ਹਰ ਨਵੇਂ ਸਾਲ ਆਪਾਂ ਸਾਰੇ ਹੀ ਨਵੇਂ-ਨਵੇਂ ਸੰਕਲਪ ਕਰਦੇ ਹਾਂ, ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਲਈ | ਪਰ ਸਾਲ ਦੇ ਆਖਰ ਤੱਦ ਕੁਝ ਹੀ ਪੂਰੇ ਕਰ ਪਾਉਂਦੇ ਹਾਂ | ਆਓ, ਸ਼ੁਰੂ ਹੋਏ ਇਸ ਵਰ੍ਹੇ ਸਾਰੇ ਮਿਲ ਦੇ ਕਰੀਏ ਜ਼ਿੰਦਗੀ ਦਾ ਬਟਨ 'ਰੀਸੈੱਟ' |
ਸਭ ਤੋਂ ਪਹਿਲਾਂ ਤਾਂ ਉਸ ਪਰਵਤਦਿਗਾਰ ਦਾ ਸ਼ੁਕਰਗੁਜ਼ਾਰ ਹੋਈਏ, ਜਿਸ ਨੇ ਚੌਰਾਸੀ ਲੱਖ ਜੂਨਾਂ ਤੋਂ ਬਾਅਦ ਇਹ ਜ਼ਿੰਦਗੀ ਬਖ਼ਸ਼ੀ | ਲੱਖਾਂ ਮੁਸ਼ਕਿਲਾਂ ਦੇ ਬਾਵਜੂਦ ਵੀ ਇਹ ਜ਼ਿੰਦਗੀ ਜਿਊਣ ਜੋਗੀ ਹੁੰਦੀ ਹੈ, ਕਿਉਂਕਿ ਸਾਹਾਂ ਦੀ ਦੌਲਤ ਅਨਮੋਲ ਹੈ | ਛੋਟੀਆਂ-ਛੋਟੀਆਂ ਖੁਸ਼ੀਆਂ ਵਿਚ ਹੀ ਅਸਲੀ ਜ਼ਿੰਦਗੀ ਹੈ | ਇਹ ਖ਼ੁਸ਼ੀਆਂ ਸਾਨੂੰ ਕਿਸੇ ਨੇ ਥਾਲ 'ਚ ਪਰੋਸ ਕੇ ਨਹੀਂ ਦੇਣੀਆਂ, ਇਹ ਤਾਂ ਆਪ ਹੀ ਕਮਾਉਣੀਆਂ ਪੈਂਦੀਆਂ ਹਨ | ਨਿੱਕੇ-ਨਿੱਕੇ ਪਲਾਂ ਵਿਚ ਹੀ ਇਸ ਛੋਟੀ ਜਿਹੀ ਜ਼ਿੰਦਗੀ ਦੀਆਂ ਵੱਡੀਆਂ-ਵੱਡੀਆਂ ਖੁਸ਼ੀਆਂ ਲੁਕੀਆਂ ਹੁੰਦੀਆਂ ਹਨ | ਕਿਸੇ ਨੇ ਬੜਾ ਸੋਹਣਾ ਆਖਿਆ ਹੈ |
'ਗਮੋਂ ਕੋ ਇਤਨਾ ਭੀ ਨਾ ਮਨਾਇਆ ਕਰੋ, ਕਿ ਛੋਟੀ-ਛੋਟੀ ਖੁਸ਼ੀਆਂ ਹੀ ਭੂਲ ਜਾਇਆ ਕਰੋ, ਚਾਰ ਦਿਨ ਕੀ ਜ਼ਿੰਦਗੀ ਹੈ, ਰੋਜ਼ ਖੁੱਲ੍ਹ ਕਰ ਮੁਸਕਰਾਇਆ ਕਰੋ |'
ਵੈਸੇ ਵੀ, ਜਦੋਂ ਤੱਕ ਜ਼ਿੰਦਗੀ ਜਿਊਣ ਦੀ 'ਸੋਝੀ' ਆਉਂਦੀ ਹੈ, ਉਦੋਂ ਤੱਕ ਅੱਧੀ ਜ਼ਿੰਦਗੀ ਵੈਸੇ ਹੀ ਲੰਘ ਚੁੱਕੀ ਹੁੰਦੀ ਹੈ | ਸੋ, ਜ਼ਿੰਦਗੀ 'ਚੋਂ ਖ਼ੁਸ਼ੀ ਨੂੰ ਮਨਫੀ ਨਾ ਹੋਣ ਦੇਈਏ | ਖੁਸ਼ ਰਹਿਣ ਲਈ ਚੰਗੀ, ਖੁੱਲ੍ਹੀ ਸੋਚ ਦੇ ਧਾਰਨੀ ਬਣੀਏ ਤੇ ਆਪਣੀ ਵਿਾਚਰਧਾਰਾ ਨੂੰ ਸੋਹਣਾ ਬਣਾ ਕੇ ਜ਼ਿੰਦਗੀ ਨੂੰ ਸਾਵਾਂ ਬਣਾਉਣ ਦੀ ਕੋਸ਼ਿਸ਼ ਕਰੀਏ | ਅਤੀਤ ਦਾ ਬਹੁਤਾ ਪਛਤਾਵਾ ਤੇ ਭਵਿੱਖ ਦੀਆਂ ਫਿਕਰਾਂ ਤੋਂ ਬਚੇ ਰਹੀਏ | ਅੱਜ ਵਿਚ ਹੀ ਜੀਵਨ ਹੈ | ਸਾਡੇ ਹੱਥ ਵੱਸ ਕੁਝ ਵੀ ਨਹੀਂ | ਸਭ ਵਕਤ ਅਤੇ ਕੁਦਰਤ ਦੀ ਮਰਜ਼ੀ ਨਾਲ ਹੀ ਵਾਪਰਦਾ ਹੈ | ਉਸ ਦਾ ਭਾਣਾ ਮੰਨ ਲੈਣਾ ਹੀ ਸੁਖੀ ਜੀਵਨ ਦੀ ਆਧਾਰ ਹੈ |
ਮੌਜੂਦਾ ਸਮੇਂ ਵਿਚ ਰਿਸ਼ਤਿਆਂ ਦਾ ਨਿਘਾਰ ਆ ਚੁੱਕਾ ਹੈ | ਮੋਹ, ਮੁਹੱਬਤ, ਪਿਆਰ, ਸਤਿਕਾਰ, ਅਪਣੱਤ, ਨਿੱਘ ਸਭ ਖੰਭ ਲਾ ਕੇ ਉੱਡਦਾ ਜਾ ਰਿਹਾ ਹੈ | ਚੰਗੇ ਰਿਸ਼ਤੇ ਮਾਨਸਿਕ, ਭਾਵਨਾਤਮਿਕ ਅਤੇ ਸਰੀਰਕ ਤੰਦਰੁਸਤੀ ਬਖ਼ਸ਼ਦੇ ਹਨ | ਇਸ ਨਵੇਂ ਵਰ੍ਹੇ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ, ਸੋਹਣਾ ਅਤੇ ਮਾਣਨਯੋਗ ਬਣਾਉਣ ਦੀ ਕੋਸ਼ਿਸ਼ ਕਰੀਏ | ਇਸ ਡਿਜੀਟਲ ਜ਼ਮਾਨੇ ਦੇ ਰਿਸ਼ਤੇ 'ਭਰੋਸੇਯੋਗ' ਘੱਟ ਤੇ ਤੁਹਾਨੂੰ 'ਵਰਤਣ' ਵਾਲੇ ਵੱਧ ਹਨ |
ਨਵੇਂ ਵਰ੍ਹੇ 'ਚ ਆਪਣੇ-ਆਪ ਨੂੰ ਪਿਆਰ ਕਰਨ ਦਾ ਸੰਕਲਪ ਵੀ ਲਈਏ | ਘਰ ਦੀ ਸਫਾਈ ਦੀ ਤਰ੍ਹਾਂ ਦਿਮਾਗ਼ ਦੀ ਸਫਾਈ ਵੀ ਕਰੀਏ | ਉਹ ਰਿਸ਼ਤੇ, ਉਹ ਲੋਕ, ਉਹ ਸਭ ਕੁਝ ਜੋ ਤੁਹਾਨੂੰ ਪਿਛਾਂਹ ਵੱਲ ਖਿਚਦਾ ਹੈ, ਛੱਡਣ ਦਾ ਯਤਨ ਕਰੀਏ | ਸਾਕਾਰਾਤਮਿਕਤਾ ਨਾਲ ਅੱਗੇ ਵਧੀਏ | ਆਪਣੀ ਤੁਲਨਾ ਕਿਸੇ ਨਾਲ ਨਾ ਕਰਦੇ ਹੋਏ ਆਪਣੀ ਹੋਂਦ ਨੂੰ ਸਵੀਕਾਰੀਏ | ਰੱਬ ਸਭ ਨੂੰ ਪੂਰਨ ਬਣਾ ਕੇ ਹੀ ਧਰਤੀ ਉਤੇ ਭੇਜਦਾ ਹੈ | ਆਪਣੀ ਰੂਹ ਦੀ ਖ਼ੁਸ਼ੀ ਤੇ ਸਕੂਨ ਦਾ ਖਿਆਲ ਆਪ ਹੀ ਰੱਖੀਏ | ਸਾਡੀ ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਨੇ ਸਾਨੂੰ ਰੁਝੇਵੇਂ ਵੱਧ ਅਤੇ ਖ਼ੁਸ਼ੀਆਂ ਥੋੜ੍ਹੀਆਂ ਦਿੱਤੀਆਂ ਹਨ | ਜ਼ਿੰਦਗੀ ਕੁਝ ਗਵਾ ਕੇ ਤੇ ਕੁਝ ਦੇ ਕੇ ਹੀ ਸਭ ਨੂੰ ਜਿਊਣਾ ਸਿਖਾਉਂਦੀ ਹੈ | ਜਿੰਨੇ ਸੀਮਤ ਸਮੇਂ ਲਈ ਅਸੀਂ ਧਰਤੀ ਉਤੇ ਹਾਂ ਓਨਾ ਸਮਾਂ ਤਾਂ ਖੁਸ਼ੀਆਂ, ਖੇੜੇ, ਪਿਆਰ-ਮੁਹੱਬਤਾਂ ਵੰਡੀਏ:
'ਇਸ ਜਹਾਂ ਮੇਂ ਸਭੀ ਕੋ ਸਬ ਕੁਛ ਨਹੀਂ ਮਿਲਤਾ,
ਕਿਸੀ ਕੋ ਜ਼ਮੀਂ ਤੋ ਕਿਸੀ ਕੋ ਆਮਸਾਂ ਨਹੀਂ ਮਿਲਤਾ |'
-ਪਟਿਆਲਾ |
ਮੋਬਾਈਲ : 62399-94882