17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਖੇਤੀਬਾੜੀ 'ਵਰਸਿਟੀ ਵਲੋਂ ਝੋਨੇ ਦੀਆਂ ਵਿਕਸਿਤ ਕਿਸਮਾਂ ਦਾ ਰੁਝਾਨ ਵਧਿਆ

Ad Position 21
No active advertisement
ਅਜੀਤ ਡੈਸਕ 21-04-2026

ਪੰਜਾਬ ਵਿਚ ਝੋਨੇ ਅਧੀਨ ਸਾਲ 1970-71 'ਚ ਸਿਰਫ 3.9 ਲੱਖ ਹੈਕਟੇਅਰ ਰਕਬਾ ਸੀ, ਜੋ ਸਾਲ 2024-25 'ਚ ਲਗਭਗ 32.4 ਲੱਖ ਹੈਕਟੇਅਰ ਤੱਕ ਵਧ ਗਿਆ। ਝੋਨੇ ਦਾ ਔਸਤਨ ਝਾੜ ਵੀ 27.7 ਕੁਇੰਟਲ ਪ੍ਰਤੀ ਹੈਕਟੇਅਰ ਤੋਂ ਵਧ ਕੇ 66.4 ਕੁਇੰਟਲ ਪ੍ਰਤੀ ਹੈਕਟੇਅਰ ਹੋ ਗਿਆ। ਨਤੀਜੇ ਵਜੋਂ ਝੋਨੇ ਦੀ ਪੈਦਾਵਾਰ ਵੀ 10.3 ਲੱਖ ਟਨ ਤੋਂ 215.2 ਲੱਖ ਟਨ ਤੱਕ ਪਹੁੰਚ ਗਈ। ਇਸੇ ਸਮੇਂ ਦੌਰਾਨ ਟਿਊਬਵੈਲਾਂ ਦੀ ਗਿਣਤੀ ਵੀ 1.92 ਲੱਖ ਤੋਂ ਵਧ ਕੇ 15.49 ਲੱਖ ਤੱਕ ਪਹੁੰਚ ਚੁੱਕੀ ਹੈ। ਪੰਜਾਬ ਨੇ ਸਾਲ 2024-25 ਦੌਰਾਨ ਕੇਂਦਰੀ ਅੰਨ-ਭੰਡਾਰ 'ਚ ਚੌਲਾਂ ਦਾ 20.8 ਫ਼ੀਸਦੀ (116.1 ਲੱਖ ਟਨ) ਦਾ ਯੋਗਦਾਨ ਪਾਇਆ। ਪਰ ਇਨ੍ਹਾਂ ਪ੍ਰਾਪਤੀਆਂ ਲਈ ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਬਹੁਤ ਨੁਕਸਾਨ ਪਹੁੰਚਿਆ, ਖ਼ਾਸ ਕਰਕੇ ਧਰਤੀ ਹੇਠਲੇ ਪਾਣੀ ਦੇੇ ਪੱਧਰ ਨੂੰ ਜੋ ਹਰ ਸਾਲ ਲਗਭਗ ਅੱਧੇ ਮੀਟਰ ਦੀ ਦਰ ਨਾਲ ਹੇਠਾਂ ਜਾ ਰਿਹਾ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਝੋਨੇ ਦੀਆਂ ਘੱਟ ਸਮੇਂ 'ਚ ਪੱਕਣ ਵਾਲੀਆਂ ਕਿਸਮਾਂ ਦੀ ਖੋਜ ਦੇੇ ਨਾਲ-ਨਾਲ ਪਾਣੀ ਬਚਾਉਣ ਵਾਲੀਆਂ ਤਕਨੀਕਾਂ ਖ਼ਾਸ ਕਰਕੇ ਲੇਜ਼ਰ ਕਰਾਹੇ ਨਾਲ ਜ਼ਮੀਨ ਪੱਧਰੀ ਕਰਨਾ, ਤਰ-ਵੱਤਰ ਝੋਨੇ ਦੀ ਸਿੱਧੀ ਬਿਜਾਈ, ਵੱਟਾਂ/ਬੈੱਡਾਂ 'ਤੇ ਲੁਆਈ, ਸੁਕਾ-ਸੁਕਾ ਕੇ ਪਾਣੀ ਲਾਉਣਾ, ਲੁਆਈ ਢੁਕਵੇਂ ਸਮੇਂ 'ਤੇ ਕਰਨਾ ਆਦਿ ਵਿਕਸਿਤ ਕੀਤੀਆਂ ਗਈਆਂ। ਰਾਜ ਸਰਕਾਰ ਵਲੋਂ ਝੋਨੇ ਦੀ ਲਵਾਈ ਇਕ ਖ਼ਾਸ ਮਿਤੀ ਤੋਂ ਬਾਅਦ ਕਰਨ ਨੂੰ ਯਕੀਨੀ ਬਣਾਉਣ ਲਈ ਸਾਲ 2008-09 'ਚ ਇਕ ਆਰਡੀਨੈਂਸ/ਐਕਟ ਵੀ ਜਾਰੀ/ਪਾਸ ਕੀਤਾ ਗਿਆ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ। ਇਨ੍ਹਾਂ ਕੋਸ਼ਿਸ਼ਾਂ ਨਾਲ ਪਾਣੀ ਦੇ ਹੇਠਾਂ ਜਾਣ ਦੀ ਰਫ਼ਤਾਰ ਘਟ ਤਾਂ ਗਈ ਪਰ ਪੂਰੀ ਤਰ੍ਹਾਂ ਰੋਕ ਨਹੀਂ ਲੱਗ ਸਕੀ।
ਝੋਨੇ ਦੀਆਂ ਵੱਖ-ਵੱਖ ਕਿਸਮਾਂ ਹੇਠਾਂ ਰਕਬੇ ਦਾ ਅੰਦਾਜ਼ਾ ਲਾਉਣ ਲਈ ਕੀਤੇ ਸਰਵੇਖਣ ਦਰਸਾਉਂਦੇ ਹਨ ਕਿ ਪੀ.ਏ.ਯੂ. ਵਲੋਂ ਵਿਕਸਿਤ ਕਿਸਮਾਂ ਦੀ ਕਾਸ਼ਤ ਦਾ ਰੁਝਾਨ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵਧ ਰਿਹਾ ਹੈ। ਇਨ੍ਹਾਂ ਕਿਸਮਾਂ ਅਧੀਨ ਰਕਬਾ 2013-14 ਤੋਂ 2025-26 ਦੌਰਾਨ 38.2 ਫ਼ੀਸਦੀ ਤੋਂ 72.8 ਫੀਸਦੀ ਤੱਕ ਵਧ ਗਿਆ। ਜੇ ਘੱਟ ਤੇ ਦਰਮਿਆਨੇ ਸਮੇਂ 'ਚ ਪੱਕਣ ਵਾਲੀਆਂ ਕਿਸਮਾਂ ਹੇਠਲੇ ਰਕਬੇ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਹੇਠ ਸਾਲ 2025-26 ਵਿਚ 83.3 ਫ਼ੀਸਦੀ ਰਕਬਾ ਸੀ। ਹੁਣ ਕਿਸਾਨ ਘੱਟ ਤੇ ਦਰਮਿਆਨੇ ਸਮੇਂ 'ਚ ਪੱਕਣ ਵਾਲੀਆਂ ਕਿਸਮਾਂ ਖ਼ਾਸ ਕਰਕੇ ਪੀ.ਏ.ਯੂ. ਦੁਆਰਾ ਵਿਕਸਿਤ ਕਿਸਮਾਂ ਨੂੰ ਖੂਬ ਤਰਜੀਹ ਦੇਣ ਲੱਗ ਪਏ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇਨ੍ਹਾਂ ਦਾ ਝਾੜ ਲੰਮੇ ਸਮੇਂ 'ਚ ਪੱਕਣ ਵਾਲੀਆਂ ਕਿਸਮਾਂ ਦੇ ਲਗਭਗ ਬਰਾਬਰ ਹੈ ਤੇ ਇਨ੍ਹਾਂ ਦੀ ਕਾਸ਼ਤ 'ਤੇ ਖ਼ਰਚਾ ਵੀ ਘੱਟ ਆਉਂਦਾ ਹੈ। ਨਤੀਜੇ ਵਜੋਂ ਪਿਛਲੇ ਸਾਲਾਂ ਦੌਰਾਨ ਝੋਨੇ ਦੀਆਂ ਗ਼ੈਰ-ਸਿਫ਼ਾਰਸ਼ੀ, ਲੰਮੇ ਸਮੇਂ 'ਚ ਪੱਕਣ ਵਾਲੀਆਂ ਤੇ ਪਾਣੀ ਦੀ ਵਧੇਰੇ ਖ਼ਪਤ ਵਾਲੀਆਂ ਕਿਸਮਾਂ (ਜਿਵੇਂ ਕਿ ਪੂਸਾ-44, ਪੀਲੀ ਪੂਸਾ ਆਦਿ ਕਿਸਮਾਂ) ਹੇਠੋਂ ਰਕਬਾ ਲਗਾਤਾਰ ਘਟ ਰਿਹਾ ਹੈ। ਪੂਸਾ-44 ਹੇਠ ਰਕਬਾ ਜੋ 2013-14 'ਚ 45.6 ਫ਼ੀਸਦੀ ਤੱਕ ਸੀ, 2025-26 'ਚ 11.8 ਫ਼ੀਸਦੀ ਰਹਿ ਗਿਆ। ਇਸ ਵਿਚ ਪੀ.ਏ.ਯੂ. ਦੇ ਪਸਾਰ ਮਾਹਿਰਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ।
