15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਅੰਦਰੂਨੀ ਗੁਣਾਂ ਭਰੀ ਖ਼ੂਬਸੂਰਤੀ ਹੈ ਜ਼ਰੂਰੀ

Ad Position 21
No active advertisement
ਅਜੀਤ ਡੈਸਕ 07-05-2026

ਯੁੱਗਾਂ-ਯੁਗਾਂਤਰਾਂ ਤੋਂ ਹਰ ਔਰਤ ਦੀ ਦਿਲੀ ਸੱਧਰ ਚੱਲੀ ਆ ਰਹੀ ਹੈ ਕਿ ਉਹ ਵੱਧ ਤੋਂ ਵੱਧ ਖ਼ੂਬਸੂਰਤ ਦਿਖਾਈ ਦੇੇਵੇ ਅਤੇ ਇਸੇ ਹੀ ਧਾਰਨਾ ਤਹਿਤ ਸਮੇਂ ਮੁਤਾਬਿਕ ਉਹ ਆਪਣੇ ਹਾਰ-ਸ਼ਿੰਗਾਰ ਵੱਲ ਖ਼ਾਸ ਤਵੱਜੋ ਵੀ ਦਿੰਦੀ ਆ ਰਹੀ ਹੈ। ਅਕਸਰ ਹੀ ਇਸ ਅਜੋਕੇ ਮਾਡਰਨ ਕਹੇ ਜਾਣ ਵਾਲੇ ਸਮੇਂ ਵਿਚ ਤਾਂ ਫੈਸ਼ਨ ਅਤੇ ਸੋਹਣੇ ਬਣਨ ਦੀ ਭੇਡ-ਚਾਲ ਨੇ ਲੜਕੀਆਂ ਨੂੰ ਦੀਵਾਨਾ ਬਣਾ ਰੱਖਿਆ ਹੈ। ਖ਼ਾਸ ਕਰਕੇ ਨੌਜਵਾਨ ਲੜਕੀਆਂ ਤਾਂ ਆਪਣੀ ਸੁੰਦਰਤਾ ਨੂੰ ਹੋਰ ਨਿਖਾਰਨ ਲਈ ਅੱਡੀ-ਚੋਟੀ ਦਾ ਜ਼ੋਰ ਲਗਾਉਣ ਲਈ ਤਿਆਰ-ਬਰ-ਤਿਆਰ ਰਹਿੰਦੀਆਂ ਹਨ।
ਅੱਜ ਸਮੇਂ ਨੇ ਸਭ ਕੁਝ ਹੀ ਬਦਲ ਕੇ ਰੱਖ ਦਿੱਤਾ ਹੈ। ਅੰਤਰਰਾਸ਼ਟਰੀ ਬਾਜ਼ਾਰੀ ਕੰਪਨੀਆਂ ਕਰੋੜਾਂ ਰੁਪਏ ਫੈਸ਼ਨ ਸ਼ੋਆਂ, ਮੁਕਾਬਲਿਆਂ ਅਤੇ ਇਸ਼ਤਿਹਾਰਬਾਜ਼ੀ ਉੱਪਰ ਖ਼ਰਚ ਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਵਰਗਲਾ ਕੇ ਫੈਸ਼ਨ ਦੀ ਦੌੜ 'ਚ ਧਕੇਲਣ ਲਈ ਸਰਗਰਮ ਹਨ। ਇਕ ਗੱਲ ਤਾਂ 'ਪੱਥਰ 'ਤੇ ਲਕੀਰ' ਵਾਂਗ ਪੱਕੀ ਹੈ ਕਿ ਜਿਸ ਔਰਤ ਦੇ ਚਿਹਰੇ 'ਤੇ ਅਪਣੱਤ, ਨਿਮਰਤਾ, ਠਰ੍ਹੰਮਾ, ਮਾਸੂਮੀਅਤ ਅਤੇ ਪਿਆਰ ਝਲਕਦਾ ਹੋਵੇ, ਉਹ ਬਨਾਵਟੀ ਹਾਰ ਸ਼ਿੰਗਾਰ ਅਤੇ ਭੜਕੀਲਾ ਫੈਸ਼ਨ ਕੀਤੇ ਕਈ ਔਰਤਾਂ ਦੀ ਭੀੜ ਵਿਚੋਂ ਵੀ ਧਰੂ ਤਾਰੇ ਵਾਂਗ ਹਰ ਕਿਸੇ ਦਾ ਮਨ ਮੋਹ ਲੈਣ ਦੀ ਯੋਗਤਾ ਨਾਲ ਲੈਸ ਹੁੰਦੀ ਹੈ।
ਸਰੀਰਕ ਸੁੰਦਰਤਾ ਲਈ ਯਤਨ ਜ਼ਰੂਰ ਹੋਣਾ ਚਾਹੀਦਾ ਹੈ। ਕੁਦਰਤੀ ਤੇ ਘਰੇਲੂ ਵਸਤਾਂ-ਨੁਸਖਿਆਂ ਦੀ ਵਰਤੋਂ ਕਰਕੇ, ਖਾਣ-ਪੀਣ ਵਾਲੇ ਸ਼ੁੱਧ, ਪੌਸ਼ਟਿਕ ਪਦਾਰਥਾਂ ਦੀ ਸੁਚੱਜੀ ਵਰਤੋਂ ਕਰਕੇ ਅਤੇ ਨਿਯਮਤ ਯੋਗਾ-ਪ੍ਰਾਣਾਯਾਮ, ਆਸਣ, ਕਸਰਤ, ਸੈਰ ਕਰਕੇ ਸਰੀਰਕ ਤੰਦਰੁਸਤੀ ਵੱਲ ਪ੍ਰਪੱਕ ਧਿਆਨ ਦਿੱਤਾ ਜਾਵੇ।
ਸਿਆਣਿਆਂ ਦਾ ਕਥਨ ਹੈ ਕਿ 'ਖਾਈਏ ਮਨ ਭਾਉਂਦਾ, ਹੰਢਾਈਏ ਜੱਗ ਭਾਉਂਦਾ।' ਸੋ ਹਮੇਸ਼ਾ ਸੱਭਿਆਚਾਰਕ, ਜਚਦਾ-ਫਬਦਾ, ਖਿੱਚ ਭਰਪੂਰ ਪਹਿਰਾਵਾ ਪਹਿਨੋ। ਇਹ ਜ਼ਰੂਰੀ ਨਹੀਂ ਕਿ ਜੇ ਤੁਸੀਂ ਜ਼ਿਆਦਾ ਅਤੇ ਮਹਿੰਗੇ ਹੀਰੇ-ਸੋਨੇ ਦੇ ਗਹਿਣੇ ਪਹਿਨੇ ਹਨ ਤਾਂ ਤੁਸੀਂ ਵਧੇਰੇ ਖ਼ੂਬਸੂਰਤ ਦਿਖਾਈ ਦੇ ਰਹੇ ਹੋ। 'ਚੰਗੀ ਸੰਗਤ-ਚੰਗੀ ਰੰਗਤ, ਅਖਾਣ ਮੁਤਾਬਿਕ ਹਮੇਸ਼ਾ ਸਾਫ਼-ਸੁਥਰੇ, ਚੰਗੇ ਅਕਸ ਵਾਲੇ ਨਸ਼ਾ ਰਹਿਤ ਲੋਕਾਂ 'ਚ ਵਿਚਰਨ ਸਦਕਾ ਲਾਭਕਾਰੀ ਸੇਧ ਮਿਲਦੀ ਹੈ। ਬੌਧਿਕ ਸੁੰਦਰਤਾ, ਵਿਕਾਸ ਲਈ ਚੰਗੀਆਂ ਕਿਤਾਬਾਂ, ਮੈਗਜ਼ੀਨ ਅਖ਼ਬਾਰਾਂ ਪੜ੍ਹੋ। ਬਾਹਰੀ ਖ਼ੂਬਸੂਰਤੀ ਨਾਲੋਂ ਕਿਤੇ ਵਧੇਰੇ ਜ਼ਰੂਰੀ ਹੈ ਸਾਡੇ ਮਨ ਦਾ ਖ਼ੂਬਸੂਰਤ ਹੋਣਾ ਕਿਉਂਕਿ ਅੰਦਰੂਨੀ ਗੁਣਾਂ ਦੀ ਕਦਰ ਹਮੇਸ਼ਾ ਹੀ ਹੁੰਦੀ ਹੈ। ਚੰਗੀਆਂ, ਅੰਧ-ਵਿਸ਼ਵਾਸ ਵਿਰੋਧੀ, ਸਮਾਜਿਕ ਫ਼ਿਲਮਾਂ, ਟੀ.ਵੀ. ਪ੍ਰੋਗਰਾਮ ਅਤੇ ਸੋਸ਼ਲ ਮੀਡੀਆ ਸਾਈਟਸ, ਪ੍ਰੋਗਰਾਮ ਵੇਖੋ।
ਮਾਨਸਿਕ ਸੁੰਦਰਤਾ ਲਈ ਨੇਕ ਚਰਿੱਤਰ ਦੀ ਲੋੜ ਹੈ ਜੋ ਕਿ ਘਰੇਲੂ, ਸਮਾਜਿਕ, ਧਾਰਮਿਕ ਰੁਚੀਆਂ ਅਤੇ ਪੜ੍ਹੇ ਲਿਖੇ ਸੂਝਵਾਨਾਂ ਤੋਂ ਮਿਲਦੀ ਹੈ। ਛੋਟਿਆਂ ਸੰਗ ਪਿਆਰ, ਵੱਡਿਆਂ ਦਾ ਸਤਿਕਾਰ, ਤਿਆਗ ਤੇ ਸੇਵਾਭਾਵਨਾ, ਖ਼ੂਬਸੂਰਤ ਸਲੀਕਾ, ਸੁਚੱਜੀ ਜੀਵਨ ਜਾਚ ਅਤੇ ਤਿਉੜੀ ਮੁਕਤ ਹਸੂੰ-ਹਸੂੰ ਕਰਦਾ ਮੁਖੜਾ ਅਕਸਰ ਹਰ ਦੇਖਣ ਅਤੇ ਮਿਲਣ-ਗਿਲਣ ਵਾਲੇ ਨੂੰ ਆਪਣੀ ਅੰਦਰੂਨੀ ਗੁਣਾਂ ਭਰੀ ਖ਼ੂਬਸੂਰਤੀ ਦਾ ਅਹਿਸਾਸ ਸਹਿਜੇ ਹੀ ਕਰਵਾ ਦਿੰਦਾ ਹੈ।

-ਮਸੀਤਾ ਰੋਡ, ਕੋਟ ਈਸ਼ੇ ਖਾਂ (ਮੋਗਾ)।
ਮੋਬਾਈਲ : 70870-48140

Ad Position 22
No active advertisement
ਪਿਛਲੀ ਖ਼ਬਰ ਗਰਮੀਆਂ ਵਿਚ ਰਹੋ ਕੂਲ ਕੂਲ ਅਗਲੀ ਖ਼ਬਰ 07-05-26
Ad Position 24