ਰਿਸ਼ਤਿਆਂ ਵਿਚ ਤਣਾਅ ਇਕ ਆਮ ਜਿਹੀ ਗੱਲ ਹੈ। ਅਸੀਂ ਸਮਾਜਿਕ ਪ੍ਰਾਣੀ ਹਾਂ। ਸਾਡੀਆਂ ਲੋੜਾਂ ਵੱਖਰੀਆਂ ਹਨ। ਸੁਭਾਅ ਵੱਖਰੇ-ਵੱਖਰੇ ਹਨ। ਜ਼ਿੰਦਗੀ ਜਿਊਣ ਦੇ ਢੰਗ ਤੇ ਸਾਧਨ ਵੱਖ-ਵੱਖ ਹਨ। ਕਿੱਧਰੇ ਤਾਂ ਇਹ ਰਿਸ਼ਤੇ ਸੁਖਾਵੇਂ ਨਿਭ ਰਹੇ ਹਨ ਪਰ ਬਹੁਤਾ ਕਰਕੇ ਇਹ ਤਾਣੀ ਉਲਝੀ ਹੀ ਰਹਿੰਦੀ ਹੈ। ਰਿਸ਼ਤਿਆਂ ਦਾ ਨਿਭਾਅ ਇਕ ਚੁਣੌਤੀ ਬਣਿਆ ਰਹਿੰਦਾ ਹੈ। ਘਰ-ਪਰਿਵਾਰ, ਕੰਮ-ਕਾਜੀ ਸੰਸਥਾਵਾਂ ਤੇ ਸਮਾਜ ਵਿਚ ਹੰਕਾਰ ਅਤੇ ਮੈਂ-ਮੇਰੀ ਦਾ ਪ੍ਰਚਲਣ ਹੋਣ ਕਰਕੇ ਨਿਭਾਅ ਔਖਾ ਹੋ ਜਾਂਦਾ ਹੈ।
ਵਿਚਾਰਨ ਵਾਲੀ ਗੱਲ ਹੈ ਕਿ ਤਣਾਅ ਦੇ ਕਾਰਨ ਕੀ ਹਨ? ਜੇ ਗਹੁ ਨਾਲ ਵਿਚਾਰੀਏ ਤਾਂ ਆਰਥਿਕ ਕਾਰਨ ਸਭ ਤੋਂ ਪਹਿਲਾਂ ਉੱਭਰ ਕੇ ਸਾਹਮਣੇ ਆਉਂਦਾ ਹੈ। ਗ਼ਰੀਬੀ-ਅਮੀਰੀ ਦਾ ਪੁਆੜਾ। ਕਿਸੇ ਕੋਲ ਪੈਸਾ ਵੱਧ ਕਿਸੇ ਕੋਲ ਲੋੜ ਤੋਂ ਘੱਟ। ਗ਼ਰੀਬ ਦੇ ਸਿਰ 'ਤੇ ਕੰਮ ਦਾ ਬੋਝ ਵਧੇਰੇ ਤੇ ਅਮੀਰਾਂ ਲਈ ਐਸ਼-ਇਸ਼ਰਤ ਵਾਲਾ ਜੀਵਨ। ਮਾਪਿਆਂ ਵਲੋਂ ਜਾਇਦਾਦ ਦੀ ਅਣਸੁਖਾਵੀਂ ਵੰਡ। ਕਲਾ-ਕਲੇਸ਼ ਦਾ ਕਾਰਨ ਨਸ਼ੇ ਦਾ ਪ੍ਰਚਲਨ ਪਰਿਵਾਰ ਵਿਚ ਵੱਡਾ ਦੁਖਾਂਤ। ਪਤੀ ਜਾਂ ਪਤਨੀ ਵਲੋਂ ਅਵੈਧ ਸੰਬੰਧ ਘਰ ਪਰਿਵਾਰ ਦੀਆਂ ਨੀਂਹਾਂ ਕਮਜ਼ੋਰ ਕਰਦੇ ਹਨ। ਬੱਚੇ ਤੇ ਬਜ਼ੁਰਗ ਮਾਪੇ ਰੁਲ ਜਾਂਦੇ ਹਨ। ਘਰੇਲੂ ਕੰਮਕਾਜ ਵਿਚ ਇਕ-ਦੂਜੇ ਦੀ ਸਹਾਇਤਾ ਨਾ ਕਰਨਾ ਵੀ ਤਣਾਅ ਦਾ ਕਾਰਨ ਬਣਦਾ ਹੈ। ਹੋਰ ਅਜਿਹੇ ਅਨੇਕਾਂ ਕਾਰਨ ਹਨ। ਸਮਾਜਿਕ ਤਾਣਾ-ਬਾਣਾ ਵੀ ਉਲਝਿਆ ਰਹਿਣ ਕਰਕੇ ਅੱਜ ਹਰ ਇਨਸਾਨ ਤਣਾਅ ਦਾ ਸ਼ਿਕਾਰ ਹੈ। ਇਸ ਸਾਰੀ ਤਰ੍ਹਾਂ ਦੇ ਤਣਾਅ ਤੋਂ ਛੁਟਕਾਰਾ ਕਿਵੇਂ ਮਿਲੇ ਵਿਚਾਰਨ ਦੀ ਲੋੜ ਹੈ।
ਨੈਤਿਕਤਾ ਦਾ ਲੜ ਫੜਨ ਦੀ ਬੜੀ ਲੋੜ ਹੈ। ਅਸੀਂ ਤਣਾਅ-ਮੁਕਤ ਹੋਣ ਲਈ ਦਵਾਈਆਂ ਦਾ ਆਸਰਾ ਲੈ ਰਹੇ ਹਾਂ ਪਰ ਇਹ ਸੁਚੱਜਾ ਯਤਨ ਨਹੀਂ। ਦੁਆ-ਦਾਰੂ ਥੋੜ੍ਹ-ਚਿਰਾ ਇਲਾਜ ਹਨ। ਪਿਆਰ, ਹਮਦਰਦੀ, ਨਿਮਰਤਾ, ਸਤਿਕਾਰ, ਵੰਡ ਛੱਕਣਾ, ਕਿਸੇ ਨੂੰ ਅਪ-ਸ਼ਬਦ ਨਾ ਕਹਿਣੇ, ਗਾਲੀ-ਗਲੋਚ ਨਾ ਕਰਨਾ ਆਦਿ ਹੋਰ ਕਈ ਅਜਿਹੀਆਂ ਨੈਤਿਕ ਕਦਰਾਂ-ਕੀਮਤਾਂ ਹਨ, ਜੋ ਤਣਾਅ ਤੋਂ ਮੁਕਤੀ ਦਿਵਾ ਸਕਦੀਆਂ ਹਨ। ਨਾਂਅ ਸਿਮਰਨ ਸਭ ਤੋਂ ਉੱਤਮ ਹੈ।
ਘਰ ਵਿਚ, ਸਮਾਜ ਵਿਚ ਆਰਥਿਕ ਸਾਧਨ ਬਰਾਬਰ ਨਾ ਸਹੀ ਨੇੜੇ-ਤੇੜੇ ਜ਼ਰੂਰ ਹੋਣ। ਹਰ ਜੀਵ ਪੇਟ ਭਰ ਕੇ ਰੋਟੀ ਖਾ ਸਕੇ। ਮਾਪੇ ਜਾਇਦਾਦ ਵੰਡਣ ਸਮੇਂ ਸਭ ਬੱਚਿਆਂ ਨੂੰ ਬਰਾਬਰ ਸਮਝਣ। ਘਰਾਂ ਵਿਚ ਕੰਮ ਦੀ ਵੰਡ ਵੀ ਸੁਖਾਵੀਂ ਹੋਵੇ। ਔਰਤਾਂ ਦੇ ਸਿਰ 'ਤੇ ਕੰਮ ਦਾ ਬੋਝ ਲੋੜ ਤੋਂ ਵਧ ਨਾ ਹੋਵੇ। ਬੱਚੇ ਪਾਲਣ ਤੇ ਘਰ ਦੇ ਕੰਮ ਕਰਨ ਵਿਚ ਮਰਦ ਯਥਾ-ਸ਼ਕਤੀ ਯੋਗਦਾਨ ਦੇਣ। ਸਭ ਨੂੰ ਸਮੇਂ ਸਿਰ ਕੰਮ ਕਰਨ ਦੀ ਆਦਤ ਹੋਵੇ। ਸਮੇਂ ਦੀ ਪਾਬੰਦੀ ਸੁੱਖ-ਸ਼ਾਂਤੀ ਵਾਲਾ ਮਾਹੌਲ ਸਿਰਜਣ ਵਿਚ ਸਹਾਈ ਹੁੰਦੀ ਹੈ। ਪਤੀ ਤੇ ਪਤਨੀ ਦੀ ਕਮਾਈ ਸਾਂਝੀ ਹੋਵੇ। ਸਾਂਝੇ ਧਨ ਵਿਚ ਹਮੇਸ਼ਾ ਬਰਕਤ ਰਹਿੰਦੀ ਹੈ। ਸਭ ਦੀ ਰਿਸ਼ਤੇਦਾਰੀ ਬਰਾਬਰ ਸਤਿਕਾਰ ਹੋਵੇ।
ਅਵੈਧ ਸੰਬੰਧਾਂ ਤੋਂ ਬਚਿਆ ਜਾਵੇ। ਇਹ ਘਰ-ਪਰਿਵਾਰ ਦੀ ਬਰਬਾਦੀ ਤੇ ਬੇਚੈਨੀ ਦਾ ਕਾਰਨ ਹਨ। ਰਿਸ਼ਤਿਆਂ ਦੀ ਪਵਿੱਤਰਤਾ ਕਾਇਮ ਰੱਖੀ ਜਾਵੇ। ਪਤੀ-ਪਤਨੀ ਦੇ ਅਵੈਧ-ਸੰਬੰਧ ਬੱਚਿਆਂ ਦੀ ਪਾਲਣਾ ਤੇ ਪੜ੍ਹਈ 'ਤੇ ਬੁਰਾ ਅਸਰ ਪਾਉਂਦੇ ਹਨ। ਵਡੇਰਿਆਂ ਦੀ ਜ਼ਿੰਦਗੀ ਰੋਲ ਦਿੰਦੇ ਹਨ।
ਇਕਹਿਰੀ ਪਰਿਵਾਰ ਪ੍ਰਣਾਲੀ ਦਾ ਰਿਵਾਜ ਵਧ ਰਿਹਾ ਹੈ। ਬਜ਼ੁਰਗ ਮਾਪੇ ਬਹੁਤੀ ਥਾਈਂ ਰੁਲ ਰਹੇ ਹਨ। ਜਿਹੜੇ ਮਾਪੇ ਆਪਣੀ ਜ਼ਿੰਦਗੀ ਦਾ ਬਹੁਤਾ ਹਿੱਸਾ ਬੱਚਿਆਂ ਦੀਆਂ ਖੁਸ਼ੀਆਂ ਲਈ ਕੁਰਬਾਨ ਕਰ ਦਿੰਦੇ ਹਨ, ਉਹ ਬੁਢਾਪਾ ਘਰਾਂ ਵਿਚ ਕਿਉਂ ਰੁਲਦੇ ਹਨ? ਰੱਬ-ਰੂਪ ਮਾਪਿਆਂ ਦਾ ਸਤਿਕਾਰ ਜ਼ਰੂਰੀ।
ਨਸ਼ਾ ਇਕ ਨਾ-ਮੁਰਾਦ ਬਿਮਾਰੀ। ਤਣਾਅ ਲਈ ਬਹੁਤ ਹੱਦ ਤੱਕ ਜ਼ਿੰਮੇਵਾਰ। ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਕਰੋ। ਤਣਾਅ-ਮੁਕਤ ਰਹੋ। ਖ਼ੁਸ਼ੀਆਂ ਮਾਣੋ ਤੇ ਖੁਸ਼ੀਆਂ ਵੰਡੋ। ਚੰਗੇ ਸਮਾਜ ਦੇ ਸਿਰਜਕ ਬਣੋ।
ਰਿਸ਼ਤਿਆਂ ਵਿਚ ਤਣਾਅ ਕਾਰਨ ਤੇ ਨਿਵਾਰਨ
ਅਜੀਤ ਡੈਸਕ
09-04-2026