15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਭਾਰਤੀ ਸਾਹਿਤ ਦਾ ਮਾਣ ਹਨ ਰਵਿੰਦਰ ਨਾਥ ਟੈਗੋਰ

Ad Position 21
No active advertisement
ਅਜੀਤ ਡੈਸਕ 07-05-2026

ਅੱਜ ਜਨਮ ਦਿਨ 'ਤੇ ਵਿਸ਼ੇਸ਼
ਇਕ ਕੰਮ ਵਿਚ ਪ੍ਰਸਿੱਧੀ ਖੱਟਣੀ ਬਹੁਤ ਵੱਡੀ ਗੱਲ ਹੈ, ਪਰ ਇਕੱਠੇ ਕਈ ਕੰਮਾਂ 'ਚ ਪ੍ਰਸਿੱਧੀ ਪ੍ਰਾਪਤ ਕਰਨਾ ਬਹੁਤ ਹੀ ਮਹਾਨ ਵਿਅਕਤੀਆਂ ਦੇ ਹਿੱਸੇ ਆਉਂਦਾ ਹੈ। ਸਮਾਜ-ਸੁਧਾਰਕ, ਮਹਾਨ ਅਧਿਆਪਕ, ਸੈਲਾਨੀ, ਦਾਨਿਸ਼ਵਰ, ਚਿੱਤਰਕਾਰ, ਸੰਗੀਤਕਾਰ, ਨਿਬੰਧਕਾਰ, ਨਾਵਲਕਾਰ, ਨਾਟਕਕਾਰ, ਕਵੀ ਤੇ ਕਹਾਣੀਕਾਰ ਹੋਣ ਦੀ ਪ੍ਰਬੀਨਤਾ ਰਵਿੰਦਰ ਨਾਥ ਟੈਗੋਰ ਵਿਚ ਹੀ ਹੈ। ਜੋ ਸਥਾਨ ਰੋਮ 'ਚ ਵਰਜਿਲ, ਇਟਲੀ 'ਚ ਡਾਂਟੇ, ਯੂਨਾਨ 'ਚ ਹੋਮਰ ਅਤੇ ਰੂਸ 'ਚ ਟਾਲਸਟਾਏ ਨੂੰ ਨਸੀਬ ਹੋਇਆ ਸੀ, ਉਹੀ ਸਥਾਨ ਭਾਰਤ ਵਿਚ ਰਵਿੰਦਰ ਨਾਥ ਟੈਗੋਰ ਨੂੰ ਹਾਸਿਲ ਹੋਇਆ ਹੈ। ਉਨ੍ਹਾਂ ਦਾ ਜਨਮ 7 ਮਈ 1861 ਈ. ਨੂੰ ਮਾਤਾ ਸ਼ਾਰਦਾ ਦੇਵੀ ਤੇ ਪਿਤਾ ਦਵਿੰਦਰ ਨਾਥ ਠਾਕੁਰ ਦੇ ਘਰ ਜੋਗ ਸਾਂਕੋ (ਸ਼ਹਿਰ) ਠਾਕਰ ਬਾੜੀ (ਕੋਲਕਾਤਾ) ਵਿਖੇ ਹੋਇਆ ਸੀ। ਉਨ੍ਹਾਂ ਦਾ ਪਹਿਲਾ ਨਾਂਅ ਰਵਿੰਦਰ ਨਾਥ ਠਾਕੁਰ ਸੀ ਤੇ ਬਾਅਦ 'ਚ ਰਵਿੰਦਰ ਨਾਥ ਟੈਗੋਰ ਪੈ ਗਿਆ। ਉਨ੍ਹਾਂ ਮੁਢਲੀ ਵਿੱਦਿਆ ਘਰ ਅਧਿਆਪਕ ਰੱਖ ਕੇ ਤੇ ਬਾਅਦ 'ਚ ਸੇਂਟ ਜ਼ੇਵੀਅਰ ਸਕੂਲ ਕਲਕੱਤਾ ਵਿਚ ਕੀਤੀ। ਉਨ੍ਹਾਂ ਨੇ ਲੰਡਨ ਕਾਲਜ ਦੇ ਵਿਸ਼ਵ ਵਿਦਿਆਲੇ 'ਚ ਕਾਨੂੰਨ ਦਾ ਅਧਿਐਨ ਕੀਤਾ।
