15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

07-05-26

Ad Position 21
No active advertisement
ਅਜੀਤ ਡੈਸਕ 07-05-2026

 ਲੋਕ ਮਸਲਿਆਂ ਤੋਂ ਪਾਰਟੀ ਬਦਲਣ ਤੱਕ
ਅੱਜ ਦੀ ਭਾਰਤੀ ਸਿਆਸਤ ਵਿਚ ਇਕ ਚਿੰਤਾਜਨਕ ਰੁਝਾਨ ਵਧਦਾ ਨਜ਼ਰ ਆ ਰਿਹਾ ਹੈ ਸਿਆਸੀ ਆਗੂ ਇਕ ਪਾਰਟੀ ਤੋਂ ਦੂਜੀ ਪਾਰਟੀ ਵੱਲ ਕੁੱਦੇ ਜਾ ਰਹੇ ਹਨ। ਸਿਆਸਤ ਨੂੰ ਸੇਵਾ ਦਾ ਮਾਧਿਅਮ ਮੰਨਿਆ ਜਾਂਦਾ ਸੀ, ਪਰ ਹੁਣ ਇਹ ਨਿੱਜੀ ਲਾਭ ਦਾ ਸਾਧਨ ਬਣਦੀ ਜਾ ਰਹੀ ਹੈ। ਜਦੋਂ ਕੋਈ ਨੇਤਾ ਲੋਕਾਂ ਦੇ ਵੋਟਾਂ ਨਾਲ ਇਕ ਪਾਰਟੀ ਤੋਂ ਜਿੱਤਦਾ ਹੈ ਅਤੇ ਫਿਰ ਅਚਾਨਕ ਪਾਰਟੀ ਬਦਲ ਲੈਂਦਾ ਹੈ, ਤਾਂ ਇਹ ਲੋਕਾਂ ਦੇ ਭਰੋਸੇ ਨਾਲ ਖੇਡਣ ਵਰਗਾ ਲੱਗਦਾ ਹੈ। ਇਹ ਪਾਰਟੀ ਬਦਲਣ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ ਸੱਤਾ ਦੇ ਨੇੜੇ ਰਹਿਣ ਦੀ ਇੱਛਾ, ਕਈ ਵਾਰ ਆਪਣੇ ਰਾਜਨੀਤਿਕ ਭਵਿੱਖ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਜਾ ਪਾਰਟੀ ਦਾ ਕੋਈ ਅੰਦਰੂਨੀ ਵਿਰੋਧ ਹੋ ਸਕਦਾ ਹੈ।
ਜਨਤਾ ਨੇਤਾਵਾਂ ਨੂੰ ਇਸ ਲਈ ਚੁਣਦੀ ਹੈ ਹੁੰਦਾ ਹੈ ਕਿ ਉਹ ਉਨ੍ਹਾਂ ਦੇ ਮੁੱਦਿਆਂ ਬੇਰੁਜ਼ਗਾਰੀ, ਮਹਿੰਗਾਈ, ਸਿੱਖਿਆ ਅਤੇ ਸਿਹਤ ਨੂੰ ਉਠਾਉਣ। ਕਈ ਲੋਕ ਇਸ ਨੂੰ ਗੱਦਾਰੀ ਵੀ ਕਹਿੰਦੇ ਹਨ, ਪਰ ਸਿਆਸਤ ਵਿਚ ਇਸ ਨੂੰ ਆਮ ਤੌਰ 'ਤੇ ਦਲ-ਬਦਲ ਕਿਹਾ ਜਾਂਦਾ ਹੈ। ਭਾਰਤ ਵਿਚ ਇਸ ਨੂੰ ਰੋਕਣ ਲਈ ਐਂਟੀ-ਡਿਫੈਕਸ਼ਨ ਲਾਅ ਵੀ ਹੈ, ਪਰ ਫਿਰ ਵੀ ਇਹ ਰੁਝਾਨ ਰੁਕਦਾ ਨਹੀਂ। ਦਰਅਸਲ ਜਦੋਂ ਤੱਕ ਵੋਟਰ ਆਪਣੇ ਹੱਕਾਂ ਲਈ ਜਾਗਰੂਕ ਨਹੀਂ ਹੁੰਦੇ ਅਤੇ ਨੇਤਾਵਾਂ ਤੋਂ ਸਵਾਲ ਨਹੀਂ ਪੁੱਛਦੇ, ਤਦ ਤੱਕ ਇਹ ਸਿਲਸਿਲਾ ਚਲਦਾ ਰਹੇਗਾ। ਸਿਆਸਤਦਾਨਾਂ ਨੂੰ ਵੀ ਸਮਝਣਾ ਪਵੇਗਾ ਕਿ ਸੱਤਾ ਤੋਂ ਵੱਡੀ ਚੀਜ਼ ਲੋਕਾਂ ਦਾ ਭਰੋਸਾ ਹੁੰਦੀ ਹੈ।

