15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਭਾਰਤ ਦੇ ਰਣਨੀਤਕ ਸੰਕਲਪ ਤੇ ਸਮਰੱਥਾ ਦਾ ਪ੍ਰਗਟਾਵਾ ਸੀ 'ਆਪ੍ਰੇਸ਼ਨ ਸੰਧੂਰ'

Ad Position 21
No active advertisement
ਅਜੀਤ ਡੈਸਕ 07-05-2026

'ਆਪ੍ਰੇਸ਼ਨ ਸੰਧੂਰ' ਦੀ ਵਰ੍ਹੇਗੰਢ 'ਤੇ ਵਿਸ਼ੇਸ਼
'ਆਪ੍ਰੇਸ਼ਨ ਸੰਧੂਰ' ਦੀ ਵਰ੍ਹੇਗੰਢ ਸਿਰਫ਼ ਯਾਦ ਰੱਖਣ ਲਈ ਇਕ ਤਾਰੀਖ ਨਹੀਂ ਹੈ, ਸਗੋਂ ਇਹ ਭਾਰਤ ਦੀ ਰਣਨੀਤਕ ਸੋਚ 'ਚ ਇਕ ਮਜ਼ਬੂਤ ਤੇ ਫ਼ੈਸਲਾਕੁੰਨ ਤਬਦੀਲੀ 'ਤੇ ਵਿਚਾਰ ਕਰਨ ਦਾ ਪਲ ਹੈ। 7 ਮਈ, 2025 ਦੀਆਂ ਇਨ੍ਹਾਂ ਘਟਨਾਵਾਂ ਨੇ ਇਕ ਸਫਲ ਫ਼ੌਜੀ ਮੁਹਿੰਮ ਤੋਂ ਕਿਤੇ ਵਧ ਦੇਸ਼ ਦੀ ਰਾਜਨੀਤਿਕ ਇੱਛਾ ਸ਼ਕਤੀ ਤੇ ਫ਼ੌਜੀ ਤਿਆਰੀ, ਤਕਨੀਕੀ ਸਮਰੱਥਾ ਤੇ ਰਾਸ਼ਟਰੀ ਸੰਕਲਪ ਦੀ ਸਾਂਝ ਨੂੰ ਰੇਖਾਂਕਿਤ ਕੀਤਾ ਸੀ। ਕਈ ਮਾਇਨਿਆਂ ਵਿਚ 'ਆਪ੍ਰੇਸ਼ਨ ਸੰਧੂਰ' ਨੂੰ ਗੁੰਝਲਦਾਰ ਬਹੁ-ਖੇਤਰੀ ਦ੍ਰਿਸ਼ 'ਚ ਭਾਰਤ ਦੇ ਭਵਿੱਖ ਦੇ ਸੰਘਰਸ਼ ਸੰਚਾਲਨ ਦੇ ਰੂਪ ਵਿਚ ਯਾਦ ਕੀਤਾ ਜਾਵੇਗਾ।
ਇਸ ਸਫਲਤਾ ਦੇ ਕੇਂਦਰ 'ਚ ਅਟੁੱਟ ਰਾਜਨੀਤਿਕ ਸਪੱਸ਼ਟਤਾ ਸੀ। ਦਹਾਕਿਆਂ ਤੋਂ ਸਰਹੱਦ ਪਾਰ ਦੀਆਂ ਭੜਕਾਹਟ ਦੀਆਂ ਘਟਨਾਵਾਂ 'ਤੇ ਭਾਰਤ ਦੀ ਪ੍ਰਤੀਕਿਰਿਆ ਅਕਸਰ ਸਵੈ-ਨਿਰਧਾਰਿਤ ਸੰਜਮ ਤੱਕ ਹੀ ਸੀਮਤ ਰਹਿੰਦੀ ਸੀ। ਆਪ੍ਰੇਸ਼ਨ ਸੰਧੂਰ ਰਾਹੀਂ ਭਾਰਤ ਨੇ ਉਸ ਸੰਜਮ ਨੂੰ ਤਿਆਗਣ ਦੀ ਬਜਾਏ ਆਪਣੀ ਸੰਵੇਦਨਸ਼ੀਲਤਾ ਨਾਲ ਤਾਕਤ ਦੀ ਵਰਤੋਂ ਕਰਨ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਦਿਆਂ ਸਟੀਕ ਰਣਨੀਤਿਕ ਸੰਦੇਸ਼ ਦਿੱਤਾ ਅਤੇ ਲੋੜ ਪੈਣ 'ਤੇ ਨਿਰਣਾਇਕ ਤੌਰ 'ਤੇ ਸਥਿਤੀ ਦੇ ਵਿਸਥਾਰ ਦੀ ਸਮਰੱਥਾ ਨੂੰ ਬਣਾਈ ਰੱਖਿਆ। ਰਾਜਨੀਤਿਕ ਲੀਡਰਸ਼ਿਪ ਨੇ ਵੀ ਨਿਰਣਾਇਕ ਤੌਰ 'ਤੇ ਕਾਰਵਾਈ ਕਰਨ ਦੇ ਇਰਾਦੇ ਨੂੰ ਪ੍ਰਗਟਾਉਂਦਿਆਂ ਫ਼ੌਜੀ ਕਮਾਂਡਰਾਂ ਦੇ ਸੰਚਾਲਨ ਵਿਚ ਸਵੈ-ਭਰੋਸਾ ਵੀ ਪ੍ਰਦਰਸ਼ਿਤ ਕੀਤਾ। ਉਦੇਸ਼ ਦੀ ਇਹ ਸਪੱਸ਼ਟਤਾ ਗਤੀ, ਸਟੀਕਤਾ ਤੇ ਤਾਲਮੇਲ ਵਿਚ ਤਬਦੀਲ ਹੋ ਗਈ -ਇਹ ਤਿੰਨ ਵਿਸ਼ੇਸ਼ਤਾਵਾਂ ਜੋ ਸਫਲ ਆਧੁਨਿਕ ਫ਼ੌਜੀ ਅਭਿਆਨਾਂ ਨੂੰ ਪਰਿਭਾਸ਼ਿਤ ਕਰਦੀਆਂ ਹਨ। ਜਦੋਂ ਰਾਜਨੀਤਿਕ ਇੱਛਾ ਸ਼ਕਤੀ ਸੰਸਥਾਗਤ ਸਮਰੱਥਾ ਨਾਲ ਜੁੜ ਜਾਂਦੀ ਹੈ, ਤਾਂ ਇਹ ਇਕ ਬਲਸ਼ਾਲੀ ਪਹਿਲ ਬਣ ਜਾਂਦੀ ਹੈ। ਆਪ੍ਰੇਸ਼ਨ ਸੰਧੂਰ ਇਸ ਤਾਲਮੇਲ ਦੀ ਇਕ ਬੇਮਿਸਾਲ ਉਦਾਹਰਣ ਸੀ।
ਭਾਰਤ ਦੀਆਂ ਬਹੁ-ਖੇਤਰੀ ਸਮਰੱਥਾਵਾਂ ਦਾ ਨਿਰਵਿਘਨ ਏਕੀਕਰਨ ਵੀ ਸਮਾਨ ਰੂਪ ਵਿਚ ਮਹੱਤਵਪੂਰਨ ਸੀ। ਆਧੁਨਿਕ ਯੁੱਧ ਹੁਣ ਸਿਰਫ ਜ਼ਮੀਨ, ਸਮੁੰਦਰ ਤੇ ਹਵਾ ਤੱਕ ਸੀਮਿਤ ਨਹੀਂ ਰਿਹਾ; ਇਹ ਸਾਈਬਰ, ਪੁਲਾੜ ਤੇ ਇਲੈਕਟ੍ਰੋਮੈਗਨੈਟਿਕ ਦਿਸਹੱਦੇ ਤੱਕ ਫੈਲ ਗਿਆ ਹੈ। ਆਪ੍ਰੇਸ਼ਨ ਸੰਧੂਰ ਨੇ ਇਨ੍ਹਾਂ ਖੇਤਰਾਂ ਵਿਚ ਪ੍ਰਭਾਵ ਪੈਦਾ ਕਰਨ ਵਿਚ ਭਾਰਤ ਦੀ ਵਧਦੀ ਮੁਹਾਰਤ ਨੂੰ ਪ੍ਰਦਰਸ਼ਿਤ ਕੀਤਾ ਹੈ। ਸਟੀਕ ਹਮਲਿਆਂ ਵਿਚ ਸਾਈਬਰ ਆਪ੍ਰੇਸ਼ਨਾਂ ਨੇ ਪੂਰਕ ਭੂਮਿਕਾ ਨਿਭਾਈ, ਜਿਸ ਨੇ ਵਿਰੋਧੀਆਂ ਦੇ ਸੰਚਾਰ ਤੇ ਲਾਜਿਸਟਿਕ ਪ੍ਰਣਾਲੀਆਂ ਨੂੰ ਵਿਗਾੜ ਦਿੱਤਾ। ਹਮਲੇ ਤੋਂ ਬਾਅਦ ਦੇ ਨੁਕਸਾਨ ਦਾ ਮੁਲਾਂਕਣ ਕਰਨ ਲਈ ਪੁਲਾੜ-ਅਧਾਰਿਤ ਉਪਕਰਣਾਂ ਨੇ ਅਸਲ-ਸਮੇਂ ਦੀ ਨਿਗਰਾਨੀ ਤੇ ਟੀਚਾ-ਨਿਰਧਾਰਨ ਨੂੰ ਯਕੀਨੀ ਬਣਾਇਆ, ਜਦਕਿ ਇਲੈਕਟ੍ਰਾਨਿਕ ਯੁੱਧ ਸਮਰੱਥਾਵਾਂ ਨੇ ਦੁਸ਼ਮਣ ਦੀ ਜਵਾਬੀ ਕਾਰਵਾਈ ਨੂੰ ਕਮਜ਼ੋਰ ਕਰ ਦਿੱਤਾ। ਆਪ੍ਰੇਸ਼ਨ ਸੰਧੂਰ ਸਿਰਫ਼ ਫ਼ੌਜੀ ਆਪ੍ਰੇਸ਼ਨ ਨਹੀਂ ਸੀ; ਇਹ ਇਕ ਪੂਰੇ ਰਾਸ਼ਟਰ ਦਾ ਯਤਨ ਸੀ। ਖੁਫੀਆ ਏਜੰਸੀਆਂ, ਤਕਨੀਕੀ ਸੰਸਥਾਵਾਂ ਤੇ ਸਿਵਲੀਅਨ ਲੀਡਰਸ਼ਿਪ ਨੇ ਹਥਿਆਰਬੰਦ ਬਲਾਂ ਨਾਲ ਤਾਲਮੇਲ ਵਿਚ ਕੰਮ ਕੀਤਾ। ਦੇਸੀ ਤਕਨੀਕਾਂ - ਨਿਗਰਾਨੀ ਪ੍ਰਣਾਲੀਆਂ ਤੋਂ ਲੈ ਕੇ ਸਟੀਕ ਹਥਿਆਰਾਂ ਤੱਕ ਸਭ ਨੇ ਇਕ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਆਪ੍ਰੇਸ਼ਨ ਨੇ ਭਾਰਤ ਦੇ ਫ਼ੈਸਲੇ ਲੈਣ ਵਾਲੇ-ਨਿਰਮਾਣ ਢਾਂਚੇ ਦੀ ਕੁਸ਼ਲਤਾ ਦਾ ਵੀ ਪ੍ਰਦਰਸ਼ਨ ਕੀਤਾ ਸੀ। ਇਸ ਆਪ੍ਰੇਸ਼ਨ ਤੋਂ ਪਹਿਲਾਂ ਤੇ ਆਪ੍ਰੇਸ਼ਨ ਦੌਰਾਨ ਭਾਰਤ ਦੀਆਂ ਪਹਿਲਕਦਮੀਆਂ ਵਿਚ ਰਣਨੀਤਿਕ ਦੂਰਦਰਸ਼ਿਤਾ ਝਲਕਦੀ ਸੀ। ਕੂਟਨੀਤਕ ਸੰਚਾਰ ਨੇ ਇਹ ਯਕੀਨੀ ਬਣਾਇਆ ਕਿ ਭਾਰਤ ਦੀਆਂ ਕਾਰਵਾਈਆਂ ਨੂੰ ਵਿਸ਼ਵ ਪੱਧਰ 'ਤੇ ਸਹੀ ਸੰਦਰਭ ਵਿਚ ਸਟੀਕ, ਜ਼ਰੂਰੀ ਤੇ ਸਮਾਨ ਅਨੁਪਾਤਕ ਸਮਝਿਆ ਜਾਵੇ।
ਦੂਜੇ ਪਾਸੇ ਪਾਕਿਸਤਾਨ ਦੀ ਪ੍ਰਤੀਕਿਰਿਆ ਇਕ ਅਨੁਮਾਨਯੋਗ ਮਾਰਗ ਦੀ ਪਾਲਣਾ ਕਰ ਰਹੀ ਸੀ। ਫ਼ੌਜੀ ਦ੍ਰਿਸ਼ਟੀ ਪੱਖੋਂ ਉਹ ਸਹੀ ਜਵਾਬ ਦੇਣ ਲਈ ਸੰਘਰਸ਼ ਕਰਦਾ ਰਿਹਾ ਸੀ, ਜਿਸ ਨੂੰ ਕਿ ਸਮਰੱਥਾ ਦੀ ਘਾਟ ਅਤੇ ਹੈਰਾਨੀ ਦੇ ਤੱਤ ਦੋਵਾਂ ਨੇ ਸੀਮਤ ਕੀਤਾ ਹੋਇਆ ਸੀ। ਕੂਟਨੀਤਕ ਤੌਰ 'ਤੇ ਉਸ ਨੇ ਸਥਿਤੀ ਨੂੰ ਅੰਤਰਰਾਸ਼ਟਰੀ ਰੂਪ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਸੀਮਤ ਸਫਲਤਾ ਮਿਲੀ। ਉਸ ਨੇ ਅਸਲ ਹਾਲਤਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਿਆਂ ਗਲਤ ਜਾਣਕਾਰੀ ਦੇਣ ਦੀ ਇਕ ਚਲਾਕੀ ਕੀਤੀ, ਫਿਰ ਵੀ ਭਰੋਸੇਯੋਗਤਾ ਤੇ ਇਕਸਾਰਤਾ ਦੀ ਵਿਵਸਥਾ ਆਮ ਤੌਰ 'ਤੇ ਗੈਰ-ਹਾਜ਼ਰ ਸਨ, ਕਿਉਂਕਿ ਅਸਲ-ਸਮੇਂ ਦੀ ਜਾਣਕਾਰੀ ਤੇ ਆਲਮੀ ਨਿਗਰਾਨੀ ਦੇ ਯੁੱਗ ਵਿਚ ਸਭ ਕਹਾਣੀਆਂ ਜਲਦੀ ਹੀ ਸਾਹਮਣੇ ਆ ਜਾਂਦੀਆਂ ਹਨ। ਅਜਿਹੇ ਝੂਠੇ ਪ੍ਰਚਾਰ ਦਾ ਸਪੱਸ਼ਟਤਾ ਤੇ ਆਤਮ-ਵਿਸ਼ਵਾਸ ਨਾਲ ਸਾਹਮਣਾ ਕਰਨਾ ਤੇ ਵਿਰੋਧ ਕਰਨਾ ਜ਼ਰੂਰੀ ਸੀ। ਆਪ੍ਰੇਸ਼ਨ ਸੰਧੂਰ ਭਾਰਤ ਦੇ ਹਮਲੇ ਦੀ ਬਜਾਏ ਭੜਕਾਉਣ ਵਾਲੀ ਕਾਰਵਾਈ ਵਿਰੁੱਧ ਇਕ ਸੰਤੁਲਿਤ ਪ੍ਰਤੀਕਿਰਿਆ ਸੀ, ਜਿਸ 'ਚ ਉਦੇਸ਼ਾਂ ਵਿਚ ਸਟੀਕਤਾ, ਟੀਚਾ ਸਪੱਸ਼ਟ ਤੇ ਨਿਸ਼ਾਨਾ ਅਨੁਸ਼ਾਸਿਤ ਸੀ। ਭਾਰਤ ਨੇ ਪੂਰੀ ਪ੍ਰਕਿਰਿਆ ਦੌਰਾਨ ਸੂਚਨਾ ਦੀ ਇਕਸਾਰਤਾ ਨੂੰ ਬਣਾਈ ਰੱਖਿਆ। ਪਾਰਦਰਸ਼ਿਤਾ ਬਣਾਈ ਰੱਖਣ ਲਈ ਭਰੋਸੇਯੋਗ ਸੰਚਾਰ ਚੈਨਲਾਂ ਦੀ ਵਰਤੋਂ ਕਰਦਿਆਂ ਭਾਰਤ ਨੇ ਬਿਰਤਾਂਤ ਨੂੰ ਵਿਗਾੜਨ ਦੀਆਂ ਕੋਸ਼ਿਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬੇਅਸਰ ਕਰ ਦਿੱਤਾ।
ਆਪ੍ਰੇਸ਼ਨ ਸੰਧੂਰ ਤੋਂ ਕਈ ਸਬਕ ਸਾਹਮਣੇ ਆਏ ਹਨ, ਜੋ ਕਿ ਭਵਿੱਖ ਲਈ ਕੀਮਤੀ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ। ਸਭ ਤੋਂ ਪਹਿਲਾਂ, ਰਾਜਨੀਤਿਕ ਇੱਛਾ ਸ਼ਕਤੀ ਦੀ ਕੇਂਦਰੀ ਭੂਮਿਕਾ ਨੂੰ ਘੱਟ ਨਹੀਂ ਸਮਝਿਆ ਜਾ ਸਕਦਾ। ਰਣਨੀਤਕ ਅਸਪੱਸ਼ਟਤਾ ਅਕਸਰ ਵਿਰੋਧੀਆਂ ਦਾ ਹੌਸਲਾ ਵਧਾਉਂਦੀ ਹੈ; ਸਪੱਸ਼ਟਤਾ ਉਨ੍ਹਾਂ ਨੂੰ ਨਿਰਾਸ਼ ਕਰਦੀ ਹੈ। ਦੂਸਰਾ ਬਹੁ-ਖੇਤਰੀ ਏਕੀਕਰਣ ਦਾ ਵਿਕਾਸ ਨਿਰੰਤਰ ਜਾਰੀ ਰੱਖਣ ਲਈ ਸਾਈਬਰ, ਪੁਲਾੜ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ 'ਚ ਨਿਵੇਸ਼ ਜਾਰੀ ਰੱਖਣਾ ਅਹਿਮ ਸੀ। ਤੀਸਰਾ ਨਾਗਰਿਕ-ਫ਼ੌਜੀ ਤਾਲਮੇਲ ਨੂੰ ਹੋਰ ਜ਼ਿਆਦਾ ਸੰਸਥਾਗਤ ਰੂਪ ਦਿੱਤਾ ਜਾਣਾ ਚਾਹੀਦਾ ਹੈ, ਤਾਂ ਜੋ ਰਾਸ਼ਟਰੀ ਸ਼ਕਤੀ ਦੀ ਤਾਲਮੇਲ ਪੂਰਨ ਢੰਗ ਨਾਲ ਵਰਤੋਂ ਨੂੰ ਯਕੀਨੀ ਬਣਾਇਆ ਜਾ ਸਕੇ। ਤੁਰੰਤ ਤੇ ਭਰੋਸੇਯੋਗ ਸੰਚਾਰ ਲਈ ਸਿਰਫ਼ ਤਕਨੀਕੀ ਉਪਕਰਨ ਹੀ ਨਹੀਂ, ਸਗੋਂ ਸੰਸਥਾਗਤ ਵਿਧੀਆਂ ਵੀ ਸ਼ਾਮਿਲ ਹੁੰਦੀਆਂ ਹਨ। ਰਣਨੀਤਕ ਸਫਲਤਾ ਨੂੰ ਕਾਇਮ ਰੱਖਣ ਲਈ ਬਿਰਤਾਂਤ ਜਿੱਤਣਾ ਵੀ ਜ਼ਰੂਰੀ ਹੈ। ਆਪ੍ਰੇਸ਼ਨ ਸੰਧੂਰ ਰੱਖਿਆ ਸਮਰੱਥਾਵਾਂ ਵਿਚ ਆਤਮ-ਨਿਰਭਰਤਾ ਦੇ ਮਹੱਤਵ ਨੂੰ ਵੀ ਮਜ਼ਬੂਤ ਕਰਦਾ ਹੈ। ਸਵਦੇਸ਼ੀ ਪ੍ਰਣਾਲੀਆਂ ਦੀ ਯੋਗਤਾ ਸਾਬਤ ਹੋਣ ਨਾਲ ਬਾਹਰੀ ਸਰੋਤਾਂ 'ਤੇ ਨਿਰਭਰਤਾ ਘਟ ਕੇ ਸੰਚਾਲਨ ਨਾਲ ਜੁੜੀ ਖੁਦ-ਮੁਖਤਿਆਰੀ ਵਧੀ ਹੈ। ਖੋਜ, ਵਿਕਾਸ ਤੇ ਨਵੀਨਤਾ ਵਿਚ ਲਗਾਤਾਰ ਨਿਵੇਸ਼ ਰਾਹੀਂ ਇਸ ਗਤੀ ਨੂੰ ਕਾਇਮ ਰੱਖਿਆ ਜਾਣਾ ਚਾਹੀਦਾ ਹੈ। ਇਹ ਆਪ੍ਰੇਸ਼ਨ ਅਸਥਿਰ ਸੁਰੱਖਿਆ ਵਾਤਾਵਰਨ ਵਿਚ ਹਮੇਸ਼ਾ ਤਿਆਰ ਰਹਿਣ ਦੀ ਲੋੜ ਨੂੰ ਰੇਖਾਂਕਿਤ ਕਰਦਾ ਹੈ। ਨਿਵਾਰਣ ਇਕ ਸਥਿਰ ਧਾਰਨਾ ਨਹੀਂ ਹੈ; ਇਸ ਨੂੰ ਪ੍ਰਦਰਸ਼ਿਤ ਸਮਰੱਥਾ ਅਤੇ ਸੰਕਲਪ ਰਾਹੀਂ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਆਪ੍ਰੇਸ਼ਨ ਸੰਧੂਰ ਨੇ ਇਕ ਮਿਆਰ ਸਥਾਪਿਤ ਕੀਤਾ ਹੈ, ਪਰ ਇਸ ਸਥਿਤੀ ਨੂੰ ਬਣਾਈ ਰੱਖਣ ਲਈ ਟ੍ਰੇਨਿੰਗ, ਆਧੁਨਿਕੀਕਰਨ, ਸਿਧਾਂਤਕ ਵਿਕਾਸ ਰਾਹੀਂ ਟਿਕਾਊ ਵਿਕਾਸ ਦੀ ਜ਼ਰੂਰਤ ਹੈ।
ਜਦੋਂ ਭਾਰਤ ਆਪ੍ਰੇਸ਼ਨ ਸੰਧੂਰ ਦੀ ਵਰ੍ਹੇਗੰਢ ਮਨਾ ਰਿਹਾ ਹੈ ਤਾਂ ਵਿਆਪਕ ਸੰਦੇਸ਼ ਸਪੱਸ਼ਟ ਹਨ। ਇਹ ਰਣਨੀਤਕ ਪ੍ਰਭਾਵ ਦੇ ਨਾਲ ਇਕ ਆਪ੍ਰੇਸ਼ਨ ਸੀ, ਜਿਸ ਨੇ ਦਿਖਾਇਆ ਕਿ ਭਾਰਤ ਕੋਲ ਆਪਣੇ ਹਿਤਾਂ ਦੀ ਰਾਖੀ ਕਰਨ ਦੀ ਨਿਰਣਾਇਕ ਸਮਰੱਥਾ ਤੇ ਇੱਛਾ ਸ਼ਕਤੀ ਦੋਵੇਂ ਮੌਜੂਦ ਹਨ। ਇਸ ਨੇ ਇਹ ਦਿਖਾਇਆ ਕਿ ਸੰਜਮ ਅਪਣਾਉਣਾ ਇਕ ਬਦਲ ਹੈ ਜ਼ਰੂਰਤ ਨਹੀਂ। ਆਉਣ ਵਾਲੇ ਸਮੇਂ ਵਿਚ ਆਪ੍ਰੇਸ਼ਨ ਸੰਧੂਰ ਦਾ ਅਧਿਐਨ ਬਹੁ-ਖੇਤਰੀ ਪ੍ਰਭਾਵਸ਼ਾਲੀ ਕਾਰਵਾਈ ਦੀ ਇਕ ਉਦਾਹਰਣ ਦੇ ਰੂਪ ਵਿਚ ਕੀਤਾ ਜਾਵੇਗਾ, ਜਿਸ ਵਿਚ ਮਜ਼ਬੂਤ ਰਾਜਨੀਤਿਕ ਲੀਡਰਸ਼ਿਪ ਤੇ ਰਾਸ਼ਟਰੀ ਏਕਤਾ ਦੇ ਤੱਤ ਮੌਜੂਦ ਹਨ। ਇਸ ਨੇ ਇਕ ਸ਼ਕਤੀਸ਼ਾਲੀ ਸਿਧਾਂਤ ਨੂੰ ਮਜ਼ਬੂਤ ਕੀਤਾ ਹੈ ਕਿ ਜਦੋਂ ਰਾਸ਼ਟਰੀ ਸੰਕਲਪ ਦੀ ਸਮਰੱਥਾ ਨਾਲ ਸੁਮੇਲ ਹੁੰਦਾ ਹੈ ਤਾਂ ਨਤੀਜੇ ਨਿਰਣਾਇਕ ਹੁੰਦੇ ਹਨ। ਆਪ੍ਰੇਸ਼ਨ ਸੰਧੂਰ ਦੀ ਵਿਰਾਸਤ ਇਸ ਦੀ ਸਫਲਤਾ ਤੱਕ ਸੀਮਿਤ ਨਹੀਂ ਹੈ। ਇਸ ਨੇ ਭਾਰਤ ਦੇ ਰਣਨੀਤਕ ਭਵਿੱਖ ਨੂੰ ਨਿਰਧਾਰਿਤ ਕੀਤਾ ਹੈ। ਜਦੋਂ ਤੱਕ ਦੇਸ਼ ਦੇ ਰਾਜਨੀਤਿਕ,ਫ਼ੌਜੀ ਤੇ ਸੰਸਥਾਗਤ ਵਿਭਾਗ ਇਕੱਠੇ ਕੰਮ ਕਰਦੇ ਹੋਏ ਆਪਣੀਆਂ ਸਮਰੱਥਾਵਾਂ ਨੂੰ ਸਪੱਸ਼ਟਤਾ ਤੇ ਉਦੇਸ਼ ਨਾਲ ਜੋੜਦੇ ਰਹਿਣਗੇ ਤਾਂਪ੍ਰਭਾਵ ਦਾ ਸੰਤੁਲਨ ਹਮੇਸ਼ਾ ਭਾਰਤ ਦੇ ਪੱਖ ਵਿਚ ਰਹੇਗਾ।
-(ਲੇਖਕ ਬਿਹਾਰ ਦੇ ਰਾਜਪਾਲ ਅਤੇ ਭਾਰਤ ਦੇ ਸ੍ਰੀਨਗਰ ਵਿਚ ਮੌਜੂਦ ਚਿਨਾਰ ਕੌਰਪਸ ਦੇ ਸਾਬਕਾ ਕਮਾਂਡਰ ਹਨ)

Ad Position 22
No active advertisement
ਪਿਛਲੀ ਖ਼ਬਰ 07-05-26 ਅਗਲੀ ਖ਼ਬਰ ਭਾਰਤੀ ਸਾਹਿਤ ਦਾ ਮਾਣ ਹਨ ਰਵਿੰਦਰ ਨਾਥ ਟੈਗੋਰ
Ad Position 24