17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਫ਼ਲਦਾਰ ਬੂਟਿਆਂ ਨੂੰ ਵਧਦੇ ਤਾਪਮਾਨ ਤੋਂ ਬਚਾਉਣਾ ਜ਼ਰੂਰੀ

Ad Position 21
No active advertisement
ਅਜੀਤ ਡੈਸਕ 21-04-2026

ਗਰਮੀ ਦੀ ਰੁੱਤ ਵਿਚ ਸਦਾਬਹਾਰ ਫ਼ਲਦਾਰ ਬੂਟੇ ਜਿਵੇਂ ਕਿ ਅੰਬ, ਲੀਚੀ, ਪਪੀਤਾ, ਕੇਲਾ ਅਤੇ ਨਿੰਬੂ ਜਾਤੀ ਦੇ ਬੂਟਿਆਂ 'ਤੇ ਵਧਦੇ ਤਾਪਮਾਨ ਦਾ ਅਸਰ ਵਧੇਰੇ ਵੇਖਣ ਨੂੰ ਮਿਲਦਾ ਹੈ। ਵਧਦੇ ਤਾਪਮਾਨ ਕਾਰਨ ਫ਼ਲਾਂ 'ਤੇ ਧੱਬੇ ਪੈ ਜਾਂਦੇ ਹਨ ਅਤੇ ਪੱਤੇ ਝੁਲਸ ਜਾਂਦੇ ਹਨ। ਕਈ ਵਾਰ ਬਾਗਬਾਨ ਇਸ ਝੁਲਸ ਰੋਗ ਨੂੰ ਤੱਤਾਂ ਦੀ ਘਾਟ ਦਾ ਭੁਲੇਖਾ ਪੈ ਜਾਂਦਾ ਹੈ। ਲੀਚੀ, ਅਨਾਰ, ਬਰਾਮਾਸੀ ਨਿੰਬੂ ਖੁਸ਼ਕ ਰੁੱਤ ਵਿਚ ਫਟਣਾ ਸ਼ੁਰੂ ਕਰ ਦਿੰਦੇ ਹਨ। ਗਰਮੀ ਦਾ ਕਹਿਰ ਦੱਖਣ ਦਿਸ਼ਾ ਵਾਲੇ ਪੱਤਿਆਂ ਉੱਪਰ ਵਧੇਰੇ ਨਜ਼ਰ ਆਉਂਦਾ ਹੈ। ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਜਾਵੇ ਕਿ ਬੂਟਾ ਲਾਉਣ ਸਮੇਂ ਕਿਸੇ ਕੰਧ ਦੇ ਨੇੜੇ ਨਾ ਲਗਾਇਆ ਜਾਵੇ ਕਿਉਂਕਿ ਕੰਧ ਦੇ ਸੇਕ ਨਾਲ ਬੂਟਾ ਝੁਲਸ ਜਾਂਦਾ ਹੈ ਅਤੇ ਇਕ ਪਾਸਿਉਂ ਮਰਨਾ ਸ਼ੁਰੂ ਹੋ ਜਾਂਦਾ ਹੈ। ਗਰਮੀਆਂ ਵਿਚ ਬਾਗ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਬੂਟਿਆਂ ਦਾ ਵਾਧਾ ਸਹੀ ਢੰਗ ਨਾਲ ਹੋਵੇ। ਹੇਠ ਲਿਖੇ ਨੁਕਤੇ ਅਪਣਾ ਕੇ ਬਾਗਬਾਨ ਕਾਮਯਾਬੀ ਪਾ ਸਕਦੇ ਹਨ।
