ਗਰਮੀਆਂ ਵਿਚ ਪਾਉਣ ਵਾਲੇ ਕੱਪੜਿਆਂ ਦੇ ਰੰਗਾਂ ਦੀ ਸਹੀ ਚੋਣ ਕਰਨੀ ਬਹੁਤ ਜ਼ਰੂਰੀ ਹੈ। ਸਰਦੀਆਂ ਵਿਚ ਸਾਨੂੰ ਗੂੜ੍ਹੇ ਅਤੇ ਚਮਕਵੇਂ ਰੰਗ ਜ਼ਿਆਦਾ ਪਸੰਦ ਹੁੰਦੇ ਹਨ, ਪਰ ਗਰਮੀਆਂ ਵਿਚ ਸਾਨੂੰ ਹਲਕੇ ਤੇ ਮਿੱਠੇ ਰੰਗ ਵਧੇਰੇ ਪਸੰਦ ਆਉਂਦੇ ਹਨ। ਹਲਕੇ ਰੰਗਾਂ ਦੇ ਕੱਪੜਿਆਂ ਵਿਚ ਗਰਮੀ ਦਾ ਸੇਕ ਵੀ ਘੱਟ ਮਹਿਸੂਸ ਹੁੰਦਾ ਹੈ। ਸਰਦੀਆਂ ਵਿਚ ਅਸੀਂ ਕੜਾਕੇ ਦੀ ਠੰਢ ਤੋਂ ਬਚਾਓ ਲਈ ਅਕਸਰ ਹੀ ਟਾਈਟ ਕੱਪੜੇ ਪਾਉਣ ਨੂੰ ਤਰਜੀਹ ਦਿੰਦੇ ਹਾਂ, ਪਰ ਗਰਮੀਆਂ ਵਿਚ ਇਸ ਦੇ ਬਿਲਕੁਲ ਉਲਟ ਹੁੰਦਾ ਹੈ। ਗਰਮੀਆਂ ਵਿਚ ਗਰਮੀ ਤੋਂ ਬਚਾਓ ਲਈ ਖੁੱਲ੍ਹੇ-ਡੁੱਲ੍ਹੇ ਕੱਪੜੇ ਪਾਉਣ ਨਾਲ ਆਰਾਮ ਮਿਲਦਾ ਹੈ। ਅੱਜ ਕੱਲ੍ਹ ਵੱਡੀ ਗਿਣਤੀ ਲੜਕੀਆਂ ਜੀਨ ਨਾਲ ਟੀ-ਸ਼ਰਟ ਹੀ ਪਾਉਂਦੀਆਂ ਹਨ, ਜੇ ਹੋ ਸਕੇ ਤਾਂ ਜੀਨ ਦੀ ਥਾਂ ਸੂਟ ਜਾਂ ਸਕਰਟ ਪਾਓ ਜਾਂ ਫਿਰ ਕੈਪਰੀ ਵੀ ਪਾਈ ਜਾ ਸਕਦੀ ਹੈ। ਗਰਮੀਆਂ ਵਿਚ ਵਧੇਰੇ ਕੱਪੜੇ ਕਾਟਨ, ਮੈਟੀ, ਲਿਨੇਨ ਟ੍ਰਾਊਜ਼ਰ ਦੇ ਵੀ ਪਾਏ ਜਾਂਦੇ ਹਨ, ਜੋ ਕਿ ਆਰਾਮਦਾਇਕ ਹੁੰਦੇ ਹਨ। ਇਸ ਦੌਰਾਨ ਫਿਊਜ਼ਨ ਡਰੈੱਸ ਵੀ ਪਾਈ ਜਾ ਸਕਦੀ ਹੈ। ਗਰਮੀਆਂ ਵਿਚ ਸ਼ਾਰਟ ਅਤੇ ਐਪਲ ਕੱਟ ਟਾਪ ਦੇ ਨਾਲ ਪਟਿਆਲਾ ਸ਼ਾਹੀ ਸਲਵਾਰ ਪਾਈ ਜਾ ਸਕਦੀ ਹੈ। ਸ਼ਾਰਟ ਕੁੜਤੇ ਨਾਲ ਪ੍ਰਿੰਟਿਡ ਪਟਿਆਲਾ ਸ਼ਾਹੀ ਸਲਵਾਰ ਅਤੇ ਦੁਪੱਟਾ ਲਿਆ ਜਾ ਸਕਦਾ ਹੈ। ਪਲੇਨ ਕੁੜਤੇ ਦੇ ਨਾਲ ਜਾਂ ਫਿਰ ਟਾਪ ਦੇ ਨਾਲ ਲੋਅਰ ਵੀ ਪਾਇਆ ਜਾ ਸਕਦਾ ਹੈ। ਪ੍ਰਿੰਟਿਡ ਕੁੜਤੇ ਦੇ ਨਾਲ ਅਤੇ ਪ੍ਰਿੰਟਿਡ ਟਾਪ ਦੇ ਨਾਲ ਪਟਿਆਲਾ ਸ਼ਾਹੀ ਸਲਵਾਰ ਬਹੁਤ ਜਚਦੀ ਹੈ। ਇਸ ਤੋਂ ਇਲਾਵਾ ਗਰਮੀਆਂ ਵਿਚ ਪਾਉਣ ਵਾਲੀਆਂ ਰੇਡੀਮੇਡ ਕੁੜਤੀਆਂ ਵੀ ਮਾਰਕੀਟ ਵਿਚ ਮਿਲ ਜਾਂਦੀਆਂ ਹਨ। ਕਈ ਮੁਟਿਆਰਾਂ ਗਰਮੀਆਂ ਵਿਚ ਤੰਗ ਕੁੜਤੀ ਤੇ ਖੁੱਲ੍ਹੀ ਪਟਿਆਲਾ ਸ਼ਾਹੀ ਸਲਵਾਰ ਪਾ ਕੇ ਬਹੁਤ ਫਬਦੀਆਂ ਹਨ। ਇਸ ਦੇ ਨਾਲ ਹੀ ਪ੍ਰਿੰਟਿਡ ਸਲਵਾਰ ਦੇ ਨਾਲ ਪਲੇਨ ਕੁੜਤੀ ਵੀ ਬਹੁਤ ਜਚਦੀ ਹੈ।
