12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਲਗਨ, ਮਿਹਨਤ ਨਾਲ ਪੁੱਜ ਸਕਦੇ ਹਾਂ ਮਨਚਾਹੇ ਟੀਚੇ 'ਤੇ

Ad Position 21
No active advertisement
ਅਜੀਤ ਡੈਸਕ 14-05-2026

ਅੱਜ ਵਿਗਿਆਨ ਦਾ ਯੁੱਗ ਹੈ। ਚੰਨ ਤੱਕ ਮਨੁੱਖ ਦੀ ਹਾਜ਼ਰੀ ਲੱਗ ਚੁੱਕੀ ਹੈ। ਮਿੰਟਾਂ-ਸਕਿੰਟਾਂ ਵਿਚ ਦੁਨੀਆ ਬਦਲ ਰਹੀ ਹੈ। ਸੰਚਾਰ ਦੇ ਬਹੁਤ ਜਿਆਦਾ ਸਾਧਨ ਹੋ ਚੁੱਕੇ ਹਨ। ਲਗਾਤਾਰ ਨਵੀਆਂ-ਨਵੀਆਂ ਖੋਜਾਂ ਹੋ ਰਹੀਆਂ ਹਨ। ਜੇ ਅਸੀਂ 30 ਕੁ ਸਾਲ ਪਹਿਲੇ ਪਿੱਛੇ ਝਾਤੀ ਮਾਰ ਕੇ ਦੇਖੀਏ ਤਾਂ ਕਿੰਨਾ ਫ਼ਰਕ ਲੱਗਦਾ ਹੋਣਾ। ਹਰ ਇਨਸਾਨ ਨੂੰ ਜ਼ਿੰਦਗੀ ਵਿਚ ਸਫ਼ਲ ਹੋਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਹ ਹੁਣ ਟੀਚੇ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ ਮਿਹਨਤ ਕਰਦੇ ਹੋ। ਕੋਈ ਵੀ ਟੀਚੇ 'ਤੇ ਪਹੁੰਚਣ ਲਈ ਲਗਾਤਾਰ ਮਿਹਨਤ ਜਾਰੀ ਰੱਖਣੀ ਪੈਂਦੀ ਹੈ। ਜੇ ਮਨਚਾਹੇ ਟੀਚਾ ਹਰ ਵਾਰ ਹਾਸਲ ਨਹੀਂ ਹੁੰਦਾ, ਵਾਰ-ਵਾਰ ਉਸ ਵਿਚ ਅਸਫ਼ਲ ਹੋ ਰਹੇ ਹੋ ਤਾਂ ਗਲਤੀਆਂ ਨੂੰ ਲੱਭਣਾ ਚਾਹੀਦਾ ਹੈ। ਇਨਸਾਨ ਦੀ ਜ਼ਿੰਦਗੀ ਦਾ ਸਫ਼ਰ ਚੁਣੌਤੀਆਂ ਭਰਪੂਰ ਰਿਹਾ ਹੁੰਦਾ ਹੈ। ਸਫ਼ਲਤਾ ਇਕ ਦਿਨ ਵਿਚ ਨਹੀਂ ਮਿਲ ਜਾਂਦੀ। ਉਸ ਲਈ ਦਿਨ-ਰਾਤ ਇਕ ਕਰਨਾ ਪੈਂਦਾ ਹੈ। ਮਿਹਨਤ ਕਰਨੀ ਪੈਂਦੀ ਹੈ। ਹਾਲ ਹੀ ਵਿਚ ਕਿੱਥੇ ਖ਼ਬਰ ਪੜ੍ਹਨ ਨੂੰ ਮਿਲੀ ਕਿ ਹਰਿਆਣਾ ਦੀ ਪਰਿਵਾਰ ਦੀ ਧੀ ਝਾਰਖੰਡ ਵਿਚ ਜੱਜ ਬਣੀ ਹੈ। ਧੀ ਦੇ ਸਿਰ 'ਤੇ ਪਿਤਾ ਦਾ ਸਾਇਆ ਨਹੀਂ। ਝੁੱਗੀ ਝੌਂਪੜੀਆਂ ਵਿਚ ਰਹਿ ਕੇ ਸਮਾਂ ਗੁਜਾਰਿਆ। ਪ੍ਰਸ਼ਾਸਨ ਵਲੋਂ ਵਾਰ-ਵਾਰ ਉਸ ਦਾ ਘਰ ਢਾਹਿਆ ਗਿਆ। ਸੰਘ ਲੋਕ ਸੇਵਾ ਪ੍ਰੀਖਿਆ ਵਿਚ ਬਹੁਤ ਵਾਰ ਅਸਫ਼ਲ ਰਹੀ। ਪਰ ਫਿਰ ਵੀ ਹੌਂਸਲਾ ਨਹੀਂ ਛੱਡਿਆ। ਸੜਕ ਦੇ ਕੰਢੇ ਝੁੱਗੀ ਵਿਚ ਜ਼ਿੰਦਗੀ ਬਸਰ ਕਰਨ ਲੱਗੀ। ਦਿੱਲੀ ਤੋਂ ਲਾਅ ਦੀ ਡਿਗਰੀ ਕੀਤੀ। ਜੁਡੀਸ਼ਰੀ ਪ੍ਰੀਖਿਆ ਕਈ ਸੂਬਿਆਂ ਦੀ ਦਿੱਤੀ, ਪਰ ਅਸਫ਼ਲ ਰਹੀ। ਇਕ ਦਿਨ ਅਚਾਨਕ ਸੜਕ ਦੇ ਕੰਢੇ ਬਣਾਈ ਝੁੱਗੀ ਵਿਚ ਅੱਗ ਲੱਗੀ। ਮਹੀਨੇ ਬਾਅਦ ਝਾਰਖੰਡ ਨਿਆਇਕ ਪ੍ਰੀਖਿਆ ਸੀ। ਸੜਕ ਦੇ ਕੰਢੇ ਰਾਤ ਨੂੰ ਲਾਈਟਾਂ ਦੇ ਥੱਲੇ ਫੁੱਟਪਾਥ 'ਤੇ ਬੈਠ ਕੇ ਪ੍ਰੀਖਿਆ ਦੀ ਤਿਆਰੀ ਕੀਤੀ। ਲਿਖਣ ਵਾਲੇ ਨੇ ਤਾਂ ਲਿਖਿਆ ਸੀ ਕਿ 16 ਵਾਰ ਘਰ ਉਜੜਿਆ, ਪਰ ਹਿੰਮਤ ਨਾ ਛੱਡੀ। ਆਖ਼ਿਰ ਇਹ ਕੁੜੀ ਮੁਸੀਬਤਾਂ ਦਾ ਸਾਹਮਣਾ ਕਰਦੇ-ਕਰਦੇ ਜੱਜ ਬਣ ਗਈ। ਸਿਰ 'ਤੇ ਪਿਤਾ ਦਾ ਹੱਥ ਨਾ ਹੋਣ ਕਰਕੇ ਮਾਂ ਨੇ ਬਹੁਤ ਮਿਹਨਤ ਕਰਕੇ ਪੰਜੇ ਭੈਣ ਭਰਾਵਾਂ ਨੂੰ ਲਾਇਕ ਬਣਾਇਆ। ਕਦੇ ਵੀ ਹੌਂਸਲਾ ਨਾ ਛੱਡੋ । ਸਕਾਰਾਤਮਕ ਸੋਚ ਨਾਲ ਅੱਗੇ ਵਧਦੇ ਰਹੋ। ਚੰਗੇ ਦੋਸਤਾਂ ਨਾਲ ਦੋਸਤੀ ਕਰੋ। ਜੋ ਤੁਹਾਨੂੰ ਨਕਾਰਾਤਮਕ ਵਿਚਾਰਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ। ਚੰਗੇ ਲੋਕਾਂ ਦੀ ਜੀਵਨੀ ਪੜ੍ਹੋ। ਸਾਡੇ ਸਾਹਮਣੇ ਹੋਰ ਵੀ ਕਈ ਅਜਿਹੀਆਂ ਮਿਸਾਲਾਂ ਹਨ, ਜੋ ਸਾਨੂੰ ਟੀਚੇ ਵੱਲ ਵਧਣ ਲਈ ਹਮੇਸ਼ਾ ਹੀ ਪ੍ਰੇਰਿਤ ਕਰਦੀਆਂ ਹਨ। ਇਬਰਾਹੀਮ ਲਿੰਕਨ ਦਾ ਜਨਮ ਕਿੰਨੀ ਗਰੀਬੀ ਵਿਚ ਹੋਇਆ ਸੀ। ਦੇਖੋ ਅਮਰੀਕਾ ਦਾ ਤਾਜ ਉਸ ਦੇ ਸਿਰ 'ਤੇ ਸਜਿਆ, ਸਭ ਨੂੰ ਹੀ ਪਤਾ ਹੈ। ਮਿਹਨਤ ਕੀਤੀ, ਹੌਸਲੇ ਨੂੰ ਢਹਿ ਢੇਰੀ ਨਹੀਂ ਹੋਣ ਦਿੱਤਾ। ਹੋਰ ਵੀ ਕਈ ਅਜਿਹੀਆਂ ਉਦਾਹਰਨਾਂ ਹਨ। ਹਾਲੀ ਹੀ ਵਿਚ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਪਾਸ ਕਰਨ ਵਾਲੇ ਕਈ ਵਿਕਲਾਂਗ ਉਮੀਦਵਾਰਾਂ ਨੇ ਆਪਣੀ ਹੱਡਬੀਤੀ ਦੱਸੀ। ਕਿ ਉਨ੍ਹਾਂ ਨੇ ਆਪਣੀ ਮਿਹਨਤ ਜਾਰੀ ਰੱਖੀ, ਮੁਸੀਬਤਾਂ ਦਾ ਡਟ ਕੇ ਸਾਹਮਣਾ ਕੀਤਾ। ਅਜਿਹੇ ਲੋਕਾਂ ਦੀਆਂ ਮਿਸਾਲਾਂ ਸਾਨੂੰ ਅੱਗੇ ਵੱਧਣ ਲਈ ਹਮੇਸ਼ਾ ਹੀ ਪ੍ਰੇਰਿਤ ਕਰਦੀਆਂ ਹਨ। ਖੁਸ਼ ਰਹੋ। ਕਦੇ ਵੀ ਆਪਣੇ ਨੇੜੇ ਆਲਸ ਨੂੰ ਨਾ ਆਉਣ ਦਿਓ। ਜੋ ਵੀ ਕੋਈ ਕੰਮ ਕਰਨਾ ਹੈ ਉਸਨੂੰ ਅੱਜ ਹੀ ਕਰੋ। ਬਹਾਨੇ ਨਾ ਲਗਾਓ। ਹਮੇਸ਼ਾ ਕੁਝ ਨਾ ਕੁਝ ਨਵਾਂ ਸਿਰਜਣ ਦੀ ਪ੍ਰਕਿਰਿਆ ਜਾਰੀ ਰੱਖੋ, ਤਾਂ ਜੋ ਅਸੀਂ ਹੋਰਾਂ ਲਈ ਚੰਗੀ ਮਿਸਾਲ ਬਣ ਸਕੀਏ। ਕਦੇ ਵੀ ਇਹ ਨਾ ਸੋਚੋ ਕਿ ਮੈਂ ਇਸ ਮੰਜ਼ਿਲ ਵਿਚ ਸਫ਼ਲ ਨਹੀਂ ਹੋ ਪਾਵਾਂਗਾ। ਆਪਣੇ ਅੰਦਰ ਝਾਤੀ ਮਾਰੋ। ਵਿਚਾਰੋ ਕਿ ਜੇ ਉਹ ਇਨਸਾਨ ਸਫ਼ਲ ਹੋ ਸਕਦਾ, ਮੈਂ ਕਿਉ ਨਹੀਂ? ਹਮੇਸ਼ਾ ਚੰਗੇ ਵਿਚਾਰਾਂ ਦੇ ਧਾਰਨੀ ਬਣੋ। ਆਪਣੇ ਅੰਦਰ ਕੁਝ ਨਵਾਂ ਕਰਨ ਦਾ ਜਨੂੰਨ ਪੈਦਾ ਕਰੋ। ਚੰਗੀ ਸੋਚ, ਚੰਗੇ ਵਿਚਾਰਾਂ ਤੇ ਨਿਰੰਤਰ ਮਿਹਨਤ ਨਾਲ ਹਰ ਮੁਸ਼ਕਿਲ ਦਾ ਸਾਹਮਣਾ ਕਰ ਸਕਦੇ ਹਾਂ।

-ਮੋਹਾਲੀ। ਮੋਬਾਈਲ : 78889-66168

Ad Position 22
No active advertisement
ਪਿਛਲੀ ਖ਼ਬਰ ਧੁੱਪ 'ਚ ਪੈਰਾਂ 'ਤੇ ਆ ਗਏ ਚੱਪਲ ਦੇ ਨਿਸ਼ਾਨ ਤਾਂ... ਅਗਲੀ ਖ਼ਬਰ ਸਾਦਗੀ ਹੈ ਮੁਟਿਆਰਾਂ ਦੀ ਅਸਲ ਪਹਿਚਾਣ
Ad Position 24