ਸੰਨ 1883 'ਚ ਉਨ੍ਹਾਂ ਦਾ ਵਿਆਹ ਸ੍ਰੀਮਤੀ ਮ੍ਰਿਣਾਲਿਨੀ ਨਾਲ ਹੋਇਆ। ਉਨ੍ਹਾਂ ਦੇ ਪਿਤਾ ਸਾਹਿਤਕ ਰੁਚੀਆਂ ਦੇ ਮਾਲਕ ਸਨ। ਇਸ ਕਰਕੇ ਸ੍ਰੀ ਟੈਗੋਰ ਨੂੰ ਸਾਹਿਤ ਦੀ ਗੁੜ੍ਹਤੀ ਵਿਰਸੇ 'ਚ ਹੀ ਮਿਲੀ। ਉਨ੍ਹਾਂ ਦਾ ਜਨਮ ਅਮੀਰ ਘਰਾਣੇ 'ਚ ਹੋਣ ਕਾਰਨ ਉਹ ਖੁੱਲ੍ਹੇ ਤੇ ਸਾਹਿਤਕ ਵਾਤਾਵਰਨ 'ਚ ਵੱਡੇ ਹੋਏ। ਉਹ ਖੁੱਲ੍ਹੇ ਵਿਚਾਰਾਂ ਦੇ ਮਾਲਕ ਸਨ ਤੇ ਘਰ 'ਚ ਹਮੇਸ਼ਾ ਪ੍ਰਾਰਥਨਾ ਤੇ ਭੰਜਨ-ਬੰਦਗੀ ਹੋਣ ਕਰਕੇ ਉਨ੍ਹਾਂ 'ਤੇ ਧਾਰਮਿਕ ਭਾਵਨਾਵਾਂ ਦਾ ਅਸਰ ਵੀ ਸੀ। ਉਹ ਛੋਟੇ ਹੁੰਦਿਆਂ ਹੀ ਹੁਸ਼ਿਆਰ ਤੇ ਤੇਜ਼ ਬੁੱਧੀ ਦੇ ਮਾਲਕ ਸਨ। ਪਹਿਲੀ ਕਵਿਤਾ ਉਨ੍ਹਾਂ ਨੇ 8 ਸਾਲ ਦੀ ਉਮਰ 'ਚ ਲਿਖੀ, ਜਿਸ ਦੀ ਖ਼ੂਬ ਪ੍ਰਸੰਸਾ ਹੋਈ। 16 ਸਾਲ ਦੀ ਉਮਰ 'ਚ ਉਨ੍ਹਾਂ ਛੋਟੀਆਂ ਕਹਾਣੀਆਂ ਤੇ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ, ਜੋ ਉਸ ਸਮੇਂ ਵੱਡੀ ਪੱਧਰ 'ਤੇ ਪੜ੍ਹੀਆਂ ਜਾਂਦੀਆਂ ਸਨ। ਉਨ੍ਹਾਂ ਦੀ ਵੱਖਰੀ ਤੇ ਨਵੀਂ ਸੋਚਣੀ ਕਾਰਨ ਹੀ ਪ੍ਰਸਿੱਧੀ ਹੋਈ। 'ਬੰਗ ਦਰਸ਼ਨ' ਅਤੇ 'ਭਾਰਤੀ ਤੇ ਸਾਧਨਾ' ਮੈਗਜ਼ੀਨਾਂ ਦੀ ਉਨ੍ਹਾਂ ਨੇ ਸੰਪਾਦਨਾ ਵੀ ਕੀਤੀ। 1913 'ਚ ਉਨ੍ਹਾਂ ਦੇ ਸੰਸਾਰ ਪ੍ਰਸਿੱਧ ਕਾਵਿ-ਸੰਗ੍ਰਹਿ 'ਗੀਤਾਂਜਲੀ' ਨੂੰ 'ਨੋਬਲ ਪੁਰਸਕਾਰ' ਮਿਲਿਆ। ਇਹ ਪੁਰਸਕਾਰ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਭਾਰਤੀ ਸਨ। 1914 'ਚ ਉਨ੍ਹਾਂ ਨੂੰ 'ਸਰ' ਦਾ ਖ਼ਿਤਾਬ ਦਿੱਤਾ ਗਿਆ, ਜੋ ਉਨ੍ਹਾਂ ਨੇ 1919 'ਚ ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਤੋਂ ਦੁਖੀ ਹੋ ਕੇ ਵਾਪਸ ਕਰ ਦਿੱਤਾ ਸੀ। ਉਹ ਰਾਸ਼ਟਰੀ ਗੀਤ 'ਜਨ ਗਣ ਮਨ' ਅਤੇ ਬੰਗਲਾਦੇਸ਼ ਦੇ ਰਾਸ਼ਟਰੀ ਗੀਤ 'ਅਮਰ ਸੋਨਾਰ' ਦੇ ਰਚੇਤਾ ਹਨ। ਉਨ੍ਹਾਂ ਦੀ ਜਗਤ ਪ੍ਰਸਿੱਧ ਕਹਾਣੀ 'ਕਾਬਲੀਵਾਲਾ' 'ਤੇ ਫਿਲਮ ਵੀ ਬਣਾਈ ਗਈ ਹੈ। ਉਨ੍ਹਾਂ ਦੇ ਗੋਰਾ, ਸੰਯੋਗ, ਅੱਖ ਦੀ ਰੜਕ, (ਨਾਵਲ) ਨਿਬੰਧ ਮਾਲ (ਦੋ-ਭਾਗ) ਅਤੇ ਡਾਕਘਰ, ਟੈਗੋਰ (ਨਾਟਕ), ਨਵਾਂ ਚੰਨ, ਭੁੱਖੇ ਪੱਥਰ, ਟੈਗੋਰ ਦਾ ਬਾਲ ਸਾਹਿਤ, ਇੱਕੀ ਕਹਾਣੀਆਂ ਅਤੇ ਨੋਕ ਡੁੱਬੀ ਸੰਸਾਰ ਭਰ ਵਿਚ ਪ੍ਰਸਿੱਧ ਹੋਏ। ਉਨ੍ਹਾਂ ਦੀਆਂ ਪੁਸਤਕਾਂ ਦੀ ਸੂਚੀ ਕਾਫ਼ੀ ਲੰਬੀ ਹੈ। ਉਨ੍ਹਾਂ ਨੇ 40 ਨਾਟਕ, 35 ਕਾਵਿ ਸੰਗ੍ਰਹਿ, 50 ਲੇਖ ਸੰਗ੍ਰਹਿ, 11 ਕਹਾਣੀ ਸੰਗ੍ਰਹਿ-ਨਾਵਲ ਅਤੇ 3000 ਦੇ ਲਗਭਗ ਗੀਤਾਂ ਦੀ ਸਿਰਜਣਾ ਕੀਤੀ। ਬੰਗਾਲੀ ਸਾਹਿਤ ਵਿਚ ਉਨ੍ਹਾਂ ਨੇ ਹਰ ਵਿਸ਼ੇ 'ਤੇ ਕਲਮ ਚਲਾਈ। ਉਨ੍ਹਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਸੰਸਾਰ ਦੀਆਂ ਅਨੇਕਾਂ ਭਾਸ਼ਾਵਾਂ 'ਚ ਅਨੁਵਾਦ ਵੀ ਕੀਤੀਆਂ ਜਾ ਚੁੱਕੀਆਂ ਹਨ।
ਡਾ. ਰਵਿੰਦਰ ਨਾਥ ਟੈਗੋਰ ਨੇ ਬੇਸ਼ੁਮਾਰ ਚਿੱਤਰ ਬਣਾਏ ਤੇ ਉੱਚ ਸਥਾਨ ਪ੍ਰਾਪਤ ਕੀਤਾ। ਸੰਗੀਤ ਦੇ ਖੇਤਰ ਵਿਚ ਬਣਾਈਆਂ ਉਨ੍ਹਾਂ ਦੀਆਂ ਧੁਨਾਂ 'ਰਵੀਦ੍ਰ ਸੰਗੀਤ' ਵਜੋਂ ਪ੍ਰਸਿੱਧ ਹਨ। ਉਨ੍ਹਾਂ ਦਾ ਵਿਚਾਰ ਸੀ ਕਿ ਮਾਂ ਬੋਲੀ ਵਿਚ ਦਿੱਤੀ ਸਿੱਖਿਆ ਪ੍ਰਭਾਵਸ਼ਾਲੀ ਹੁੰਦੀ ਹੈ। ਉਨ੍ਹਾਂ ਨੇ ਪ੍ਰਸਿੱਧ ਨਾਟਕਕਾਰ ਬਲਵੰਤ ਗਾਰਗੀ, ਫਿਲਮ ਅਦਾਕਾਰ ਬਲਰਾਜ ਸਾਹਨੀ ਤੇ ਦਵਿੰਦਰ ਸਤਿਆਰਥੀ ਨੂੰ ਆਪਣੀ ਮਾਂ ਬੋਲੀ ਵਿਚ ਰਚਨਾਵਾਂ ਲਿਖਣ ਲਈ ਪ੍ਰੇਰਿਤ ਕੀਤਾ ਸੀ। 1901 'ਚ ਉਨ੍ਹਾਂ ਨੇ ਸ਼ਾਂਤੀ ਨਿਕੇਤਨ ਨਾਂਅ ਦੇ ਸਕੂਲ ਦੀ ਸਥਾਪਨਾ ਕੀਤੀ ਤੇ 1921 'ਚ ਇਸ ਨੂੰ ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਰੂਪ 'ਚ ਸਥਾਪਤ ਕਰ ਦਿੱਤਾ ਗਿਆ। 