ਕਦੇ ਭਾਰਤ ਦੀ ਸਵੇਰ ਹਾਕੀ ਦੀ ਆਵਾਜ਼ ਨਾਲ ਜਾਗਦੀ ਸੀ। ਕਿਸੇ ਪਿੰਡ ਦੇ ਸਕੂਲ ਦੇ ਮੈਦਾਨ 'ਤੇ, ਕਿਸੇ ਫ਼ੌਜੀ ਛਾਉਣੀ ਦੇ ਕੋਨੇ 'ਚ, ਕਿਸੇ ਕਾਲਜ ਦੇ ਘਾਹ ਨਾਲ ਭਰੇ ਮੈਦਾਨ 'ਤੇ ਇਕ ਸਟਿੱਕ, ਇਕ ਗੇਂਦ ਤੇ ਇਕ ਵੱਡਾ ਸੁਪਨਾ ਹੁੰਦਾ ਸੀ ਭਾਰਤ ਲਈ ਖੇਡਣ ਦਾ। ਉਸ ਵੇਲੇ ਨਾ ਕਰੋੜਾਂ ਦੇ ਸਟੇਡੀਅਮ ਹੁੰਦੇ ਸਨ, ਨਾ ਚਮਕਦਾਰ ਐਸਟ੍ਰੋ ਟਰਫ (ਬਨਾਉਟੀ ਘਾਹ) ਤੇ ਨਾ ਹੀ ਵਿਦੇਸ਼ੀ ਸਿਖਲਾਈ। ਸਿਰਫ਼ ਘਾਹ ਦੇ ਮੈਦਾਨ, ਪਸੀਨੇ ਦੀ ਖੁਸ਼ਬੂ, ਦਿਲ 'ਚ ਦੇਸ਼ ਭਗਤੀ ਤੇ ਅੱਖਾਂ 'ਚ ਤਿਰੰਗਾ ਹੁੰਦਾ ਸੀ। ਉਹੀ ਸਧਾਰਨ ਮੈਦਾਨ ਭਾਰਤ ਲਈ ਅਸਾਧਾਰਨ ਇਤਿਹਾਸ ਲਿਖ ਰਹੇ ਸਨ। ਦੁਨੀਆ ਕਹਿੰਦੀ ਸੀ ਕਿ ਜੇ ਹਾਕੀ ਦਾ ਅਸਲੀ ਜਾਦੂ ਵੇਖਣਾ ਹੈ ਤਾਂ ਭਾਰਤ ਨੂੰ ਖੇਡਦੇ ਵੇਖੋ। ਉਸ ਸਮੇਂ ਸਿਰਫ ਭਾਰਤ 'ਚ ਨਹੀਂ, ਸਗੋਂ ਪੂਰੇ ਸੰਸਾਰ ਵਿਚ ਹਾਕੀ ਕੁਦਰਤੀ ਘਾਹ ਦੇ ਮੈਦਾਨਾਂ 'ਤੇ ਖੇਡੀ ਜਾਂਦੀ ਸੀ। ਇਹੀ ਮੈਦਾਨ ਹਾਕੀ ਖਿਡਾਰੀਆਂ ਦੀ ਅਸਲੀ ਕਰਮਭੂਮੀ ਹੁੰਦੇ ਸਨ।
ਪਰ ਫਿਰ ਇਤਿਹਾਸ ਦਾ ਪਹੀਆ ਅਚਾਨਕ ਮੁੜ ਗਿਆ। ਅੰਤਰਰਾਸ਼ਟਰੀ ਹਾਕੀ ਸੰਸਥਾਵਾਂ ਵਲੋਂ ਇਕ ਫ਼ੈਸਲਾ ਲਿਆ ਗਿਆ, ਜਿਸ ਨੇ ਹਾਕੀ ਦੀ ਰੂਹ ਹਿਲਾ ਦਿੱਤੀ। ਅੰਤਰਰਾਸ਼ਟਰੀ ਟੂਰਨਾਮੈਂਟਾਂ ਲਈ ਐਸਟ੍ਰੋਟਰਫ (ਬਨਾਉਟੀ ਘਾਹ) ਲਾਜ਼ਮੀ ਕਰ ਦਿੱਤਾ ਗਿਆ। ਉਲੰਪਿਕ ਤੇ ਵਿਸ਼ਵ ਕੱਪ ਵਰਗੇ ਟੂਰਨਾਮੈਂਟ ਐਸਟ੍ਰੋਟਰਫ 'ਤੇ ਖੇਡੇ ਜਾਣ ਲੱਗੇ। ਕਿਹਾ ਗਿਆ ਕਿ ਇਹ ਆਧੁਨਿਕਤਾ ਹੈ, ਵਿਕਾਸ ਹੈ ਤੇ ਅੰਤਰਰਾਸ਼ਟਰੀ ਪੱਧਰ ਹੈ। ਪਰ ਕਿਸੇ ਨੇ ਇਹ ਨਹੀਂ ਪੁੱਛਿਆ ਕਿ ਕੀ ਏਸ਼ੀਆ, ਅਫਰੀਕਾ ਤੇ ਗਰੀਬ ਦੇਸ਼ ਅਜਿਹੇ ਅਤਿ ਦੇ ਮਹਿੰਗੇ ਮੈਦਾਨ ਬਣਾ ਸਕਦੇ ਹਨ? ਕੀ ਹਰ ਪਿੰਡ ਕਰੋੜਾਂ ਦਾ ਐਸਟ੍ਰੋਟਰਫ ਬਣਾ ਸਕਦਾ ਹੈ? ਕੀ ਹਰ ਸਕੂਲ ਇਹ ਸਹੂਲਤ ਦੇ ਸਕਦਾ ਹੈ? ਇਸ ਫ਼ੈਸਲੇ ਦਾ ਸਭ ਤੋਂ ਵੱਡਾ ਝਟਕਾ ਭਾਰਤ ਤੇ ਪਾਕਿਸਤਾਨ ਵਰਗੇ ਦੇਸ਼ਾਂ ਨੂੰ ਲੱਗਾ, ਜਿਨ੍ਹਾਂ ਨੇ ਹਾਕੀ ਨੂੰ ਮਹਾਨ ਬਣਾਇਆ ਸੀ। ਉਹੀ ਦੇਸ਼ ਹੌਲੀ-ਹੌਲੀ ਦਰਸ਼ਕ ਬਣ ਗਏ। ਅਫ਼ਸੋਸ ਇਹ ਕਿ ਇਸ ਫ਼ੈਸਲੇ ਦਾ ਵਿਰੋਧ ਵੀ ਸਹੀ ਢੰਗ ਨਾਲ ਨਹੀਂ ਕੀਤਾ ਗਿਆ। ਸਵਾਲ ਹੈ ਕਿ ਕੀ ਕਦੇ ਫੀਫਾ ਨੇ ਅਜਿਹਾ ਸੋਚਿਆ ਕਿ ਫੁੱਟਬਾਲ ਹੁਣ ਘਾਹ 'ਤੇ ਨਹੀਂ ਖੇਡਿਆ ਜਾਵੇਗਾ। ਨਹੀਂ, ਕਿਉਂਕਿ ਫੁੱਟਬਾਲ ਜਾਣਦਾ ਹੈ ਕਿ ਖੇਡ ਉਦੋਂ ਤੱਕ ਹੀ ਜ਼ਿੰਦਾ ਰਹਿੰਦੀ ਹੈ, ਜਦੋਂ ਤੱਕ ਉਹ ਲੋਕਾਂ ਵਿਚ ਰਹੇਗੀ।
ਪਰ ਹਾਕੀ ਹੌਲੀ-ਹੌਲੀ ਐਸਟ੍ਰੋਟਰਫ ਸਟੇਡੀਅਮਾਂ ਦੀ ਕੈਦੀ ਬਣ ਗਈ ਤੇ ਜਦੋਂ ਤੋਂ ਐਸਟ੍ਰੋਟਰਫ ਆਇਆ, ਲੋਕਾਂ ਨੇ ਹਾਕੀ ਖੇਡਣੀ ਹੀ ਛੱਡ ਦਿੱਤੀ। ਜਿੱਥੇ ਪਹਿਲਾਂ ਹਰ ਸਕੂਲ 'ਚ ਸਟਿਕ ਘੁੰਮਦੀ ਸੀ, ਅੱਜ ਉੱਥੇ ਸਿਰਫ਼ ਕਿਤਾਬਾਂ ਵਿਚ ਹੀ ਹਾਕੀ ਬਚੀ ਹੈ। ਐਸਟ੍ਰੋਟਰਫ ਨੇ ਹਾਕੀ ਨੂੰ ਲੋਕਾਂ ਤੋਂ ਦੂਰ ਕਰ ਦਿੱਤਾ। ਇਹ ਖੇਡ ਸੱਭਿਆਚਾਰ ਤੋਂ ਨਿਕਲ ਕੇ ਸਿਰਫ਼ ਕੌਮੀ ਟੀਮ ਤੱਕ ਸੀਮਤ ਹੋ ਗਈ। ਇਹੀ ਕਾਰਨ ਹੈ ਕਿ ਹਾਕੀ ਕਦੇ ਫੁੱਟਬਾਲ ਜਾਂ ਕ੍ਰਿਕਟ ਵਾਂਗ ਜਨ-ਸੰਸਕ੍ਰਿਤੀ ਨਹੀਂ ਬਣ ਸਕੀ। ਇਸੇ ਲਈ ਅੱਜ ਸੰਸਾਰ ਭਰ ਵਿਚ ਇਹ ਚਰਚਾ ਚੱਲ ਰਹੀ ਹੈ ਕਿ ਹਾਕੀ ਦਾ ਇਕ ਵਿਸ਼ਵ ਕੱਪ ਘਾਹ ਦੇ ਮੈਦਾਨਾਂ 'ਤੇ ਵੀ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਜੋ ਇਹ ਖੇਡ ਮੁੜ ਲੋਕਾਂ ਨਾਲ ਜੁੜ ਸਕੇ ਅਤੇ ਹੋਰ ਦੇਸ਼ ਵੀ ਇਸ ਨੂੰ ਖੇਡ ਸਕਣ। ਹਾਕੀ ਮਰੀ ਨਹੀਂ ਹੈ, ਇਹ ਅੱਜ ਵੀ ਜ਼ਿੰਦਾ ਹੈ, ਕਿਸੇ ਪਿੰਡ ਦੇ ਪੁਰਾਣੇ ਮੈਦਾਨ 'ਚ, ਕਿਸੇ ਟੁੱਟੀ ਸਟਿਕ ਵਿਚ, ਕਿਸੇ ਬੁਜ਼ੁਰਗ ਕੋਚ ਦੀਆਂ ਅੱਖਾਂ ਵਿਚ ਤੇ ਕਿਸੇ ਬੱਚੇ ਦੇ ਸੁਪਨੇ ਵਿਚ। ਹਾਕੀ ਦੀ ਰੂਹ ਅਜੇ ਵੀ ਪੁਕਾਰ ਰਹੀ ਹੈ ਕਿ ਉਸ ਨੂੰ ਘਾਹ ਦੇ ਮੈਦਾਨਾਂ 'ਤੇ ਵਾਪਸ ਲੈ ਚੱਲੋ। ਜਿਸ ਦਿਨ ਪਿੰਡਾਂ 'ਚ ਘਾਹ ਦੇ ਮੈਦਾਨ ਵਾਪਸ ਆਉਣਗੇ, ਉਸ ਦਿਨ ਫਿਰ ਮੇਜਰ ਧਿਆਨ ਚੰਦ ਵਰਗੇ ਮਹਾਨ ਖਿਡਾਰੀ ਜਨਮ ਲੈਣਗੇ ਤੇ ਦੁਨੀਆ ਫਿਰ ਕਹੇਗੀ ਕਿ ਹਾਕੀ ਦਾ ਅਸਲੀ ਘਰ ਭਾਰਤ ਹੈ।
-ਮੋਬਾਈਲ 98155-35410