ਦੀਦੀ, ਅੱਜ ਜੋ ਸਾਡੇ ਕੋਲ ਮਾਪਣ ਜਾਂ ਤੋਲਣ ਦੇ ਤਰੀਕੇ ਹਨ, ਕੀ ਇਹ ਹਮੇਸ਼ਾ ਤੋਂ ਹੀ ਅਜਿਹੇ ਸਨ?
ਨਹੀਂ! ਮਾਪਣ ਦੇ ਪੈਮਾਨੇ (ਸਟੈਂਡਰਡ) ਨਾ ਸਿਰਫ਼ ਇਕ ਦੇਸ਼ ਦੇ ਦੂਸਰੇ ਦੇਸ਼ ਤੋਂ ਭਿੰਨ ਸਨ, ਸਗੋਂ ਇਕ ਹੀ ਦੇਸ਼ 'ਚ ਵੀ ਵੱਖ-ਵੱਖ ਸਨ |
ਇਸ ਨਾਲ ਤਾਂ ਬਹੁਤ ਪ੍ਰੇਸ਼ਾਨੀ ਹੁੰਦੀ ਹੋਵੇਗੀ?
ਜੀ! ਦਰਅਸਲ ਕੁਝ ਸੌ ਸਾਲ ਪਹਿਲਾਂ ਜਦੋਂ ਵਿਗਿਆਨ ਵਿਕਸਿਤ ਹੋਣ ਲੱਗਾ ਤਾਂ ਵਿਗਿਆਨੀਆਂ ਨੂੰ ਲੰਬਾਈ ਮਾਪਣ ਨੂੰ ਲੈ ਕੇ ਬਹੁਤ ਦਿੱਕਤਾਂ ਪੇਸ਼ ਆਉਣ ਲੱਗੀਆਂ | ਇਸ ਲਈ ਸੰਨ 1700 'ਚ ਵਿਗਿਆਨੀਆਂ ਨੇ ਇਹ ਬਹਿਸ ਸ਼ੁਰੂ ਕਰ ਦਿੱਤੀ ਕਿ ਮਾਪਣ ਦਾ ਇਕ ਅਜਿਹਾ ਸਮਝਦਾਰੀ ਭਰਿਆ ਸਿਸਟਮ ਹੋਣਾ ਚਾਹੀਦਾ ਹੈ, ਜੋ ਪੂਰੀ ਦੁਨੀਆ 'ਚ ਸਵੀਕਾਰ ਕਰਨ ਯੋਗ ਹੋਵੇ |
ਫਿਰ ਅਜਿਹੇ ਸਿਸਟਮ ਦਾ ਵਿਕਾਸ ਕਿਸ ਨੇ ਕੀਤਾ?
ਫਰਾਂਸ ਨੇ 1791 'ਚ ਕੀਤਾ ਸੀ | ਇਸ ਨੂੰ ਵਿਕਸਿਤ ਕਰਨ ਲਈ ਫਰਾਂਸ ਕੋਲ ਕਈ ਹੋਰ ਕਾਰਨ ਵੀ ਸਨ | ਉਸ ਸਮੇਂ ਫਰਾਂਸ ਆਪਣੀ ਕ੍ਰਾਂਤੀ ਦੇ ਦੌਰ 'ਚ ਸੀ ਤੇ ਇਸ ਕ੍ਰਾਂਤੀ ਦੇ ਆਗੂ ਨਫ਼ਰਤ ਭਰੇ ਅਤੀਤ ਦੀਆਂ ਸਭ ਯਾਦਾਂ ਤੋਂ ਮੁਕਤੀ ਪਾਉਣਾ ਚਾਹੁੰਦੇ ਸਨ | ਇਸੇ ਲਈ ਉਨ੍ਹਾਂ ਮਾਪ ਦੇ ਇਕ ਨਵੇਂ ਸਿਸਟਮ ਨੂੰ ਵਿਕਸਿਤ ਕਰਨ 'ਤੇ ਜ਼ੋਰ ਦਿੱਤਾ |
ਓ.ਕੇ. !
