰਡਧਾਰਕ ਵੀ.ਐਸ. ਸੁਰੇਖਾ ਨਾਲ ਸਿਖਲਾਈ ਲਈ, ਜੋ ਉਸ ਸਮੇਂ 4 ਮੀਟਰ ਤੋਂ ਉੱਪਰ ਛਾਲ ਮਾਰਨ ਵਾਲੀ ਇਕਲੌਤੀ ਭਾਰਤੀ ਮਹਿਲਾ ਸੀ। ਬਰਾਨਿਕਾ ਲਈ ਸੁਰੇਖਾ ਪ੍ਰੇਰਨਾ ਬਣ ਗਈ। ਘੱਟ ਭਾਰ ਹੋਣ ਕਰਕੇ ਬਰਾਨਿਕਾ ਨੇ ਸ਼ੁਰੂ ਵਿਚ ਸਿਰਫ਼ ਦੋ ਪੋਲਾਂ 'ਤੇ ਸਿਖਲਾਈ ਲਈ। ਇਹ ਪੋਲ ਉਸ ਦੇ ਭਾਰ ਦੇ ਅਨੁਕੂਲ ਨਹੀਂ ਸਨ, ਇਸ ਲਈ ਮੁਕਾਬਲਿਆਂ ਵਿਚ ਉਸ ਦਾ ਪ੍ਰਦਰਸ਼ਨ ਉਮੀਦ ਅਨੁਸਾਰ ਨਹੀਂ ਸੀ। ਤਿੰਨ ਸਾਲਾਂ ਦੀ ਉਡੀਕ ਤੋਂ ਬਾਅਦ ਬਰਾਨਿਕਾ ਨੇ ਆਪਣਾ ਪਹਿਲਾ ਤਗਮਾ ਜਿੱਤਿਆ ਪਰ ਛੇ ਮਹੀਨਿਆਂ ਬਾਅਦ ਗੋਡੇ ਦੀ ਸੱਟ ਨੇ ਉਸ ਨੂੰ ਪਟੜੀ ਤੋਂ ਉਤਾਰ ਦਿੱਤਾ। ਉਸ ਨੂੰ ਸਰਜਰੀ ਕਰਾਉਣੀ ਪਈ, ਜਿਸ ਕਾਰਨ ਕੁਝ ਸਾਲ ਉਹ ਖੇਡ ਨਹੀਂ ਸਕੀ। ਲੰਮੀ ਉਡੀਕ ਚੁਣੌਤੀਪੂਰਨ ਸੀ ਪਰ ਬਰਾਨਿਕਾ ਨੇ ਹਾਰ ਨਾ ਮੰਨੀ। ਆਲ ਇੰਡੀਆ ਇੰਟਰ-ਯੂਨੀਵਰਸਿਟੀ ਚੈਂਪੀਅਨਸ਼ਿਪ-2018 ਵਿਚ ਉਸ ਨੇ ਮੁਕਾਬਲੇ ਦਾ ਰਿਕਾਰਡ (3.8 ਮੀਟਰ) ਤੋੜਿਆ। ਇਹ ਉਸ ਦੀ ਪਹਿਲੀ ਵੱਡੀ ਜਿੱਤ ਸੀ। ਇਸ ਤੋਂ ਛੇ ਮਹੀਨੇ ਬਾਅਦ ਫਿਰ ਉਸ ਦੇ ਗੋਡੇ ਦੀ ਸਰਜਰੀ ਹੋਈ। ਡਾਕਟਰ ਨੇ ਉਸ ਨੂੰ ਅਗਲੇ ਦਿਨਾਂ ਲਈ ਆਰਾਮ ਕਰਨ ਦੀ ਸਲਾਹ ਦਿੱਤੀ, ਪਰ ਉਹ ਜਲਦੀ ਹੀ ਮੈਦਾਨ ਵਿਚ ਵਾਪਸ ਆ ਗਈ ਤੇ ਦਰਦ ਦੇ ਬਾਵਜੂਦ ਖੇਡਣਾ ਜਾਰੀ ਰੱਖਿਆ। ਪਿਛਲੇ ਸਾਲ ਪਿੱਠ ਦੀ ਦਰਦ ਕਾਰਨ ਉਹ ਛੇ ਮਹੀਨੇ ਪ੍ਰੇਸ਼ਾਨ ਰਹੀ। ਲੋਕ ਸਵਾਲ ਕਰਨ ਲੱਗੇ ਕਿ ਉਸ ਨੇ ਖੇਡ ਨੂੰ ਕਿਉਂ ਜਾਰੀ ਰੱਖਿਆ ਹੋਇਆ। ਪਰ ਉਸ ਦੇ ਮਾਪਿਆਂ ਨੇ ਉਸ ਦਾ ਸਮਰਥਨ ਕੀਤਾ ਤੇ ਉਸ ਨੂੰ ਉਤਸ਼ਾਹਿਤ ਕੀਤਾ। ਬਰਾਨਿਕਾ ਲਗਾਤਾਰ ਰਾਸ਼ਟਰੀ ਮੁਕਾਬਲਿਆਂ 'ਚ ਚੋਟੀ ਦੇ ਤਿੰਨ ਵਿਚ ਰਹੀ।
ਬਰਾਨਿਕਾ ਦਾ ਟੀਚਾ ਵਾਲਟਰ ਅਰਮੰਡ ਡੁਪਲਾਂਟਿਸ ਵਾਂਗ ਬਣਨ ਦਾ ਹੈ। ਉਸ ਅਨੁਸਾਰ ਹਰ ਸੈਂਟੀਮੀਟਰ ਕਲੀਅਰ ਕਰਨ ਲਈ ਬਹੁਤ ਜ਼ਿਆਦਾ ਮਾਨਸਿਕ ਤਾਕਤ ਦੀ ਲੋੜ ਹੁੰਦੀ ਹੈ ਤੇ ਆਪਣਾ ਰਿਕਾਰਡ ਤੋੜਨਾ ਆਸਾਨ ਨਹੀਂ ਹੈ। ਹੁਣ ਬਰਾਨਿਕਾ ਦੀਆਂ ਨਜ਼ਰਾਂ ਏਸ਼ੀਅਨ ਖੇਡਾਂ 'ਤੇ ਹਨ, ਜੋ ਲਗਭਗ ਛੇ ਮਹੀਨੇ ਦੂਰ ਹਨ। ਇਕ ਹੋਰ ਕਹਾਣੀ ਤਾਮਿਲਨਾਡੂ ਦੇ ਇਕ ਹੋਰ ਵਾਲਟਰ ਜੀ. ਰੀਗਨ ਦੀ ਵੀ ਹੈ, ਜਿਸ ਨੂੰ ਪਿਛਲੇ ਸਾਲ ਤੱਕ ਕੋਈ ਨਹੀਂ ਸੀ ਜਾਣਦਾ। ਪਰ ਇਹ ਸਥਿਤੀ ਉਦੋਂ ਬਦਲ ਗਈ, ਜਦੋਂ ਉਸ ਨੇ ਚੇਨਈ 'ਚ ਇੰਟਰ ਅਥਲੈਟਿਕਸ ਚੈਂਪੀਅਨਸ਼ਿਪ ਵਿਚ 5.2 ਮੀਟਰ ਦੀ ਛਾਲ ਨਾਲ ਸੰਯੁਕਤ ਸੋਨ ਤਗਮਾ ਜਿੱਤਿਆ। ਹਾਲ ਹੀ 'ਚ ਉਸ ਨੇ 5.3 ਮੀਟਰ ਦਾ ਰਾਸ਼ਟਰੀ ਰਿਕਾਰਡ ਬਣਾਇਆ। ਉਹ ਹੁਣ ਇਨਡੋਰ ਤੇ ਆਊਟਡੋਰ ਦੋਵੇਂ ਰਿਕਾਰਡਾਂ 'ਚ ਭਾਰਤ ਦਾ ਤੀਜਾ ਸਭ ਤੋਂ ਵਧੀਆ ਵਾਲਟਰ ਹੈ। ਤੰਜਾਵੁਰ ਦੇ ਇਕ ਕਿਸਾਨ ਪਰਿਵਾਰ ਤੋਂ ਹੋਣ ਕਰਕੇ ਰੀਗਨ ਸਕੂਲ ਤੋਂ ਬਾਅਦ ਆਪਣੇ ਮਾਪਿਆਂ ਨੂੰ ਫ਼ਸਲਾਂ ਦੀਆਂ ਬੋਰੀਆਂ ਚੁੱਕਣ ਵਿਚ ਮਦਦ ਕਰਦਾ ਸੀ, ਜਿਸ ਨਾਲ ਉਸ ਦੀ ਤਾਕਤ ਵਧੀ ਤੇ ਉਹ ਇਕ ਬਿਹਤਰ ਵਾਲਟਰ ਬਣਿਆ। ਰੀਗਨ ਬਾਂਸ ਨਾਲ ਰੇਤ ਦੇ ਟੋਏ ਵਿਚ ਸਿਖਲਾਈ ਲੈਂਦਾ ਹੈ। ਕਈ ਵਾਰ ਉਹ ਸਿਖਲਾਈ ਦੌਰਾਨ ਬੁਰੀ ਤਰ੍ਹਾਂ ਡਿਗਿਆ ਪਰ ਹਰ ਵਾਰ ਉਹ ਮਜ਼ਬੂਤੀ ਨਾਲ ਉੱਠਿਆ। ਰੀਗਨ ਰਾਸ਼ਟਰਮੰਡਲ ਖੇਡਾਂ ਲਈ ਕੁਆਲੀਫਾਈ ਹੋ ਗਿਆ ਤੇ ਹੁਣ ਉਸ ਦੀ ਨਜ਼ਰ ਏਸ਼ੀਆਈ ਖੇਡਾਂ 'ਤੇ ਹੈ।

-ਇਮੇਜ ਰਿਫਲੈਕਸ਼ਨ ਸੈਂਟਰ

Ad Position 22
No active advertisement
ਪਿਛਲੀ ਖ਼ਬਰ ਆਧੁਨਿਕ ਖੇਡ ਸਹੂਲਤਾਂ ਨੂੰ ਤਰਸਦੇ ਪੇਂਡੂ ਖਿਡਾਰੀ ਅਗਲੀ ਖ਼ਬਰ 21-04-26
Ad Position 24