11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਵਕਤ, ਭਰੋਸਾ ਤੇ ਇੱਜ਼ਤ

Ad Position 21
No active advertisement
ਅਜੀਤ ਡੈਸਕ 11-06-2026

ਹਰ ਬੰਦਾ ਇਸ ਸੰਸਾਰ ਵਿਚ ਜ਼ਿੰਦਗੀ ਨੂੰ ਆਪਣੇ ਢੰਗ ਨਾਲ ਜਿਊਂਦਾ ਹੈ। ਹਰ ਬੰਦੇ ਦਾ ਆਪਣਾ ਨਜ਼ਰੀਆ ਵੱਖ ਤਰ੍ਹਾਂ ਦਾ ਹੁੰਦਾ ਹੈ। ਕੁਦਰਤ ਨੇ ਸੋਹਣੀ ਕਾਇਨਾਤ ਦੀ ਸਿਰਜਣਾ ਕੀਤੀ ਹੈ। ਵਕਤ ਬਹੁਤ ਬਲਵਾਨ ਹੁੰਦਾ ਹੈ। ਸਿਆਣੇ ਅਕਸਰ ਕਹਿੰਦੇ ਹਨ ਕਿ ਜੋ ਇਨਸਾਨ ਸਮੇਂ ਦੀ ਕਦਰ ਨਹੀਂ ਕਰਦਾ, ਸਮਾਂ ਉਸ ਨੂੰ ਬਰਬਾਦ ਕਰ ਦਿੰਦਾ ਹੈ। ਸਮੇਂ ਦੇ ਮੁਤਾਬਿਕ ਜੇ ਤੂੰ ਕੰਮ ਕਰੇਗਾ ਤਾਂ ਜ਼ਿੰਦਗੀ ਵਿਚ ਸਫ਼ਲਤਾ ਜ਼ਰੂਰ ਹਾਸਿਲ ਕਰੇਗਾ। ਸਾਡੇ ਸਾਹਮਣੇ ਕਈ ਅਜਿਹੀਆਂ ਉਦਾਹਰਨਾਂ ਆਮ ਮਿਲ ਜਾਂਦੀਆਂ ਹਨ, ਜੋ ਇਨਸਾਨ ਸਮੇਂ ਦੀ ਕਦਰ ਨਹੀਂ ਕਰਦਾ ਫਿਰ ਬਾਅਦ ਵਿਚ ਉਹ ਪਛਤਾਉਂਦੇ ਹਨ। ਹਰ ਦਿਨ ਸਾਨੂੰ ਕੁਝ ਨਾ ਕੁਝ ਸੇਧ ਦੇਣ ਵਾਲਾ ਹੁੰਦਾ ਹੈ। ਬੀਤਿਆ ਹੋਇਆ ਸਮਾਂ ਚਾਹੇ ਚੰਗਾ ਸੀ ਜਾਂ ਮਾੜਾ, ਉਸ ਤੋਂ ਸਾਨੂੰ ਜ਼ਰੂਰ ਸਬਕ ਲੈਣਾ ਚਾਹੀਦਾ ਹੈ। ਕਈ ਵਾਰ ਜ਼ਿੰਦਗੀ ਵਿਚ ਉਤਾਰ-ਚੜਾਅ ਆਉਂਦੇ ਹਨ। ਜੇ ਕਦੇ ਮਾੜਾ ਸਮਾਂ ਆ ਵੀ ਗਿਆ ਤਾਂ ਉਸ ਨੂੰ ਵਰਤਮਾਨ 'ਚ ਕਦੇ ਵੀ ਯਾਦ ਨਹੀਂ ਕਰਨਾ ਚਾਹੀਦਾ। ਵਰਤਮਾਨ 'ਚ ਯਾਦ ਕਰਕੇ ਅਸੀਂ ਆਪਣਾ ਚੱਲ ਰਿਹਾ ਸਮਾਂ ਵੀ ਖ਼ਰਾਬ ਕਰ ਲੈਂਦੇ ਹਾਂ। ਖਾਣ-ਪੀਣ, ਸੌਣ, ਜਾਗਣ, ਖੇਡਣ, ਪੜ੍ਹਾਈ ਲਿਖਾਈ ਤੇ ਹੋਰ ਵੀ ਨਿੱਜੀ ਕੰਮਾਂ ਲਈ ਇਕ ਸਮਾਂ ਨਿਰਧਾਰਿਤ ਕਰਨਾ ਚਾਹੀਦਾ ਹੈ। ਕਿਤੇ ਵੀ ਕੋਈ ਸਰਕਾਰੀ ਦਫ਼ਤਰ, ਇੰਟਰਵਿਊ ਜਾਂ ਹੋਰ ਵੀ ਕੋਈ ਕੰਮ ਲਈ ਜੇ ਅਸੀਂ ਬਾਹਰ ਜਾਂਦੇ ਹਾਂ ਤਾਂ ਸਮੇਂ ਸਿਰ ਜਾਈਏ, ਸਮੇਂ ਸਿਰ ਘਰ ਵਾਪਿਸ ਆਈਏ।
ਕਿਸੇ ਦੇ ਲੜਾਈ ਝਗੜੇ ਵਿਚ ਪੈ ਕੇ ਕਦੇ ਵੀ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਸਾਨੂੰ ਜ਼ਿੰਦਗੀ ਵਿਚ ਸਮੇਂ ਮੁਤਾਬਿਕ ਚੱਲਣਾ ਚਾਹੀਦਾ ਹੈ ਤੇ ਚੰਗੇ ਕੰਮਾਂ ਲਈ ਸਮੇਂ ਦਾ ਪੂਰਾ-ਪੂਰਾ ਲਾਭ ਉਠਾਉਣਾ ਚਾਹੀਦਾ ਹੈ। ਅਕਸਰ ਸਿਆਣੇ ਵੀ ਕਹਿੰਦੇ ਹਨ ਕਿ ਜੇ ਸਮਾਂ ਗੁਜ਼ਰ ਜਾਣ ਤੋਂ ਬਾਅਦ ਕਦਰ ਕੀਤੀ ਜਾਵੇ ਤਾਂ ਉਹ ਕਦਰ ਨਹੀਂ ਅਫ਼ਸੋਸ ਕਹਾਉਂਦਾ ਹੈ।
ਭਰੋਸਾ ਭਾਵ ਜਿਸ ਨੂੰ ਅਸੀਂ ਵਿਸ਼ਵਾਸ ਸ਼ਬਦ ਨਾਲ ਵੀ ਜਾਣਦੇ ਹਾਂ, ਬਿਨਾਂ ਕਿਸੇ 'ਤੇ ਵਿਸ਼ਵਾਸ ਕੀਤੇ ਅੱਗੇ ਨਹੀਂ ਵਧਿਆ ਜਾ ਸਕਦਾ, ਪਰ ਅੱਜ ਦੇ ਜ਼ਮਾਨੇ ਵਿਚ 'ਭਰੋਸਾ' ਸ਼ਬਦ ਹੌਲੀ-ਹੌਲੀ ਆਪਣੀ ਸਾਰਥਿਕਤਾ ਖ਼ਤਮ ਕਰਦਾ ਜਾ ਰਿਹਾ ਹੈ। ਚਾਹੇ ਅੱਜ ਦੇ ਜ਼ਮਾਨੇ ਵਿਚ ਬਹੁਤ ਸਾਰੇ ਕੰਮ ਦੂਜਿਆਂ 'ਤੇ ਵਿਸ਼ਵਾਸ ਕਰਕੇ ਹੀ ਚੱਲ ਰਹੇ ਹਨ, ਪਰ ਲੋਕਾਂ ਵਿਚ ਝੂਠ, ਫਰੇਬ, ਠੱਗੀ ਕਈ ਲੋਕਾਂ ਦੀ ਫ਼ਿਤਰਤ ਬਣ ਚੁੱਕੀ ਹੈ। ਜਦੋਂ ਵੋਟਾਂ ਦਾ ਸੀਜ਼ਨ ਹੁੰਦਾ ਹੈ ਤਾਂ ਸਿਆਸੀ ਲੋਕ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਦੇ ਹਨ। ਲੋਕਾਂ ਨਾਲ ਝੂਠ ਬੋਲ ਕੇ ਉਨ੍ਹਾਂ ਨੂੰ ਵਿਸ਼ਵਾਸ ਵਿਚ ਲੈ ਲੈਂਦੇ ਹਨ। ਜਦੋਂ ਲੋਕਾਂ ਦੇ ਕਹੇ ਮੁਤਾਬਿਕ ਸਿਆਸੀ ਲੀਡਰ ਕੰਮ ਨਹੀਂ ਕਰਦੇ ਤਾਂ ਉਨ੍ਹਾਂ ਦੇ ਅਕਸ ਨੂੰ ਢਾਹ ਲਗਦੀ ਹੈ। ਅੱਜ ਦੇ ਜ਼ਮਾਨੇ ਵਿਚ ਤਾਂ ਘਰ ਵਿਚ ਹੀ ਕਈ ਪਰਿਵਾਰਕ ਮੈਂਬਰ ਜਾਂ ਕਾਰੋਬਾਰ ਵਿਚ ਕੋਈ ਮੈਂਬਰ ਆਪਣੇ ਹੀ ਕਰੀਬੀ ਦੋਸਤ ਨਾਲ ਧੋਖਾ ਕਰ ਦਿੰਦੇ ਹਨ। ਅੱਜ ਦੇ ਅਜਿਹੇ ਕੱਲ੍ਹਯੁੱਗ ਵਿਚ ਵਿਸ਼ਵਾਸ ਕਰਨਾ ਬਹੁਤ ਮੁਸ਼ਕਿਲ ਹੋ ਚੁੱਕਿਆ ਹੈ। ਲੋਕਾਂ ਦਾ ਵਿਸ਼ਵਾਸ ਜਿਹਾ ਉੱਠ ਚੁੱਕਾ ਹੈ। ਜਿਸ ਇਨਸਾਨ ਉੱਤੇ ਭਰੋਸਾ ਕਰਦੇ ਹਾਂ ਉਸ ਲਈ ਬਹੁਤ ਮਾਣ ਵਾਲੀ ਗੱਲ ਹੁੰਦੀ ਹੈ। ਜਦੋਂ ਅਜਿਹਾ ਇਨਸਾਨ ਸਾਡਾ ਵਿਸ਼ਵਾਸ ਤੋੜਦਾ ਹੈ ਤਾਂ ਸਾਡੇ ਦਿਲ ਨੂੰ ਬਹੁਤ ਠੇਸ ਪਹੁੰਚਦੀ ਹੈ, ਜਿਸ ਇਨਸਾਨ 'ਤੇ ਵਿਸ਼ਵਾਸ ਕਰ ਰਹੇ ਹੋ ਤਾਂ ਚੰਗੀ ਤਰ੍ਹਾਂ ਕਰੋ।
ਇੱਜ਼ਤ ਸਾਰਿਆਂ ਦੀ ਕਰੋ, ਚਾਹੇ ਕੋਈ ਛੋਟਾ ਜਾਂ ਵੱਡਾ ਹੈ। ਅਮੀਰ ਹੈ ਜਾਂ ਗ਼ਰੀਬ ਹੈ। ਕਦੇ ਵੀ ਕਿਸੇ ਨੂੰ ਉੱਚਾ ਬੋਲ ਨਾ ਬੋਲੀਏ। ਪਰਮਾਤਮਾ ਤੋਂ ਡਰ ਕੇ ਰਹਿਣਾ ਚਾਹੀਦਾ ਹੈ। ਕਈ ਵਾਰ ਅਸੀਂ ਦੇਖਦੇ ਹਾਂ ਕਿ ਸਾਨੂੰ ਪੈਸੇ ਦਾ ਏਨਾ ਘੁਮੰਡ ਹੁੰਦਾ ਹੈ, ਸਾਹਮਣੇ ਵਾਲੇ ਨੂੰ ਪਤਾ ਨਹੀਂ ਕਿੰਨਾਂ ਕੁ ਮੰਦੇ ਸ਼ਬਦ ਬੋਲ ਦਿੰਦੇ ਹਾਂ। ਅਕਸਰ ਦਫ਼ਤਰਾਂ ਵਿਚ ਦੇਖਿਆ ਜਾਂਦਾ ਹੈ ਕਿ ਵੱਡਾ ਅਧਿਕਾਰੀ, ਆਪਣੇ ਥੱਲੇ ਵਾਲਿਆਂ ਨੂੰ ਮੰਦੀ ਭਾਸ਼ਾ ਬੋਲਦਾ ਹੈ। ਫਿਰ ਅਜਿਹੇ ਅਧਿਕਾਰੀ ਦੀ ਕੋਈ ਵੀ ਇੱਜ਼ਤ ਨਹੀਂ ਕਰਦਾ। ਗੁੱਸੇ ਵਿਚ ਆ ਕੇ ਪਤਾ ਨਹੀਂ ਕੀ ਕੁਝ ਬੋਲ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਪਰਿਵਾਰਾਂ ਵਿਚ ਛੋਟਿਆਂ ਨੂੰ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਮਾਂ-ਪਿਉ ਦੀ ਇੱਜ਼ਤ ਕਰਨੀ ਚਾਹੀਦੀ ਹੈ। ਵੱਡਿਆਂ ਨੂੰ ਵੀ ਛੋਟਿਆਂ ਨਾਲ ਪਿਆਰ ਕਰਨਾ ਚਾਹੀਦਾ ਹੈ। ਜੇ ਅਸੀਂ ਕਿਸੇ ਤੋਂ ਉਮੀਦ ਰੱਖਦੇ ਹਾਂ ਕਿ ਉਹ ਬੰਦਾ ਸਾਡੀ ਇੱਜ਼ਤ ਕਰੇ ਤਾਂ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਉਸ ਬੰਦੇ ਨੂੰ ਬਰਾਬਰ ਦਾ ਆਦਰ ਮਾਣ ਸਤਿਕਾਰ ਦੇਈਏ। ਅਕਸਰ ਕਿਹਾ ਵੀ ਜਾਂਦਾ ਹੈ ਕਿ ਵਕਤ, ਭਰੋਸਾ ਤੇ ਇੱਜ਼ਤ ਜੇ ਇਕ ਵਾਰ ਹੱਥ ਤੋਂ ਨਿਕਲ ਜਾਣ ਤਾਂ ਦੁਬਾਰਾ ਕਮਾਉਣੇ ਬਹੁਤ ਮੁਸ਼ਕਿਲ ਹੁੰਦੇ ਹਨ। ਸਮਾਂ ਰਹਿੰਦਿਆਂ ਤਿੰਨਾਂ ਦੀ ਕਦਰ ਕਰਨੀ ਚਾਹੀਦੀ ਹੈ ਤਾਂ ਹੀ ਅਸੀਂ ਜ਼ਿੰਦਗੀ ਖ਼ੁਸ਼ਹਾਲ ਢੰਗ ਨਾਲ ਬਸਰ ਕਰ ਸਕਦੇ ਹਾਂ।

-ਮੁਹਾਲੀ।
ਮੋਬਾਈਲ : 78889-66168

Ad Position 22
No active advertisement
ਪਿਛਲੀ ਖ਼ਬਰ ਵਾਤਾਵਰਨ ਪ੍ਰਤੀ ਚੇਤੰਨਤਾ ਦਾ ਹੋਕਾ ਦੇਣ ਵਾਲੀ : ਕੰਚਨ ਗੁਪਤਾ ਅਗਲੀ ਖ਼ਬਰ ਨਨਾਣ-ਭਰਜਾਈ ਦੇ ਪਿਆਰ ਨਾਲ ਰਹਿੰਦੀਆਂ ਹਨ ਘਰ ਵਿਚ ਬਰਕਤਾਂ
Ad Position 24