ਉਨ੍ਹਾਂ ਸ਼ੁਰੂਆਤ ਲੰਬਾਈ ਦੇ ਮਾਪ ਤੋਂ ਕੀਤੀ | ਵਿਗਿਆਨੀਆਂ ਨੇ ਪੈਮਾਨੇ ਦੇ ਤੌਰ 'ਤੇ 'ਮੀਟਰ' ਸਥਾਪਿਤ ਕਰਨਾ ਤੈਅ ਕੀਤਾ, ਜੋ ਕਿ ਲਾਤੀਨੀ ਭਾਸ਼ਾ ਦੇ ਸ਼ਬਦ ਤੋਂ ਬਣਿਆ ਹੈ ਤੇ ਇਸ ਦਾ ਅਰਥ 'ਮਾਪਣਾ' ਹੁੰਦਾ ਹੈ |
ਤਾਂ ਹੀ ਇਸ ਮਾਪ ਦੀ ਪੂਰੀ ਵਿਵਸਥਾ ਨੂੰ ਮੀਟਿ੍ਕ ਸਿਸਟਮ (ਮਾਪ ਪ੍ਰਣਾਲੀ) ਕਹਿੰਦੇ ਹਨ |
ਹਾਂ ਜੀ! ਉਹ ਪਹਿਲਾਂ ਮੀਟਰ ਨੂੰ ਪਿ੍ਥਵੀ ਦੇ ਘੇਰੇ (ਸਰਕਮਫ੍ਰੈਂਸ) ਦਾ ਇਕਦਮ 1/40,000,000ਵਾਂ ਹਿੱਸਾ ਬਣਾਉਣਾ ਚਾਹੁੰਦੇ ਸਨ | ਪਰ ਜਦੋਂ ਇਹ ਹਿਸਾਬ ਗ਼ਲਤ ਨਿਕਲਿਆ ਤਾਂ ਮੀਟਰ ਪਲੈਟੀਨਮ-ਇਰੀਡਿਅਮ ਬਾਰ 'ਤੇ ਦੋ ਬਿੰਦੂਆਂ (ਮਾਰਕ) ਦੇ ਵਿਚਕਾਰ ਦੇ ਫ਼ਾਸਲੇ ਨੂੰ ਲੈ ਲਿਆ ਗਿਆ | ਇਸ ਸਿਸਟਮ 'ਚ ਮਾਪ ਦੀਆਂ ਸਭ ਇਕਾਈਆਂ (ਯੂਨਿਟਸ)- ਲੈਂਥ, ਕੈਪੈਸਿਟੀ, ਮਾਸ ਆਦਿ ਕਿਸੇ ਨਾ ਕਿਸੇ ਤਰ੍ਹਾਂ ਨਾਲ ਮੀਟਰ ਨਾਲ ਜੁੜੇ ਹੋਏ ਹਨ |
ਇਸੇ ਲਈ ਮੀਟਿ੍ਕ ਸਿਸਟਮ ਯਾਦ ਕਰਨ ਅਤੇ ਇਸਤੇਮਾਲ ਕਰਨ 'ਚ ਸੌਖਾ ਹੈ |
ਠੀਕ ਕਹਿ ਰਹੇ ਹੋ | ਵੈਸੇ ਪਹਿਲਾਂ ਲੋਕ ਆਪਣੇ ਮਾਪ ਦੇ ਮੂਲ ਪੁਰਾਣੇ ਤਰੀਕੇ ਨੂੰ ਛੱਡਣਾ ਨਹੀਂ ਚਾਹੁੰਦੇ ਸਨ | ਫਿਰ 1840 'ਚ ਫਰਾਂਸ ਸਰਕਾਰ ਨੇ ਲੋਕਾਂ ਨੂੰ ਮੀਟਿ੍ਕ ਸਿਸਟਮ ਦੀ ਵਰਤੋਂ ਕਰਨ ਲਈ ਧਮਕਾਉਂਦਿਆ ਚਿਤਾਵਨੀ ਦਿੱਤੀ ਕਿ ਅਜਿਹਾ ਨਾ ਕਰਨ 'ਤੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ | ਇਸ ਤੋਂ ਬਾਅਦ ਹੌਲੀ-ਹੌਲੀ ਹੋਰ ਦੇਸ਼ ਵੀ ਮੀਟਿ੍ਕ ਸਿਸਟਮ ਨੂੰ ਅਪਨਾਉਣ ਲੱਗ ਪਏ ਤੇ ਹੁਣ ਲਗਭਗ ਪੂਰੀ ਦੁਨੀਆ ਨੇ ਇਸ ਨੂੰ ਅਪਣਾ ਲਿਆ ਗਿਆ ਹੈ |
-0-