1961 'ਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਸ਼ਾਂਤੀ ਨਿਕੇਤਨ ਵਿਖੇ 'ਰਵਿੰਦਰ ਮਿਊਜ਼ਿਅਮ' ਦਾ ਉਦਘਾਟਨ ਕੀਤਾ। ਇਸ ਵਿਚ ਟੈਗੋਰ ਸਾਹਿਬ ਦੇ ਹੱਥ ਲਿਖਤ ਖਰੜੇ, ਚਿੱਠੀਆਂ, ਚਿੱਤਰ, ਉਨ੍ਹਾਂ ਨੂੰ ਮਿਲੇ ਸਨਮਾਨ ਸ਼ਾਮਿਲ ਹਨ, ਜੋ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਉਹ ਮਹਾਤਮਾ ਗਾਂਧੀ ਨੂੰ 'ਮਹਾਤਮਾ' ਆਖਦੇ ਹੁੰਦੇ ਸਨ ਤੇ ਗਾਂਧੀ ਜੀ ਟੈਗੋਰ ਨੂੰ 'ਗੁਰੂਦੇਵ' ਆਖਦੇ ਸਨ। ਉਨ੍ਹਾਂ ਵਿਚ ਵਿਚਾਰਕ ਮਤਭੇਦ ਵੀ ਸੀ, ਪਰ ਟੈਗੋਰ ਸਾਹਿਬ ਨੇ ਸਰਗਰਮ ਰਾਜਨੀਤੀ ਵਿਚ ਹਿੱਸਾ ਨਹੀਂ ਲਿਆ। ਉਹ ਆਪਣੇ ਆਖਰੀ ਚਾਰ ਸਾਲ ਕਾਫ਼ੀ ਬਿਮਾਰ ਰਹੇ ਅਤੇ 1937 'ਚ ਯਾਦਦਾਸ਼ਤ ਵੀ ਚਲੀ ਗਈ ਸੀ। ਉਹ 7 ਅਗਸਤ 1941 'ਚ 80 ਸਾਲ ਦੀ ਉਮਰ ਵਿਚ ਸਵਰਗ ਸਿਧਾਰ ਗਏ। ਉਨ੍ਹਾਂ ਦਾ ਨਾਂਅ ਸਿੱਖਿਆ ਖੇਤਰ 'ਚ, ਸੰਗੀਤ ਅਤੇ ਸਾਹਿਤਕ ਖੇਤਰ 'ਚ ਸਦਾ ਅਮਰ ਰਹੇਗਾ। ਭਾਰਤ ਦਾ ਨਾਂਅ ਸੰਸਾਰ ਭਰ ਵਿਚ ਚਮਕਾਉਣ ਵਾਲੇ ਡਾ. ਰਵਿੰਦਰ ਨਾਥ ਟੈਗੋਰ 'ਤੇ ਭਾਰਤ ਵਾਸੀ ਸਦਾ ਮਾਣ ਕਰਦੇ ਰਹਿਣਗੇ।

-ਪਿੰਡ ਤੇ ਡਾਕ-ਰਾਮਪੁਰਾ, ਤਹਿਸੀਲ ਫੂਲ, ਜ਼ਿਲ੍ਹਾ ਬਠਿੰਡਾ।
ਪਿੰਡ ਕੋਡ : 151103
ਮੋਬਾਈਲ : 97792-97682
ਈਮੇਲ : dspreetimaan@gamil.com

Ad Position 22
No active advertisement
ਪਿਛਲੀ ਖ਼ਬਰ ਭਾਰਤ ਦੇ ਰਣਨੀਤਕ ਸੰਕਲਪ ਤੇ ਸਮਰੱਥਾ ਦਾ ਪ੍ਰਗਟਾਵਾ ਸੀ 'ਆਪ੍ਰੇਸ਼ਨ ਸੰਧੂਰ' ਅਗਲੀ ਖ਼ਬਰ ਵਿਰੋਧੀ ਧਿਰ ਆਪਣੀ ਰਾਜਨੀਤੀ ਬਾਰੇ ਮੁੜ ਤੋਂ ਵਿਚਾਰ ਕਰੇ
Ad Position 24