ਪਰਮਲ ਝੋਨੇ ਦੀਆਂ ਸਭ ਤੋਂ ਹਰਮਨ ਪਿਆਰੀਆਂ ਕਿਸਮਾਂ ਪੀਆਰ-126 ਤੇ ਪੀਆਰ-131 ਰਹੀਆਂ, ਜਿਨ੍ਹਾਂ ਹੇਠ ਪਿਛਲੇ ਸਾਲ ਪਰਮਲ ਝੋਨੇ ਦਾ ਕ੍ਰਮਵਾਰ 35.3 ਤੇ 23.0 ਫ਼ੀਸਦੀ ਰਕਬਾ ਸੀ। ਇਹ ਵੀ ਵੇਖਿਆ ਗਿਆ ਕਿ ਹਾਲੇ ਵੀ ਮਲੇਰਕੋਟਲਾ, ਬਰਨਾਲਾ, ਸੰਗਰੂਰ, ਬਠਿੰਡਾ, ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ 'ਚ ਕ੍ਰਮਵਾਰ 67.5, 55.5 36.3, 30.1, 28.6 ਤੇ 25.1 ਫ਼ੀਸਦੀ ਦੇ ਲਗਭਗ ਰਕਬਾ ਲੰਮੇ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਹੇਠ ਹੈ, ਜਿਸ ਦਾ ਧਰਤੀ ਹੇਠਲੇ ਪਾਣੀ ਦੇ ਪੱਧਰ 'ਤੇ ਭਵਿੱਖ ਵਿਚ ਮਾੜਾ ਪ੍ਰਭਾਵ ਪੈ ਰਿਹਾ ਹੈ। ਬੋਰ ਹੋਰ ਡੂੰਘੇ ਕਰਨ ਲਈ ਕਿਸਾਨਾਂ ਨੂੰ ਵਾਧੂ ਖ਼ਰਚਿਆਂ ਦਾ ਬੋਝ ਵੀ ਝੱਲਣਾ ਪੈਂਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਤਰ੍ਹਾਂ ਤੇਜ਼ੀ ਨਾਲ ਖ਼ਤਮ ਹੋ ਰਹੇ ਪਾਣੀ ਦੇ ਭੰਡਾਰ ਨੂੰ ਜਲਦੀ ਕੀਤਿਆਂ ਭਵਿੱਖ ਵਿੱਚ ਪੂਰਿਆ ਵੀ ਨਹੀਂ ਜਾ ਸਕੇਗਾ। ਇਨ੍ਹਾਂ ਜ਼ਿਲ੍ਹਿਆਂ ਦੇ ਕਿਸਾਨ ਸਿਰਫ ਵੱਧ ਝਾੜ ਲੈਣ ਲਈ ਲੰਮੇਂ ਸਮੇਂ ਵਾਲੀਆਂ ਕਿਸਮਾਂ ਬੀਜਦੇ ਹੋ ਸਕਦੇ ਹਨ ਪਰ ਉਹ ਇਸ ਹਕੀਕਤ ਤੋਂ ਮੂੂੰਹ ਫੇਰ ਲੈਂਦੇ ਹਨ ਕਿ ਇਨ੍ਹਾਂ ਕਿਸਮਾਂ ਨੂੰ ਜ਼ਿਆਦਾ ਪਾਣੀ, ਖਾਦਾਂ, ਕੀਟਨਾਸ਼ਕਾਂ ਤੇ ਲੇਬਰ ਦੀ ਜ਼ਰੂਰਤ ਪੈਂਦੀ ਹੈ। ਪਰਾਲੀ ਜ਼ਿਆਦਾ ਹੋਣ ਕਰਕੇ ਇਸ ਨੂੰ ਸੰਭਾਲਣ ਦੇ ਖ਼ਰਚੇ ਵੀ ਵਧ ਜਾਂਦੇ ਹਨ। ਇਸ ਸਭ ਦੇ ਕਾਰਨ ਇਨ੍ਹਾਂ ਕਿਸਮਾਂ ਤੋਂ ਮੁਨਾਫ਼ਾ ਕਾਫ਼ੀ ਘਟ ਜਾਂਦਾ ਹੈ। ਇਹ ਹੋ ਸਕਦਾ ਹੈ ਕਿ ਪੀਆਰ-126 ਤੇ ਪੀਆਰ-131 ਵਰਗੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦਾ ਝਾੜ ਲੰਮੇ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਨਾਲੋਂ ਮਾਮੂਲੀ ਜਿਹਾ ਘੱਟ ਹੋਵੇ ਪਰ ਇਸ ਦੇ ਬਾਵਜੂਦ ਇਨ੍ਹਾਂ ਤੋਂ ਹੋਣ ਵਾਲੀ ਨਿਰੋਲ ਵੱਟਤ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਦੇ ਲਗਭਗ ਬਰਾਬਰ ਹੀ ਹੋ ਜਾਂਦੀ ਹੈ। ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ ਨਾਲ ਸਾਲ ਵਿਚ ਤਿੰਨ ਫ਼ਸਲਾਂ ਲਈਆਂ ਜਾ ਸਕਦੀਆਂ ਹਨ। ਉਦਾਹਰਨ ਵਜੋਂ ਸੱਠੀ ਮੂੰਗੀ ਨੂੰ ਤੀਜੀ ਫ਼ਸਲ ਦੇ ਤੌਰ 'ਤੇ ਬੀਜ ਕੇ ਆਮਦਨ ਵੀ ਵਧੇਗੀ ਅਤੇ ਜ਼ਮੀਨ ਦੀ ਸਿਹਤ ਵੀ ਸੁਧਰੇਗੀ। ਇਸ ਤੋਂ ਇਲਾਵਾ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਵੀ ਸਮੇਂ ਸਿਰ ਹੋ ਸਕੇਗੀ, ਜਿਸ ਨਾਲ ਕਣਕ ਦਾ ਝਾੜ ਵੀ ਵਧੇਗਾ। ਸੂਬੇ ਦੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕਿਸਾਨਾਂ ਨੂੰ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਦਾ ਖਹਿੜਾ ਛੱਡ ਕੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਦਾ ਰੁਝਾਨ ਰਾਜ ਦੇ ਵਡਮੁੱਲੇ ਸੋਮੇ ਜਿਵੇਂ ਕਿ ਪਾਣੀ, ਭੂਮੀ ਤੇ ਬਿਜਲੀ ਨੂੰ ਬਚਾਉਣ 'ਚ ਕਾਰਗਰ ਸਾਬਤ ਹੋਵੇਗਾ।

-ਪ੍ਰਿੰਸੀਪਲ ਐਕਸਟੈਂਸ਼ਨ ਸਾਇੰਟਿਸਟ (ਐਗਰੀਕਲਚਰਲ ਇਕੋਨੋਮਿਕਸ),
ਇਕੋਨੋਮਿਕਸ ਐਂਡ ਸੋਸ਼ਿਆਲੋਜੀ ਵਿਭਾਗ।

Ad Position 22
No active advertisement
ਪਿਛਲੀ ਖ਼ਬਰ ਚੁਬਾਰਾ ਸਰਦਾਰੀ ਦਾ ਅਗਲੀ ਖ਼ਬਰ ਫ਼ਲਦਾਰ ਬੂਟਿਆਂ ਨੂੰ ਵਧਦੇ ਤਾਪਮਾਨ ਤੋਂ ਬਚਾਉਣਾ ਜ਼ਰੂਰੀ
Ad Position 24