ਕੁਝ ਕਹਾਣੀਆਂ ਚਿਹਰਿਆਂ ਨਾਲ ਨਹੀਂ, ਆਵਾਜ਼ਾਂ ਨਾਲ ਲਿਖੀਆਂ ਜਾਂਦੀਆਂ ਨੇ× ਤੇ ਕੁਝ ਲੋਕ ਕੈਮਰੇ ਦੇ ਸਾਹਮਣੇ ਨਹੀਂ, ਸਗੋਂ ਮਾਈਕ ਦੇ ਪਿੱਛੇ ਖੜ੍ਹ ਕੇ ਵੀ ਦੁਨੀਆ ਜਿੱਤ ਲੈਂਦੇ ਨੇ। ਅਜਿਹੀ ਹੀ ਇੱਕ ਪ੍ਰੇਰਨਾਦਾਇਕ ਕਹਾਣੀ ਹੈ ਪੂਜਾ ਸੰਧੂ ਦੀ, ਜਿਸ ਨੇ ਆਪਣੀ ਆਵਾਜ਼ ਨੂੰ ਆਪਣੀ ਪਛਾਣ ਬਣਾਇਆ।
ਪੂਜਾ ਸੰਧੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਡਬਿੰਗ ਦੀ ਦੁਨੀਆ ਤੋਂ ਕੀਤੀ। ਇੱਕ ਐਸੀ ਦੁਨੀਆ, ਜਿੱਥੇ ਸ਼ੁਹਰਤ ਦੀ ਚਮਕ ਨਹੀਂ, ਸਿਰਫ਼ ਮਿਹਨਤ ਦੀ ਗੂੰਜ ਹੁੰਦੀ ਹੈ। ਉਸ ਨੇ ਕਈ ਫ਼ਿਲਮਾਂ ਵਿਚ ਕਿਰਦਾਰਾਂ ਨੂੰ ਆਪਣੀ ਆਵਾਜ਼ ਨਾਲ ਜ਼ਿੰਦਗੀ ਬਖ਼ਸ਼ੀ, ਕਈ ਟੀ.ਵੀ. ਸੀਰੀਅਲਾਂ ਵਿਚ ਭਾਵਨਾਵਾਂ ਨੂੰ ਆਪਣੀ ਟੋਨ ਨਾਲ ਜਗਾਇਆ। ਇਹ ਜਾਣਦੇ ਹੋਏ ਵੀ ਕਿ ਕਾਮਯਾਬੀ ਦਾ ਸਿਹਰਾ ਕਿਸੇ ਹੋਰ ਦੇ ਸਿਰ ਸਜੇਗਾ, ਪੂਜਾ ਸੰਧੂ ਕਦੇ ਰੁਕੀ ਨਹੀਂ। ਉਸ ਨੇ ਆਪਣੀ ਆਵਾਜ਼ ਨੂੰ ਆਪਣਾ ਹਥਿਆਰ ਬਣਾਇਆ। ਹਰ ਨਵੇਂ ਪ੍ਰਾਜੈਕਟ ਨਾਲ ਉਹ ਹੋਰ ਨਿੱਖਰਦੀ ਗਈ, ਹੋਰ ਮਜ਼ਬੂਤ ਬਣਦੀ ਗਈ। ਹਰ ਕਾਮਯਾਬੀ ਜੋ ਸਾਨੂੰ ਦਿਖਾਈ ਦਿੰਦੀ ਹੈ, ਉਸ ਦੇ ਪਿੱਛੇ ਕਈ ਅਣਜਾਣ ਚਿਹਰੇ ਹੁੰਦੇ ਨੇ। ਕੁਝ ਲੋਕ ਚਮਕਦੇ ਨੇ, ਤੇ ਕੁਝ ਚਮਕ ਬਣਾਉਂਦੇ ਨੇ। ਡਬਿੰਗ ਇੱਕ ਅਜਿਹਾ ਕਲਾ ਰੂਪ ਹੈ ਜਿੱਥੇ ਸਿਰਫ ਸ਼ਬਦ ਨਹੀਂ, ਸਗੋਂ ਜਜ਼ਬਾਤ ਵੀ ਬੋਲਦੇ ਨੇ। ਇੱਕ ਅਦਾਕਾਰ ਦੀ ਭਾਵਨਾ ਨੂੰ ਆਪਣੀ ਆਵਾਜ਼ ਰਾਹੀਂ ਦਰਸ਼ਕਾਂ ਤੱਕ ਪਹੁੰਚਾਉਣਾ ਆਸਾਨ ਨਹੀਂ ਹੁੰਦਾ। ਪਰ ਪੂਜਾ ਨੇ ਇਸ ਕਲਾ ਨੂੰ ਏਨਾ ਖੂਬਸੂਰਤੀ ਨਾਲ ਨਿਭਾਇਆ ਕਿ ਉਸ ਦੀ ਆਵਾਜ਼ ਕਈ ਕਹਾਣੀਆਂ ਦਾ ਹਿੱਸਾ ਬਣ ਗਈ। ਇੱਕ ਅਜਿਹਾ ਨਾਂਅ ਜੋ ਹਰ ਰੋਜ਼ ਲੱਖਾਂ ਲੋਕਾਂ ਦੀ ਜ਼ਿੰਦਗੀ ਨਾਲ ਜੁੜਦਾ ਹੈ। ਜਦੋਂ ਉਹ ਗੂਗਲ ਮੈਪਸ ਦੇ ਪੰਜਾਬੀ ਵਾਇਸ ਓਵਰ ਲਈ ਚੁਣੀ ਗਈ, ਤਾਂ ਇਹ ਸਿਰਫ ਇੱਕ ਨੌਕਰੀ ਨਹੀਂ ਸੀ, ਇਹ ਇੱਕ ਮਾਣ ਸੀ, ਇੱਕ ਪਛਾਣ ਸੀ। ਹੁਣ ਉਸ ਦੀ ਆਵਾਜ਼ ਰਾਹ ਦਿਖਾਉਂਦੀ ਹੈ, ਮੰਜ਼ਿਲਾਂ ਤੱਕ ਲੈ ਜਾਂਦੀ ਹੈ।
'300 ਮੀਟਰ ਬਾਅਦ ਖੱਬੇ ਮੁੜੋ', ਇਹ ਸਿਰਫ ਇਕ ਹੁਕਮ ਨਹੀਂ, ਸਗੋਂ ਇੱਕ ਆਵਾਜ਼ ਦੀ ਤਾਕਤ ਹੈ, ਜੋ ਹਰ ਰੋਜ਼ ਹਜ਼ਾਰਾਂ ਲੋਕਾਂ ਨੂੰ ਸਹੀ ਰਸਤਾ ਦਿਖਾਉਂਦੀ ਹੈ। ਆਵਾਜ਼ ਸਿਰਫ ਬੋਲਣ ਦੀ ਨਹੀਂ, ਮਹਿਸੂਸ ਕਰਨ ਦੀ ਵੀ ਕਲਾ ਹੈ। ਜੇ ਤੁਸੀਂ ਇਸ ਨੂੰ ਸਹੀ ਤਰੀਕੇ ਨਾਲ ਵਰਤਣਾ ਸਿੱਖ ਲਓ, ਤਾਂ ਇਹ ਤੁਹਾਡੀ ਸਭ ਤੋਂ ਵੱਡੀ ਤਾਕਤ ਬਣ ਸਕਦੀ ਹੈ। ਪੂਜਾ ਸੰਧੂ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਕਾਮਯਾਬੀ ਲਈ ਸਿਰਫ ਚਿਹਰਾ ਨਹੀਂ, ਸੁਰ ਵੀ ਕਾਫੀ ਹੁੰਦੇ ਨੇ। ਜੇ ਤੁਹਾਡੇ ਕੋਲ ਇੱਕ ਖਾਸ ਆਵਾਜ਼ ਹੈ, ਤਾਂ ਤੁਸੀਂ ਆਪਣੀ ਵੱਖਰੀ ਪਛਾਣ ਬਣਾ ਸਕਦੇ ਹੋ। ਅੱਜ ਦੇ ਸਮੇਂ ਵਿਚ ਜਿੱਥੇ ਵੀਡੀਓਜ਼ ਅਤੇ ਚਿਹਰੇ ਜ਼ਿਆਦਾ ਮਹੱਤਵ ਰੱਖਦੇ ਨੇ, ਉੱਥੇ ਪੂਜਾ ਵਰਗੇ ਲੋਕ ਸਾਬਤ ਕਰਦੇ ਨੇ ਕਿ ਆਵਾਜ਼ ਵੀ ਇੱਕ ਅਜਿਹਾ ਜਾਦੂ ਹੈ, ਜੋ ਦਿਲਾਂ ਤੱਕ ਪਹੁੰਚਦਾ ਹੈ ਤੇ ਅਸਰ ਦਿਖਾਉਂਦਾ ਹੈ। ਕਈ ਵਾਰ ਉਸ ਨੇ ਅਦਾਕਾਰੀ ਵੀ ਕੀਤੀ ਅਤੇ ਆਪਣੇ ਹੁਨਰ ਨਾਲ ਪਰਦੇ 'ਤੇ ਵੀ ਆਪਣੀ ਮੌਜੂਦਗੀ ਦਰਜ ਕਰਵਾਈ। ਉਸ ਨੇ ਫ਼ਿਲਮਾਂ ਜਿਵੇਂ 'ਸਰਦਾਰ ਜੀ-3', 'ਗੱਡੀ ਜਾਂਦੀ ਹੈ ਛਲਾਂਗਾਂ ਮਾਰਦੀ' ਅਤੇ 'ਯਾਰ ਮੇਰਾ ਤਿਤਲੀਆਂ ਵਰਗਾ' ਵਿਚ ਅਦਾਕਾਰੀ ਕਰਕੇ ਆਪਣੇ ਹੁਨਰ ਦਾ ਹੋਰ ਪੱਖ ਵੀ ਵਿਖਾਇਆ। ਇਸ ਤੋਂ ਇਲਾਵਾ, ਟੈਲੀਵਿਜ਼ਨ ਸੀਰੀਜ਼ ਦੀ ਦੁਨੀਆ ਵਿਚ ਵੀ ਉਸ ਨੇ ਆਪਣਾ ਅਸਰ ਛੱਡਿਆ। 'ਉਡਾਰੀਆਂ', 'ਇੱਕ ਦੂਣੀ ਦੋ ਦੂਣੀ ਚਾਰ' ਅਤੇ 'ਛੋਟੀ ਜੇਠਾਣੀ' ਵਰਗੀਆਂ ਸੀਰੀਜ਼ ਵਿਚ ਉਸ ਦੀ ਭੂਮਿਕਾ ਦਰਸ਼ਕਾਂ ਵੱਲੋਂ ਪਸੰਦ ਕੀਤੀ ਗਈ। ਡਬਿੰਗ ਆਰਟਿਸਟ ਵਜੋਂ ਵੀ ਉਸ ਨੇ ਕਈ ਫ਼ਿਲਮਾਂ ਵਿਚ ਆਪਣੀ ਆਵਾਜ਼ ਦਿੱਤੀ, ਜਿਨ੍ਹਾਂ ਵਿਚ 'ਮਿਸਟਰ ਐਂਡ ਮਿਸਿਸ 420', 'ਖ਼ੁਸ਼ਖ਼ਬਰੀ', 'ਜ਼ਮੀਰ', 'ਸ਼ਾਵਾ ਨੀ ਗਿਰਧਾਰੀ ਲਾਲ', 'ਮੌੜ' ਅਤੇ 'ਫੁਫੜ ਜੀ' ਸ਼ਾਮਿਲ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਈ ਲਘੂ ਫ਼ਿਲਮਾਂ ਵਿਚ ਵੀ ਕੰਮ ਕੀਤਾ।
-ਮੋਬਾਈਲ : 98886-79062