1. ਹਲਕੀ ਤੇ ਥੋੜ੍ਹੇ ਵਕਫ਼ੇ 'ਤੇ ਸਿੰਚਾਈ-ਬਾਗ ਨੂੰ ਗਰਮ ਅਤੇ ਖੁਸ਼ਕ ਮੌਸਮ ਵਿਚ ਲੋੜ ਅਨੁਸਾਰ ਪਾਣੀ ਦਿਓ। ਪਾਣੀ ਹਲਕਾ ਅਤੇ ਛੋਟੇ ਵਕਫਿਆਂ ਤੇ ਲਾਓ ਤਾਂ ਜੋ ਮਿੱਟੀ ਦੀ ਨਮੀ ਬਰਕਰਾਰ ਰਹੇ। ਪਾਣੀ ਲਗਾਉਣ ਨਾਲ ਤਾਪਮਾਨ ਵਿਚ ਘਾਟਾ ਹੁੰਦਾ ਹੈ ਅਤੇ ਮਿੱਟੀ ਅਤੇ ਹਵਾ ਵਾਸ਼ਪੀਕਰਨ ਨਾਲ ਠੰਢੇ ਹੋ ਜਾਂਦੇ ਹਨ ਅਤੇ ਬੂਟਿਆਂ ਨੂੰ ਠੰਢਾ ਰੱਖਦੇ ਹਨ।
2. ਤਣਿਆਂ ਨੂੰ ਢਕਣਾ-ਬੂਟਿਆਂ ਦੇ ਤਣੇ ਦੇ ਹੇਠਾਂ ਵਾਲੇ ਹਿੱਸੇ ਨੂੰ ਪੁਰਾਣੀਆਂ ਬੋਰੀਆਂ ਜਾਂ ਪਰਾਲੀ ਨਾਲ ਢਕਣ ਨਾਲ ਤਣੇ 'ਤੇ ਜ਼ਖ਼ਮ ਹੋਣ ਤੋਂ ਬਚ ਜਾਂਦੇ ਹਨ ਅਤੇ ਬੂਟੇ ਦਾ ਵਾਧਾ ਸਹੀ ਰੂਪ ਵਿਚ ਹੁੰਦਾ ਹੈ।
3. ਤਣਿਆਂ 'ਤੇ ਸਫੈਦੀ ਕਰਨਾ-ਬੂਟਿਆਂ ਦੇ ਤਣਿਆਂ 'ਤੇ ਚਿੱਟੇ ਰੰਗ ਦੀ ਸਫੈਦੀ ਕਰਨ ਨਾਲ ਫ਼ਲਦਾਰ ਬੂਟੇ ਗਰਮੀ ਦੇ ਬੁਰੇ ਪ੍ਰਭਾਵ ਤੋਂ ਬਚ ਜਾਂਦੇ ਹਨ। ਜੇ ਚਿੱਟੀ ਸਫੈਦੀ ਵਿਚ ਨੀਲਾ ਥੋਥਾ ਮਿਲਾ ਦਿੱਤਾ ਜਾਵੇ ਤਾਂ ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਤੋਂ ਵੀ ਬਚਾਅ ਹੋ ਜਾਂਦਾ ਹੈ। ਗਰਮੀਆਂ ਸ਼ੁਰੂ ਹੋਣ 'ਤੇ ਹੀ ਸਫੈਦੀ ਕਰ ਦੇਣੀ ਚਾਹੀਦੀ ਹੈ ਅਤੇ ਲੋੜ ਪੈਣ 'ਤੇ ਇਸ ਨੂੰ ਦੋਹਰਾ ਦੇਣਾ ਚਾਹੀਦਾ ਹੈ ਤਾਂ ਜੋ ਇਸ ਦਾ ਅਸਰ ਬਣਿਆ ਰਹੇ ਕਿਉਂਕਿ ਚਿੱਟਾ ਰੰਗ ਰੌਸ਼ਨੀ ਨੂੰ ਜਜ਼ਬ ਨਹੀਂ ਹੋਣ ਦਿੰਦਾ।
4. ਛੋਰਾ ਕਰਨਾ-ਜੇ ਨਵੇਂ ਲਗਾਏ ਹੋਏ ਬੂਟਿਆਂ ਉੱਪਰ ਸਰਕੰਡਾ ਜਾਂ ਪਰਾਲੀ ਦੀ ਕੁੱਲੀ ਬਣਾ ਦਿੱਤੀ ਜਾਵੇ ਤਾਂ ਗਰਮੀ ਰੁੱਤ ਵਿਚ ਸਿੱਧੀ ਧੁੱਪ ਤੋਂ ਬਚਿਆਂ ਜਾ ਸਕਦਾ ਹੈ। ਇਸ ਤਰ੍ਹਾਂ ਕਰਨ ਨਾਲ ਬੂਟਿਆਂ ਨੂੰ ਠੰਢਕ ਵੀ ਮਿਲਦੀ ਹੈ ਅਤੇ ਉਨ੍ਹਾਂ ਦਾ ਵਾਧਾ ਸਹੀ ਹੁੰਦਾ ਹੈ।
