ਗਰਮੀਆਂ ਸ਼ੁਰੂ ਹੁੰਦੇ ਹੀ ਜ਼ਿਆਦਾਤਰ ਵਿਅਕਤੀਆਂ ਨੂੰ ਧੁੱਪ ਦੀ ਐਨਕ ਦੀ ਜ਼ਰੂਰਤ ਮਹਿਸੂਸ ਹੋਣ ਲਗਦੀ ਹੈ। ਤੇਜ਼ ਧੁੱਪ ਵਿਚ ਅੱਖਾਂ 'ਤੇ ਬਿਨਾਂ ਐਨਕ ਬਾਹਰ ਜਾਣ 'ਤੇ ਅੱਖਾਂ ਵਿਚ ਜਲਨ, ਪਾਣੀ ਨਿਕਲਣ, ਸਿਰ ਚਕਰਾਉਣ, ਜੀ ਮਚਲਾਉਣ ਵਰਗੀਆਂ ਸ਼ਿਕਾਇਤਾਂ ਹੋਣ ਲਗਦੀਆਂ ਹਨ।
ਐਨਕ ਪਾਉਣ ਤੋਂ ਪਹਿਲਾਂ ਪੜਚੋਲ ਕਰੋ : ਲੈਂਜ਼ ਦੇ ਰੰਗ ਦੀ ਚੋਣ ਕਰਦੇ ਸਮੇਂ ਵੀ ਸਾਵਧਾਨੀ ਵਰਤੋ। ਲੈਂਜ਼ ਇਸ ਤਰ੍ਹਾਂ ਦੇ ਰੰਗ ਦਾ ਹੋਵੇ ਜੋ ਅੱਖਾਂ ਨੂੰ ਕੋਮਲਤਾ ਦਾ ਅਹਿਸਾਸ ਦਿਵਾਏ। ਲੈਂਜ਼ ਹਮੇਸ਼ਾ ਹਰੇ, ਹਲਕੇ ਕਾਲੇ, ਗੂੜ੍ਹੇ ਨੀਲੇ ਜਾਂ ਭੂਰੇ ਰੰਗ ਦੇ ਹੀ ਖ਼ਰੀਦੋ। ਚੰਗੀ ਕਿਸਮ ਅਤੇ ਸਹੀ ਰੰਗਾਂ ਦੇ ਲੈਂਜ਼ ਸੂਰਜ ਦੀਆਂ ਕਿਰਨਾਂ ਅਤੇ ਰੌਸ਼ਨੀ ਨੂੰ ਪਰਿਵਰਿਤ ਕਰਕੇ ਵਾਪਸ ਭੇਜਦੇ ਹਨ। ਲੈਂਜ਼ ਗਰਮ ਨਾ ਹੋਣ ਕਰਕੇੇ ਅੱਖਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ।
ਲੈਂਜ਼ ਦੇ ਇਲਾਵਾ ਐਨਕ ਦਾ ਫ੍ਰੇਮ ਵੀ ਠੀਕ ਹੋਣਾ ਚਾਹੀਦਾ ਹੈ। ਅੱਜਕਲ੍ਹ ਐਨਕ ਦੀਆਂ ਦੁਕਾਨਾਂ 'ਤੇ ਵੱਖ-ਵੱਖ ਤਰ੍ਹਾਂ ਦੇ ਫ੍ਰੇਮ ਮਿਲਦੇ ਹਨ ਜਿਵੇਂ ਧਾਤੂ ਫ੍ਰੇਮ, ਸੈਲਿਊਲੋਜ਼ ਨਾਈਟ੍ਰੇਟ ਫ੍ਰੇਮ ਆਦਿ। ਐਨਕ ਦਾ ਫ੍ਰੇਮ ਨਾ ਜ਼ਿਆਦਾ ਤੰਗ ਅਤੇ ਨਾ ਜ਼ਿਆਦਾ ਢਿੱਲਾ ਹੋਣਾ ਚਾਹੀਦਾ ਹੈ। ਨਾਲ ਹੀ ਐਨਕ ਦਾ ਫ੍ਰੇਮ ਇਸ ਤਰ੍ਹਾਂ ਦਾ ਹੋਵੇ ਜੋ ਚਿਹਰੇ ਦੀ ਬਣਤਰ ਅਤੇ ਸਹੂਲਤ ਅਨੁਸਾਰ ਹੋਵੇ।
ਹਰ ਸਮੇਂ ਧੁੱਪ ਦੀ ਐਨਕ ਲਗਾਈ ਰੱਖਣ ਨਾਲ ਫੋਟੋਫੋਬੀਆ ਨਾਮੀ ਰੋਗ ਵੀ ਹੋ ਸਕਦਾ ਹੈ। ਇਸ ਦੀ ਵਰਤੋਂ ਸਿਰਫ਼ ਜ਼ਰੂਰਤ ਪੈਣ 'ਤੇ ਹੀ ਕਰਨੀ ਚਾਹੀਦੀ।
ਕਦੀ ਵੀ ਸਸਤੇ ਤੇ ਘਟੀਆ ਕਿਸਮ ਦੇ ਲੈਂਜ਼ਾਂ ਵਾਲੀਆਂ ਐਨਕਾਂ ਨਾ ਖ਼ਰੀਦੋ। ਸਸਤੀਆਂ ਐਨਕਾਂ ਵਿਚ ਲੈਂਜ਼ ਦੀ ਥਾਂ 'ਤੇ ਹਨ ਜੋ ਸ਼ੀਸ਼ੇ ਲਗਾ ਦਿੱਤੇ ਜਾਂਦੇ ਉਹ ਖਿੜਕੀਆਂ ਆਦਿ ਵਿਚ ਵਰਤੋਂ ਕੀਤੇ ਜਾਂਦੇ ਹਨ।
ਸ਼ੀਸ਼ੇ ਤੋਂ ਇਲਾਵਾ ਪਲਾਸਟਿਕ ਦੀ ਵੀ ਵਰਤੋਂ ਹੁੰਦੀ ਹੈ। ਘਟੀਆ ਸ਼ੀਸ਼ੇ ਜਾਂ ਪਲਾਸਟਿਕ ਦੇ ਇਹ ਲੈਂਜ਼ ਸੂਰਜ ਦੀਆਂ ਕਿਰਨਾਂ ਦੇ ਨਾਲ ਆਉਣ ਵਾਲੀ ਪਰਾਬੈਂਗਨੀ ਕਿਰਨਾਂ ਨਾਲ ਅੱਖਾਂ ਨੂੰ ਨਹੀਂ ਬਚਾਅ ਪਾਉਂਦੇ ਅਤੇ ਲੈਂਜ਼ ਦੇ ਮਾਧਿਅਮ ਨਾਲ ਆਰ-ਪਾਰ ਹੋ ਕੇ ਅੱਖਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਜ਼ਰੂਰੀ ਸਾਵਧਾਨੀ : ਐਨਕ ਲਗਾਉਣ ਤੋਂ ਪਹਿਲਾਂ ਐਨਕ ਦੇ ਲੈਂਜ਼ ਨੂੰ ਫਲਾਲੇਨ ਜਾਂ ਕਿਸੇ ਮੁਲਾਇਮ ਕੱਪੜੇ ਨਾਲ ਜ਼ਰੂਰ ਪੂੰਝ ਲਓ।
ਐਨਕ ਨੂੰ ਸਦਾ ਦੋਵੇਂ ਹੱਥਾਂ ਨਾਲ ਪਾਉਣਾ ਤੇ ਲਾਹੁਣਾ ਚਾਹੀਦਾ ਹੈ। ਇਕ ਹੱਥ ਨਾਲ ਐਨਕ ਲਾਹੁਣ ਨਾਲ ਫ੍ਰੇਮ ਢਿੱਲਾ ਪੈ ਜਾਂਦਾ ਹੈ ਅਤੇ ਫ੍ਰੇਮ ਖਰਾਬ ਹੋ ਸਕਦਾ ਹੈ। ਜੇਕਰ ਐਨਕ ਨੂੰ ਮੇਜ਼ 'ਤੇ ਰੱਖਣਾ ਹੋਵੇ ਤਾਂ ਉਸ ਦੀਆਂ ਕਮਾਨੀਆਂ ਮੋੜ ਕੇ ਇਸ ਤਰ੍ਹਾਂ ਰੱਖੋ ਕਿ ਲੈਂਜ਼ ਉੱਪਰ ਵਾਲੇ ਪਾਸੇ ਰਹੇ।
ਐਨਕ ਖ਼ਰੀਦਦੇ ਸਮੇਂ ਉਸ ਨੂੰ ਧੁੱਪ ਵਿਚ ਲਗਾ ਕੇ ਜਾਂਚ ਲਓ। ਦੁਕਾਨ ਦੀ ਬਨਾਉਟੀ ਰੌਸ਼ਨੀ ਵਿਚ ਦੇਖ ਕੇ ਸਹੀ ਨਿਰਣਾ ਨਹੀਂ ਲਿਆ ਜਾ ਸਕਦਾ।
ਧੁੱਪ ਦੀਆਂ ਐਨਕਾਂ ਦੀ ਚੋਣ ਵਿਚ ਸਾਵਧਾਨੀ ਰੱਖੋ
ਅਜੀਤ ਡੈਸਕ
09-04-2026