ਅੱਜ ਦੇ ਯੁੱਗ ਵਿਚ ਜਿੱਥੇ ਦਿਖਾਵਾ, ਫੈਸ਼ਨ ਅਤੇ ਬਾਹਰੀ ਚਮਕ-ਧਮਕ ਨੂੰ ਬਹੁਤ ਵੱਧ ਮਹੱਤਵ ਦਿੱਤਾ ਜਾ ਰਿਹਾ ਹੈ, ਉੱਥੇ ਸਾਦਗੀ ਦੀ ਅਸਲ ਕਦਰ ਕਿਤੇ ਨਾ ਕਿਤੇ ਘੱਟ ਹੋ ਰਹੀ ਹੈ। ਸੋਸ਼ਲ ਮੀਡੀਆ ਦੇ ਪ੍ਰਭਾਵ ਕਾਰਨ ਅਕਸਰ ਇਹ ਸੋਚ ਬਣ ਗਈ ਹੈ ਕਿ ਖੂਬਸੂਰਤੀ ਦਾ ਮਤਲਬ ਮਹਿੰਗੇ ਕੱਪੜੇ, ਮੇਕਅੱਪ ਅਤੇ ਬਨਾਉਟੀ ਸਜਾਵਟ ਹੈ ਪਰ ਅਸਲ ਸੱਚਾਈ ਇਹ ਹੈ ਕਿ ਕੁੜੀਆਂ ਦੀ ਸਾਦਗੀ ਹੀ ਉਨ੍ਹਾਂ ਦੀ ਅਸਲ ਪਹਿਚਾਣ ਹੁੰਦੀ ਹੈ ਜੋ ਕਿਸੇ ਵੀ ਬਨਾਵਟ ਦੀ ਮੁਥਾਜ ਨਹੀਂ ਹੁੰਦੀ।
ਅੱਜ ਦੇ ਸਮੇਂ ਵਿਚ ਬਹੁਤ ਸਾਰੀਆਂ ਕੁੜੀਆਂ ਬਾਹਰੀ ਦਿਖਾਵੇ ਦੀ ਦੌੜ ਵਿਚ ਆਪਣੀ ਅਸਲੀਅਤ ਨੂੰ ਭੁੱਲ ਰਹੀਆਂ ਹਨ। ਉਹ ਸੋਚਦੀਆਂ ਹਨ ਕਿ ਜੇ ਉਹ ਮੇਕਅੱਪ ਨਾ ਕਰਨ ਜਾਂ ਬ੍ਰਾਂਡਿਡ ਚੀਜ਼ਾਂ ਨਾ ਵਰਤਣ ਤਾਂ ਉਹ ਖੂਬਸੂਰਤ ਨਹੀਂ ਲੱਗਣਗੀਆਂ। ਦਰਅਸਲ ਅਜਿਹੀ ਸੋਚ ਜਾਂ ਵਿਹਾਰ ਸਿਰਫ਼ ਇਕ ਭਰਮ ਹੈ। ਅਸਲ ਖੂਬਸੂਰਤੀ ਉਹ ਹੁੰਦੀ ਹੈ ਜੋ ਅੰਦਰੋਂ ਨਿਕਲਦੀ ਹੈ। ਇਹ ਅਤਿਕਥਨੀ ਨਹੀਂ ਹੈ ਕਿ ਚੰਗੀ ਸੋਚ, ਸੱਚਾਈ, ਨਿਮਰਤਾ, ਹੁਨਰ ਅਤੇ ਆਤਮ-ਵਿਸ਼ਵਾਸ ਹੀ ਇਕ ਕੁੜੀ ਨੂੰ ਸੱਚਮੁਚ ਖੂਬਸੂਰਤ ਬਣਾਉਂਦੇ ਹਨ।