5. ਕਾਂਟ-ਛਾਟ-ਜੇ ਫ਼ਲਦਾਰ ਬੂਟਿਆਂ ਦੀ ਕਾਂਟ-ਛਾਂਟ ਕਰਕੇ ਨੀਵੇਂ ਰੱਖਿਆ ਜਾਵੇ ਤਾਂ ਇਹ ਸੂਰਜ ਦੀਆਂ ਕਿਰਨਾਂ ਦੇ ਪ੍ਰਕੋਪ ਤੋਂ ਕੁਝ ਹੱਦ ਤੱਕ ਬਚ ਜਾਂਦੇ ਹਨ। ਉੱਚੇ ਬੂਟਿਆਂ ਤੇ ਸੂਰਜ ਦੀ ਗਰਮੀ ਜ਼ਿਆਦਾ ਪੈਣ ਕਰਕੇ ਇਹ ਜਲਦੀ ਝੁਲਸ ਜਾਂਦੇ ਹਨ।
6. ਮਲਚਿੰਗ-ਜੇਕਰ ਪਰਾਲੀ, ਸੁੱਕੇ ਘਾਹ ਅਤੇ ਪੱਤਿਆਂ ਨਾਲ ਬੂਟਿਆਂ ਦੇ ਦੌਰਾਂ ਨੂੰ ਢਕਿਆ ਜਾਵੇ ਤਾਂ ਕਾਫ਼ੀ ਮਾਤਰਾ ਤੱਕ ਮਿੱਟੀ ਵਿਚ ਨਮੀ ਬਰਕਰਾਰ ਰਹਿੰਦੀ ਹੈ। ਇਸ ਵਿਧੀ ਨਾਲ ਬੂਟੇ ਦੇ ਆਲੇ-ਦੁਆਲੇ ਦੇ ਤਾਪਮਾਨ ਵਿਚ ਵੀ ਗਿਰਾਵਟ ਆਉਂਦੀ ਹੈ ਅਤੇ ਨਦੀਨਾਂ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ।
7. ਵਾੜ ਲਗਾਉਣੀ-ਜੇ ਹਵਾ ਰੋਕੂ ਵਾੜ ਬਾਗ ਦੇ ਪੱਛਮ ਵਾਲੇ ਪਾਸੇ ਲਗਾਈ ਜਾਵੇ ਤਾਂ ਬੂਟਿਆਂ ਨੂੰ ਗਰਮ ਤੇ ਖ਼ੁਸ਼ਕ ਹਵਾਵਾਂ ਦੇ ਪ੍ਰਕੋਪ ਤੋਂ ਬਚਾਇਆ ਜਾ ਸਕਦਾ ਹੈ। ਵੱਡੇ ਅਤੇ ਉੱਚੇ ਬੂਟੇ ਜਿਵੇਂ ਜਾਮਣ, ਅੰਬ, ਟਾਹਲੀ, ਬਿੱਲ ਆਦਿ ਬੂਟੇ ਬਾਗ ਦੇ ਦੁਆਲੇ ਲਾ ਕੇ ਵੀ ਹਵਾ ਰੋਕੂ ਵਾੜ ਬਣਾਈ ਜਾ ਸਕਦੀ ਹੈ। ਅਜਿਹੇ ਬੂਟੇ ਹਨੇਰੀਆਂ ਦੇ ਨੁਕਸਾਨ ਤੋਂ ਬਾਗ ਨੂੰ ਬਚਾਉਂਦੇ ਹਨ। ਪਰ ਇਹ ਦਰੱਖਤ ਬਾਗ ਸਥਾਪਤ ਕਰਨ ਤੋਂ ਪਹਿਲਾਂ ਲਗਾਏ ਜਾਣੇ ਚਾਹੀਦੇ ਹਨ ਤਾਂ ਜੋ ਨਵੇਂ ਲਗਾਏ ਬੂਟਿਆਂ ਨੂੰ ਕੋਈ ਨੁਕਸਾਨ ਨਾ ਪਹੁੰਚ ਸਕੇ।

-ਪੀ.ਏ.ਯੂ, ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ।

Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ 'ਵਰਸਿਟੀ ਵਲੋਂ ਝੋਨੇ ਦੀਆਂ ਵਿਕਸਿਤ ਕਿਸਮਾਂ ਦਾ ਰੁਝਾਨ ਵਧਿਆ ਅਗਲੀ ਖ਼ਬਰ ਹਾਕੀ ਨੂੰ ਘਾਹ ਦੇ ਮੈਦਾਨਾਂ 'ਤੇ ਲਿਆਉਣ ਦੀ ਲੋੜ
Ad Position 24