-ਮੰਜੂ ਰਾਇਕਾ ਸੰਗਰੂਰ।

ਚੁੱਪ ਸਮਾਜ ਵੱਧਦੇ ਅਪਰਾਧ

ਅੱਜ ਦੇ ਸਮਾਜ ਵਿਚ ਵਧ ਰਹੇ ਅਪਰਾਧ ਸਿਰਫ਼ ਕਾਨੂੰਨ ਦੀ ਨਾਕਾਮੀ ਨਹੀਂ, ਸਗੋਂ ਮਨੁੱਖੀ ਸੋਚ ਅਤੇ ਸਮਾਜਿਕ ਕਦਰਾਂ-ਕੀਮਤਾਂ 'ਚ ਗਿਰਾਵਟ ਦਾ ਪ੍ਰਤੀਕ ਹਨ। ਚੋਰੀ, ਲੁੱਟ-ਖਸੁੱਟ, ਧੋਖਾਧੜੀ, ਨਸ਼ੇ ਨਾਲ ਜੁੜੇ ਜੁਰਮ ਇਹ ਸਭ ਸਾਡੇ ਆਲੇ-ਦੁਆਲੇ ਇੰਨੇ ਵਧ ਰਹੇ ਹਨ ਕਿ ਡਰ ਹੁਣ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਬਣਦਾ ਜਾ ਰਿਹਾ ਹੈ। ਇਸਦਾ ਸਭ ਤੋਂ ਵੱਡਾ ਕਾਰਨ ਬੇਰੁਜ਼ਗਾਰੀ ਅਤੇ ਆਰਥਿਕ ਅਸਮਾਨਤਾ ਹੈ। ਜਦੋਂ ਇਕ ਵਿਅਕਤੀ ਆਪਣੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਵਿਚ ਅਸਮਰੱਥ ਰਹਿੰਦਾ ਹੈ, ਤਾਂ ਉਹ ਗਲਤ ਰਸਤੇ ਵੱਲ ਚੱਲ ਪੈਂਦਾ ਹੈ। ਦੂਜੇ ਪਾਸੇ, ਪਰਿਵਾਰਕ ਮੁੱਲਾਂ ਦੀ ਘਾਟ ਅਤੇ ਸਿੱਖਿਆ ਦੀ ਕਮੀ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ। ਜਿੱਥੇ ਬੱਚਿਆਂ ਨੂੰ ਸਹੀ ਦਿਸ਼ਾ ਅਤੇ ਸੰਸਕਾਰ ਨਹੀਂ ਮਿਲਦੇ, ਉਹ ਆਸਾਨੀ ਨਾਲ ਗਲਤ ਸੰਗਤ ਦਾ ਸ਼ਿਕਾਰ ਹੋ ਜਾਂਦੇ ਹਨ। ਸੋਸ਼ਲ ਮੀਡੀਆ ਅਤੇ ਫਿਲਮਾਂ ਵਿਚ ਦਿਖਾਏ ਜਾਣ ਵਾਲੇ ਹਿੰਸਕ ਦ੍ਰਿਸ਼ ਵੀ ਕਈ ਵਾਰ ਨੌਜਵਾਨ ਮਨਾਂ 'ਤੇ ਗਲਤ ਪ੍ਰਭਾਵ ਛੱਡਦੇ ਹਨ। ਹੱਲ ਲਈ ਸਿਰਫ਼ ਕਾਨੂੰਨੀ ਸਖ਼ਤੀ ਹੀ ਕਾਫ਼ੀ ਨਹੀਂ। ਲੋੜ ਹੈ ਸਿੱਖਿਆ ਵਿਚ ਸੁਧਾਰ, ਰੋਜ਼ਗਾਰ ਦੇ ਮੌਕੇ ਵਧਾਉਣ ਅਤੇ ਨੌਜਵਾਨਾਂ ਨੂੰ ਸਹੀ ਮਾਰਗਦਰਸ਼ਨ ਦੇਣ ਦੀ। ਪਰਿਵਾਰਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਬੱਚਿਆਂ ਨੂੰ ਪਿਆਰ ਅਤੇ ਅਨੁਸ਼ਾਸਨ ਦੋਵਾਂ ਦੇ ਨਾਲ ਪਾਲਣਾ ਚਾਹੀਦਾ ਹੈ।

