17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਆਧੁਨਿਕ ਖੇਡ ਸਹੂਲਤਾਂ ਨੂੰ ਤਰਸਦੇ ਪੇਂਡੂ ਖਿਡਾਰੀ

Ad Position 21
No active advertisement
ਅਜੀਤ ਡੈਸਕ 21-04-2026

ਪੰਜਾਬ ਦੇ ਖਿਡਾਰੀ ਭਾਵੇਂ ਦੁਨੀਆ 'ਚ ਆਪਣੀ ਯੋਗਤਾ ਰਾਹੀਂ ਛਾਏ ਹੋਏ ਹਨ ਪਰ ਅਜੇ ਵੀ ਖੇਡ ਖੇਤਰ 'ਚ ਬਹੁਤ ਕੁਝ ਅਜਿਹਾ ਹੈ, ਜੋ ਕਾਫ਼ੀ ਸੁਧਾਰ ਮੰਗਦਾ ਹੈ। ਪੰਜਾਬ ਨੇ ਦੇਸ਼ ਨੂੰ ਬਹੁਤ ਸ਼ਾਨਦਾਰ ਖਿਡਾਰੀ ਦਿੱਤੇ ਹਨ। ਇਸ ਸਮੇਂ ਵੀ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਅਨੇਕਾਂ ਖਿਡਾਰੀ ਨਵੀਆਂ ਮੱਲਾਂ ਮਾਰ ਰਹੇ ਹਨ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਪੰਜਾਬ ਦੇ ਪੇਂਡੂ ਖੇਤਰਾਂ 'ਚ ਅਨੇਕਾਂ ਉਭਰਦੇ ਖਿਡਾਰੀ ਹਨ ਪਰ ਉਨ੍ਹਾਂ ਨੂੰ ਆਧੁਨਿਕ ਖੇਡ ਸਹੂਲਤਾਂ ਨਹੀਂ ਮਿਲ ਰਹੀਆਂ, ਜਿਸ ਕਾਰਨ ਉਹ ਆਪਣੀ ਖੇਡ ਯੋਗਤਾ ਦਾ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦੇ। ਇਹ ਅਸਲੀਅਤ ਹੈ ਕਿ ਵੱਡੀ ਗਿਣਤੀ ਪੇਂਡੂ ਖਿਡਾਰੀਆਂ ਤੇ ਖਿਡਾਰਨਾਂ ਤੱਕ ਸਰਕਾਰੀ ਖੇਡ ਸਹੂਲਤਾਂ ਪੂੁਰੀ ਤਰਾਂ ਨਹੀਂ ਪਹੁੰਚ ਰਹੀਆਂ। ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਭਾਵੇਂ ਪੰਜਾਬ ਵਿਚ ਵੱਖ ਵੱਖ ਸਮੇਂ ਸਰਕਾਰ ਬਦਲ ਜਾਂਦੀ ਹੈ ਪਰ ਲਾਲਫੀਤਾਸ਼ਾਹੀ ਤਾਂ ਉਹੀ ਰਹਿੰਦੀ ਹੈ। ਇਸੇ ਕਾਰਨ ਅਕਸਰ ਸਰਕਾਰ ਦੀਆਂ ਖੇਡ ਨੀਤੀਆਂ ਪੂਰੀ ਤਰ੍ਹਾਂ ਲਾਗੂ ਨਹੀਂ ਹੁੰਦੀਆਂ ਜਾਂ ਇਨ੍ਹਾਂ ਨੀਤੀਆਂ ਦਾ ਵਧੇਰੇ ਲਾਭ ਉੱਪਰ ਤੱਕ ਪਹੁੰਚ ਵਾਲੇ ਖਿਡਾਰੀ ਲੈ ਜਾਂਦੇ ਹਨ ਤੇ ਆਮ ਖਿਡਾਰੀ ਇਨ੍ਹਾਂ ਖੇਡ ਸਹੂਲਤਾਂ ਤੋਂ ਰਹਿ ਜਾਂਦੇ ਹਨ। ਪੇਂਡੂ ਖੇਤਰਾਂ ਵਿਚ ਖਿਡਾਰੀਆਂ ਦੇ ਨਾਲ ਅਨੇਕਾਂ ਖਿਡਾਰਨਾਂ ਵੀ ਚੰਗੀਆਂ ਖੇਡ ਸਹੂਲਤਾਂ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। ਕਈ ਸਕੂਲਾਂ ਵਾਲਿਆਂ ਨੇ ਤਾਂ ਕ੍ਰਿਕਟ ਤੋਂ ਬਿਨਾਂ ਕਿਸੇ ਹੋਰ ਖੇਡ ਦੀ ਟੀਮ ਹੀ ਨਹੀਂ ਬਣਾਈ ਹੁੰਦੀ, ਜਿਸ ਕਰਕੇ ਹੋਰਨਾਂ ਖੇਡਾਂ ਦੇ ਖਿਡਾਰੀ ਆਪਣੀ ਯੋਗਤਾ ਦਿਖਾਉਣ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਤੋਂ ਇਲਾਵਾ ਕਈ ਟੀਮਾਂ ਵਿਚ ਖਿਡਾਰੀਆਂ ਦੀ ਚੋਣ ਸਹੀ ਤਰੀਕੇ ਨਾਲ ਨਹੀਂ ਕੀਤੀ ਜਾਂਦੀ। ਖੇਡਾਂ 'ਚ ਭਾਈ-ਭਤੀਜਾਵਾਦ ਵੀ ਹੋਣ ਦੀ ਚਰਚਾ ਅਕਸਰ ਹੁੰਦੀ ਰਹਿੰਦੀ ਹੈ, ਜਿਸ ਕਾਰਨ ਚੰਗੇ ਖਿਡਾਰੀ ਉੱਭਰ ਕੇ ਸਾਹਮਣੇ ਆਉਣ ਤੋਂ ਰਹਿ ਜਾਂਦੇ ਹਨ। ਇਸ ਤੋਂ ਇਲਾਵਾ ਅਨੇਕਾਂ ਖਿਡਾਰੀਆਂ ਨੂੰ ਯੋਗ ਅਗਵਾਈ ਨਾ ਮਿਲਣ ਕਾਰਨ ਵੀ ਉਹ ਪਿੱਛੇ ਰਹਿ ਜਾਂਦੇ ਹਨ। ਦੂਜੇ ਪਾਸੇ ਇਹ ਵੀ ਅਸਲੀਅਤ ਹੈ ਕਿ ਪੰਜਾਬ ਦੇ ਕਈ ਪਿੰਡਾਂ 'ਚ ਖਿਡਾਰੀਆਂ ਤੇ ਉੱਭਰਦੇ ਬਾਲ ਖਿਡਾਰੀਆਂ ਨੂੰ ਅਨੇਕਾਂ ਤਰ੍ਹਾਂ ਦੀਆਂ ਖੇਡ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਵੱਖ-ਵੱਖ ਪਿੰਡਾਂ 'ਚ ਕਰਵਾਏ ਜਾਂਦੇ ਖੇਡ ਮੁਕਾਬਲੇ ਵੀ ਖਿਡਾਰੀਆਂ ਵਿਚ ਜੋਸ਼ ਭਰ ਦਿੰਦੇ ਹਨ। ਕਈ ਐਨ.ਆਰ.ਆਈ. ਪੰਜਾਬੀ ਵੀ ਆਪਣੇ ਪਿੰਡਾਂ 'ਚ ਖਿਡਾਰੀਆਂ ਨੂੰ ਸਹੂਲਤਾਂ ਮੁਹੱਈਆ ਕਰਵਾਉਂਦੇ ਹਨ, ਜੋ ਚੰਗੀ ਗੱਲ ਹੈ। ਨਵੇਂ ਖੇਡ ਸਟੇਡੀਅਮ ਬਣਾਉਣ ਦਾ ਵੀ ਤਾਂ ਹੀ ਫ਼ਾਇਦਾ ਹੈ, ਜੇ ਇਨ੍ਹਾਂ ਦੀ ਸਹੂਲਤ ਸਾਰੇ ਪੇਂਡੂ ਖਿਡਾਰੀਆਂ ਨੂੰ ਮੁਹੱਈਆ ਹੋਵੇ। ਖੇਡਾਂ ਵਿਚ ਸੁਧਾਰ ਲਿਆਉਣ ਲਈ ਚਾਹੀਦਾ ਤਾਂ ਇਹ ਹੈ ਕਿ ਸਭ ਤੋਂ ਪਹਿਲਾਂ ਪੰਜਾਬ ਵਿਚ ਖੇਡ ਪ੍ਰਣਾਲੀ ਨੂੰ ਸੁਧਾਰਿਆ ਜਾਵੇ। ਇਸ ਤੋਂ ਇਲਾਵਾ ਤਜਰਬੇਕਾਰ ਤੇ ਸਾਬਕਾ ਖਿਡਾਰੀਆਂ ਦੀਆਂ ਸੇਵਾਵਾਂ ਲੈ ਕੇ ਉੱਭਰ ਰਹੇ ਖਿਡਾਰੀਆਂ ਨੂੰ ਨਵੀਂ ਸੇਧ ਦਿੱਤੀ ਜਾਵੇ। ਇਸ ਤੋਂ ਇਲਾਵਾ ਹਰ ਇਲਾਕੇ ਦੇ ਹਰ ਖਿਡਾਰੀ ਤੱਕ ਸਰਕਾਰੀ ਖੇਡ ਸਹੂਲਤਾਂ ਪਹੁੰਚਾਈਆਂ ਜਾਣ। ਪੰਜਾਬ ਦੀ ਨਵੀਂ ਖੇਡ ਨੀਤੀ ਬਣਾਉਣਾ ਸ਼ਲਾਘਾਯੋਗ ਉਪਰਾਲਾ ਹੈ ਪਰ ਇਸ ਨੀਤੀ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਲੋੜ ਤਾਂ ਬਾਲ ਖਿਡਾਰੀਆਂ ਨੂੰ ਤਰਾਸ਼ ਕੇ ਉਨ੍ਹਾਂ ਨੂੰ ਚੰਗੇ ਖਿਡਾਰੀ ਬਣਾਉਣ ਦੀ ਹੈ। ਇਸ ਪਾਸੇ ਵੀ ਸਰਕਾਰ ਤੇ ਖੇਡ ਸੰਸਥਾਵਾਂ ਨੂੰ ਧਿਆਨ ਦੇਣ ਦੀ ਲੋੜ ਹੈ।

-ਲੱਕੀ ਨਿਵਾਸ, 61ਏ, ਵਿੱਦਿਆ ਨਗਰ, ਪਟਿਆਲਾ।
ਮੋਬਾਈਲ : 94638-19174

Ad Position 22
No active advertisement
ਪਿਛਲੀ ਖ਼ਬਰ ਹਾਕੀ ਨੂੰ ਘਾਹ ਦੇ ਮੈਦਾਨਾਂ 'ਤੇ ਲਿਆਉਣ ਦੀ ਲੋੜ ਅਗਲੀ ਖ਼ਬਰ ਪੋਲ ਵਾਲਟਰ ਬਰਾਨਿਕਾ ਨੇ ਬਣਾਇਆ ਰਾਸ਼ਟਰੀ ਰਿਕਾਰਡ ਨਜ਼ਰਾਂ ਹੁਣ ਏਸ਼ੀਅਨ ਖੇਡਾਂ 'ਤੇ
Ad Position 24