ਪ੍ਰਿੰਟਿਡ ਹੈਰਮ ਦੇ ਨਾਲ ਪਲੇਨ ਕੁੜਤਾ ਆਪਣੀ ਵੱਖਰੀ ਹੀ ਸ਼ਾਨ ਵਿਖਾਉਂਦਾ ਹੈ। ਇਸ ਤੋਂ ਇਲਾਵਾ ਪ੍ਰਿੰਟਿਡ ਕੁੜਤਾ ਤੇ ਕੁੜਤੀ ਵੀ ਪਾਏ ਜਾ ਸਕਦੇ ਹਨ। ਗਰਮੀਆਂ ਵਿਚ ਪਸੀਨਾ ਬਹੁਤ ਆਉਂਦਾ ਹੈ, ਇਸ ਲਈ ਆਪਣੇ ਅੰਦਰੂਨੀ ਕੱਪੜਿਆਂ ਦਾ ਵੀ ਧਿਆਨ ਰਖੋ ਗਰਮੀਆਂ ਦੀ ਰੁੱਤ ਵਿਚ ਪਾਏ ਜਾਣ ਵਾਲੇ ਕੱਪੜਿਆਂ ਦੀ ਕਿਸਮਾਂ ਵੀ ਕਾਫ਼ੀ ਮਹੱਤਵ ਰੱਖਦੀਆਂ ਹਨ। ਗਰਮੀਆਂ ਵਿਚ ਸੂਤੀ, ਲਿਨੇਨ ਅਤੇ ਖਾਦੀ ਦੇ ਕੱਪੜੇ ਵਧੇਰੇ ਪਾਏ ਜਾਣੇ ਚਾਹੀਦੇ ਹਨ। ਇਨ੍ਹਾਂ ਕੱਪੜਿਆਂ ਵਿਚ ਗਰਮੀ ਵੀ ਘੱਟ ਲੱਗਦੀ ਹੈ ਅਤੇ ਇਹ ਕੱਪੜੇ ਪਸੀਨਾ ਵੀ ਸੋਖ ਲੈਂਦੇ ਹਨ। ਗਰਮੀਆਂ ਦੀ ਰੁੱਤ ਵਿਚ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਤੁਸੀਂ ਗਰਮੀ ਤੋਂ ਰਾਹਤ ਮਹਿਸੂਸ ਕਰ ਸਕਦੇ ਹੋ ਅਤੇ ਦੂਜਿਆਂ ਵਿਚ ਆਪਣੀ ਵੱਖਰੀ ਹੀ ਸ਼ਾਨ ਬਣਾ ਸਕਦੇ ਹੋ।
ਕੁਝ ਪਹਿਰਾਵੇ ਸਦਾ ਬਹਾਰ ਵੀ ਹੁੰਦੇ ਹਨ। ਗੁੰਦਵੇਂ ਸਰੀਰ ਵਾਲੀਆਂ ਸੋਹਣੀਆਂ ਮੁਟਿਆਰਾਂ ਦੇ ਵੱਖੀਆਂ ਤੋਂ ਤੰਗ ਕੁੜਤੀ ਨਾਲ ਪਟਿਆਲਾ ਸ਼ਾਹੀ ਸਲਵਾਰ ਹਰ ਰੁੱਤ ਵਿਚ ਹੀ ਬਹੁਤ ਸੋਹਣੀ ਲੱਗਦੀ ਹੈ। ਤੁਹਾਡੇ ਪਾਏ ਹੋਏ ਪਹਿਰਾਵੇ ਨੂੰ ਵੇਖ ਕੇ ਵੇਖਣ ਵਾਲਿਆਂ ਨੂੰ ਚੱਲ ਰਹੀ ਅਤੇ ਆ ਰਹੀ ਰੁੱਤ ਦੇ ਰੰਗ ਦਾ ਝਲਕਾਰਾ ਪੈਣਾ ਚਾਹੀਦਾ ਹੈ। ਅਸਲ ਵਿਚ ਹਰ ਰੁੱਤ ਵਿਚ ਤੁਹਾਡਾ ਪਹਿਰਾਵਾ ਅਜਿਹਾ ਹੋਣਾ ਚਾਹੀਦਾ ਹੈ ਕਿ ਵੇਖਣ ਵਾਲੇ ਸੋਚੀਂ ਪੈ ਜਾਣ ਕਿ ਤੁਸੀਂ ਰੁੱਤਾਂ ਦੇ ਰੰਗਾਂ ਅਨੁਸਾਰ ਆਪਣੇ ਪਹਿਰਾਵੇ ਦੇ ਰੰਗ ਬਦਲਦੇ ਹੋ ਜਾਂ ਫਿਰ ਰੁੱਤਾਂ ਹੀ ਤੁਹਾਡੇ ਪਹਿਰਾਵੇ ਦੇ ਰੰਗਾਂ ਨੂੰ ਵੇਖ ਕੇ ਆਪਣਾ ਰੰਗ ਬਦਲਦੀਆਂ ਨੇ।
-ਲੱਕੀ ਨਿਵਾਸ, 61 ਏ ਵਿੱਦਿਆ ਨਗਰ ਪਟਿਆਲਾ
ਮੋਬਾਈਲ : 94638-19174