ਸਾਦਗੀ ਇਕ ਅਜਿਹਾ ਗੁਣ ਹੈ, ਜੋ ਕਿਸੇ ਵੀ ਵਿਅਕਤੀ ਨੂੰ ਬਿਨਾਂ ਕਿਸੇ ਜ਼ੋਰ ਦੇ ਲੋਕਾਂ ਦੇ ਦਿਲਾਂ ਵਿਚ ਜਗ੍ਹਾ ਦਿਵਾ ਦਿੰਦਾ ਹੈ। ਜਦੋਂ ਇਕ ਕੁੜੀ ਆਪਣੇ ਅਸਲੀ ਰੂਪ ਵਿਚ ਰਹਿੰਦੀ ਹੈ ਤਾਂ ਉਸ ਦੇ ਚਿਹਰੇ 'ਤੇ ਇਕ ਕੁਦਰਤੀ ਚਮਕ ਹੁੰਦੀ ਹੈ, ਜੋ ਕਿਸੇ ਵੀ ਮੇਕਅੱਪ ਨਾਲ ਨਹੀਂ ਮਿਲ ਸਕਦੀ। ਇਹ ਚਮਕ ਉਸ ਦੇ ਅੰਦਰਲੇ ਆਤਮ-ਵਿਸ਼ਵਾਸ ਅਤੇ ਸੰਤੁਸ਼ਟੀ ਦੀ ਨਿਸ਼ਾਨੀ ਹੁੰਦੀ ਹੈ ਅਤੇ ਉਸ ਦੀ ਖੂਬਸੂਰਤੀ ਨੂੰ ਹੋਰ ਵਧਾਉਂਦੀ ਹੈ।
ਸਾਦਗੀ ਵਾਲੀ ਮੁਟਿਆਰ ਹਮੇਸ਼ਾ ਆਪਣੀਆਂ ਖ਼ਾਨਦਾਨੀ ਕਦਰਾਂ-ਕੀਮਤਾਂ ਅਤੇ ਸੰਸਕਾਰਾਂ ਨੂੰ ਮਹੱਤਵ ਦਿੰਦੀ ਹੈ। ਉਹ ਦੂਜਿਆਂ ਦੀ ਇਜ਼ਤ ਕਰਦੀ ਹੈ ਅਤੇ ਆਪਣੇ ਜੀਵਨ ਵਿਚ ਸਹੀ ਫ਼ੈਸਲੇ ਲੈਂਦੀ ਹੈ। ਉਸ ਦਾ ਵਿਹਾਰ, ਉਸ ਦੀ ਬੋਲਚਾਲ ਅਤੇ ਉਸ ਦੀ ਸੋਚ ਹੀ ਉਸ ਦੀ ਅਸਲ ਖੂਬਸੂਰਤੀ ਨੂੰ ਦਰਸਾਉਂਦੇ ਹਨ। ਇਸ ਤਰ੍ਹਾਂ ਦੀ ਸਾਦਗੀ ਉਸ ਨੂੰ ਸਮਾਜ ਵਿਚ ਇਕ ਵੱਖਰੀ ਪਹਿਚਾਣ ਦਿੰਦੀ ਹੈ। ਅੰਤ ਵਿਚ ਇਹ ਕਹਿਣਾ ਬਿਲਕੁਲ ਠੀਕ ਹੈ ਕਿ ਕੁੜੀਆਂ ਦੀ ਸਾਦਗੀ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ। ਇਹ ਉਨ੍ਹਾਂ ਨੂੰ ਭੀੜ ਤੋਂ ਵੱਖਰਾ ਬਣਾਉਂਦੀ ਹੈ ਅਤੇ ਉਨ੍ਹਾਂ ਦੀ ਅਸਲ ਖੂਬਸੂਰਤੀ ਨੂੰ ਨਿਖਾਰਦੀ ਹੈ। ਇਸ ਲਈ ਹਰ ਕੁੜੀ ਨੂੰ ਚਾਹੀਦਾ ਹੈ ਕਿ ਉਹ ਆਪਣੀ ਸਾਦਗੀ ਨੂੰ ਆਪਣੀ ਪਹਿਚਾਣ ਬਣਾਏ ਅਤੇ ਕਦੇ ਵੀ ਬਨਾਉਟੀ ਚੀਜ਼ਾਂ ਦੀ ਮੁਥਾਜ ਨਾ ਬਣੇ।
-ਮੋ : 82649-29755