-ਡਾ. ਬਲਜਿੰਦਰ ਕੁਮਾਰ ਕੰਬੋਜ
ਲੁਧਿਆਣਾ।

ਸਮੇਂ ਦੇ ਪਾਬੰਦ ਹੋਵੋ

ਅੱਜਕੱਲ੍ਹ ਬਹੁਤ ਸਾਰੇ ਲੋਕ ਆਪਣੇ ਕੰਮ ਤੇ ਜਾਂ ਸਕੂਲ-ਕਾਲਜ ਵਿਚ ਸਮੇਂ 'ਤੇ ਨਹੀਂ ਪਹੁੰਚਦੇ। ਉਹ ਘਰ ਤੋਂ ਦੇਰ ਨਾਲ ਨਿਕਲਣ ਕਰਕੇ ਤੇਜ਼ ਗੱਡੀ ਚਲਾਉਂਦੇ ਹਨ, ਜਿਸ ਨਾਲ ਸੜਕ ਹਾਦਸਿਆਂ ਦਾ ਖਤਰਾ ਵੱਧ ਜਾਂਦਾ ਹੈ। ਕਈ ਵਾਰ ਲੋਕ ਸਿਰਫ਼ ਇਸ ਲਈ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਕਿਉਂਕਿ ਉਹ ਘਰ ਤੋਂ ਸਮੇਂ 'ਤੇ ਨਹੀਂ ਨਿਕਲਦੇ ਅਤੇ ਜਲਦੀ 'ਚ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ।
ਇਸ ਤੋਂ ਇਲਾਵਾ, ਸਮੇਂ ਦੀ ਪਾਬੰਦੀ ਨਾ ਰੱਖਣ ਨਾਲ ਕੰਮ ਦੀ ਗੁਣਵੱਤਾ 'ਤੇ ਵੀ ਅਸਰ ਪੈਂਦਾ ਹੈ। ਦਫਤਰਾਂ ਵਿਚ ਦੇਰ ਨਾਲ ਪਹੁੰਚਣ ਨਾਲ ਕੰਮ ਪਿੱਛੇ ਰਹਿ ਜਾਂਦਾ ਹੈ ਅਤੇ ਹੋਰ ਲੋਕਾਂ ਨੂੰ ਵੀ ਮੁਸ਼ਕਿਲ ਹੁੰਦੀ ਹੈ। ਵਿਦਿਆਰਥੀਆਂ ਲਈ ਵੀ ਇਹ ਆਦਤ ਨੁਕਸਾਨਦਾਇਕ ਹੈ, ਕਿਉਂਕਿ ਉਹ ਆਪਣੀ ਪੜ੍ਹਾਈ ਵਿਚ ਪਿੱਛੇ ਰਹਿ ਜਾਂਦੇ ਹਨ। ਸਮੇਂ ਦੀ ਕਦਰ ਕਰਨਾ ਸਾਡੀ ਜ਼ਿੰਦਗੀ ਵਿਚ ਸਫਲਤਾ ਲਈ ਬਹੁਤ ਜ਼ਰੂਰੀ ਹੈ। ਜੇ ਅਸੀਂ ਸਮੇਂ ਸਿਰ ਆਪਣੇ ਕੰਮ ਕਰੀਏ ਤਾਂ ਨਾ ਸਿਰਫ਼ ਹਾਦਸਿਆਂ ਤੋਂ ਬਚ ਸਕਦੇ ਹਾਂ, ਸਗੋਂ ਆਪਣੀ ਜ਼ਿੰਦਗੀ ਨੂੰ ਵੀ ਸਹੀ ਰਾਹ 'ਤੇ ਲਿਜਾ ਸਕਦੇ ਹਾਂ। ਸਮੇਂ ਦੀ ਪਾਬੰਦੀ ਨੂੰ ਆਪਣੀ ਆਦਤ ਬਣਾਇਆ ਜਾਵੇ, ਤਾਂ ਜੋ ਸਾਡਾ ਸਮਾਜ ਹੋਰ ਸੁਰੱਖਿਅਤ ਅਤੇ ਸੁਧਰਿਆ ਹੋ ਸਕੇ।

