10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਸੰਘਰਸ਼, ਹਿੰਮਤ ਅਤੇ ਜਿੱਤ ਦੀ ਮਿਸਾਲ ਜਸਵੀਰ ਕੌਰ ਸਿੱਧੂ

Ad Position 21
No active advertisement
ਅਜੀਤ ਡੈਸਕ 09-04-2026

ਇਸ ਧਰਤੀ 'ਤੇ ਕਈ ਅਜਿਹੀਆਂ ਧੀਆਂ ਪੈਦਾ ਹੋਈਆਂ, ਜਿਨ੍ਹਾਂ ਨੇ ਮੁਸ਼ਕਿਲਾਂ ਦੇ ਸਾਹਮਣੇ ਹਾਰ ਨਹੀਂ ਮੰਨੀ, ਆਪਣੀ ਮਿਹਨਤ ਨਾਲ ਸਮਾਜ ਲਈ ਪ੍ਰੇਰਨਾ ਬਣੀਆਂ। ਇਨ੍ਹਾਂ ਧੀਆਂ ਵਿਚੋਂ ਇੱਕ ਧੀ ਹੈ ਜਸਵੀਰ ਕੌਰ ਸਿੱਧੂ, ਜੋ ਆਪਣੇ ਸੰਘਰਸ਼, ਹਿੰਮਤ ਅਤੇ ਜ਼ਿੰਮੇਵਾਰੀ ਨਾਲ ਮਿਸਾਲ ਬਣ ਚੁੱਕੀ ਹੈ।
ਜਸਵੀਰ ਕੌਰ ਸਿੱਧੂ ਦਾ ਜਨਮ 10 ਮਈ, 1990 ਨੂੰ ਜ਼ਿਲ੍ਹਾ ਬਰਨਾਲਾ ਵਿਚ ਸਥਿਤ ਪਿੰਡ ਗੁੰਮਟੀ ਵਿਚ ਹੋਇਆ। ਪਿਤਾ ਜਗਤਾਰ ਸਿੰਘ ਅਤੇ ਮਾਤਾ ਕਰਮਜੀਤ ਕੌਰ ਨੇ ਬੜੇ ਲਾਡਾਂ ਨਾਲ ਉਨ੍ਹਾਂ ਨੂੰ ਪਾਲਿਆ। ਛੋਟੀ ਉਮਰ ਤੋਂ ਹੀ ਜਸਵੀਰ ਕੌਰ ਮਿਹਨਤੀ ਅਤੇ ਲਗਨ ਵਾਲੀ ਵਿਦਿਆਰਥਣ ਰਹੀ।
ਪੜ੍ਹਾਈ ਦੇ ਨਾਲ-ਨਾਲ ਜਸਵੀਰ ਕੌਰ ਨੂੰ ਖੇਡਾਂ ਵਿਚ ਵੀ ਬਹੁਤ ਰੁਚੀ ਸੀ। ਜਦੋਂ ਉਨ੍ਹਾਂ ਨੇ ਬੀ.ਏ. ਦੀ ਪੜ੍ਹਾਈ ਸ਼ੁਰੂ ਕੀਤੀ, ਤਾਂ ਉੱਥੇ ਹੀ ਕ੍ਰਿਕਟ ਖੇਡਣੀ ਸ਼ੁਰੂ ਕੀਤੀ। ਆਪਣੀ ਮਿਹਨਤ ਅਤੇ ਲਗਨ ਨਾਲ ਉਹ ਜਲਦੀ ਹੀ ਕਾਲਜ ਦੀ ਕ੍ਰਿਕਟ ਟੀਮ ਦਾ ਹਿੱਸਾ ਬਣ ਗਈ। ਤਿੰਨ ਸਾਲਾਂ ਤੱਕ ਉਨ੍ਹਾਂ ਨੇ ਕਾਲਜ ਦੀ ਟੀਮ ਲਈ ਖੇਡਿਆ, ਇਸ ਦੌਰਾਨ ਦੋ ਗੋਲਡ ਮੈਡਲ ਅਤੇ ਇੱਕ ਸਿਲਵਰ ਮੈਡਲ ਜਿੱਤੇ।
ਬਾਅਦ ਵਿਚ ਉਨ੍ਹਾਂ ਨੇ ਬੀ.ਪੀ.ਐੱਡ ਦੀ ਪੜ੍ਹਾਈ ਕੀਤੀ , ਉੱਥੇ ਵੀ ਆਪਣੇ ਕਾਲਜ ਲਈ ਗੋਲਡ ਮੈਡਲ ਜਿੱਤ ਕੇ ਆਪਣੀ ਯੋਗਤਾ ਸਾਬਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ਕਾਲਜ ਤੋਂ ਪੀ.ਜੀ.ਡੀ.ਸੀ.ਏ. ਕੀਤੀ ਅਤੇ ਉੱਥੇ ਵੀ ਕ੍ਰਿਕਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਹਾਸਿਲ ਕੀਤਾ।