-ਮਨਪ੍ਰੀਤ
ਜਲੰਧਰ।

ਬੇਅਦਬੀ ਰੋਕਣ ਲਈ ਸ਼ਲਾਘਾਯੋਗ ਪਹਿਲ

ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਲਈ ਪਾਸ ਕਰਵਾਇਆ ਗਿਆ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ (ਸੋਧ) ਬਿੱਲ 2026 ਇਕ ਇਤਿਹਾਸਕ ਅਤੇ ਦੂਰਦਰਸ਼ੀ ਕਦਮ ਹੈ। ਇਹ ਬਿੱਲ ਪੰਜਾਬ ਦੀ ਅਮਨ ਸ਼ਾਂਤੀ ਅਤੇ ਹਰ ਧਰਮ ਦੇ ਧਾਰਮਿਕ ਗ੍ਰੰਥਾਂ ਦੀ ਰਾਖੀ ਲਈ ਮੀਲ ਪੱਥਰ ਸਾਬਤ ਹੋਵੇਗਾ। ਇਸ ਕਾਨੂੰਨ ਦੇ ਲਾਗੂ ਹੋਣ ਨਾਲ ਕਿਸੇ ਵੀ ਧਰਮ ਦੀ ਬੇਅਦਬੀ ਦੇ ਦੋਸ਼ੀਆਂ ਲਈ ਵੱਡੀ ਸਜ਼ਾ ਤੇ ਜੁਰਮਾਨਾ ਲਗਾਉਣ ਦਾ ਫ਼ੈਸਲਾ ਬਹੁਤ ਸ਼ਲਾਘਾਯੋਗ ਹੈ। ਪੰਜਾਬ ਸਰਕਾਰ ਨੇ ਇਹ ਵੀ ਫ਼ੈਸਲਾ ਕੀਤਾ ਹੈ ਕਿ ਅਜਿਹੇ ਸੰਵੇਦਨਸ਼ੀਲ ਕੇਸਾਂ ਦੀ ਜਾਂਚ ਘੱਟੋ-ਘੱਟ ਡੀਐਸਪੀ ਰੈਂਕ ਦੇ ਅਧਿਕਾਰੀ ਹੀ ਕਰਨਗੇ।
ਇਸ ਨਾਲ ਜਾਂਚ ਵਿਚ ਨਿਰਪੱਖਤਾ, ਪਾਰਦਰਸ਼ਤਾ ਆਵੇਗੀ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ। ਇਸ ਕਾਨੂੰਨ ਤਹਿਤ ਬੇਅਦਬੀ ਕਰਨ ਵਾਲਿਆਂ ਨੂੰ ਅਤੇ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਨੂੰ ਵੀ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਬੇਅਦਬੀ ਵਿਰੋਧੀ ਕਾਨੂੰਨ ਜਿੱਥੇ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਾ ਹੈ, ਉੱਥੇ ਹੀ ਪੰਜਾਬ ਵਿਚ ਹਰ ਧਰਮ ਦੇ ਧਾਰਮਿਕ ਗ੍ਰੰਥਾਂ ਦੀ ਰਾਖੀ ਲਈ ਵਚਨਬੱਧ ਸ਼ਾਬਤ ਹੋਵੇਗਾ। ਇਹ ਸੱਚਮੁੱਚ 'ਸ਼ਲਾਘਾਯੋਗ 'ਤੇ ਇਤਿਹਾਸਕ' ਹੈ।
ਇਸ ਕਾਨੂੰਨ ਨਾਲ ਨਾ ਸਿਰਫ ਦੋਸ਼ੀਆਂ 'ਚ ਡਰ ਪੈਦਾ ਹੋਵੇਗਾ, ਸਗੋਂ ਪੰਜਾਬ 'ਚ ਭਾਈਚਾਰਕ ਸਾਂਝ ਤੇ ਅਮਨ-ਸ਼ਾਂਤੀ ਬਣਾਈ ਰੱਖਣ 'ਚ ਵੀ ਮਦਦ ਮਿਲੇਗੀ। ਹੁਣ ਕੋਈ ਵੀ ਅਜਿਹਾ ਅਪਰਾਧ ਕਰਨ ਤੋਂ ਪਹਿਲਾਂ ਸੌ ਵਾਰ ਸੋਚੇਗਾ।

ਗੌਰਵ ਮੁੰਜਾਲ ਪੀ.ਸੀ.ਐਸ

Ad Position 22
No active advertisement
ਪਿਛਲੀ ਖ਼ਬਰ ਅੰਦਰੂਨੀ ਗੁਣਾਂ ਭਰੀ ਖ਼ੂਬਸੂਰਤੀ ਹੈ ਜ਼ਰੂਰੀ ਅਗਲੀ ਖ਼ਬਰ ਭਾਰਤ ਦੇ ਰਣਨੀਤਕ ਸੰਕਲਪ ਤੇ ਸਮਰੱਥਾ ਦਾ ਪ੍ਰਗਟਾਵਾ ਸੀ 'ਆਪ੍ਰੇਸ਼ਨ ਸੰਧੂਰ'
Ad Position 24