ਸਾਲ 2011-12 ਤੋਂ 2015-16 ਤੱਕ ਜਸਵੀਰ ਕੌਰ ਲਗਾਤਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਕ੍ਰਿਕਟ ਟੀਮ ਦਾ ਹਿੱਸਾ ਰਹੀ। ਇਸ ਦੌਰਾਨ ਉਨ੍ਹਾਂ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਟੂਰਨਾਮੈਂਟ ਵਿਚ ਭਾਗ ਲਿਆ ਅਤੇ ਆਪਣੀ ਯੋਗਤਾ ਨਾਲ ਟੀਮ ਦਾ ਨਾਂਅ ਰੌਸ਼ਨ ਕੀਤਾ। ਉਨ੍ਹਾਂ ਨੂੰ ਦੋ ਵਾਰ ਯੂਨੀਵਰਸਿਟੀ ਦੀ ਟੀਮ ਦੀ ਕਪਤਾਨ ਬਣਨ ਦਾ ਮਾਣ ਵੀ ਪ੍ਰਾਪਤ ਹੋਇਆ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਬਰਨਾਲਾ ਲਈ ਵੀ ਕਈ ਟੂਰਨਾਮੈਂਟ ਖੇਡੇ ਅਤੇ ਵਧੀਆ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਮਿਹਨਤ ਦੇ ਕਾਰਨ ਉਨ੍ਹਾਂ ਦੀ ਚੋਣ ਸੀਨੀਅਰ ਨੈਸ਼ਨਲ ਕੈਂਪ ਲਈ ਵੀ ਹੋਈ।
ਪਰ ਜ਼ਿੰਦਗੀ ਹਮੇਸ਼ਾ ਇਕੋ ਜਿਹੀ ਨਹੀਂ ਰਹਿੰਦੀ। 2017 ਵਿਚ ਉਨ੍ਹਾਂ ਦੀ ਮਾਤਾ ਦਾ ਦਿਹਾਂਤ ਹੋ ਗਿਆ, ਜਿਸ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਇਸ ਦੁੱਖ ਕਾਰਨ ਉਨ੍ਹਾਂ ਨੂੰ ਆਪਣਾ ਖੇਡਾਂ ਦਾ ਸਫ਼ਰ ਛੱਡਣਾ ਪਿਆ। ਉਨ੍ਹਾਂ ਨੇ ਘਰ ਤੋਂ ਬਾਹਰ ਪੜ੍ਹਾਈ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਘਰੇਲੂ ਹਾਲਾਤ ਠੀਕ ਨਹੀਂ ਸਨ।
2019 ਵਿਚ ਉਨ੍ਹਾਂ ਦੇ ਇਕਲੌਤੇ ਭਰਾ ਦੀ ਵੀ ਮੌਤ ਹੋ ਗਈ ਤੇ ਉਸ ਨੇ ਭਰਾ ਦੀਆਂ ਧੀਆਂ ਨੂੰ ਪਾਲਿਆ। ਅੱਜ ਦੇ ਸਮੇਂ ਵਿਚ ਜਸਵੀਰ ਕੌਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਿਚ ਆਨਲਾਈਨ ਸਕੋਰਰ ਦੇ ਤੌਰ 'ਤੇ ਕੰਮ ਕਰ ਰਹੀ ਹੈ। ਆਪਣੀ ਮਿਹਨਤ ਅਤੇ ਹਿੰਮਤ ਨਾਲ ਉਹ ਸਿਰਫ਼ ਆਪਣੇ ਪਰਿਵਾਰ ਨੂੰ ਹੀ ਨਹੀਂ ਸੰਭਾਲ ਰਹੀ, ਸਗੋਂ ਸਮਾਜ ਵਿਚ ਵੀ ਇੱਕ ਮਜ਼ਬੂਤ ਅਤੇ ਪ੍ਰੇਰਨਾਦਾਇਕ ਮਹਿਲਾ ਦੀ ਪਹਿਚਾਣ ਬਣ ਚੁੱਕੀ ਹੈ।
ਜਸਵੀਰ ਕੌਰ ਸਿੱਧੂ ਅਕਸਰ ਹੀ ਕਹਿੰਦੀ ਹੈ 'ਮੁਸ਼ਕਿਲਾਂ ਚਾਹੇ ਕਿੰਨੀਆਂ ਵੀ ਵੱਡੀਆਂ ਕਿਉਂ ਨਾ ਹੋਣ, ਜੇ ਇਨਸਾਨ ਹਿੰਮਤ ਅਤੇ ਹੌਸਲੇ ਨਾਲ ਉਨ੍ਹਾਂ ਦਾ ਸਾਹਮਣਾ ਕਰੇ ਤਾਂ ਉਹ ਜ਼ਰੂਰ ਕਾਮਯਾਬ ਹੁੰਦਾ ਹੈ।'

-ਬਰਨਾਲਾ, ਮੋਬਾਈਲ : 94171-63426

Ad Position 22
No active advertisement
ਪਿਛਲੀ ਖ਼ਬਰ ਰਿਸ਼ਤਿਆਂ ਵਿਚ ਤਣਾਅ ਕਾਰਨ ਤੇ ਨਿਵਾਰਨ ਅਗਲੀ ਖ਼ਬਰ ਧੁੱਪ ਦੀਆਂ ਐਨਕਾਂ ਦੀ ਚੋਣ ਵਿਚ ਸਾਵਧਾਨੀ ਰੱਖੋ
Ad Position 24